ਪਰਮੇਸ਼ੁਰ ਦੇ ਵਚਨ ਦੁਆਰਾ ਸਭ ਕੁਝ ਪ੍ਰਾਪਤ ਹੁੰਦਾ ਹੈ

ਪਰਮੇਸ਼ੁਰ ਵੱਖ-ਵੱਖ ਯੁੱਗਾਂ ਦੇ ਅਨੁਸਾਰ ਆਪਣੇ ਵਚਨ ਬੋਲਦਾ ਹੈ ਅਤੇ ਆਪਣਾ ਕੰਮ ਕਰਦਾ ਹੈ, ਅਤੇ ਉਹ ਵੱਖ-ਵੱਖ ਯੁੱਗਾਂ ਵਿੱਚ, ਵੱਖ-ਵੱਖ ਵਚਨ ਬੋਲਦਾ ਹੈ। ਪਰਮੇਸ਼ੁਰ ਨਿਯਮਾਂ ਦੀ ਪਾਲਣਾ ਨਹੀਂ ਕਰਦਾ, ਜਾਂ ਉਸੇ ਕੰਮ ਨੂੰ ਦੁਹਰਾਉਂਦਾ ਨਹੀਂ, ਅਤੇ ਨਾ ਹੀ ਬੀਤੇ ਸਮੇਂ ਦੀਆਂ ਚੀਜ਼ਾਂ ਲਈ ਉਦਰੇਵਾਂ ਮਹਿਸੂਸ ਕਰਦਾ ਹੈ; ਉਹ ਅਜਿਹਾ ਪਰਮੇਸ਼ੁਰ ਹੈ ਜੋ ਹਮੇਸ਼ਾਂ ਨਵਾਂ ਹੈ ਅਤੇ ਕਦੇ ਪੁਰਾਣਾ ਨਹੀਂ ਹੁੰਦਾ, ਅਤੇ ਉਹ ਹਰ ਰੋਜ਼ ਨਵੇਂ ਵਚਨ ਬੋਲਦਾ ਹੈ। ਤੈਨੂੰ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਸ ਦੀ ਅੱਜ ਪਾਲਣਾ ਕੀਤੀ ਜਾਣੀ ਚਾਹੀਦੀ ਹੈ; ਇਹੀ ਮਨੁੱਖ ਦੀ ਜ਼ਿੰਮੇਵਾਰੀ ਅਤੇ ਫਰਜ਼ ਹੈ। ਇਹ ਬਹੁਤ ਮਹੱਤਵਪੂਰਣ ਹੈ ਕਿ ਅਮਲ ਵਰਤਮਾਨ ਸਮੇਂ ਵਿੱਚ ਪਰਮੇਸ਼ੁਰ ਦੇ ਪਰਕਾਸ਼ ਅਤੇ ਵਚਨਾਂ ਦੇ ਦੁਆਲੇ ਕੇਂਦਰਤ ਹੋਵੇ। ਪਰਮੇਸ਼ੁਰ ਨਿਯਮਾਂ ਦੀ ਪਾਲਣਾ ਨਹੀਂ ਕਰਦਾ, ਅਤੇ ਆਪਣੀ ਬੁੱਧ ਅਤੇ ਸਰਬ ਸ਼ਕਤੀਮਾਨਤਾ ਨੂੰ ਸਪਸ਼ਟ ਕਰਨ ਲਈ ਬਹੁਤ ਸਾਰੇ ਵੱਖੋ-ਵੱਖਰੇ ਦ੍ਰਿਸ਼ਟੀਕੋਣਾਂ ਤੋਂ ਬੋਲਣ ਦੇ ਯੋਗ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੀ ਉਹ ਆਤਮਾ ਦੇ ਨਜ਼ਰੀਏ ਤੋਂ ਬੋਲਦਾ ਹੈ, ਜਾਂ ਮਨੁੱਖ ਜਾਂ ਕਿਸੇ ਤੀਜੇ ਵਿਅਕਤੀ ਦੇ ਨਜ਼ਰੀਏ ਤੋਂ—ਪਰਮੇਸ਼ੁਰ ਹਮੇਸ਼ਾ ਹੀ ਪਰਮੇਸ਼ੁਰ ਹੈ, ਅਤੇ ਕਿਉਂਕਿ ਉਹ ਮਨੁੱਖ ਦੇ ਨਜ਼ਰੀਏ ਤੋਂ ਬੋਲਦਾ ਹੈ ਇਸ ਕਰਕੇ ਤੂੰ ਇਹ ਨਹੀਂ ਕਹਿ ਸਕਦਾ ਕਿ ਉਹ ਪਰਮੇਸ਼ੁਰ ਨਹੀਂ ਹੈ। ਜਿਹੜੇ ਵੱਖੋ-ਵੱਖਰੇ ਦ੍ਰਿਸ਼ਟੀਕੋਣਾਂ ਤੋਂ ਪਰਮੇਸ਼ੁਰ ਬੋਲਦਾ ਹੈ ਉਸ ਦੇ ਨਤੀਜੇ ਵਜੋਂ ਕੁਝ ਲੋਕਾਂ ਵਿੱਚ ਧਾਰਣਾਵਾਂ ਪੈਦਾ ਹੋ ਗਈਆਂ ਹਨ। ਅਜਿਹੇ ਲੋਕਾਂ ਨੂੰ ਨਾ ਤਾਂ ਪਰਮੇਸ਼ੁਰ ਬਾਰੇ ਕੋਈ ਗਿਆਨ ਹੁੰਦਾ ਹੈ, ਅਤੇ ਨਾ ਹੀ ਉਸ ਦੇ ਕੰਮ ਬਾਰੇ ਕੋਈ ਗਿਆਨ। ਜੇ ਪਰਮੇਸ਼ੁਰ ਹਮੇਸ਼ਾਂ ਇੱਕੋ ਹੀ ਨਜ਼ਰੀਏ ਤੋਂ ਬੋਲਿਆ ਹੁੰਦਾ, ਤਾਂ ਕੀ ਮਨੁੱਖ ਨੇ ਪਰਮੇਸ਼ੁਰ ਬਾਰੇ ਨਿਯਮ ਨਾ ਨਿਰਧਾਰਤ ਕਰ ਦਿੱਤੇ ਹੁੰਦੇ? ਕੀ ਪਰਮੇਸ਼ੁਰ ਮਨੁੱਖ ਨੂੰ ਇਸ ਤਰੀਕੇ ਨਾਲ ਕੰਮ ਕਰਨ ਦਿੰਦਾ? ਪਰਮੇਸ਼ੁਰ ਭਾਵੇਂ ਜਿਸ ਵੀ ਨਜ਼ਰੀਏ ਤੋਂ ਬੋਲਦਾ ਹੈ, ਉਸ ਕੋਲ ਅਜਿਹਾ ਕਰਨ ਪਿੱਛੇ ਉਦੇਸ਼ ਹੁੰਦੇ ਹਨ। ਜੇ ਪਰਮੇਸ਼ੁਰ ਨੇ ਹਮੇਸ਼ਾ ਆਤਮਾ ਦੇ ਨਜ਼ਰੀਏ ਤੋਂ ਹੀ ਬੋਲਣਾ ਹੁੰਦਾ, ਤਾਂ ਕੀ ਤੂੰ ਉਸ ਨਾਲ ਜੁੜਨ ਯੋਗ ਹੁੰਦਾ? ਇਸ ਤਰ੍ਹਾਂ, ਕਈ ਵਾਰੀ ਉਹ ਤੀਜੇ ਵਿਅਕਤੀ ਵਜੋਂ ਬੋਲਦਾ ਹੈ ਤਾਂ ਜੋ ਉਹ ਤੈਨੂੰ ਆਪਣੇ ਵਚਨ ਪ੍ਰਦਾਨ ਕਰ ਸਕੇ ਅਤੇ ਤੈਨੂੰ ਅਸਲੀਅਤ ਵੱਲ ਸੇਧ ਦੇ ਸਕੇ। ਪਰਮੇਸ਼ੁਰ ਜੋ ਕੁਝ ਵੀ ਕਰਦਾ ਹੈ ਉਹ ਢੁੱਕਵਾਂ ਹੁੰਦਾ ਹੈ। ਸੰਖੇਪ ਵਿੱਚ, ਇਹ ਸਭ ਪਰਮੇਸ਼ੁਰ ਦੁਆਰਾ ਕੀਤਾ ਜਾਂਦਾ ਹੈ, ਅਤੇ ਤੈਨੂੰ ਇਸ ’ਤੇ ਸ਼ੱਕ ਨਹੀਂ ਕਰਨਾ ਚਾਹੀਦਾ। ਉਹ ਪਰਮੇਸ਼ੁਰ ਹੈ, ਅਤੇ ਇਸ ਲਈ ਭਾਵੇਂ ਉਹ ਜਿਸ ਵੀ ਨਜ਼ਰੀਏ ਤੋਂ ਬੋਲਦਾ ਹੈ, ਉਹ ਹਮੇਸ਼ਾ ਪਰਮੇਸ਼ੁਰ ਹੀ ਰਹੇਗਾ। ਇਹ ਇਕ ਅਟੱਲ ਸੱਚਾਈ ਹੈ। ਉਹ ਜਿਵੇਂ ਵੀ ਕੰਮ ਕਰਦਾ ਹੈ, ਉਹ ਫੇਰ ਵੀ ਪਰਮੇਸ਼ੁਰ ਹੈ, ਅਤੇ ਉਸ ਦਾ ਮੂਲ-ਤੱਤ ਨਹੀਂ ਬਦਲੇਗਾ! ਪਤਰਸ ਪਰਮੇਸ਼ੁਰ ਨੂੰ ਐਨਾ ਪਿਆਰ ਕਰਦਾ ਸੀ ਅਤੇ ਪਰਮੇਸ਼ੁਰ ਦੇ ਮਨ ਦੇ ਅਨੁਸਾਰ ਸੀ, ਪਰ ਪਰਮੇਸ਼ੁਰ ਨੇ ਉਸ ਨੂੰ ਪ੍ਰਭੂ ਜਾਂ ਮਸੀਹ ਵਜੋਂ ਨਹੀਂ ਵੇਖਿਆ, ਕਿਉਂਕਿ ਕਿਸੇ ਦੀ ਹੋਂਦ ਦਾ ਮੂਲ-ਤੱਤ ਉਹੀ ਰਹਿੰਦਾ ਹੈ, ਅਤੇ ਇਹ ਕਦੇ ਨਹੀਂ ਬਦਲ ਸਕਦਾ। ਆਪਣੇ ਕੰਮ ਵਿੱਚ, ਪਰਮੇਸ਼ੁਰ ਨਿਯਮਾਂ ਦੀ ਪਾਲਣਾ ਨਹੀਂ ਕਰਦਾ, ਪਰ ਆਪਣੇ ਕੰਮ ਨੂੰ ਅਸਰਦਾਰ ਬਣਾਉਣ ਅਤੇ ਮਨੁੱਖ ਦੇ ਪਰਮੇਸ਼ੁਰ ਬਾਰੇ ਗਿਆਨ ਨੂੰ ਹੋਰ ਡੂੰਘਾ ਕਰਨ ਲਈ ਵੱਖੋ-ਵੱਖਰੇ ਤਰੀਕੇ ਵਰਤਦਾ ਹੈ। ਉਸ ਦੇ ਕੰਮ ਕਰਨ ਦਾ ਹਰ ਤਰੀਕਾ ਮਨੁੱਖ ਦੀ ਉਸ ਨੂੰ ਜਾਣਨ ਵਿੱਚ ਸਹਾਇਤਾ ਕਰਦਾ ਹੈ, ਅਤੇ ਮਨੁੱਖ ਨੂੰ ਸਿੱਧ ਬਣਾਉਣ ਲਈ ਹੁੰਦਾ ਹੈ। ਭਾਵੇਂ ਉਹ ਕੰਮ ਕਰਨ ਦਾ ਜਿਹੜਾ ਵੀ ਤਰੀਕਾ ਵਰਤਦਾ ਹੈ, ਹਰ ਤਰੀਕਾ ਮਨੁੱਖ ਦਾ ਵਿਕਾਸ ਕਰਨ ਅਤੇ ਉਸ ਨੂੰ ਸਿੱਧ ਬਣਾਉਣ ਲਈ ਹੀ ਹੁੰਦਾ ਹੈ। ਹਾਲਾਂਕਿ ਉਸ ਦੇ ਕੰਮ ਕਰਨ ਦੇ ਤਰੀਕਿਆਂ ਵਿੱਚੋਂ ਕੋਈ ਬਹੁਤ ਲੰਬੇ ਸਮੇਂ ਤਕ ਚੱਲਿਆ ਹੋ ਸਕਦਾ ਹੈ, ਅਜਿਹਾ ਮਨੁੱਖ ਦੇ ਉਸ ਵਿੱਚ ਵਿਸ਼ਵਾਸ ਨੂੰ ਦ੍ਰਿੜ੍ਹ ਬਣਾਉਣ ਲਈ ਹੁੰਦਾ ਹੈ। ਇਸ ਤਰ੍ਹਾਂ, ਤੁਹਾਡੇ ਮਨ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਇਹ ਸਾਰੇ ਪਰਮੇਸ਼ੁਰ ਦੇ ਕੰਮ ਦੇ ਕਦਮ ਹਨ, ਅਤੇ ਤੁਹਾਨੂੰ ਉਨ੍ਹਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ।

ਅੱਜ ਜੋ ਗੱਲ ਕੀਤੀ ਜਾਂਦੀ ਹੈ ਉਹ ਹੈ ਅਸਲੀਅਤ ਵਿੱਚ ਪ੍ਰਵੇਸ਼—ਸਵਰਗ ’ਤੇ ਉਠਾਏ ਜਾਣਾ, ਜਾਂ ਰਾਜਿਆਂ ਵਾਂਗ ਰਾਜ ਕਰਨਾ ਨਹੀਂ; ਜੋ ਕੁਝ ਬਾਰੇ ਵੀ ਗੱਲ ਕੀਤੀ ਜਾਂਦੀ ਹੈ ਉਹ ਹੈ ਅਸਲੀਅਤ ਵਿੱਚ ਪ੍ਰਵੇਸ਼ ਦੀ ਪੈਰਵੀ। ਇਸ ਤੋਂ ਵੱਧ ਵਿਹਾਰਕ ਕੋਈ ਪੈਰਵੀ ਨਹੀਂ ਹੈ, ਅਤੇ ਰਾਜਿਆਂ ਵਾਂਗ ਰਾਜ ਕਰਨ ਦੀ ਗੱਲ ਕਰਨਾ ਵਿਹਾਰਕ ਨਹੀਂ ਹੈ। ਮਨੁੱਖ ਕੋਲ ਭਾਰੀ ਉਤਸੁਕਤਾ ਹੈ, ਅਤੇ ਉਹ ਅਜੇ ਵੀ ਪਰਮੇਸ਼ੁਰ ਦੇ ਅੱਜ ਦੇ ਕੰਮ ਨੂੰ ਆਪਣੀਆਂ ਧਾਰਮਿਕ ਧਾਰਣਾਵਾਂ ਨਾਲ ਤੋਲਦਾ ਹੈ। ਪਰਮੇਸ਼ੁਰ ਦੇ ਕੰਮ ਕਰਨ ਦੇ ਬਹੁਤ ਸਾਰੇ ਤਰੀਕਿਆਂ ਦਾ ਅਨੁਭਵ ਕਰਨ ਤੋਂ ਬਾਅਦ, ਮਨੁੱਖ ਅਜੇ ਵੀ ਪਰਮੇਸ਼ੁਰ ਦੇ ਕੰਮ ਬਾਰੇ ਨਹੀਂ ਜਾਣਦਾ, ਅਜੇ ਵੀ ਨਿਸ਼ਾਨਾਂ ਅਤੇ ਅਚੰਭਿਆਂ ਦੀ ਭਾਲ ਕਰਦਾ ਹੈ, ਅਤੇ ਅਜੇ ਵੀ ਇਹ ਵੇਖਣ ਦੀ ਉਮੀਦ ਕਰਦਾ ਹੈ ਕਿ ਕੀ ਪਰਮੇਸ਼ੁਰ ਦੇ ਵਚਨ ਪੂਰੇ ਹੋਏ ਹਨ ਜਾਂ ਨਹੀਂ। ਕੀ ਇਹ ਜ਼ਬਰਦਸਤ ਅਗਿਆਨਤਾ ਨਹੀਂ ਹੈ? ਪਰਮੇਸ਼ੁਰ ਦੇ ਵਚਨਾਂ ਨੂੰ ਪੂਰਾ ਕੀਤੇ ਬਗੈਰ, ਕੀ ਤੂੰ ਫਿਰ ਵੀ ਵਿਸ਼ਵਾਸ ਕਰੇਂਗਾ ਕਿ ਉਹ ਪਰਮੇਸ਼ੁਰ ਹੈ? ਅੱਜ, ਕਲੀਸਿਯਾ ਵਿੱਚ ਅਜਿਹੇ ਬਹੁਤ ਸਾਰੇ ਲੋਕ ਨਿਸ਼ਾਨਾਂ ਅਤੇ ਅਚੰਭਿਆਂ ਨੂੰ ਵੇਖਣ ਦੀ ਉਡੀਕ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਜੇ ਪਰਮੇਸ਼ੁਰ ਦੇ ਵਚਨ ਪੂਰੇ ਹੋ ਜਾਂਦੇ ਹਨ, ਤਾਂ ਉਹ ਪਰਮੇਸ਼ੁਰ ਹੈ; ਜੇ ਪਰਮੇਸ਼ੁਰ ਦੇ ਵਚਨ ਪੂਰੇ ਨਹੀਂ ਹੁੰਦੇ, ਤਾਂ ਉਹ ਪਰਮੇਸ਼ੁਰ ਨਹੀਂ ਹੈ। ਤਾਂ ਫੇਰ, ਕੀ ਤੂੰ ਪਰਮੇਸ਼ੁਰ ਵਿੱਚ ਉਸ ਦੇ ਵਚਨਾਂ ਦੇ ਪੂਰੇ ਹੋਣ ਕਰਕੇ ਵਿਸ਼ਵਾਸ ਕਰਦਾ ਹੈਂ, ਜਾਂ ਇਸ ਕਰਕੇ ਕਿਉਂਕਿ ਉਹ ਪਰਮੇਸ਼ੁਰ ਆਪ ਹੈ? ਪਰਮੇਸ਼ੁਰ ਵਿੱਚ ਵਿਸ਼ਵਾਸ ਦੇ ਮਨੁੱਖ ਦੇ ਨਜ਼ਰੀਏ ਨੂੰ ਦਰੁਸਤ ਕਰਨਾ ਜ਼ਰੂਰੀ ਹੈ! ਜਦੋਂ ਤੂੰ ਵੇਖਦਾ ਹੈਂ ਕਿ ਪਰਮੇਸ਼ੁਰ ਦੇ ਵਚਨ ਪੂਰੇ ਨਹੀਂ ਹੋਏ ਹਨ, ਤਾਂ ਤੂੰ ਝੱਟ ਦੌੜ ਜਾਂਦਾ ਹੈਂ—ਕੀ ਇਹ ਪਰਮੇਸ਼ੁਰ ਵਿੱਚ ਵਿਸ਼ਵਾਸ ਹੈ? ਜਦੋਂ ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦਾ ਹੈਂ, ਤੈਨੂੰ ਲਾਜ਼ਮੀ ਤੌਰ ’ਤੇ ਹਰ ਚੀਜ਼ ਨੂੰ ਪਰਮੇਸ਼ੁਰ ਦੇ ਰਹਿਮ ’ਤੇ ਛੱਡ ਦੇਣਾ ਚਾਹੀਦਾ ਹੈ ਅਤੇ ਪਰਮੇਸ਼ੁਰ ਦੇ ਸਾਰੇ ਕੰਮ ਵਿੱਚ ਆਗਿਆ ਪਾਲਣ ਕਰਨਾ ਚਾਹੀਦਾ ਹੈ। ਪਰਮੇਸ਼ੁਰ ਨੇ ਪੁਰਾਣੇ ਨੇਮ ਵਿੱਚ ਬਹੁਤ ਸਾਰੇ ਵਚਨ ਬੋਲੇ—ਇਨ੍ਹਾਂ ਵਿੱਚੋਂ ਤੁਸੀਂ ਕਿਸ ਨੂੰ ਆਪਣੀਆਂ ਨਜ਼ਰਾਂ ਸਾਹਮਣੇ ਪੂਰਾ ਹੁੰਦੇ ਹੋਏ ਦੇਖਿਆ? ਕੀ ਤੂੰ ਕਹਿ ਸਕਦਾ ਹੈਂ ਕਿ ਯਹੋਵਾਹ ਇਸ ਲਈ ਸੱਚਾ ਪਰਮੇਸ਼ੁਰ ਨਹੀਂ ਹੈ ਕਿਉਂਕਿ ਤੂੰ ਉਸ ਨੂੰ ਨਹੀਂ ਵੇਖਿਆ? ਭਾਵੇਂ ਕਿ ਬਹੁਤ ਸਾਰੇ ਵਚਨ ਪੂਰੇ ਹੋਏ ਹੋ ਸਕਦੇ ਹਨ, ਪਰ ਮਨੁੱਖ ਇਸ ਨੂੰ ਸਪਸ਼ਟ ਤੌਰ ’ਤੇ ਵੇਖਣ ਦੇ ਅਸਮਰੱਥ ਹੈ ਕਿਉਂਕਿ ਮਨੁੱਖ ਕੋਲ ਸੱਚਾਈ ਨਹੀਂ ਹੈ ਅਤੇ ਉਹ ਕੁਝ ਵੀ ਨਹੀਂ ਸਮਝਦਾ ਹੈ। ਕੁਝ ਲੋਕ ਜਦੋਂ ਇਹ ਮਹਿਸੂਸ ਕਰਦੇ ਹਨ ਕਿ ਪਰਮੇਸ਼ੁਰ ਦੇ ਵਚਨ ਪੂਰੇ ਨਹੀਂ ਹੋਏ ਹਨ ਤਾਂ ਉਹ ਭੱਜ ਜਾਣਾ ਚਾਹੁੰਦੇ ਹਨ। ਕੋਸ਼ਿਸ਼ ਕਰ! ਦੇਖ ਕਿ ਕੀ ਤੂੰ ਭੱਜ ਸਕਦਾ ਹੈਂ। ਭੱਜਣ ਤੋਂ ਬਾਅਦ, ਤੂੰ ਫੇਰ ਵੀ ਵਾਪਸ ਆ ਜਾਵੇਂਗਾ। ਪਰਮੇਸ਼ੁਰ ਤੈਨੂੰ ਆਪਣੇ ਵਚਨਾਂ ਨਾਲ ਨਿਯੰਤਰਿਤ ਕਰਦਾ ਹੈ, ਅਤੇ ਜੇ ਤੂੰ ਕਲੀਸਿਯਾ ਅਤੇ ਪਰਮੇਸ਼ੁਰ ਦੇ ਵਚਨ ਨੂੰ ਛੱਡ ਦਿੰਦਾ ਹੈਂ, ਤਾਂ ਤੇਰੇ ਕੋਲ ਜੀਉਣ ਦਾ ਕੋਈ ਰਾਹ ਨਹੀਂ ਹੋਵੇਗਾ। ਜੇ ਤੂੰ ਇਸ ’ਤੇ ਵਿਸ਼ਵਾਸ ਨਹੀਂ ਕਰਦਾ, ਤਾਂ ਆਪ ਕਰਕੇ ਦੇਖ—ਕੀ ਤੈਨੂੰ ਲਗਦਾ ਹੈ ਕਿ ਤੂੰ ਐਵੇਂ ਹੀ ਛੱਡ ਕੇ ਜਾ ਸਕਦਾ ਹੈਂ? ਪਰਮੇਸ਼ੁਰ ਦਾ ਆਤਮਾ ਤੈਨੂੰ ਨਿਯੰਤਰਿਤ ਕਰਦਾ ਹੈ। ਤੂੰ ਛੱਡ ਕੇ ਨਹੀਂ ਜਾ ਸਕਦਾ। ਇਹ ਪਰਮੇਸ਼ੁਰ ਦਾ ਪ੍ਰਬੰਧਕੀ ਨਿਯਮ ਹੈ! ਜੇ ਕੁਝ ਲੋਕ ਕੋਸ਼ਿਸ਼ ਕਰਨਾ ਚਾਹੁੰਦੇ ਹਨ, ਤਾਂ ਕਰ ਸਕਦੇ ਹਨ! ਤੂੰ ਕਹਿੰਦਾ ਹੈਂ ਕਿ ਇਹ ਵਿਅਕਤੀ ਪਰਮੇਸ਼ੁਰ ਨਹੀਂ ਹੈ, ਇਸ ਲਈ ਉਸ ਦੇ ਖਿਲਾਫ਼ ਕੋਈ ਪਾਪ ਕਰਕੇ ਵੇਖ ਕਿ ਉਹ ਕੀ ਕਰਦਾ ਹੈ। ਇਹ ਸੰਭਵ ਹੈ ਕਿ ਤੇਰਾ ਸਰੀਰ ਨਹੀਂ ਮਰੇਗਾ ਅਤੇ ਤੂੰ ਫੇਰ ਵੀ ਖਾ-ਪੀ ਸਕੇਂਗਾ, ਕਪੜੇ ਪਹਿਨ ਸਕੇਂਗਾ, ਪਰ ਮਾਨਸਿਕ ਤੌਰ ’ਤੇ ਇਹ ਅਸਹਿ ਹੋਵੇਗਾ; ਤੂੰ ਤਣਾਅਗ੍ਰਸਤ ਅਤੇ ਸਤਾਇਆ ਹੋਇਆ ਮਹਿਸੂਸ ਕਰੇਂਗਾ; ਇਸ ਤੋਂ ਵੱਧ ਦੁਖਦਾਈ ਹੋਰ ਕੁਝ ਨਹੀਂ ਹੋਵੇਗਾ। ਮਨੁੱਖ ਮਾਨਸਿਕ ਤਸੀਹੇ ਅਤੇ ਤਬਾਹੀ ਨੂੰ ਸਹਿਣ ਨਹੀਂ ਕਰ ਸਕਦਾ—ਸ਼ਾਇਦ ਤੂੰ ਸਰੀਰ ਦੇ ਦੁੱਖ ਨੂੰ ਸਹਿਣ ਦੇ ਯੋਗ ਹੈਂ, ਪਰ ਤੂੰ ਮਾਨਸਿਕ ਤਣਾਅ ਅਤੇ ਚਿਰ-ਸਥਾਈ ਕਸ਼ਟ ਨੂੰ ਸਹਿਣ ਕਰਨ ਵਿੱਚ ਬਿਲਕੁਲ ਅਸਮਰੱਥ ਹੈਂ। ਅੱਜ, ਕੁਝ ਲੋਕ ਨਾਂਹ-ਪੱਖੀ ਹੋ ਗਏ ਹਨ ਕਿਉਂਕਿ ਉਹ ਕੋਈ ਵੀ ਨਿਸ਼ਾਨ ਅਤੇ ਅਚੰਭੇ ਨਹੀਂ ਵੇਖ ਸਕੇ ਹਨ, ਫੇਰ ਵੀ ਭਾਵੇਂ ਕੋਈ ਕਿੰਨਾ ਵੀ ਨਾਂਹ-ਪੱਖੀ ਕਿਉਂ ਨਾ ਹੋ ਜਾਵੇ ਪਰ ਭੱਜਣ ਦੀ ਹਿੰਮਤ ਨਹੀਂ ਕਰਦਾ, ਕਿਉਂਕਿ ਪਰਮੇਸ਼ੁਰ ਆਪਣੇ ਵਚਨ ਨਾਲ ਮਨੁੱਖ ਨੂੰ ਨਿਯੰਤਰਿਤ ਕਰਦਾ ਹੈ। ਤੱਥਾਂ ਦਾ ਕੋਈ ਆਗਮਨ ਨਾ ਹੋਇਆ ਹੋਣ ਦੇ ਬਾਵਜੂਦ ਵੀ, ਕੋਈ ਭੱਜ ਨਹੀਂ ਸਕਦਾ। ਕੀ ਇਹ ਪਰਮੇਸ਼ੁਰ ਦੇ ਕੰਮ ਨਹੀਂ ਹਨ? ਅੱਜ, ਪਰਮੇਸ਼ੁਰ ਧਰਤੀ ਉੱਤੇ ਮਨੁੱਖ ਨੂੰ ਜੀਵਨ ਪ੍ਰਦਾਨ ਕਰਨ ਲਈ ਆਇਆ ਹੈ। ਜਿਵੇਂ ਕਿ ਲੋਕਾਂ ਦਾ ਖਿਆਲ ਹੁੰਦਾ ਹੈ, ਪਰਮੇਸ਼ੁਰ ਅਤੇ ਮਨੁੱਖ ਵਿਚਕਾਰ ਇੱਕ ਸ਼ਾਂਤਮਈ ਸੰਬੰਧ ਨੂੰ ਯਕੀਨੀ ਬਣਾਉਣ ਲਈ ਉਹ ਨਿਸ਼ਾਨ ਅਤੇ ਅਚੰਭੇ ਦਿਖਾ ਕੇ ਤੈਨੂੰ ਵਰਗਲਾਉਂਦਾ ਨਹੀਂ। ਉਹ ਸਾਰੇ ਜਿਨ੍ਹਾਂ ਦਾ ਧਿਆਨ ਜੀਵਨ ਉੱਤੇ ਨਹੀਂ ਟਿਕਿਆ ਹੋਇਆ ਹੈ, ਅਤੇ ਜੋ ਇਸ ਦੀ ਬਜਾਏ ਪਰਮੇਸ਼ੁਰ ਦੁਆਰਾ ਨਿਸ਼ਾਨ ਅਤੇ ਅਚੰਭੇ ਦਿਖਾਉਣ ’ਤੇ ਧਿਆਨ ਕੇਂਦਰਤ ਕਰਦੇ ਹਨ, ਉਹ ਫ਼ਰੀਸੀ ਹਨ! ਅਤੇ ਉਹ ਫ਼ਰੀਸੀ ਹੀ ਸਨ ਜਿਨ੍ਹਾਂ ਨੇ ਯਿਸੂ ਨੂੰ ਸਲੀਬ ਉੱਤੇ ਟੰਗਿਆ। ਜੇ ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਦੇ ਆਪਣੇ ਨਜ਼ਰੀਏ ਅਨੁਸਾਰ ਪਰਮੇਸ਼ੁਰ ਨੂੰ ਤੋਲਦਾ ਹੈਂ, ਪਰਮੇਸ਼ੁਰ ਵਿੱਚ ਤਾਂ ਹੀ ਵਿਸ਼ਵਾਸ ਕਰਦਾ ਹੈਂ ਜੇ ਉਸ ਦੇ ਵਚਨ ਪੂਰੇ ਹੋ ਜਾਂਦੇ ਹਨ, ਅਤੇ ਜੇ ਪੂਰੇ ਨਹੀਂ ਹੁੰਦੇ ਤਾਂ ਤੂੰ ਸ਼ੱਕੀ ਬਣ ਜਾਂਦਾ ਹੈ ਅਤੇ ਇੱਥੋਂ ਤਕ ਕਿ ਪਰਮੇਸ਼ੁਰ ਦੀ ਨਿੰਦਿਆ ਵੀ ਕਰਦਾ ਹੈਂ, ਤਾਂ ਕੀ ਤੂੰ ਉਸ ਨੂੰ ਸਲੀਬ ’ਤੇ ਨਹੀਂ ਟੰਗਦਾ? ਇਸ ਤਰ੍ਹਾਂ ਦੇ ਲੋਕ ਆਪਣੇ ਫ਼ਰਜ਼ਾਂ ਤੋਂ ਲਾਪਰਵਾਹੀ ਕਰਦੇ ਹਨ, ਅਤੇ ਖੁਦਗਰਜ਼ੀ ਨਾਲ ਐਸ਼-ਆਰਾਮ ਦਾ ਅਨੰਦ ਮਾਣਦੇ ਹਨ!

ਇਕ ਪਾਸੇ, ਮਨੁੱਖ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਹ ਪਰਮੇਸ਼ੁਰ ਦੇ ਕੰਮ ਬਾਰੇ ਨਹੀਂ ਜਾਣਦਾ। ਹਾਲਾਂਕਿ ਮਨੁੱਖ ਦਾ ਰਵੱਈਆ ਇਨਕਾਰ ਕਰਨ ਵਾਲਾ ਨਹੀਂ, ਬਲਕਿ ਸ਼ੱਕ ਭਰਿਆ ਹੈ। ਮਨੁੱਖ ਇਨਕਾਰ ਨਹੀਂ ਕਰਦਾ, ਪਰ ਉਹ ਪੂਰੀ ਤਰ੍ਹਾਂ ਸਵੀਕਾਰ ਵੀ ਨਹੀਂ ਕਰਦਾ। ਜੇ ਲੋਕਾਂ ਨੂੰ ਪਰਮੇਸ਼ੁਰ ਦੇ ਕੰਮ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੈ, ਤਾਂ ਉਹ ਭੱਜਣਗੇ ਨਹੀਂ। ਦੂਸਰੀ ਸਮੱਸਿਆ ਇਹ ਹੈ ਕਿ ਮਨੁੱਖ ਅਸਲੀਅਤ ਬਾਰੇ ਨਹੀਂ ਜਾਣਦਾ। ਅੱਜ, ਹਰ ਵਿਅਕਤੀ ਪਰਮੇਸ਼ੁਰ ਦੇ ਵਚਨ ਨਾਲ ਜੁੜਿਆ ਹੋਇਆ ਹੈ; ਦਰਅਸਲ, ਭਵਿੱਖ ਵਿੱਚ, ਤੈਨੂੰ ਨਿਸ਼ਾਨਾਂ ਅਤੇ ਅਚੰਭਿਆਂ ਨੂੰ ਵੇਖਣ ਬਾਰੇ ਨਹੀਂ ਸੋਚਣਾ ਚਾਹੀਦਾ। ਮੈਂ ਤੈਨੂੰ ਸਪਸ਼ਟ ਤੌਰ ’ਤੇ ਦੱਸਦਾ ਹਾਂ: ਮੌਜੂਦਾ ਅਵਸਥਾ ਦੇ ਦੌਰਾਨ, ਤੂੰ ਸਿਰਫ਼ ਪਰਮੇਸ਼ੁਰ ਦੇ ਵਚਨਾਂ ਨੂੰ ਹੀ ਦੇਖਣ ਦੇ ਸਮਰੱਥ ਹੈਂ, ਅਤੇ ਭਾਵੇਂ ਇਸ ਵਿੱਚ ਕੋਈ ਸੱਚਾਈ ਨਹੀਂ ਹੈ, ਪਰ ਫੇਰ ਵੀ ਪਰਮੇਸ਼ੁਰ ਦਾ ਜੀਵਨ ਮਨੁੱਖ ਵਿੱਚ ਘੜਿਆ ਜਾ ਸਕਦਾ ਹੈ। ਇਹੀ ਉਹ ਕੰਮ ਹੈ ਜੋ ਹਜ਼ਾਰ ਸਾਲ ਦੇ ਰਾਜ ਦਾ ਮੁੱਖ ਕੰਮ ਹੈ, ਅਤੇ ਜੇ ਤੂੰ ਇਸ ਕੰਮ ਨੂੰ ਨਹੀਂ ਸਮਝ ਸਕਦਾ, ਤਾਂ ਤੂੰ ਕਮਜ਼ੋਰ ਹੋ ਜਾਵੇਂਗਾ ਅਤੇ ਢਹਿ ਜਾਵੇਂਗਾ; ਤੂੰ ਅਜ਼ਮਾਇਸ਼ਾਂ ਵਿੱਚ ਆ ਡਿੱਗੇਂਗਾ ਅਤੇ ਫੇਰ ਹੋਰ ਵੀ ਜ਼ਿਆਦਾ ਦੁੱਖਦਾਈ ਢੰਗ ਨਾਲ, ਸ਼ਤਾਨ ਦੁਆਰਾ ਗੁਲਾਮ ਬਣਾ ਲਿਆ ਜਾਵੇਂਗਾ। ਪਰਮੇਸ਼ੁਰ ਮੁੱਖ ਤੌਰ ’ਤੇ ਆਪਣੇ ਵਚਨਾਂ ਨੂੰ ਬੋਲਣ ਲਈ ਧਰਤੀ ’ਤੇ ਆਇਆ ਹੈ; ਤੂੰ ਜਿਸ ਨਾਲ ਜੁੜਦਾ ਹੈਂ ਉਹ ਪਰਮੇਸ਼ੁਰ ਦਾ ਵਚਨ ਹੈ, ਤੂੰ ਜੋ ਵੇਖਦਾ ਹੈਂ ਉਹ ਪਰਮੇਸ਼ੁਰ ਦਾ ਵਚਨ ਹੈ, ਤੂੰ ਜੋ ਸੁਣਦਾ ਹੈਂ ਉਹ ਪਰਮੇਸ਼ੁਰ ਦਾ ਵਚਨ ਹੈ, ਤੂੰ ਜਿਸ ਦਾ ਪਾਲਣ ਕਰਦਾ ਹੈਂ ਉਹ ਪਰਮੇਸ਼ੁਰ ਦਾ ਵਚਨ ਹੈ, ਤੂੰ ਜਿਸ ਦਾ ਅਨੁਭਵ ਕਰਦਾ ਹੈਂ ਉਹ ਪਰਮੇਸ਼ੁਰ ਦਾ ਵਚਨ ਹੈ, ਅਤੇ ਪਰਮੇਸ਼ੁਰ ਦਾ ਇਹ ਦੇਹਧਾਰੀ ਰੂਪ ਮੁੱਖ ਤੌਰ ’ਤੇ ਵਚਨ ਦਾ ਇਸਤੇਮਾਲ ਮਨੁੱਖ ਨੂੰ ਸਿੱਧ ਬਣਾਉਣ ਲਈ ਕਰਦਾ ਹੈ। ਉਹ ਨਿਸ਼ਾਨ ਅਤੇ ਅਚੰਭੇ ਨਹੀਂ ਵਿਖਾਉਂਦਾ, ਅਤੇ ਖਾਸ ਕਰਕੇ ਉਹ ਕੰਮ ਨਹੀਂ ਕਰਦਾ ਜੋ ਯਿਸੂ ਨੇ ਪਿਛਲੇ ਸਮੇਂ ਵਿੱਚ ਕੀਤਾ ਸੀ। ਹਾਲਾਂਕਿ ਉਹ ਪਰਮੇਸ਼ੁਰ ਹਨ, ਅਤੇ ਦੋਵੇਂ ਹੀ ਦੇਹਧਾਰੀ ਹਨ, ਪਰ ਉਨ੍ਹਾਂ ਦਾ ਕੰਮ ਇੱਕੋ ਜਿਹਾ ਨਹੀਂ ਹੈ। ਜਦੋਂ ਯਿਸੂ ਆਇਆ, ਉਸ ਨੇ ਵੀ ਪਰਮੇਸ਼ੁਰ ਦੇ ਕੰਮ ਦਾ ਕੁਝ ਹਿੱਸਾ ਪੂਰਾ ਕੀਤਾ ਅਤੇ ਕੁਝ ਵਚਨ ਬੋਲੇ—ਪਰ ਉਹ ਮੁੱਖ ਕੰਮ ਕਿਹੜਾ ਸੀ ਜੋ ਉਸ ਨੇ ਪੂਰਾ ਕੀਤਾ? ਉਸ ਨੇ ਮੁੱਖ ਤੌਰ ’ਤੇ ਜੋ ਕੰਮ ਪੂਰਾ ਕੀਤਾ ਉਹ ਸਲੀਬ ’ਤੇ ਟੰਗੇ ਜਾਣ ਦਾ ਕੰਮ ਸੀ। ਉਹ ਸਲੀਬ ’ਤੇ ਟੰਗੇ ਜਾਣ ਦੇ ਕੰਮ ਨੂੰ ਪੂਰਾ ਕਰਨ ਅਤੇ ਸਾਰੀ ਮਨੁੱਖਜਾਤੀ ਨੂੰ ਛੁਟਕਾਰਾ ਦਵਾਉਣ ਲਈ ਪਾਪੀ ਦੇਹਧਾਰੀ ਦੇ ਸਮਾਨ ਬਣਿਆ, ਅਤੇ ਇਹ ਸਾਰੀ ਮਨੁੱਖਜਾਤੀ ਦੇ ਪਾਪਾਂ ਦੀ ਖਾਤਰ ਹੀ ਸੀ ਜੋ ਉਸ ਨੇ ਪਾਪਬਲੀ ਵਜੋਂ ਸੇਵਾ ਕੀਤੀ। ਇਹੀ ਉਹ ਮੁੱਖ ਕੰਮ ਹੈ ਜੋ ਉਸਨੇ ਪੂਰਾ ਕੀਤਾ। ਅਖੀਰ ਵਿੱਚ, ਉਸ ਨੇ ਬਾਅਦ ਵਿੱਚ ਆਏ ਲੋਕਾਂ ਦਾ ਮਾਰਗ ਦਰਸ਼ਨ ਕਰਨ ਲਈ ਸਲੀਬ ਦਾ ਰਾਹ ਪ੍ਰਦਾਨ ਕੀਤਾ। ਜਦੋਂ ਯਿਸੂ ਆਇਆ, ਤਾਂ ਮੁੱਢਲੇ ਤੌਰ ’ਤੇ ਮੁਕਤੀ ਦਾ ਕੰਮ ਪੂਰਾ ਕਰਨ ਲਈ ਆਇਆ ਸੀ। ਉਸ ਨੇ ਸਾਰੀ ਮਨੁੱਖਜਾਤੀ ਨੂੰ ਛੁਟਕਾਰਾ ਦਵਾਇਆ, ਅਤੇ ਸਵਰਗ ਦੇ ਰਾਜ ਦੀ ਖੁਸ਼ਖਬਰੀ ਮਨੁੱਖ ਕੋਲ ਲਿਆਇਆ, ਅਤੇ ਇਸ ਤੋਂ ਇਲਾਵਾ, ਉਹ ਸਵਰਗ ਦੇ ਰਾਜ ਤੱਕ ਦਾ ਰਾਹ ਵੀ ਲੈ ਕੇ ਆਇਆ। ਨਤੀਜੇ ਵਜੋਂ, ਜਿਹੜੇ ਬਾਅਦ ਵਿੱਚ ਆਏ ਸਨ, ਉਨ੍ਹਾਂ ਸਾਰਿਆਂ ਨੇ ਕਿਹਾ, “ਸਾਨੂੰ ਸਲੀਬ ਦੇ ਰਾਹ ’ਤੇ ਚੱਲਣਾ ਚਾਹੀਦਾ ਹੈ, ਅਤੇ ਆਪਣੇ ਆਪ ਨੂੰ ਸਲੀਬ ਲਈ ਕੁਰਬਾਨ ਕਰ ਦੇਣਾ ਚਾਹੀਦਾ ਹੈ।” ਬੇਸ਼ੱਕ, ਸ਼ੁਰੂ ਵਿੱਚ, ਯਿਸੂ ਨੇ ਕੁਝ ਹੋਰ ਕੰਮ ਵੀ ਕੀਤੇ ਅਤੇ ਮਨੁੱਖ ਨੂੰ ਪਛਤਾਵਾ ਕਰਾਉਣ ਅਤੇ ਆਪਣੇ ਪਾਪਾਂ ਦਾ ਇਕਰਾਰ ਕਰਾਉਣ ਲਈ ਕੁਝ ਵਚਨ ਵੀ ਬੋਲੇ। ਪਰ ਉਸ ਦੀ ਸੇਵਾ ਅਜੇ ਵੀ ਸਲੀਬ ’ਤੇ ਟੰਗੇ ਜਾਣ ਦੀ ਸੀ, ਅਤੇ ਉਸ ਵੱਲੋਂ ਸੱਚੇ ਰਾਹ ਦੇ ਪਰਚਾਰ ਵਿੱਚ ਬਿਤਾਏ ਸਾਢੇ ਤਿੰਨ ਸਾਲ ਉਸ ਸਲੀਬ ’ਤੇ ਟੰਗੇ ਜਾਣ ਦੀ ਤਿਆਰੀ ਵਿੱਚ ਹੀ ਸਨ ਜੋ ਬਾਅਦ ਵਿੱਚ ਵਾਪਰੀ। ਯਿਸੂ ਨੇ ਕਈ ਵਾਰ ਜੋ ਪ੍ਰਾਰਥਨਾ ਕੀਤੀ ਉਹ ਵੀ ਸਲੀਬ ’ਤੇ ਟੰਗੇ ਜਾਣ ਲਈ ਹੀ ਸੀ। ਉਸ ਨੇ ਜੋ ਇੱਕ ਸਧਾਰਣ ਮਨੁੱਖ ਦਾ ਜੀਵਨ ਬਤੀਤ ਕੀਤਾ ਅਤੇ ਸਾਢੇ ਤੇਤੀ ਸਾਲ ਜੋ ਉਹ ਇਸ ਧਰਤੀ ’ਤੇ ਜੀਵਿਆ, ਉਹ ਮੁੱਖ ਤੌਰ ’ਤੇ ਸਲੀਬ ’ਤੇ ਟੰਗੇ ਜਾਣ ਦੇ ਕੰਮ ਨੂੰ ਪੂਰਾ ਕਰਨ ਲਈ ਸੀ; ਉਹ ਕੰਮ ਉਸ ਨੂੰ ਇਸ ਕੰਮ ਨੂੰ ਅੱਗੇ ਵਧਾਉਣ ਦੀ ਤਾਕਤ ਦੇਣ ਲਈ ਸਨ, ਜਿਸਦੇ ਨਤੀਜੇ ਵਜੋਂ ਪਰਮੇਸ਼ੁਰ ਨੇ ਉਸ ਨੂੰ ਸਲੀਬ ’ਤੇ ਟੰਗੇ ਜਾਣ ਦਾ ਕੰਮ ਸੌਂਪਿਆ। ਦੇਹਧਾਰੀ ਪਰਮੇਸ਼ੁਰ ਅੱਜ ਕਿਹੜੇ ਕੰਮ ਨੂੰ ਪੂਰਾ ਕਰੇਗਾ? ਅੱਜ, ਪਰਮੇਸ਼ੁਰ ਮੁੱਖ ਤੌਰ ’ਤੇ “ਵਚਨ ਦੇ ਦੇਹਧਾਰੀ ਹੋਣ” ਦੇ ਕੰਮ ਨੂੰ ਪੂਰਾ ਕਰਨ ਲਈ, ਮਨੁੱਖ ਨੂੰ ਸਿੱਧ ਬਣਾਉਣ ਵਾਸਤੇ ਵਚਨ ਦਾ ਇਸਤੇਮਾਲ ਕਰਨ ਲਈ, ਅਤੇ ਮਨੁੱਖ ਨੂੰ ਵਚਨ ਦੁਆਰਾ ਨਜਿੱਠੇ ਜਾਣ ਅਤੇ ਵਚਨ ਦੁਆਰਾ ਤਾਏ ਜਾਣ ਨੂੰ ਸਵੀਕਾਰ ਕਰਾਉਣ ਲਈ ਦੇਹਧਾਰੀ ਬਣ ਗਿਆ ਹੈ। ਆਪਣੇ ਵਚਨਾਂ ਵਿੱਚ ਉਹ ਤੈਨੂੰ ਪਰਬੰਧ ਪ੍ਰਾਪਤ ਕਰਨ ਅਤੇ ਜੀਵਨ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦਾ ਹੈ; ਉਸ ਦੇ ਵਚਨਾਂ ਵਿੱਚ ਤੂੰ ਉਸ ਦੇ ਕੰਮ ਅਤੇ ਕਾਰਜਾਂ ਨੂੰ ਵੇਖਦਾ ਹੈਂ। ਪਰਮੇਸ਼ੁਰ ਤੈਨੂੰ ਤਾੜਨਾ ਕਰਨ ਅਤੇ ਤਾਉਣ ਲਈ ਵਚਨਾਂ ਦਾ ਇਸਤੇਮਾਲ ਕਰਦਾ ਹੈ, ਅਤੇ ਇਸ ਤਰ੍ਹਾਂ, ਜੇ ਤੂੰ ਮੁਸ਼ਕਲਾਂ ਝੱਲਦਾ ਹੈਂ, ਤਾਂ ਇਹ ਵੀ ਪਰਮੇਸ਼ੁਰ ਦੇ ਵਚਨ ਦੇ ਕਾਰਨ ਹੀ ਹੈ। ਅੱਜ, ਪਰਮੇਸ਼ੁਰ ਤੱਥਾਂ ਨਾਲ ਨਹੀਂ, ਬਲਕਿ ਵਚਨਾਂ ਨਾਲ ਕੰਮ ਕਰਦਾ ਹੈ। ਤੈਨੂੰ ਉਸ ਦਾ ਵਚਨ ਮਿਲ ਜਾਣ ਤੋਂ ਬਾਅਦ ਹੀ ਪਵਿੱਤਰ ਆਤਮਾ ਤੇਰੇ ਅੰਦਰ ਕੰਮ ਕਰ ਸਕਦਾ ਹੈ ਅਤੇ ਤੈਨੂੰ ਦੁੱਖ ਦਾ ਅਹਿਸਾਸ ਕਰਵਾ ਸਕਦਾ ਹੈ ਜਾਂ ਸੁੱਖ ਦਾ ਅਹਿਸਾਸ ਕਰਾ ਸਕਦਾ ਹੈ। ਸਿਰਫ਼ ਪਰਮੇਸ਼ੁਰ ਦਾ ਵਚਨ ਹੀ ਤੈਨੂੰ ਅਸਲੀਅਤ ਵਿੱਚ ਲਿਆ ਸਕਦਾ ਹੈ, ਅਤੇ ਸਿਰਫ਼ ਪਰਮੇਸ਼ੁਰ ਦਾ ਵਚਨ ਹੀ ਤੈਨੂੰ ਸਿੱਧ ਬਣਾਉਣ ਦੇ ਸਮਰੱਥ ਹੈ। ਅਤੇ ਇਸ ਲਈ, ਤੈਨੂੰ ਘੱਟੋ-ਘੱਟ ਇਹ ਜ਼ਰੂਰ ਸਮਝਣਾ ਚਾਹੀਦਾ ਹੈ: ਅੰਤ ਦੇ ਦਿਨਾਂ ਦੌਰਾਨ ਪਰਮੇਸ਼ੁਰ ਦੁਆਰਾ ਕੀਤਾ ਕੰਮ ਮੁੱਖ ਤੌਰ ’ਤੇ ਹਰ ਵਿਅਕਤੀ ਨੂੰ ਸਿੱਧ ਬਣਾਉਣ ਅਤੇ ਮਨੁੱਖ ਨੂੰ ਰਾਹ ਦਿਖਾਉਣ ਲਈ ਆਪਣੇ ਵਚਨ ਦਾ ਇਸਤੇਮਾਲ ਕਰਨਾ ਹੈ। ਉਹ ਜੋ ਵੀ ਕੰਮ ਕਰਦਾ ਹੈ ਵਚਨ ਰਾਹੀਂ ਹੀ ਕਰਦਾ ਹੈ; ਉਹ ਤੱਥਾਂ ਦਾ ਇਸਤੇਮਾਲ ਤੈਨੂੰ ਤਾੜਨਾ ਕਰਨ ਲਈ ਨਹੀਂ ਕਰਦਾ। ਅਜਿਹਾ ਸਮਾਂ ਵੀ ਹੁੰਦਾ ਹੈ ਜਦੋਂ ਕੁਝ ਲੋਕ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ। ਪਰਮੇਸ਼ੁਰ ਤੈਨੂੰ ਬਹੁਤੀ ਪਰੇਸ਼ਾਨੀ ਨਹੀਂ ਪਹੁੰਚਾਉਂਦਾ, ਤੇਰੇ ਸਰੀਰ ਨੂੰ ਤਾੜਨਾ ਨਹੀਂ ਦਿੱਤੀ ਜਾਂਦੀ, ਅਤੇ ਨਾ ਹੀ ਤੂੰ ਮੁਸੀਬਤ ਸਹਿੰਦਾ ਹੈਂ—ਪਰ ਜਿਵੇਂ ਹੀ ਉਸ ਦਾ ਵਚਨ ਤੈਨੂੰ ਮਿਲ ਜਾਂਦਾ ਹੈ, ਅਤੇ ਤੈਨੂੰ ਤਾਉਂਦਾ ਹੈ, ਤਾਂ ਇਹ ਤੇਰੇ ਲਈ ਅਸਹਿ ਹੁੰਦਾ ਹੈ। ਕੀ ਅਜਿਹਾ ਨਹੀਂ ਹੈ? ਸੇਵਕਾਂ ਦੇ ਸਮੇਂ ਦੌਰਾਨ, ਪਰਮੇਸ਼ੁਰ ਨੇ ਮਨੁੱਖ ਨੂੰ ਅਥਾਹ-ਕੁੰਡ ਵਿੱਚ ਸੁੱਟਣ ਲਈ ਕਿਹਾ। ਕੀ ਮਨੁੱਖ ਸੱਚਮੁੱਚ ਅਥਾਹ-ਕੁੰਡ ਵਿੱਚ ਪਹੁੰਚਿਆ? ਮਨੁੱਖ ਨੂੰ ਤਾਉਣ ਲਈ ਸਿਰਫ਼ ਵਚਨਾਂ ਦੇ ਇਸਤੇਮਾਲ ਨਾਲ ਹੀ, ਮਨੁੱਖ ਨੇ ਅਥਾਹ-ਕੁੰਡ ਵਿੱਚ ਪ੍ਰਵੇਸ਼ ਕੀਤਾ। ਅਤੇ ਇਸ ਤਰ੍ਹਾਂ, ਅੰਤ ਦੇ ਦਿਨਾਂ ਦੌਰਾਨ, ਜਦੋਂ ਪਰਮੇਸ਼ੁਰ ਦੇਹਧਾਰੀ ਬਣ ਜਾਂਦਾ ਹੈ, ਉਹ ਸਭ ਕੁਝ ਪੂਰਾ ਕਰਨ ਅਤੇ ਸਭ ਸਪਸ਼ਟ ਕਰਨ ਲਈ ਮੁੱਖ ਤੌਰ ’ਤੇ ਵਚਨ ਦਾ ਇਸਤੇਮਾਲ ਕਰਦਾ ਹੈ। ਤੂੰ ਸਿਰਫ਼ ਉਸ ਦੇ ਵਚਨਾਂ ਵਿੱਚ ਹੀ ਵੇਖ ਸਕਦਾ ਹੈਂ ਕਿ ਉਹ ਕੀ ਹੈ; ਤੂੰ ਸਿਰਫ਼ ਉਸ ਦੇ ਵਚਨਾਂ ਵਿੱਚ ਵੇਖ ਸਕਦਾ ਹੈਂ ਕਿ ਉਹ ਆਪ ਪਰਮੇਸ਼ੁਰ ਹੀ ਹੈ। ਜਦੋਂ ਦੇਹਧਾਰੀ ਪਰਮੇਸ਼ੁਰ ਧਰਤੀ ’ਤੇ ਆਉਂਦਾ ਹੈ, ਤਾਂ ਉਹ ਕੋਈ ਹੋਰ ਕੰਮ ਨਹੀਂ ਕਰਦਾ ਬਲਕਿ ਸਿਰਫ਼ ਵਚਨਾਂ ਨੂੰ ਬੋਲਣ ਦਾ ਹੀ ਕੰਮ ਕਰਦਾ ਹੈ—ਇਸ ਲਈ ਤੱਥਾਂ ਦੀ ਜ਼ਰੂਰਤ ਨਹੀਂ ਹੁੰਦੀ; ਵਚਨ ਹੀ ਕਾਫ਼ੀ ਹੁੰਦੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਉਹ ਮੁੱਖ ਤੌਰ ’ਤੇ ਇਹੀ ਕੰਮ ਕਰਨ ਲਈ ਆਇਆ ਹੈ, ਮਨੁੱਖ ਨੂੰ ਉਸ ਦੇ ਵਚਨਾਂ ਵਿੱਚ ਆਪਣੀ ਸ਼ਕਤੀ ਅਤੇ ਸਰਬਉੱਚਤਾ ਵੇਖਣ ਦੇਣ ਲਈ, ਮਨੁੱਖ ਨੂੰ ਉਸ ਦੇ ਵਚਨਾਂ ਵਿੱਚ ਇਹ ਵੇਖਣ ਦੇਣ ਲਈ ਕਿ ਕਿਵੇਂ ਉਹ ਨਮਰਤਾ ਨਾਲ ਆਪਣੇ ਆਪ ਨੂੰ ਲੁਕਾਉਂਦਾ ਹੈ, ਅਤੇ ਮਨੁੱਖ ਨੂੰ ਉਸ ਦੇ ਵਚਨਾਂ ਵਿੱਚ ਉਸ ਦੀ ਸੰਪੂਰਨਤਾ ਨੂੰ ਜਾਣਨ ਦੇਣ ਲਈ। ਪਰਮੇਸ਼ੁਰ ਦਾ ਮੂਲ-ਤੱਤ ਅਤੇ ਪਰਮੇਸ਼ੁਰ ਦੀ ਸਮੁੱਚਤਾਈ ਉਸ ਦੇ ਵਚਨਾਂ ਵਿੱਚ ਹਨ। ਉਸ ਦੀ ਬੁੱਧ ਅਤੇ ਅਚਰਜਤਾ ਉਸ ਦੇ ਵਚਨਾਂ ਵਿੱਚ ਹਨ। ਇਸ ਵਿੱਚ ਹੀ ਤੈਨੂੰ ਦਿਖਾਏ ਜਾਂਦੇ ਉਹ ਬਹੁਤ ਸਾਰੇ ਤਰੀਕੇ ਵੀ ਹਨ ਜਿਨ੍ਹਾਂ ਨਾਲ ਪਰਮੇਸ਼ੁਰ ਆਪਣੇ ਵਚਨ ਬੋਲਦਾ ਹੈ। ਇਸ ਸਾਰੇ ਸਮੇਂ ਦੌਰਾਨ ਪਰਮੇਸ਼ੁਰ ਦਾ ਬਹੁਤਾ ਕੰਮ ਪਰਬੰਧ, ਪਰਕਾਸ਼ਨ, ਅਤੇ ਮਨੁੱਖ ਨਾਲ ਨਜਿੱਠਣਾ ਰਿਹਾ ਹੈ। ਉਹ ਕਿਸੇ ਵਿਅਕਤੀ ਨੂੰ ਹਲਕੇ ਢੰਗ ਨਾਲ ਨਹੀਂ ਫ਼ਿਟਕਾਰਦਾ, ਅਤੇ ਜਦੋਂ ਉਹ ਅਜਿਹਾ ਕਰਦਾ ਵੀ ਹੈ, ਤਾਂ ਉਹ ਆਪਣੇ ਵਚਨ ਦੁਆਰਾ ਹੀ ਉਨ੍ਹਾਂ ਨੂੰ ਫ਼ਿਟਕਾਰਦਾ ਹੈ। ਅਤੇ ਇਸ ਲਈ, ਪਰਮੇਸ਼ੁਰ ਦੇ ਦੇਹਧਾਰੀ ਬਣਨ ਦੇ ਇਸ ਯੁੱਗ ਵਿੱਚ, ਪਰਮੇਸ਼ੁਰ ਨੂੰ ਫੇਰ ਤੋਂ ਬਿਮਾਰਾਂ ਨੂੰ ਨਰੋਇਆ ਕਰਦੇ ਅਤੇ ਦੁਸ਼ਟਾਂ ਨੂੰ ਮਿਟਾਉਂਦੇ ਦੇਖਣ ਦੀ ਕੋਸ਼ਿਸ਼ ਨਾ ਕਰ, ਅਤੇ ਲਗਾਤਾਰ ਨਿਸ਼ਾਨਾਂ ਨੂੰ ਲੱਭਣਾ ਬੰਦ ਕਰ—ਇਸ ਦਾ ਕੋਈ ਫ਼ਾਇਦਾ ਨਹੀਂ! ਉਹ ਨਿਸ਼ਾਨ ਮਨੁੱਖ ਨੂੰ ਸਿੱਧ ਨਹੀਂ ਬਣਾ ਸਕਦੇ! ਸਾਫ਼ ਤੌਰ ’ਤੇ ਕਿਹਾ ਜਾਵੇ ਤਾਂ: ਅੱਜ, ਦੇਹਧਾਰੀ ਬਣਿਆ ਅਸਲ ਪਰਮੇਸ਼ੁਰ ਕੰਮ ਨਹੀਂ ਕਰਦਾ; ਉਹ ਸਿਰਫ਼ ਬੋਲਦਾ ਹੈ। ਇਹੀ ਸੱਚਾਈ ਹੈ! ਉਹ ਤੈਨੂੰ ਸਿੱਧ ਬਣਾਉਣ ਲਈ ਵਚਨਾਂ ਦਾ ਇਸਤੇਮਾਲ ਕਰਦਾ ਹੈ, ਅਤੇ ਤੈਨੂੰ ਭੋਜਨ ਅਤੇ ਪਾਣੀ ਦੇਣ ਲਈ ਵਚਨਾਂ ਦਾ ਇਸਤੇਮਾਲ ਕਰਦਾ ਹੈ। ਉਹ ਕੰਮ ਕਰਨ ਲਈ ਵੀ ਵਚਨਾਂ ਦਾ ਇਸਤੇਮਾਲ ਕਰਦਾ ਹੈ, ਅਤੇ ਉਹ ਤੈਨੂੰ ਆਪਣੀ ਅਸਲੀਅਤ ਬਾਰੇ ਜਾਣੂ ਕਰਾਉਣ ਲਈ ਵੀ ਤੱਥਾਂ ਦੀ ਥਾਂ ’ਤੇ ਵਚਨਾਂ ਦਾ ਇਸਤੇਮਾਲ ਹੀ ਕਰਦਾ ਹੈ। ਜੇ ਤੂੰ ਪਰਮੇਸ਼ੁਰ ਦੇ ਕੰਮ ਦੇ ਇਸ ਢੰਗ ਨੂੰ ਸਮਝਣ ਦੇ ਸਮਰੱਥ ਹੈਂ, ਤਾਂ ਫੇਰ ਨਾਂਹ-ਪੱਖੀ ਹੋਣਾ ਮੁਸ਼ਕਲ ਹੈ। ਨਾਂਹ-ਪੱਖੀ ਚੀਜ਼ਾਂ ’ਤੇ ਧਿਆਨ ਲਗਾਉਣ ਦੀ ਬਜਾਏ, ਤੈਨੂੰ ਸਿਰਫ਼ ਉਸੇ ’ਤੇ ਧਿਆਨ ਲਗਾਉਣਾ ਚਾਹੀਦਾ ਹੈ ਜੋ ਹਾਂ-ਪੱਖੀ ਹੈ—ਕਹਿਣ ਤੋਂ ਭਾਵ ਹੈ, ਇਹ ਪਰਵਾਹ ਕੀਤੇ ਬਗੈਰ ਕਿ ਕੀ ਪਰਮੇਸ਼ੁਰ ਦੇ ਵਚਨ ਪੂਰੇ ਹੁੰਦੇ ਹਨ ਜਾਂ ਨਹੀਂ, ਜਾਂ ਕੀ ਤੱਥਾਂ ਦਾ ਆਗਮਨ ਹੁੰਦਾ ਹੈ ਜਾਂ ਨਹੀਂ, ਪਰਮੇਸ਼ੁਰ ਮਨੁੱਖ ਨੂੰ ਆਪਣੇ ਵਚਨਾਂ ਤੋਂ ਜੀਵਨ ਪ੍ਰਾਪਤ ਕਰਾਉਂਦਾ ਹੈ, ਅਤੇ ਇਹ ਸਭ ਨਿਸ਼ਾਨਾਂ ਵਿੱਚੋਂ ਸਭ ਤੋਂ ਵੱਡਾ ਹੈ; ਅਤੇ ਖਾਸ ਕਰਕੇ, ਇਹ ਇੱਕ ਨਿਰਵਿਵਾਦ ਤੱਥ ਹੈ। ਇਹ ਸਭ ਤੋਂ ਵਧੀਆ ਸਬੂਤ ਹੈ ਜਿਸ ਦੇ ਰਾਹੀਂ ਪਰਮੇਸ਼ੁਰ ਨੂੰ ਜਾਣਿਆ ਜਾ ਸਕਦਾ ਹੈ, ਅਤੇ ਇਹ ਸਾਰੇ ਨਿਸ਼ਾਨਾਂ ਨਾਲੋਂ ਵੀ ਸਭ ਤੋਂ ਵੱਡਾ ਨਿਸ਼ਾਨ ਹੈ। ਸਿਰਫ਼ ਇਹ ਵਚਨ ਹੀ ਮਨੁੱਖ ਨੂੰ ਸਿੱਧ ਬਣਾ ਸਕਦੇ ਹਨ।

ਜਿਵੇਂ ਹੀ ਰਾਜ ਦਾ ਯੁੱਗ ਸ਼ੁਰੂ ਹੋਇਆ, ਪਰਮੇਸ਼ੁਰ ਨੇ ਆਪਣੇ ਵਚਨਾਂ ਨੂੰ ਜਾਰੀ ਕਰਨਾ ਸ਼ੁਰੂ ਕਰ ਦਿੱਤਾ। ਭਵਿੱਖ ਵਿੱਚ, ਇਹ ਵਚਨ ਸਹਿਜੇ-ਸਹਿਜੇ ਪੂਰੇ ਕੀਤੇ ਜਾਣਗੇ, ਅਤੇ ਉਸ ਸਮੇਂ, ਮਨੁੱਖ ਦੇ ਜੀਵਨ ਵਿੱਚ ਵਾਧਾ ਹੋਵੇਗਾ। ਮਨੁੱਖ ਦੇ ਭ੍ਰਿਸ਼ਟ ਸੁਭਾਅ ਨੂੰ ਪਰਗਟ ਕਰਨ ਲਈ ਪਰਮੇਸ਼ੁਰ ਦੇ ਵਚਨ ਦਾ ਇਸਤੇਮਾਲ ਵਧੇਰੇ ਅਸਲ ਹੈ, ਅਤੇ ਵਧੇਰੇ ਜ਼ਰੂਰੀ ਹੈ, ਅਤੇ ਉਹ ਮਨੁੱਖ ਦੇ ਵਿਸ਼ਵਾਸ ਨੂੰ ਸੰਪੂਰਨ ਬਣਾਉਣ ਵਾਸਤੇ ਆਪਣਾ ਕੰਮ ਕਰਨ ਲਈ ਵਚਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਵਰਤਦਾ, ਕਿਉਂਕਿ ਅੱਜ ਵਚਨ ਦਾ ਯੁੱਗ ਹੈ, ਅਤੇ ਇਸ ਵਿੱਚ ਮਨੁੱਖ ਦੇ ਵਿਸ਼ਵਾਸ, ਸੰਕਲਪ ਅਤੇ ਸਹਿਯੋਗ ਦੀ ਲੋੜ ਹੈ। ਅੰਤ ਦੇ ਦਿਨਾਂ ਦੇ ਦੇਹਧਾਰੀ ਪਰਮੇਸ਼ੁਰ ਦਾ ਕੰਮ ਮਨੁੱਖ ਦੀ ਸੇਵਾ ਕਰਨ ਅਤੇ ਉਸ ਨੂੰ ਪ੍ਰਦਾਨ ਕਰਨ ਲਈ ਆਪਣੇ ਵਚਨ ਦਾ ਇਸਤੇਮਾਲ ਕਰਨਾ ਹੈ। ਦੇਹਧਾਰੀ ਪਰਮੇਸ਼ੁਰ ਜਦੋਂ ਆਪਣੇ ਵਚਨਾਂ ਦੇ ਉਚਾਰਣ ਨੂੰ ਖਤਮ ਕਰ ਲਵੇਗਾ ਉਸ ਤੋਂ ਬਾਅਦ ਹੀ ਉਹ ਵਚਨ ਪੂਰੇ ਹੋਣੇ ਸ਼ੁਰੂ ਹੋਣਗੇ। ਉਸ ਦੇ ਵਚਨ ਉਸ ਸਮੇਂ ਪੂਰੇ ਨਹੀਂ ਹੁੰਦੇ ਜਦੋਂ ਉਹ ਬੋਲਦਾ ਹੈ, ਕਿਉਂਕਿ ਜਦੋਂ ਉਹ ਦੇਹਧਾਰੀ ਅਵਸਥਾ ਵਿੱਚ ਹੁੰਦਾ ਹੈ, ਤਾਂ ਉਸ ਦੇ ਵਚਨ ਪੂਰੇ ਨਹੀਂ ਕੀਤੇ ਜਾ ਸਕਦੇ। ਅਜਿਹਾ ਇਸ ਲਈ ਹੈ ਤਾਂ ਕਿ ਮਨੁੱਖ ਵੇਖ ਸਕੇ ਕਿ ਪਰਮੇਸ਼ੁਰ ਦੇਹਧਾਰੀ ਹੈ ਅਤੇ ਆਤਮਾ ਨਹੀਂ; ਤਾਂ ਜੋ ਮਨੁੱਖ ਆਪਣੀਆਂ ਅੱਖਾਂ ਨਾਲ ਪਰਮੇਸ਼ੁਰ ਦੀ ਅਸਲੀਅਤ ਨੂੰ ਵੇਖ ਸਕੇ। ਜਿਸ ਦਿਨ ਉਸ ਦਾ ਕੰਮ ਸੰਪੂਰਨ ਹੋ ਜਾਂਦਾ ਹੈ, ਜਦੋਂ ਉਹ ਸਾਰੇ ਵਚਨ ਜੋ ਉਸ ਦੁਆਰਾ ਧਰਤੀ ’ਤੇ ਬੋਲੇ ਜਾਣੇ ਚਾਹੀਦੇ ਹਨ, ਬੋਲੇ ਜਾ ਚੁੱਕੇ ਹੁੰਦੇ ਹਨ, ਉਸ ਤੋਂ ਬਾਅਦ ਉਸ ਦੇ ਵਚਨ ਪੂਰੇ ਹੋਣੇ ਸ਼ੁਰੂ ਹੋਣਗੇ। ਇਸ ਸਮੇਂ ਪਰਮੇਸ਼ੁਰ ਦੇ ਵਚਨਾਂ ਦੇ ਪੂਰੇ ਹੋਣ ਦਾ ਯੁੱਗ ਨਹੀਂ ਹੈ, ਕਿਉਂਕਿ ਉਸ ਨੇ ਅਜੇ ਆਪਣੇ ਵਚਨ ਬੋਲਣ ਦਾ ਕੰਮ ਖਤਮ ਨਹੀਂ ਕੀਤਾ ਹੈ। ਇਸ ਲਈ, ਜਦੋਂ ਤੂੰ ਦੇਖਦਾ ਹੈਂ ਕਿ ਪਰਮੇਸ਼ੁਰ ਧਰਤੀ ’ਤੇ ਅਜੇ ਵੀ ਆਪਣੇ ਵਚਨ ਬੋਲ ਰਿਹਾ ਹੈ, ਤਾਂ ਉਸ ਦੇ ਵਚਨਾਂ ਦੇ ਪੂਰੇ ਹੋਣ ਦੀ ਉਡੀਕ ਨਾ ਕਰ; ਜਦੋਂ ਪਰਮੇਸ਼ੁਰ ਆਪਣੇ ਵਚਨ ਬੋਲਣਾ ਬੰਦ ਕਰ ਦੇਵੇਗਾ, ਅਤੇ ਜਦੋਂ ਧਰਤੀ ਉੱਤੇ ਉਸ ਦਾ ਕੰਮ ਸੰਪੂਰਨ ਹੋ ਚੁੱਕਾ ਹੋਵੇਗਾ, ਉਹ ਸਮਾਂ ਹੋਵੇਗਾ ਜਦੋਂ ਉਸ ਦੇ ਵਚਨ ਪੂਰੇ ਹੋਣੇ ਸ਼ੁਰੂ ਹੋਣਗੇ। ਜਿਹੜੇ ਵਚਨ ਉਹ ਧਰਤੀ ਉੱਤੇ ਬੋਲਦਾ ਹੈ, ਉਨ੍ਹਾਂ ਵਿੱਚ, ਇੱਕ ਪੱਖੋਂ, ਜੀਵਨ ਦਾ ਪਰਬੰਧ ਹੈ, ਅਤੇ ਦੂਜੇ ਪੱਖੋਂ, ਭਵਿੱਖਬਾਣੀ ਹੈ—ਆਉਣ ਵਾਲੀਆਂ ਚੀਜ਼ਾਂ ਦੀ ਭਵਿੱਖਬਾਣੀ, ਉਨ੍ਹਾਂ ਚੀਜ਼ਾਂ ਬਾਰੇ ਜੋ ਕੀਤੀਆਂ ਜਾਣਗੀਆਂ, ਅਤੇ ਉਹਨਾਂ ਚੀਜ਼ਾਂ ਬਾਰੇ ਜੋ ਅਜੇ ਪੂਰੀਆਂ ਕਰਨੀਆਂ ਬਾਕੀ ਹਨ। ਯਿਸੂ ਦੇ ਵਚਨਾਂ ਵਿੱਚ ਵੀ ਭਵਿੱਖਬਾਣੀ ਸੀ। ਇੱਕ ਪੱਖੋਂ, ਉਸ ਨੇ ਜੀਵਨ ਦੀ ਪੂਰਤੀ ਕੀਤੀ, ਅਤੇ ਦੂਜੇ ਪੱਖੋਂ, ਉਸ ਨੇ ਭਵਿੱਖਬਾਣੀ ਕੀਤੀ। ਇਸ ਸਮੇਂ, ਵਚਨਾਂ ਅਤੇ ਤੱਥਾਂ ਨੂੰ ਇੱਕੋਂ ਸਮੇਂ ਪੂਰਾ ਕਰਨ ਬਾਰੇ ਕੋਈ ਜ਼ਿਕਰ ਨਹੀਂ ਹੈ ਕਿਉਂਕਿ ਇਨ੍ਹਾਂ ਦੋ ਗੱਲਾਂ ਵਿੱਚ ਇੱਕ ਬਹੁਤ ਹੀ ਵੱਡਾ ਅੰਤਰ ਹੈ ਕਿ ਮਨੁੱਖ ਆਪਣੀਆਂ ਅੱਖਾਂ ਨਾਲ ਕੀ ਵੇਖ ਸਕਦਾ ਹੈ ਅਤੇ ਪਰਮੇਸ਼ੁਰ ਦੁਆਰਾ ਕੀ ਕੀਤਾ ਜਾਂਦਾ ਹੈ। ਸਿਰਫ਼ ਇਹੀ ਕਿਹਾ ਜਾ ਸਕਦਾ ਹੈ ਕਿ ਜਦੋਂ ਇੱਕ ਵਾਰ ਪਰਮੇਸ਼ੁਰ ਦਾ ਕੰਮ ਪੂਰਾ ਹੋ ਚੁੱਕਾ ਹੋਵੇਗਾ, ਤਾਂ ਉਸ ਦੇ ਵਚਨ ਪੂਰੇ ਕੀਤੇ ਜਾਣਗੇ, ਅਤੇ ਤੱਥ ਵਚਨਾਂ ਤੋਂ ਬਾਅਦ ਆਉਣਗੇ। ਅੰਤ ਦੇ ਦਿਨਾਂ ਦੌਰਾਨ, ਦੇਹਧਾਰੀ ਪਰਮੇਸ਼ੁਰ ਧਰਤੀ ਉੱਤੇ ਵਚਨ ਦਾ ਕੰਮ ਪੂਰਾ ਕਰਦਾ ਹੈ, ਅਤੇ ਵਚਨ ਦਾ ਕੰਮ ਕਰਦੇ ਹੋਏ, ਉਹ ਸਿਰਫ਼ ਵਚਨ ਬੋਲਦਾ ਹੈ, ਅਤੇ ਹੋਰਨਾਂ ਗੱਲਾਂ ਦੀ ਪਰਵਾਹ ਨਹੀਂ ਕਰਦਾ। ਜਦੋਂ ਪਰਮੇਸ਼ੁਰ ਦਾ ਕੰਮ ਬਦਲ ਜਾਵੇਗਾ, ਤਾਂ ਉਸ ਦੇ ਵਚਨ ਪੂਰੇ ਹੋਣੇ ਸ਼ੁਰੂ ਹੋ ਜਾਣਗੇ। ਅੱਜ, ਵਚਨਾਂ ਦਾ ਇਸਤੇਮਾਲ ਪਹਿਲਾਂ ਤੈਨੂੰ ਸਿੱਧ ਬਣਾਉਣ ਲਈ ਕੀਤਾ ਜਾਂਦਾ ਹੈ; ਜਦੋਂ ਉਹ ਸਾਰੇ ਬ੍ਰਹਿਮੰਡ ਵਿੱਚ ਮਹਿਮਾ ਪ੍ਰਾਪਤ ਕਰ ਲਵੇਗਾ, ਤਾਂ ਉਸ ਦਾ ਕੰਮ ਸੰਪੂਰਨ ਹੋ ਜਾਵੇਗਾ—ਉਹ ਸਾਰੇ ਵਚਨ ਜੋ ਬੋਲੇ ਜਾਣੇ ਚਾਹੀਦੇ ਹਨ, ਬੋਲੇ ਜਾ ਚੁੱਕੇ ਹੋਣਗੇ, ਅਤੇ ਸਾਰੇ ਵਚਨ ਤੱਥ ਬਣ ਚੁੱਕੇ ਹੋਣਗੇ। ਪਰਮੇਸ਼ੁਰ ਅੰਤ ਦੇ ਦਿਨਾਂ ਦੌਰਾਨ ਧਰਤੀ ਉੱਤੇ ਵਚਨ ਦਾ ਕੰਮ ਪੂਰਾ ਕਰਨ ਲਈ ਆਇਆ ਹੈ ਤਾਂ ਜੋ ਮਨੁੱਖਜਾਤੀ ਉਸ ਨੂੰ ਜਾਣ ਸਕੇ, ਅਤੇ ਤਾਂ ਜੋ ਮਨੁੱਖਜਾਤੀ ਵੇਖ ਸਕੇ ਕਿ ਉਹ ਕੀ ਹੈ, ਅਤੇ ਉਸ ਦੇ ਵਚਨ ਤੋਂ ਉਸ ਦੀ ਬੁੱਧ ਅਤੇ ਉਸ ਦੇ ਸਾਰੇ ਅਚਰਜ ਕੰਮਾਂ ਨੂੰ ਵੇਖ ਸਕੇ। ਰਾਜ ਦੇ ਯੁੱਗ ਦੌਰਾਨ, ਪਰਮੇਸ਼ੁਰ ਮੁੱਖ ਤੌਰ ’ਤੇ ਸਾਰੀ ਮਨੁੱਖਜਾਤੀ ਨੂੰ ਜਿੱਤਣ ਲਈ ਵਚਨ ਦਾ ਇਸਤੇਮਾਲ ਕਰਦਾ ਹੈ। ਭਵਿੱਖ ਵਿੱਚ, ਉਸ ਦਾ ਵਚਨ ਹਰੇਕ ਧਰਮ, ਖੇਤਰ, ਕੌਮ ਅਤੇ ਸੰਪਰਦਾਇ ਨੂੰ ਵੀ ਮਿਲੇਗਾ। ਪਰਮੇਸ਼ੁਰ ਵਚਨ ਦਾ ਇਸਤੇਮਾਲ ਜਿੱਤਣ ਲਈ, ਸਾਰੇ ਮਨੁੱਖਾਂ ਨੂੰ ਇਹ ਵਿਖਾਉਣ ਲਈ ਕਰਦਾ ਹੈ ਕਿ ਉਸ ਦੇ ਵਚਨ ਵਿੱਚ ਅਧਿਕਾਰ ਅਤੇ ਸ਼ਕਤੀ ਹੈ—ਅਤੇ ਇਸ ਤਰ੍ਹਾਂ ਅੱਜ, ਤੁਸੀਂ ਸਿਰਫ਼ ਪਰਮੇਸ਼ੁਰ ਦੇ ਵਚਨ ਦਾ ਸਾਹਮਣਾ ਕਰਦੇ ਹੋ।

