ਅਧਿਆਇ 8

ਜਦੋਂ ਮੇਰੇ ਪਰਕਾਸ਼ਨ ਆਪਣੇ ਸਿਖਰ ’ਤੇ ਪਹੁੰਚ ਜਾਂਦੇ ਹਨ, ਅਤੇ ਜਦੋਂ ਮੇਰਾ ਨਿਆਂ ਨੇੜੇ ਆਉਂਦਾ ਹੈ, ਇਹ ਉਹ ਸਮਾਂ ਹੋਵੇਗਾ ਜਦੋਂ ਮੇਰੇ ਸਾਰੇ ਲੋਕ ਪ੍ਰਗਟ ਅਤੇ ਮੁਕੰਮਲ ਕੀਤੇ ਜਾਣਗੇ। ਮੈਂ ਉਨ੍ਹਾਂ ਦੀ ਨਿਰੰਤਰ ਭਾਲ ਵਿੱਚ ਬ੍ਰਹਿਮੰਡ ਦੇ ਸਾਰੇ ਕੋਨਿਆਂ ਦੀ ਯਾਤਰਾ ਕਰਦਾ ਹਾਂ ਜੋ ਮੇਰੇ ਇਰਾਦੇ ਨਾਲ ਇਕਮਿਕ ਹੁੰਦੇ ਹਨ ਅਤੇ ਮੇਰੀ ਵਰਤੋਂ ਲਈ ਢੁਕਵੇਂ ਹੁੰਦੇ ਹਨ। ਕੌਣ ਅੱਗੇ ਆ ਸਕਦਾ ਹੈ ਅਤੇ ਮੇਰੇ ਨਾਲ ਸਹਿਯੋਗ ਕਰ ਸਕਦਾ ਹੈ? ਮਨੁੱਖਾਂ ਦਾ ਮੇਰੇ ਲਈ ਪਿਆਰ ਘੱਟ ਹੈ ਅਤੇ ਮੇਰੇ ਵਿੱਚ ਉਨ੍ਹਾਂ ਦਾ ਵਿਸ਼ਵਾਸ ਵੀ ਤਰਸਯੋਗ ਹਾਲਤ ਤਕ ਘੱਟ ਹੈ। ਜੇ ਮੈਂ ਲੋਕਾਂ ਦੀਆਂ ਕਮਜ਼ੋਰੀਆਂ ’ਤੇ ਆਪਣੇ ਵਚਨਾਂ ਦੇ ਪ੍ਰਭਾਵ ਨੂੰ ਨਿਰਦੇਸ਼ਤ ਨਾ ਕੀਤਾ ਹੁੰਦਾ, ਤਾਂ ਉਹ ਸ਼ੇਖੀਆਂ ਮਾਰਦੇ ਅਤੇ ਅਤਿਕਥਨੀ ਕਰਦੇ, ਸਿਧਾਂਤਵਾਦੀ ਬਣਦੇ ਅਤੇ ਅਡੰਬਰ ਭਰੀਆਂ ਦਲੀਲਾਂ ਪੇਸ਼ ਕਰਦੇ, ਜਿਵੇਂ ਕਿ ਉਹ ਧਰਤੀ ਦੇ ਮਾਮਲਿਆਂ ਦੇ ਸੰਬੰਧ ਵਿਚ ਸਰਬਗਿਆਨੀ ਅਤੇ ਜਾਣੂ ਹੋਣ। ਉਨ੍ਹਾਂ ਵਿੱਚੋਂ ਜਿਹੜੇ ਪਿਛਲੇ ਸਮੇਂ ਵਿੱਚ ਮੇਰੇ ਪ੍ਰਤੀ “ਵਫ਼ਾਦਾਰ”ਸਨ, ਅਤੇ ਉਨ੍ਹਾਂ ਵਿੱਚੋਂ ਜਿਹੜੇ ਅੱਜ ਮੇਰੇ ਨਾਲ “ਦ੍ਰਿੜ੍ਹ ਖੜ੍ਹੇ” ਹਨ, ਕੌਣ ਅਜੇ ਵੀ ਸ਼ੇਖੀ ਮਾਰਨ ਦੀ ਹਿੰਮਤ ਕਰਦੇ ਹਨ? ਕੌਣ ਹਨ ਜੋ ਆਪਣੀਆਂ ਸੰਭਾਵਨਾਵਾਂ ਤੋਂ ਗੁਪਤ ਰੂਪ ਵਿੱਚ ਖੁਸ਼ ਨਹੀਂ ਹਨ? ਜਦੋਂ ਮੈਂ ਲੋਕਾਂ ਨੂੰ ਸਿੱਧੇ ਤੌਰ ’ਤੇ ਬੇਨਕਾਬ ਨਹੀਂ ਕੀਤਾ, ਉਨ੍ਹਾਂ ਕੋਲ ਛੁਪਣ ਦੀ ਕੋਈ ਜਗ੍ਹਾ ਨਹੀਂ ਸੀ ਅਤੇ ਉਹ ਸ਼ਰਮ ਨਾਲ ਤੜਫ ਰਹੇ ਸਨ। ਜੇ ਮੈਂ ਵੱਖਰੇ ਢੰਗ ਨਾਲ ਬੋਲਦਾ ਤਾਂ ਇਹ ਹੋਰ ਕਿੰਨਾ ਵਧੀਕ ਹੁੰਦਾ? ਲੋਕਾਂ ਵਿੱਚ ਇਹਸਾਨਮੰਦੀ ਦੀ ਵਧੇਰੇ ਭਾਵਨਾ ਹੁੰਦੀ, ਉਹ ਵਿਸ਼ਵਾਸ ਹੁੰਦਾ ਕਿ ਕੁਝ ਵੀ ਉਨ੍ਹਾਂ ਨੂੰ ਠੀਕ ਨਹੀਂ ਕਰ ਸਕਦਾ, ਅਤੇ ਉਹ ਸਾਰੇ ਆਪਣੀ ਨਿਸ਼ਕਿਰਿਅਤਾ ਵਿੱਚ ਬੰਨ੍ਹੇ ਹੋਏ ਹੁੰਦੇ। ਜਦੋਂ ਲੋਕ ਉਮੀਦ ਗੁਆ ਬੈਠਦੇ ਹਨ, ਤਾਂ ਰਾਜ ਦੀ ਸਲਾਮੀ ਰਸਮੀ ਤੌਰ ’ਤੇ ਜਾਰੀ ਹੁੰਦੀ ਹੈ, ਜਿਵੇਂ ਕਿ ਲੋਕਾਂ ਨੇ ਕਿਹਾ ਹੈ, “ਉਹ ਸਮਾਂ ਜਦੋਂ ਰੂਹ ਸੱਤ ਗੁਣਾ ਤੀਬਰ ਕੰਮ ਕਰਨਾ ਸ਼ੁਰੂ ਕਰੇ।” ਦੂਜੇ ਸ਼ਬਦਾਂ ਵਿਚ, ਇਹ ਉਦੋਂ ਹੁੰਦਾ ਹੈ ਜਦੋਂ ਰਾਜ ਦੀ ਜ਼ਿੰਦਗੀ ਅਧਿਕਾਰਤ ਤੌਰ ’ਤੇ ਧਰਤੀ ’ਤੇ ਸ਼ੁਰੂ ਹੁੰਦੀ ਹੈ; ਇਹ ਉਦੋਂ ਹੁੰਦਾ ਹੈ ਜਦੋਂ ਮੇਰੀ ਈਸ਼ਵਰਤਾ ਸਿੱਧਾ ਕੰਮ ਕਰਨ ਲਈ ਆਉਂਦੀ ਹੈ (ਬਿਨਾਂ ਕਿਸੇ ਮਾਨਸਿਕ “ਪ੍ਰਕਿਰਿਆ” ਤੋਂ)। ਸਾਰੇ ਲੋਕ ਬਹੁਤ ਦੌੜ ਭੱਜ ਰਹੇ ਹਨ, ਜਿਵੇਂ ਕਿ ਉਹ ਕਿਸੇ ਸੁਪਨੇ ਤੋਂ ਜਗਾਏ ਸਨ ਜਾਂ ਉੱਭਰ ਗਏ ਸਨ, ਅਤੇ ਜਾਗਣ ’ਤੇ ਆਪਣੇ ਆਪ ਨੂੰ ਅਜਿਹੀਆਂ ਪਰਿਸਥਿਤੀਆਂ ਵਿੱਚ ਵੇਖ ਕੇ ਹੈਰਾਨ ਹਨ। ਅਤੀਤ ਵਿੱਚ, ਮੈਂ ਕਲੀਸਿਯਾ ਦੀ ਉਸਾਰੀ ਬਾਰੇ ਬਹੁਤ ਕੁਝ ਕਿਹਾ ਸੀ; ਮੈਂ ਬਹੁਤ ਸਾਰੇ ਰਹੱਸਾਂ ਦਾ ਖੁਲਾਸਾ ਕੀਤਾ, ਪਰ ਜਦੋਂ ਉਹ ਕੰਮ ਸਿਖਰਾਂ ’ਤੇ ਪਹੁੰਚਿਆ, ਇਹ ਅਚਾਨਕ ਖ਼ਤਮ ਹੋ ਗਿਆ। ਰਾਜ ਦੀ ਉਸਾਰੀ, ਹਾਲਾਂਕਿ, ਵੱਖਰੀ ਹੈ। ਕੇਵਲ ਤਾਂ ਹੀ ਜਦੋਂ ਆਤਮਿਕ ਰਾਜ ਦੀ ਲੜਾਈ ਆਪਣੇ ਆਖ਼ਰੀ ਪੜਾਅ ’ਤੇ ਪਹੁੰਚ ਜਾਂਦੀ ਹੈ ਮੈਂ ਧਰਤੀ ’ਤੇ ਆਪਣਾ ਕੰਮ ਨਵੇਂ ਸਿਰੇ ਤੋਂ ਸ਼ੁਰੂ ਕਰਾਂਗਾ। ਕਹਿਣ ਦਾ ਭਾਵ ਇਹ ਹੈ ਕਿ ਜਦੋਂ ਸਾਰੇ ਇਨਸਾਨ ਪਿਛਾਂਹ ਹਟਣ ਵਾਲੇ ਹੁੰਦੇ ਹਨ ਉਦੋਂ ਹੀ ਮੈਂ ਰਸਮੀ ਤੌਰ ’ਤੇ ਆਪਣੇ ਨਵੇਂ ਕੰਮ ਦੀ ਸ਼ੁਰੂਆਤ ਕਰਦਾ ਹਾਂ ਅਤੇ ਇਸ ਨੂੰ ਕਾਇਮ ਕਰਦਾ ਹਾਂ। ਰਾਜ ਦੀ ਉਸਾਰੀ ਅਤੇ ਕਲੀਸਿਯਾ ਦੀ ਉਸਾਰੀ ਦੇ ਵਿਚਕਾਰ ਅੰਤਰ ਇਹ ਹੈ ਕਿ ਕਲੀਸਿਯਾ ਨੂੰ ਬਣਾਉਣ ਵਿੱਚ, ਮੈਂ ਮਨੁੱਖਤਾ ਦੁਆਰਾ ਕੰਮ ਕੀਤਾ ਜਿਸ ਦਾ ਸੰਚਾਲਨ ਈਸ਼ਵਰਤਾ ਦੁਆਰਾ ਕੀਤਾ ਜਾਂਦਾ ਸੀ; ਮੈਂ ਸਿੱਧੇ ਤੌਰ ’ਤੇ ਮਨੁੱਖਾਂ ਦੇ ਪੁਰਾਣੇ ਸੁਭਾਅ ਨਾਲ ਨਜਿੱਠਿਆ, ਸਿੱਧੇ ਤੌਰ ’ਤੇ ਉਨ੍ਹਾਂ ਦੇ ਬਦਸੂਰਤ ਆਪੇ ਨੂੰ ਪ੍ਰਗਟ ਕੀਤਾ ਅਤੇ ਉਨ੍ਹਾਂ ਦੀ ਵਾਸਵਿਕਤਾ ਦਾ ਪਰਦਾਫਾਸ਼ ਕੀਤਾ। ਨਤੀਜੇ ਵਜੋਂ, ਉਨ੍ਹਾਂ ਆਪਣੇ ਆਪ ਨੂੰ ਇਸੇ ਅਧਾਰ ’ਤੇ ਜਾਣਿਆ, ਅਤੇ ਇਸ ਲਈ ਉਨ੍ਹਾਂ ਦੇ ਦਿਲਾਂ ਅਤੇ ਉਨ੍ਹਾਂ ਦੇ ਸ਼ਬਦਾਂ ਵਿੱਚ ਉਨ੍ਹਾਂ ਨੂੰ ਯਕੀਨ ਹੋ ਗਿਆ। ਰਾਜ ਦੇ ਨਿਰਮਾਣ ਵਿੱਚ, ਮੈਂ ਆਪਣੀ ਈਸ਼ਵਰਤਾ ਦੁਆਰਾ ਸਿੱਧੇ ਤੌਰ ’ਤੇ ਕੰਮ ਕਰਦਾ ਹਾਂ, ਅਤੇ ਸਾਰੇ ਲੋਕਾਂ ਨੂੰ ਮੇਰੇ ਵਚਨਾਂ ਦੇ ਗਿਆਨ ਦੀ ਬੁਨਿਆਦ ’ਤੇ ਇਹ ਜਾਣਨ ਦੀ ਆਗਿਆ ਦਿੰਦਾ ਹਾਂ ਕਿ ਮੇਰੇ ਕੋਲ ਕੀ ਹੈ ਅਤੇ ਮੈਂ ਕੀ ਹਾਂ, ਜਿਸ ਨਾਲ ਆਖਰਕਾਰ ਉਹਨਾਂ ਨੂੰ ਮੇਰੇ ਦੇਹਧਾਰੀ ਸਰੀਰ ਦੇ ਰੂਪ ਵਿੱਚ ਮੇਰੇ ਬਾਰੇ ਗਿਆਨ ਪ੍ਰਾਪਤ ਕਰਨ ਦੀ ਆਗਿਆ ਦਿੰਦਾ ਹਾਂ। ਇਸ ਤਰ੍ਹਾਂ ਸਾਰੀ ਮਨੁੱਖਜਾਤੀ ਦੀ ਖਿਆਲੀ ਪਰਮੇਸ਼ੁਰ ਦੀ ਪੈਰਵੀ ਖ਼ਤਮ ਹੁੰਦੀ ਹੈ, ਅਤੇ ਇਸ ਤਰ੍ਹਾਂ ਉਹ ਸਵਰਗ ਵਿਚਲੇ ਪਰਮੇਸ਼ੁਰ ਲਈ ਆਪਣੇ ਦਿਲਾਂ ਵਿਚ ਜਗ੍ਹਾ ਬਣਾਉਣਾ ਬੰਦ ਕਰ ਦਿੰਦੇ ਹਨ; ਭਾਵ, ਮੈਂ ਮਨੁੱਖਤਾ ਨੂੰ ਉਨ੍ਹਾਂ ਕਰਮਾਂ ਬਾਰੇ ਦੱਸਦਾ ਹਾਂ ਜੋ ਮੈਂ ਦੇਹਧਾਰੀ ਰੂਪ ਵਿਚ ਕਰਦਾ ਹਾਂ, ਅਤੇ ਇਸ ਤਰ੍ਹਾਂ ਧਰਤੀ ਉੱਤੇ ਆਪਣਾ ਸਮਾਂ ਮੁਕੰਮਲ ਕਰਾਂਗਾ।

ਰਾਜ ਦੀ ਉਸਾਰੀ ਦਾ ਨਿਸ਼ਾਨਾ ਸਿੱਧੇ ਤੌਰ ’ਤੇ ਆਤਮਿਕ ਖੇਤਰ ਹੈ। ਭਾਵ, ਆਤਮਿਕ ਰਾਜ ਦੀ ਲੜਾਈ ਦੀ ਸਥਿਤੀ ਮੇਰੇ ਸਾਰੇ ਲੋਕਾਂ ਵਿੱਚ ਸਿੱਧੇ ਤੌਰ ’ਤੇ ਸਪਸ਼ਟ ਕੀਤੀ ਗਈ ਹੈ, ਅਤੇ ਇਹ ਦਰਸਾਉਣ ਲਈ ਕਾਫ਼ੀ ਹੈ ਕਿ ਨਾ ਸਿਰਫ ਕਲੀਸਿਯਾ ਦੇ ਅੰਦਰ, ਬਲਕਿ ਇਸ ਤੋਂ ਵੀ ਵਧ ਕੇ ਰਾਜ ਦੇ ਯੁੱਗ ਵਿੱਚ ਵੀ, ਹਰ ਵਿਅਕਤੀ ਨਿਰੰਤਰ ਜੰਗ ਲੜ ਰਿਹਾ ਹੈ। ਉਹਨਾਂ ਦੇ ਭੌਤਿਕ ਸਰੀਰ ਦੇ ਬਾਵਜੂਦ, ਆਤਮਿਕ ਰਾਜ ਸਿੱਧੇ ਤੌਰ ’ਤੇ ਪ੍ਰਗਟ ਕੀਤਾ ਜਾਂਦਾ ਹੈ, ਅਤੇ ਉਹ ਆਤਮਿਕ ਰਾਜ ਦੇ ਜੀਵਨ ਦੇ ਸੰਪਰਕ ਵਿੱਚ ਆਉਂਦੇ ਹਨ। ਇਸ ਤਰ੍ਹਾਂ, ਜਦੋਂ ਤੁਸੀਂ ਵਫ਼ਾਦਾਰ ਹੋਣਾ ਸ਼ੁਰੂ ਕਰਦੇ ਹੋ, ਤੁਹਾਨੂੰ ਮੇਰੇ ਕੰਮ ਦੇ ਅਗਲੇ ਹਿੱਸੇ ਲਈ ਢੁਕਵੇਂ ਢੰਗ ਨਾਲ ਤਿਆਰੀ ਕਰਨੀ ਜ਼ਰੂਰੀ ਹੈ। ਤੁਹਾਨੂੰ ਆਪਣਾ ਪੂਰਾ ਦਿਲ ਅਰਪਣ ਕਰਨਾ ਚਾਹੀਦਾ ਹੈ; ਕੇਵਲ ਤਾਂ ਹੀ ਤੁਸੀਂ ਮੇਰੇ ਦਿਲ ਨੂੰ ਸੰਤੁਸ਼ਟ ਕਰ ਸਕਦੇ ਹੋ। ਕਲੀਸਿਯਾ ਵਿਚ ਪਹਿਲਾਂ ਜੋ ਹੋਇਆ ਉਸ ਦੀ ਮੈਨੂੰ ਕੋਈ ਪਰਵਾਹ ਨਹੀਂ; ਅੱਜ, ਇਹ ਰਾਜ ਵਿੱਚ ਹੈ। ਮੇਰੀ ਯੋਜਨਾ ਵਿਚ, ਸ਼ਤਾਨ, ਹਮੇਸ਼ਾ ਤੋਂ ਪਿੱਛੇ-ਪਿੱਛੇ ਹਰ ਕਦਮ ’ਤੇ ਨਜ਼ਰ ਰੱਖਦਾ ਆ ਰਿਹਾ ਹੈ ਅਤੇ, ਮੇਰੀ ਬੁੱਧੀ ਦੇ ਨਿਕੰਮੇ ਹਿੱਸੇ ਵਾਂਗ, ਹਮੇਸ਼ਾਂ ਮੇਰੀ ਅਸਲ ਯੋਜਨਾ ਵਿੱਚ ਵਿਘਨ ਪਾਉਣ ਦੇ ਤਰੀਕੇ ਅਤੇ ਸਾਧਨ ਲੱਭਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਫਿਰ ਵੀ ਕੀ ਮੈਂ ਇਸ ਦੀਆਂ ਧੋਖੇਬਾਜ਼ ਚਾਲਾਂ ਦੇ ਸਾਹਮਣੇ ਹਾਰ ਮੰਨ ਸਕਦਾ ਹਾਂ? ਸਵਰਗ ਅਤੇ ਧਰਤੀ ਦੀ ਹਰ ਚੀਜ਼ ਮੇਰੀ ਸੇਵਾ ਕਰਦੀ ਹੈ; ਕੀ ਸ਼ਤਾਨ ਦੀਆਂ ਧੋਖੇਬਾਜ਼ ਚਾਲਾਂ ਇਸ ਤੋਂ ਵੱਖਰੀਆਂ ਹੋ ਸਕਦੀਆਂ ਹਨ? ਬਿਲਕੁਲ ਇੱਥੇ ਹੀ ਮੇਰੀ ਬੁੱਧ ਕੱਟਦੀ ਹੈ; ਬਿਲਕੁਲ ਇਹੋ ਚੀਜ਼ ਹੈ ਜੋ ਮੇਰੇ ਕੰਮਾਂ ਬਾਰੇ ਹੈਰਾਨੀਜਨਕ ਹੈ, ਅਤੇ ਇਹ ਮੇਰੀ ਪੂਰੀ ਪ੍ਰਬੰਧਨ ਯੋਜਨਾ ਲਈ ਕਾਰਜਸ਼ੀਲਤਾ ਦਾ ਸਿਧਾਂਤ ਹੈ। ਰਾਜ ਦੀ ਉਸਾਰੀ ਦੇ ਯੁੱਗ ਦੌਰਾਨ, ਫਿਰ ਵੀ ਮੈਂ ਸ਼ੈਤਾਨ ਦੀਆਂ ਧੋਖੇਬਾਜ਼ ਚਾਲਾਂ ਤੋਂ ਨਹੀਂ ਬਚਦਾ, ਪਰ ਉਹ ਕੰਮ ਜਾਰੀ ਰੱਖਦਾ ਹਾਂ ਜੋ ਮੈਨੂੰ ਕਰਨਾ ਚਾਹੀਦਾ ਹੈ। ਬ੍ਰਹਿਮੰਡ ਅਤੇ ਸਾਰੀਆਂ ਚੀਜ਼ਾਂ ਵਿਚੋਂ, ਮੈਂ ਸ਼ੈਤਾਨ ਦੇ ਕੰਮਾਂ ਨੂੰ ਇਸਤੇਮਾਲ ਦੀਆਂ ਵਸਤੂ ਵਜੋਂ ਚੁਣਿਆ ਹੈ। ਕੀ ਇਹ ਮੇਰੀ ਬੁੱਧੀ ਦਾ ਪ੍ਰਗਟਾਵਾ ਨਹੀਂ ਹੈ? ਕੀ ਇਹ ਬਿਲਕੁਲ ਉਹ ਨਹੀਂ ਜੋ ਮੇਰੇ ਕੰਮ ਬਾਰੇ ਹੈਰਾਨੀਜਨਕ ਹੈ? ਰਾਜ ਦੇ ਯੁੱਗ ਵਿਚ ਦਾਖਲ ਹੋਣ ਸਮੇਂ, ਸਵਰਗ ਅਤੇ ਧਰਤੀ ਦੀਆਂ ਸਾਰੀਆਂ ਚੀਜ਼ਾਂ ਪੂਰੀ ਤਰ੍ਹਾਂ ਬਦਲ ਜਾਂਦੀਆਂ ਹਨ, ਅਤੇ ਉਹ ਜਸ਼ਨ ਮਨਾਉਂਦੀਆਂ ਅਤੇ ਖੁਸ਼ ਹੁੰਦੀਆਂ ਹਨ। ਕੀ ਤੁਸੀਂ ਕੁਝ ਵੱਖਰੇ ਹੋ? ਕਿਸ ਦੇ ਦਿਲ ਵਿੱਚ ਸ਼ਹਿਦ ਜਿਹੀ ਮਿਠਾਸ ਨਹੀਂ ਹੈ? ਕੌਣ ਅਨੰਦ ਨਾਲ ਭਰਪੂਰ ਨਹੀਂ ਹੈ? ਕੌਣ ਖੁਸ਼ੀ ਨਾਲ ਨਹੀਂ ਨੱਚਦਾ? ਕੌਣ ਪ੍ਰਸ਼ੰਸਾ ਦੇ ਸ਼ਬਦ ਨਹੀਂ ਬੋਲਦਾ?

ਕੀ ਤੁਸੀਂ ਉਸ ਸਭ ਦੇ ਮੁੱਢ ਅਤੇ ਉਦੇਸ਼ਾਂ ਨੂੰ ਸਮਝਦੇ ਹੋ ਜਿਨ੍ਹਾਂ ਦੀ ਮੈਂ ਉਪਰੋਕਤ ਗੱਲ ਅਤੇ ਚਰਚਾ ਕੀਤੀ ਹੈ, ਜਾਂ ਨਹੀਂ? ਜੇ ਮੈਂ ਇਹ ਨਾ ਪੁੱਛਿਆ, ਤਾਂ ਬਹੁਤ ਸਾਰੇ ਲੋਕ ਵਿਸ਼ਵਾਸ ਕਰਨਗੇ ਕਿ ਮੈਂ ਸਿਰਫ਼ ਬਕਵਾਸ ਕਰ ਰਿਹਾ ਸੀ, ਅਤੇ ਉਹ ਮੇਰੇ ਵਚਨਾਂ ਦੇ ਸ੍ਰੋਤ ਨੂੰ ਜਾਣ ਨਹੀਂ ਸਕਣਗੇ। ਜੇ ਤੁਸੀਂ ਧਿਆਨ ਨਾਲ ਉਨ੍ਹਾਂ ਬਾਰੇ ਸੋਚੋ, ਤਾਂ ਤੁਹਾਨੂੰ ਉਨ੍ਹਾਂ ਦੀ ਮਹੱਤਤਾ ਪਤਾ ਲੱਗੇਗੀ। ਚੰਗਾ ਹੋਵੇਗਾ ਜੇ ਤੂੰ ਉਨ੍ਹਾਂ ਨੂੰ ਧਿਆਨ ਨਾਲ ਪੜ੍ਹੇਂ: ਮੇਰੇ ਕਿਹੜੇ ਵਚਨਾਂ ਦਾ ਤੈਨੂੰ ਲਾਭ ਨਹੀਂ ਹੈ? ਕਿਹੜੇ ਤੇਰੇ ਜੀਵਨ ਦੇ ਵਧਣ ਦਾ ਕਾਰਨ ਨਹੀਂ ਹਨ? ਕਿਹੜੇ ਹਨ ਜੋ ਆਤਮਿਕ ਸੰਸਾਰ ਦੀ ਹਕੀਕਤ ਦੀ ਗੱਲ ਨਹੀਂ ਕਰਦੇ? ਬਹੁਤੇ ਲੋਕ ਮੰਨਦੇ ਹਨ ਕਿ ਮੇਰੇ ਵਚਨਾਂ ਦਾ ਕੋਈ ਤੁਕ ਨਹੀਂ ਜਾਂ ਦਲੀਲ ਨਹੀਂ ਹੈ, ਕਿ ਉਨ੍ਹਾਂ ਵਿੱਚ ਸਪਸ਼ਟਤਾ ਅਤੇ ਵਿਆਖਿਆ ਦੀ ਘਾਟ ਹੈ। ਕੀ ਮੇਰੇ ਵਚਨ ਸੱਚਮੁੱਚ ਇੰਨੇ ਗੁੰਝਲਦਾਰ ਅਤੇ ਨਾ ਸਮਝੇ ਜਾ ਸਕਣ ਵਾਲੇ ਹਨ? ਕੀ ਤੁਸੀਂ ਸੱਚਮੁੱਚ ਮੇਰੇ ਵਚਨਾਂ ਨੂੰ ਮੰਨਦੇ ਹੋ? ਕੀ ਤੁਸੀਂ ਮੇਰੇ ਵਚਨਾਂ ਨੂੰ ਸੱਚਮੁੱਚ ਸਵੀਕਾਰ ਕਰਦੇ ਹੋ? ਕੀ ਤੁਸੀਂ ਉਨ੍ਹਾਂ ਨਾਲ ਖਿਡੌਣਿਆਂ ਜਿਹਾ ਵਿਵਹਾਰ ਨਹੀਂ ਕਰਦੇ? ਕੀ ਤੂੰ ਉਨ੍ਹਾਂ ਨੂੰ ਆਪਣੀ ਭੱਦੀ ਦਿੱਖ ਨੂੰ ਢੱਕਣ ਲਈ ਕੱਪੜੇ ਵਜੋਂ ਨਹੀਂ ਵਰਤਦਾ? ਇਸ ਵਿਸ਼ਾਲ ਸੰਸਾਰ ਵਿੱਚ, ਕੌਣ ਮੇਰੇ ਦੁਆਰਾ ਵਿਅਕਤੀਗਤ ਤੌਰ ਤੇ ਜਾਂਚਿਆ ਗਿਆ ਹੈ? ਕਿਸ ਨੇ ਮੇਰੇ ਆਤਮਾ ਦੇ ਸ਼ਬਦਾਂ ਨੂੰ ਵਿਅਕਤੀਗਤ ਤੌਰ ਤੇ ਸੁਣਿਆ ਹੈ? ਬਹੁਤ ਸਾਰੇ ਹਨੇਰੇ ਵਿੱਚ ਟੋਂਹਦੇ ਅਤੇ ਭਾਲਦੇ ਹਨ; ਬਹੁਤ ਸਾਰੇ ਮੁਸੀਬਤ ਦੇ ਦੌਰਾਨ ਪ੍ਰਾਰਥਨਾ ਕਰਦੇ ਹਨ; ਬਹੁਤ ਸਾਰੇ, ਭੁੱਖ ਅਤੇ ਠੰਡ ਵਿੱਚ ਪਏ ਹੋਏ ਆਸ ਨਾਲ ਦੇਖਦੇ ਹਨ; ਅਤੇ ਬਹੁਤ ਸਾਰੇ ਸ਼ਤਾਨ ਦੁਆਰਾ ਬੰਨ੍ਹੇ ਹੋਏ ਹਨ; ਤਾਂ ਵੀ ਬਹੁਤ ਸਾਰੇ ਨਹੀਂ ਜਾਣਦੇ ਕਿ ਕਿੱਧਰ ਨੂੰ ਮੁੜਨਾ ਹੈ, ਬਹੁਤ ਸਾਰੇ ਆਪਣੀ ਖੁਸ਼ੀ ਦੇ ਦਰਮਿਆਨ ਮੈਨੂੰ ਧੋਖਾ ਦਿੰਦੇ ਹਨ, ਬਹੁਤ ਸਾਰੇ ਨਾਸ਼ੁਕਰੇ ਹਨ, ਅਤੇ ਬਹੁਤ ਸਾਰੇ ਸ਼ਤਾਨ ਦੀਆਂ ਧੋਖੇਬਾਜ਼ ਚਾਲਾਂ ਦੇ ਪ੍ਰਤੀ ਵਫ਼ਾਦਾਰ ਹਨ। ਤੁਹਾਡੇ ਵਿੱਚੋਂ ਕੌਣ ਅੱਯੂਬ ਹੈ? ਕੌਣ ਪਤਰਸ ਹੈ? ਮੈਂ ਵਾਰ-ਵਾਰ ਅੱਯੂਬ ਦਾ ਜ਼ਿਕਰ ਕਿਉਂ ਕੀਤਾ ਹੈ? ਮੈਂ ਪਤਰਸ ਦਾ ਇੰਨੀ ਵਾਰ ਜ਼ਿਕਰ ਕਿਉਂ ਕੀਤਾ ਹੈ? ਕੀ ਤੁਸੀਂ ਕਦੇ ਪਤਾ ਲਗਾਇਆ ਹੈ ਕਿ ਤੁਹਾਡੇ ਲਈ ਮੇਰੀਆਂ ਕੀ ਉਮੀਦਾਂ ਹਨ? ਤੁਹਾਨੂੰ ਅਜਿਹੀਆਂ ਗੱਲਾਂ ਬਾਰੇ ਸੋਚਦਿਆਂ ਵਧੇਰੇ ਸਮਾਂ ਬਤੀਤ ਕਰਨਾ ਚਾਹੀਦਾ ਹੈ।

ਪਤਰਸ ਬਹੁਤ ਸਾਲਾਂ ਤਕ ਮੇਰੇ ਪ੍ਰਤੀ ਵਫ਼ਾਦਾਰ ਸੀ, ਫਿਰ ਵੀ ਉਸ ਨੇ ਕਦੇ ਬੁੜਬੁੜ ਨਹੀਂ ਕੀਤੀ ਅਤੇ ਨਾ ਹੀ ਉਸ ਨੂੰ ਕੋਈ ਸ਼ਿਕਾਇਤ ਸੀ; ਇੱਥੋਂ ਤਕ ਕਿ ਅੱਯੂਬ ਵੀ ਉਸ ਦੇ ਬਰਾਬਰ ਨਹੀਂ ਸੀ, ਅਤੇ, ਯੁੱਗਾਂ ਤੱਕ, ਸਾਰੇ ਸੰਤ ਪਤਰਸ ਤੋਂ ਕਿਤੇ ਪਿੱਛੇ ਰਹਿ ਗਏ ਹਨ। ਉਸ ਨੇ ਨਾ ਸਿਰਫ ਮੈਨੂੰ ਜਾਣਨ ਦੀ ਕੋਸ਼ਿਸ਼ ਕੀਤੀ, ਬਲਕਿ ਮੈਨੂੰ ਉਸ ਸਮੇਂ ਵੀ ਜਾਣਿਆ ਜਦੋਂ ਸ਼ਤਾਨ ਆਪਣੀਆਂ ਧੋਖੇਬਾਜ਼ ਚਾਲਾਂ ਨੂੰ ਲਾਗੂ ਕਰ ਰਿਹਾ ਸੀ। ਇਸ ਨੇ ਪਤਰਸ ਨੂੰ ਮੇਰੀ ਮਰਜ਼ੀ ਦੇ ਅਨੁਸਾਰ ਕਈ ਸਾਲਾਂ ਤੱਕ ਮੇਰੀ ਸੇਵਾ ਕਰਨ ਵਿੱਚ ਅਗਵਾਈ ਕੀਤੀ, ਅਤੇ ਇਸ ਕਾਰਨ ਕਰਕੇ, ਉਸ ਦਾ ਕਦੇ ਵੀ ਸ਼ਤਾਨ ਦੁਆਰਾ ਫਾਇਦਾ ਨਹੀਂ ਉਠਾਇਆ ਗਿਆ। ਪਤਰਸ ਨੇ ਅੱਯੂਬ ਦੀ ਨਿਹਚਾ ਤੋਂ ਸਬਕ ਸਿੱਖੇ, ਫਿਰ ਵੀ ਅੱਯੂਬ ਦੀਆਂ ਕਮੀਆਂ ਨੂੰ ਵੀ ਸਾਫ਼-ਸਾਫ਼ ਸਮਝ ਲਿਆ। ਭਾਵੇਂ ਅੱਯੂਬ ਬਹੁਤ ਨਿਹਚਾ ਰੱਖਦਾ ਸੀ, ਉਸ ਕੋਲ ਆਤਮਿਕ ਸੰਸਾਰ ਦੇ ਮਾਮਲਿਆਂ ਬਾਰੇ ਗਿਆਨ ਦੀ ਘਾਟ ਸੀ, ਇਸ ਲਈ ਉਸ ਨੇ ਬਹੁਤ ਸਾਰੇ ਅਜਿਹੇ ਸ਼ਬਦ ਕਹੇ ਜੋ ਹਕੀਕਤ ਨਾਲ ਮੇਲ ਨਹੀਂ ਖਾਂਦੇ ਸਨ; ਇਹ ਦਰਸਾਉਂਦਾ ਹੈ ਕਿ ਅੱਯੂਬ ਦਾ ਗਿਆਨ ਸਤਹੀ ਅਤੇ ਸੰਪੂਰਨਤਾ ਦੇ ਅਯੋਗ ਸੀ। ਇਸ ਲਈ, ਪਤਰਸ ਨੇ ਹਮੇਸ਼ਾਂ ਆਤਮਾ ਦੀ ਸਮਝ ਪ੍ਰਾਪਤ ਕਰਨ ’ਤੇ ਧਿਆਨ ਕੇਂਦ੍ਰਿਤ ਕੀਤਾ, ਅਤੇ ਹਮੇਸ਼ਾਂ ਆਤਮਿਕ ਸੰਸਾਰ ਦੀਆਂ ਗਤੀਵਿਧੀਆਂ ਨੂੰ ਗੌਹ ਨਾਲ ਵੇਖਣ ਵੱਲ ਧਿਆਨ ਦਿੱਤਾ। ਨਤੀਜੇ ਵਜੋਂ, ਉਹ ਨਾ ਸਿਰਫ ਮੇਰੀਆਂ ਇੱਛਾਵਾਂ ਦਾ ਕੁਝ ਪਤਾ ਲਗਾਉਣ ਦੇ ਯੋਗ ਹੋਇਆ, ਬਲਕਿ ਸ਼ਤਾਨ ਦੀਆਂ ਧੋਖੇਬਾਜ਼ ਚਾਲਾਂ ਬਾਰੇ ਵੀ ਕੁਝ ਗਿਆਨ ਹਾਸਲ ਕਰ ਪਾਇਆ। ਇਸ ਕਰਕੇ, ਉਸ ਦਾ ਮੇਰੇ ਬਾਰੇ ਗਿਆਨ ਯੁੱਗਾਂ ਦੌਰਾਨ ਕਿਸੇ ਹੋਰ ਦੇ ਗਿਆਨ ਨਾਲੋਂ ਬਹੁਤ ਵਧ ਗਿਆ।

ਪਤਰਸ ਦੇ ਅਨੁਭਵ ਤੋਂ, ਇਹ ਵੇਖਣਾ ਮੁਸ਼ਕਲ ਨਹੀਂ ਹੈ ਕਿ ਜੇ ਮਨੁੱਖ ਮੈਨੂੰ ਜਾਣਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਮਨਾਂ ਅੰਦਰ ਸਾਵਧਾਨੀ ਪੂਰਵਕ ਗੌਰ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਤੂੰ ਮੇਰੇ ਪ੍ਰਤੀ ਬਾਹਰੀ ਤੌਰ ਤੇ ਕੁਝ ਮਾਤਰਾ “ਸਮਰਪਿਤ” ਕਰੇਂ; ਇਸ ਦੀ ਚਿੰਤਾ ਕਰਨੀ ਬਾਅਦ ਦੀ ਗੱਲ ਹੈ। ਜੇ ਤੂੰ ਮੈਨੂੰ ਨਹੀਂ ਜਾਣਦਾ, ਤਾਂ ਉਹ ਸਾਰਾ ਵਿਸ਼ਵਾਸ, ਪਿਆਰ ਅਤੇ ਵਫ਼ਾਦਾਰੀ ਜਿਸ ਬਾਰੇ ਤੂੰ ਬੋਲਦਾ ਹੈਂ, ਕੇਵਲ ਭਰਮ ਹਨ; ਉਹ ਝੱਗ ਹਨ, ਅਤੇ ਤੂੰ ਯਕੀਨਨ ਇੱਕ ਅਜਿਹਾ ਵਿਅਕਤੀ ਬਣ ਜਾਵੇਂਗਾ ਜੋ ਮੇਰੇ ਅੱਗੇ ਵੱਡੀਆਂ ਸ਼ੇਖੀਆਂ ਮਾਰਦਾ ਹੈ ਪਰ ਆਪਣੇ ਆਪ ਨੂੰ ਨਹੀਂ ਜਾਣਦਾ। ਇਸ ਪ੍ਰਕਾਰ, ਤੂੰ ਇਕ ਵਾਰ ਫਿਰ ਸ਼ਤਾਨ ਦੇ ਜਾਲ ਵਿਚ ਫਸ ਜਾਵੇਂਗਾ ਅਤੇ ਆਪਣੇ ਆਪ ਨੂੰ ਕੱਢਣ ਵਿਚ ਅਸਮਰਥ ਹੋਵੇਂਗਾ; ਤੂੰ ਨਰਕ ਦਾ ਪੁੱਤਰ ਅਤੇ ਵਿਨਾਸ਼ ਦੀ ਇੱਕ ਵਸਤੂ ਬਣ ਜਾਵੇਂਗਾ। ਪਰ ਜੇ ਤੂੰ ਮੇਰੇ ਵਚਨਾਂ ਪ੍ਰਤੀ ਠੰਡਾ ਅਤੇ ਬੇਪਰਵਾਹ ਰਹਿੰਦਾ ਹੈਂ, ਤਾਂ ਤੂੰ ਬੇਸ਼ੱਕ ਮੇਰਾ ਵਿਰੋਧ ਕਰਦਾ ਹੈਂ। ਇਹ ਤੱਥ ਹੈ, ਅਤੇ ਚੰਗਾ ਹੋਵੇਗਾ ਜੇ ਤੂੰ ਆਤਮਿਕ ਸੰਸਾਰ ਦੇ ਦਰਵਾਜ਼ੇ ਰਾਹੀਂ ਉਨ੍ਹਾਂ ਬਹੁਤ ਸਾਰੀਆਂ ਅਤੇ ਵੰਨ-ਸੁਵੰਨੀਆਂ ਆਤਮਾਵਾਂ ਵੱਲ ਵੇਖੇਂ ਜਿਨ੍ਹਾਂ ਨੂੰ ਮੇਰੇ ਵੱਲੋਂ ਤਾੜਨਾ ਦਿੱਤੀ ਗਈ ਹੈ। ਮੇਰੇ ਵਚਨਾਂ ਦਾ ਸਾਹਮਣਾ ਕਰਨ ਵਾਲਿਆਂ ਵਿੱਚੋਂ ਕਿਹੜਾ ਸੀ, ਜੋ ਸੁਸਤ, ਬੇਪਰਵਾਹ ਅਤੇ ਸਵੀਕਾਰ ਨਾ ਕਰਨ ਵਾਲਾ ਨਹੀਂ ਸੀ? ਉਨ੍ਹਾਂ ਵਿੱਚੋਂ ਕਿਹੜਾ ਮੇਰੇ ਵਚਨਾਂ ਪ੍ਰਤੀ ਸਨਕੀ ਨਹੀਂ ਸੀ? ਉਨ੍ਹਾਂ ਵਿੱਚੋਂ ਕਿਸ ਨੇ ਮੇਰੇ ਵਚਨਾਂ ਵਿੱਚ ਨੁਕਸ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ? ਉਨ੍ਹਾਂ ਵਿੱਚੋਂ ਕਿਸ ਨੇ ਮੇਰੇ ਵਚਨਾਂ ਨੂੰ “ਰੱਖਿਆਤਮਿਕ ਹਥਿਆਰਾਂ” ਵਜੋਂ ਆਪਣੇ ਆਪ ਨੂੰ “ਸੁਰੱਖਿਅਤ” ਕਰਨ ਲਈ ਨਹੀਂ ਵਰਤਿਆ? ਕੀ ਉਨ੍ਹਾਂ ਨੇ ਮੇਰੇ ਵਚਨਾਂ ਦੀ ਵਰਤੋਂ ਮੈਨੂੰ ਜਾਣਨ ਦੇ ਢੰਗ ਵਜੋਂ ਨਹੀਂ ਕੀਤੀ, ਪਰ ਸਿਰਫ ਖਿਡੌਣਿਆਂ ਵਾਂਗ ਖੇਡਣ ਲਈ ਕੀਤੀ? ਇਸ ਵਿਚ, ਕੀ ਉਹ ਮੇਰਾ ਸਿੱਧਾ ਵਿਰੋਧ ਨਹੀਂ ਕਰ ਰਹੇ ਸਨ? ਮੇਰੇ ਵਚਨ ਕੌਣ ਹਨ? ਮੇਰਾ ਆਤਮਾ ਕੌਣ ਹੈ? ਮੈਂ ਤੁਹਾਨੂੰ ਅਜਿਹੇ ਪ੍ਰਸ਼ਨ ਕਈ ਵਾਰ ਪੁੱਛ ਚੁੱਕਾ ਹਾਂ, ਫਿਰ ਵੀ ਕੀ ਤੁਸੀਂ ਕਦੇ ਉਨ੍ਹਾਂ ਬਾਰੇ ਕੋਈ ਉੱਚੀ ਅਤੇ ਸਪਸ਼ਟ ਸਮਝ ਪ੍ਰਾਪਤ ਕੀਤੀ ਹੈ? ਕੀ ਤੁਸੀਂ ਕਦੇ ਉਨ੍ਹਾਂ ਨੂੰ ਸੱਚਮੁੱਚ ਅਨੁਭਵ ਕੀਤਾ ਹੈ? ਮੈਂ ਤੁਹਾਨੂੰ ਇਕ ਵਾਰ ਫਿਰ ਯਾਦ ਦਿਵਾਉਂਦਾ ਹਾਂ: ਜੇ ਤੁਸੀਂ ਮੇਰੇ ਵਚਨਾਂ ਨੂੰ ਨਹੀਂ ਜਾਣਦੇ, ਨਾ ਹੀ ਉਨ੍ਹਾਂ ਨੂੰ ਸਵੀਕਾਰਦੇ ਹੋ, ਅਤੇ ਨਾ ਹੀ ਉਨ੍ਹਾਂ ਨੂੰ ਅਮਲ ਵਿਚ ਲਿਆਉਂਦੇ ਹੋ, ਤਾਂ ਤੁਸੀਂ ਲਾਜ਼ਮੀ ਤੌਰ ’ਤੇ ਮੇਰੀ ਤਾੜਨਾ ਦੇ ਭਾਗੀ ਬਣ ਜਾਵੋਗੇ! ਤੁਸੀਂ ਜ਼ਰੂਰ ਸ਼ਤਾਨ ਦੇ ਸ਼ਿਕਾਰ ਬਣੋਗੇ!

29 ਫਰਵਰੀ, 1992

ਪਿਛਲਾ: ਅਧਿਆਇ 7

ਅਗਲਾ: ਅਧਿਆਇ 10

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