ਇਸ ਯੁੱਗ ਵਿੱਚ ਪਰਮੇਸ਼ੁਰ ਦੁਆਰਾ ਬੋਲੇ ਗਏ ਵਚਨ ਸ਼ਰਾ ਦੇ ਯੁੱਗ ਦੇ ਦੌਰਾਨ ਬੋਲੇ ਵਚਨਾਂ ਨਾਲੋਂ ਵੱਖਰੇ ਹਨ, ਅਤੇ ਇਸੇ ਤਰ੍ਹਾਂ, ਉਹ ਕਿਰਪਾ ਦੇ ਯੁੱਗ ਦੇ ਦੌਰਾਨ ਬੋਲੇ ਗਏ ਵਚਨਾਂ ਨਾਲੋਂ ਵੀ ਵੱਖਰੇ ਹਨ। ਕਿਰਪਾ ਦੇ ਯੁੱਗ ਵਿੱਚ, ਪਰਮੇਸ਼ੁਰ ਨੇ ਵਚਨ ਦਾ ਕੰਮ ਨਹੀਂ ਕੀਤਾ, ਬਲਕਿ ਸਾਰੀ ਮਨੁੱਖਜਾਤੀ ਨੂੰ ਛੁਟਕਾਰਾ ਦਵਾਉਣ ਲਈ ਸਲੀਬ ’ਤੇ ਟੰਗੇ ਜਾਣ ਬਾਰੇ ਦੱਸਿਆ। ਇੰਜੀਲ ਸਿਰਫ਼ ਇਹ ਦੱਸਦੀ ਹੈ ਕਿ ਯਿਸੂ ਨੂੰ ਸਲੀਬ ’ਤੇ ਕਿਉਂ ਟੰਗਿਆ ਜਾਣਾ ਸੀ, ਅਤੇ ਉਸ ਦੁੱਖ ਬਾਰੇ ਜੋ ਉਸ ਨੂੰ ਸਲੀਬ ਉੱਤੇ ਦਿੱਤਾ ਗਿਆ ਸੀ, ਅਤੇ ਕਿਵੇਂ ਮਨੁੱਖ ਨੂੰ ਪਰਮੇਸ਼ੁਰ ਲਈ ਸਲੀਬ ਉੱਤੇ ਟੰਗਿਆ ਜਾਣਾ ਚਾਹੀਦਾ ਹੈ। ਉਸ ਯੁੱਗ ਦੇ ਦੌਰਾਨ, ਪਰਮੇਸ਼ੁਰ ਦੁਆਰਾ ਕੀਤਾ ਸਾਰਾ ਕੰਮ ਸਲੀਬ ਉੱਤੇ ਟੰਗੇ ਜਾਣ ਦੇ ਦੁਆਲੇ ਕੇਂਦਰਤ ਸੀ। ਰਾਜ ਦੇ ਯੁੱਗ ਦੌਰਾਨ, ਦੇਹਧਾਰੀ ਪਰਮੇਸ਼ੁਰ ਉਨ੍ਹਾਂ ਸਾਰੇ ਲੋਕਾਂ ਨੂੰ ਜਿੱਤਣ ਲਈ ਵਚਨ ਬੋਲਦਾ ਹੈ ਜੋ ਉਸ ਵਿੱਚ ਵਿਸ਼ਵਾਸ ਕਰਦੇ ਹਨ। ਇਸ ਨੂੰ “ਵਚਨ ਦਾ ਦੇਹਧਾਰੀ ਹੋਣਾ” ਕਹਿੰਦੇ ਹਨ; ਪਰਮੇਸ਼ੁਰ ਅੰਤ ਦੇ ਦਿਨਾਂ ਦੌਰਾਨ ਇਹ ਕੰਮ ਕਰਨ ਲਈ ਆਇਆ ਹੈ, ਕਹਿਣ ਦਾ ਭਾਵ ਇਹ ਹੈ, ਕਿ ਉਹ ਦੇਹ ਵਿੱਚ ਵਚਨ ਦੇ ਪਰਗਟ ਹੋਣ ਦੇ ਅਸਲ ਮਹੱਤਵ ਨੂੰ ਪੂਰਾ ਕਰਨ ਲਈ ਆਇਆ ਹੈ। ਉਹ ਸਿਰਫ਼ ਵਚਨ ਬੋਲਦਾ ਹੈ, ਅਤੇ ਤੱਥਾਂ ਦਾ ਆਗਮਨ ਬਹੁਤ ਘੱਟ ਹੀ ਹੁੰਦਾ ਹੈ। ਇਹ ਵਚਨ ਦੇ ਦੇਹਧਾਰੀ ਹੋਣ ਦਾ ਬਿਲਕੁਲ ਮੂਲ-ਤੱਤ ਹੈ, ਅਤੇ ਜਦੋਂ ਦੇਹਧਾਰੀ ਪਰਮੇਸ਼ੁਰ ਆਪਣੇ ਵਚਨ ਬੋਲਦਾ ਹੈ, ਇਹ ਵਚਨ ਦਾ ਦੇਹਧਾਰੀ ਹੋਣਾ ਹੁੰਦਾ ਹੈ, ਅਤੇ ਦੇਹ ਵਿੱਚ ਵਚਨ ਦਾ ਆਉਣਾ ਹੁੰਦਾ ਹੈ। “ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ। ਅਤੇ ਵਚਨ ਦੇਹਧਾਰੀ ਹੋ ਗਿਆ।” ਇਹ (ਵਚਨ ਦੇ ਦੇਹਧਾਰੀ ਹੋਣ ਦਾ ਕੰਮ) ਉਹ ਕੰਮ ਹੈ ਜੋ ਪਰਮੇਸ਼ੁਰ ਅੰਤ ਦੇ ਦਿਨਾਂ ਵਿੱਚ ਪੂਰਾ ਕਰੇਗਾ, ਅਤੇ ਇਹ ਉਸ ਦੀ ਪੂਰੀ ਪ੍ਰਬੰਧਨ ਯੋਜਨਾ ਦਾ ਅੰਤਮ ਅਧਿਆਇ ਹੈ, ਅਤੇ ਇਸ ਲਈ ਪਰਮੇਸ਼ੁਰ ਨੇ ਧਰਤੀ ਉੱਤੇ ਆਉਣਾ ਹੈ ਅਤੇ ਆਪਣੇ ਵਚਨਾਂ ਨੂੰ ਦੇਹ ਵਿੱਚ ਪਰਗਟ ਕਰਨਾ ਹੈ। ਉਹ ਜੋ ਅੱਜ ਕੀਤਾ ਜਾਂਦਾ ਹੈ, ਉਹ ਜੋ ਭਵਿੱਖ ਵਿੱਚ ਕੀਤਾ ਜਾਵੇਗਾ, ਉਹ ਜੋ ਪਰਮੇਸ਼ੁਰ ਦੁਆਰਾ ਸੰਪੂਰਨ ਕੀਤਾ ਜਾਵੇਗਾ, ਮਨੁੱਖ ਦੀ ਅੰਤਮ ਮੰਜ਼ਿਲ, ਉਹ ਜਿਹੜੇ ਬਚਾਏ ਜਾਣਗੇ, ਉਹ ਜਿਨ੍ਹਾਂ ਦਾ ਖਾਤਮਾ ਕੀਤਾ ਜਾਵੇਗਾ, ਵਗੈਰਾ-ਵਗੈਰਾ—ਇਹ ਸਾਰਾ ਕੰਮ ਜੋ ਅੰਤ ਵਿੱਚ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ, ਇਸ ਨੂੰ ਸਪਸ਼ਟ ਰੂਪ ਵਿੱਚ ਦੱਸਿਆ ਜਾ ਚੁੱਕਾ ਹੈ, ਅਤੇ ਇਹ ਸਭ ਦੇਹ ਵਿੱਚ ਪਰਗਟ ਹੋਣ ਵਾਲੇ ਵਚਨ ਦੇ ਅਸਲ ਮਹੱਤਵ ਨੂੰ ਸੰਪੂਰਨ ਕਰਨ ਦੇ ਲਈ ਹੀ ਹੈ। ਪ੍ਰਬੰਧਕੀ ਨਿਯਮ ਅਤੇ ਵਿਧਾਨ ਜੋ ਪਹਿਲਾਂ ਜਾਰੀ ਕੀਤੇ ਗਏ ਸਨ, ਉਹ ਜਿਨ੍ਹਾਂ ਦਾ ਖਾਤਮਾ ਕੀਤਾ ਜਾਵੇਗਾ, ਉਹ ਜੋ ਅਰਾਮ ਵਿੱਚ ਪ੍ਰਵੇਸ਼ ਕਰਨਗੇ—ਇਹ ਵਚਨ ਪੂਰੇ ਕੀਤੇ ਜਾਣੇ ਜ਼ਰੂਰੀ ਹਨ। ਇਹ ਉਹ ਕੰਮ ਹੈ ਜੋ ਦੇਹਧਾਰੀ ਪਰਮੇਸ਼ੁਰ ਦੁਆਰਾ ਮੁੱਖ ਤੌਰ ’ਤੇ ਅੰਤ ਦੇ ਦਿਨਾਂ ਦੌਰਾਨ ਪੂਰਾ ਕੀਤਾ ਜਾਂਦਾ ਹੈ। ਉਹ ਲੋਕਾਂ ਨੂੰ ਇਹ ਸਮਝਾਉਂਦਾ ਹੈ ਕਿ ਜਿਹੜੇ ਪਰਮੇਸ਼ੁਰ ਦੁਆਰਾ ਠਹਿਰਾਏ ਗਏ ਹਨ ਉਹ ਕਿੱਥੋਂ ਦੇ ਹਨ ਅਤੇ ਜਿਹੜੇ ਉਸ ਦੇ ਦੁਆਰਾ ਨਹੀਂ ਠਹਿਰਾਏ ਗਏ ਹਨ ਉਹ ਕਿੱਥੋਂ ਦੇ ਹਨ, ਕਿਵੇਂ ਉਸ ਦੇ ਲੋਕਾਂ ਅਤੇ ਪੁੱਤਰਾਂ ਨੂੰ ਸ਼੍ਰੇਣੀਆਂ ਵਿੱਚ ਵੰਡਿਆ ਜਾਵੇਗਾ, ਇਸਰਾਏਲ ਦਾ ਕੀ ਬਣੇਗਾ, ਮਿਸਰ ਦਾ ਕੀ ਬਣੇਗਾ—ਭਵਿੱਖ ਵਿੱਚ, ਇਨ੍ਹਾਂ ਵਿੱਚੋਂ ਹਰ ਇੱਕ ਵਚਨ ਨੂੰ ਪੂਰਾ ਕੀਤਾ ਜਾਵੇਗਾ। ਪਰਮੇਸ਼ੁਰ ਦੇ ਕੰਮ ਦੀ ਰਫ਼ਤਾਰ ਤੇਜ਼ ਹੋ ਰਹੀ ਹੈ। ਪਰਮੇਸ਼ੁਰ ਵਚਨ ਦਾ ਇਸਤੇਮਾਲ ਮਨੁੱਖ ਉੱਤੇ ਇਹ ਪਰਗਟ ਕਰਨ ਲਈ ਕਰਦਾ ਹੈ ਕਿ ਹਰ ਯੁੱਗ ਵਿੱਚ ਕੀ ਕੀਤਾ ਜਾਣਾ ਹੈ, ਅੰਤ ਦੇ ਦਿਨਾਂ ਦੌਰਾਨ ਦੇਹਧਾਰੀ ਪਰਮੇਸ਼ੁਰ ਦੁਆਰਾ ਕੀ ਕੀਤਾ ਜਾਣਾ ਹੈ, ਅਤੇ ਉਸ ਦੁਆਰਾ ਕੀ ਕੰਮ ਪੂਰਾ ਕੀਤਾ ਜਾਣਾ ਹੈ, ਅਤੇ ਇਹ ਸਾਰੇ ਵਚਨ, ਵਚਨ ਦੇ ਦੇਹਧਾਰੀ ਹੋਣ ਦੇ ਅਸਲ ਮਹੱਤਵ ਨੂੰ ਪੂਰਾ ਕਰਨ ਲਈ ਹਨ।

ਮੈਂ ਪਹਿਲਾਂ ਕਿਹਾ ਹੈ ਕਿ “ਜੋ ਨਿਸ਼ਾਨਾਂ ਅਤੇ ਅਚੰਭਿਆਂ ਨੂੰ ਵੇਖਣ ’ਤੇ ਧਿਆਨ ਕੇਂਦਰਤ ਕਰਨਗੇ, ਉਨ੍ਹਾਂ ਸਾਰਿਆਂ ਨੂੰ ਤਿਆਗ ਦਿੱਤਾ ਜਾਵੇਗਾ; ਇਹ ਉਹ ਨਹੀਂ ਹਨ ਜੋ ਸਿੱਧ ਬਣਾਏ ਜਾਣਗੇ।” ਮੈਂ ਬਹੁਤ ਸਾਰੇ ਵਚਨ ਬੋਲ ਚੁੱਕਾ ਹਾਂ, ਫੇਰ ਵੀ ਮਨੁੱਖ ਨੂੰ ਇਸ ਕੰਮ ਦਾ ਥੋੜ੍ਹਾ ਜਿਹਾ ਵੀ ਗਿਆਨ ਨਹੀਂ ਹੈ, ਅਤੇ, ਇਸ ਮੁਕਾਮ ’ਤੇ ਪਹੁੰਚਣ ਤੋਂ ਬਾਅਦ, ਲੋਕ ਅਜੇ ਵੀ ਨਿਸ਼ਾਨਾਂ ਅਤੇ ਅਚੰਭਿਆਂ ਦੀ ਮੰਗ ਕਰਦੇ ਹਨ। ਕੀ ਪਰਮੇਸ਼ੁਰ ਵਿੱਚ ਤੇਰਾ ਵਿਸ਼ਵਾਸ ਨਿਸ਼ਾਨਾਂ ਅਤੇ ਅਚੰਭਿਆਂ ਦੀ ਪੈਰਵੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ, ਜਾਂ ਇਹ ਜੀਵਨ ਪ੍ਰਾਪਤ ਕਰਨ ਲਈ ਹੈ? ਯਿਸੂ ਨੇ ਵੀ ਬਹੁਤ ਸਾਰੇ ਵਚਨ ਬੋਲੇ, ਅਤੇ ਉਨ੍ਹਾਂ ਵਿੱਚੋਂ ਕੁਝ ਦਾ ਪੂਰਾ ਹੋਣਾ ਅਜੇ ਬਾਕੀ ਹੈ। ਕੀ ਤੂੰ ਕਹਿ ਸਕਦਾ ਹੈਂ ਕਿ ਯਿਸੂ ਪਰਮੇਸ਼ੁਰ ਨਹੀਂ ਹੈ? ਪਰਮੇਸ਼ੁਰ ਨੇ ਦੇਖਿਆ ਕਿ ਉਹ ਮਸੀਹ ਅਤੇ ਪਰਮੇਸ਼ੁਰ ਦਾ ਪਿਆਰਾ ਪੁੱਤਰ ਸੀ। ਕੀ ਤੂੰ ਇਸ ਤੋਂ ਇਨਕਾਰ ਕਰ ਸਕਦਾ ਹੈਂ? ਅੱਜ, ਪਰਮੇਸ਼ੁਰ ਸਿਰਫ਼ ਵਚਨ ਬੋਲਦਾ ਹੈ, ਅਤੇ ਜੇਕਰ ਤੂੰ ਇਸ ਬਾਰੇ ਚੰਗੀ ਤਰ੍ਹਾਂ ਨਹੀਂ ਜਾਣਦਾ ਹੈਂ, ਤਾਂ ਤੂੰ ਕਾਇਮ ਨਹੀਂ ਰਹਿ ਸਕਦਾ। ਕੀ ਤੂੰ ਉਸ ਵਿੱਚ ਇਸ ਕਰਕੇ ਵਿਸ਼ਵਾਸ ਕਰਦਾ ਹੈਂ ਕਿਉਂਕਿ ਉਹ ਪਰਮੇਸ਼ੁਰ ਹੈ, ਜਾਂ ਕੀ ਤੂੰ ਉਸ ਵਿੱਚ ਇਸ ਅਧਾਰ ’ਤੇ ਵਿਸ਼ਵਾਸ ਕਰਦਾ ਹੈਂ ਕਿ ਕੀ ਉਸ ਦੇ ਵਚਨ ਪੂਰੇ ਹੋਏ ਹਨ ਜਾਂ ਨਹੀਂ? ਕੀ ਤੂੰ ਨਿਸ਼ਾਨਾਂ ਅਤੇ ਅਚੰਭਿਆਂ ਵਿੱਚ ਵਿਸ਼ਵਾਸ ਕਰਦਾ ਹੈਂ, ਜਾਂ ਕੀ ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦਾ ਹੈਂ? ਅੱਜ, ਉਹ ਨਿਸ਼ਾਨ ਅਤੇ ਅਚੰਭੇ ਨਹੀਂ ਵਿਖਾਉਂਦਾ—ਕੀ ਉਹ ਸੱਚਮੁੱਚ ਹੀ ਪਰਮੇਸ਼ੁਰ ਹੈ? ਜੇ ਉਸ ਦੁਆਰਾ ਬੋਲੇ ਗਏ ਵਚਨ ਪੂਰੇ ਨਹੀਂ ਹੁੰਦੇ, ਤਾਂ ਕੀ ਉਹ ਸੱਚਮੁੱਚ ਪਰਮੇਸ਼ੁਰ ਹੈ? ਕੀ ਪਰਮੇਸ਼ੁਰ ਦਾ ਮੂਲ-ਤੱਤ ਇਸ ਗੱਲ ਤੋਂ ਨਿਰਧਾਰਤ ਹੁੰਦਾ ਹੈ ਕਿ ਕੀ ਉਸ ਦੁਆਰਾ ਬੋਲੇ ਗਏ ਵਚਨ ਪੂਰੇ ਹੁੰਦੇ ਹਨ ਜਾਂ ਨਹੀਂ? ਅਜਿਹਾ ਕਿਉਂ ਹੈ ਕਿ ਕੁਝ ਲੋਕ ਇਸ ਤੋਂ ਪਹਿਲਾਂ ਕਿ ਉਹ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ, ਹਮੇਸ਼ਾਂ ਉਸ ਦੇ ਵਚਨਾਂ ਦੀ ਪੂਰਤੀ ਦੀ ਉਡੀਕ ਕਰਦੇ ਰਹਿੰਦੇ ਹਨ? ਕੀ ਇਸ ਦਾ ਇਹ ਮਤਲਬ ਨਹੀਂ ਕਿ ਉਹ ਉਸ ਨੂੰ ਨਹੀਂ ਜਾਣਦੇ? ਅਜਿਹੀਆਂ ਧਾਰਣਾਵਾਂ ਰੱਖਣ ਵਾਲੇ ਸਾਰੇ ਲੋਕ ਉਹ ਹਨ ਜੋ ਪਰਮੇਸ਼ੁਰ ਨੂੰ ਨਕਾਰਦੇ ਹਨ। ਉਹ ਪਰਮੇਸ਼ੁਰ ਦਾ ਮੁਲਾਂਕਣ ਕਰਨ ਲਈ ਧਾਰਣਾਵਾਂ ਦਾ ਇਸਤੇਮਾਲ ਕਰਦੇ ਹਨ; ਜੇ ਪਰਮੇਸ਼ੁਰ ਦੇ ਵਚਨ ਪੂਰੇ ਹੋ ਜਾਂਦੇ ਹਨ, ਤਾਂ ਉਹ ਉਸ ਵਿੱਚ ਵਿਸ਼ਵਾਸ ਕਰਦੇ ਹਨ, ਅਤੇ ਜੇ ਪੂਰੇ ਨਹੀਂ ਹੁੰਦੇ, ਤਾਂ ਉਹ ਉਸ ਵਿੱਚ ਵਿਸ਼ਵਾਸ ਨਹੀਂ ਕਰਦੇ; ਅਤੇ ਉਹ ਹਮੇਸ਼ਾਂ ਨਿਸ਼ਾਨਾਂ ਅਤੇ ਅਚੰਭਿਆਂ ਦੀ ਪੈਰਵੀ ਕਰਦੇ ਹਨ। ਕੀ ਇਹ ਲੋਕ ਅਜੋਕੇ ਸਮੇਂ ਦੇ ਫ਼ਰੀਸੀ ਨਹੀਂ ਹਨ? ਭਾਵੇਂ ਤੂੰ ਦ੍ਰਿੜ ਰਹਿ ਸਕਣ ਦੇ ਯੋਗ ਹੈਂ ਜਾਂ ਨਹੀਂ, ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕੀ ਤੂੰ ਅਸਲ ਪਰਮੇਸ਼ੁਰ ਨੂੰ ਜਾਣਦਾ ਹੈਂ ਜਾਂ ਨਹੀਂ—ਇਹ ਬਹੁਤ ਹੀ ਅਹਿਮ ਹੈ! ਤੇਰੇ ਅੰਦਰ ਪਰਮੇਸ਼ੁਰ ਦੇ ਵਚਨ ਦੀ ਜਿੰਨੀ ਜ਼ਿਆਦਾ ਸੱਚਾਈ ਹੈ, ਪਰਮੇਸ਼ੁਰ ਦੀ ਅਸਲੀਅਤ ਬਾਰੇ ਤੇਰਾ ਗਿਆਨ ਵੀ ਉੱਨਾ ਹੀ ਜ਼ਿਆਦਾ ਹੈ, ਅਤੇ ਤੂੰ ਅਜ਼ਮਾਇਸ਼ਾਂ ਦੇ ਦੌਰਾਨ ਉੱਨਾ ਹੀ ਵੱਧ ਦ੍ਰਿੜ੍ਹ ਰਹਿਣ ਦੇ ਯੋਗ ਹੈਂ। ਤੂੰ ਜਿੰਨਾ ਜ਼ਿਆਦਾ ਨਿਸ਼ਾਨਾਂ ਅਤੇ ਅਚੰਭਿਆਂ ਨੂੰ ਵੇਖਣ ’ਤੇ ਧਿਆਨ ਕੇਂਦਰਤ ਕਰੇਂਗਾ, ਉੱਨਾ ਹੀ ਘੱਟ ਦ੍ਰਿੜ੍ਹ ਰਹਿ ਸਕੇਂਗਾ, ਅਤੇ ਤੂੰ ਅਜ਼ਮਾਇਸ਼ਾਂ ਵਿੱਚ ਆ ਡਿੱਗੇਂਗਾ। ਨਿਸ਼ਾਨ ਅਤੇ ਅਚੰਭੇ ਬੁਨਿਆਦ ਨਹੀ ਹਨ; ਸਿਰਫ਼ ਪਰਮੇਸ਼ੁਰ ਦੀ ਅਸਲੀਅਤ ਹੀ ਜੀਵਨ ਹੈ। ਕੁਝ ਲੋਕ ਉਨ੍ਹਾਂ ਪ੍ਰਭਾਵਾਂ ਬਾਰੇ ਨਹੀਂ ਜਾਣਦੇ ਜੋ ਪਰਮੇਸ਼ੁਰ ਦੇ ਕੰਮ ਦੁਆਰਾ ਪ੍ਰਾਪਤ ਕੀਤੇ ਜਾਣੇ ਹਨ। ਉਹ ਆਪਣੇ ਦਿਨ ਪਰਮੇਸ਼ੁਰ ਦੇ ਕੰਮ ਦੇ ਗਿਆਨ ਦੀ ਪੈਰਵੀ ਕਰਦੇ ਹੋਏ ਨਹੀਂ, ਪਰੇਸ਼ਾਨੀ ਵਿੱਚ ਬਿਤਾਉਂਦੇ ਹਨ। ਉਨ੍ਹਾਂ ਦੀ ਪੈਰਵੀ ਦਾ ਉਦੇਸ਼ ਹਮੇਸ਼ਾ ਸਿਰਫ਼ ਇਹ ਹੁੰਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰੇ, ਅਤੇ ਸਿਰਫ਼ ਤਾਂ ਹੀ ਉਹ ਆਪਣੇ ਵਿਸ਼ਵਾਸ ਵਿੱਚ ਗੰਭੀਰ ਹੋਣਗੇ। ਉਹ ਕਹਿੰਦੇ ਹਨ ਕਿ ਜੇ ਪਰਮੇਸ਼ੁਰ ਦੇ ਵਚਨ ਪੂਰੇ ਹੁੰਦੇ ਹਨ ਤਾਂ ਹੀ ਉਹ ਜੀਵਨ ਦੀ ਪੈਰਵੀ ਕਰਨਗੇ, ਪਰ ਜੇ ਉਸ ਦੇ ਵਚਨ ਪੂਰੇ ਨਹੀਂ ਹੁੰਦੇ, ਤਾਂ ਉਨ੍ਹਾਂ ਦੁਆਰਾ ਜੀਵਨ ਦੀ ਪੈਰਵੀ ਕਰਨ ਦੀ ਕੋਈ ਸੰਭਾਵਨਾ ਨਹੀਂ ਹੁੰਦੀ। ਮਨੁੱਖ ਸੋਚਦਾ ਹੈ ਕਿ ਪਰਮੇਸ਼ੁਰ ਵਿੱਚ ਵਿਸ਼ਵਾਸ ਨਿਸ਼ਾਨਾਂ ਅਤੇ ਅਚੰਭਿਆਂ ਨੂੰ ਵੇਖਣ ਦੀ ਪੈਰਵੀ ਅਤੇ ਸਵਰਗ ਅਤੇ ਤੀਸਰੇ ਅਕਾਸ਼ ’ਤੇ ਉਠਾਏ ਜਾਣ ਦੀ ਪੈਰਵੀ ਹੈ। ਉਨ੍ਹਾਂ ਵਿੱਚੋਂ ਕੋਈ ਵੀ ਇਹ ਨਹੀਂ ਕਹਿੰਦਾ ਹੈ ਕਿ ਪਰਮੇਸ਼ੁਰ ਵਿੱਚ ਉਸ ਦਾ ਵਿਸ਼ਵਾਸ ਅਸਲੀਅਤ ਵਿੱਚ ਪ੍ਰਵੇਸ਼ ਦੀ ਪੈਰਵੀ, ਜੀਵਨ ਦੀ ਪੈਰਵੀ ਅਤੇ ਪਰਮੇਸ਼ੁਰ ਦੁਆਰਾ ਪ੍ਰਾਪਤ ਕਰ ਲਏ ਜਾਣ ਦੀ ਪੈਰਵੀ ਹੈ। ਅਜਿਹੀ ਪੈਰਵੀ ਦਾ ਕੀ ਮਹੱਤਵ ਹੈ? ਜੋ ਪਰਮੇਸ਼ੁਰ ਦੇ ਗਿਆਨ ਅਤੇ ਪਰਮੇਸ਼ੁਰ ਦੀ ਸੰਤੁਸ਼ਟੀ ਦੀ ਪੈਰਵੀ ਨਹੀਂ ਕਰਦੇ, ਉਹ ਅਜਿਹੇ ਲੋਕ ਹੁੰਦੇ ਹਨ ਜੋ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਕਰਦੇ; ਇਹ ਉਹ ਲੋਕ ਹੁੰਦੇ ਹਨ ਜੋ ਪਰਮੇਸ਼ੁਰ ਦੀ ਬੇਅਦਬੀ ਕਰਦੇ ਹਨ!

ਹੁਣ ਕੀ ਤੁਸੀਂ ਸਮਝਦੇ ਹੋ ਕਿ ਪਰਮੇਸ਼ੁਰ ਵਿੱਚ ਵਿਸ਼ਵਾਸ ਕੀ ਹੁੰਦਾ ਹੈ? ਕੀ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦਾ ਅਰਥ ਨਿਸ਼ਾਨਾਂ ਅਤੇ ਅਚੰਭਿਆਂ ਨੂੰ ਵੇਖਣਾ ਹੈ? ਕੀ ਇਸ ਦਾ ਅਰਥ ਸਵਰਗ ’ਤੇ ਉਠਾਏ ਜਾਣਾ ਹੈ? ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨਾ ਬਿਲਕੁਲ ਵੀ ਸੌਖਾ ਨਹੀਂ ਹੈ। ਉਨ੍ਹਾਂ ਧਾਰਮਿਕ ਰੀਤਾਂ ਨੂੰ ਸ਼ੁੱਧ ਕੀਤਾ ਜਾਣਾ ਚਾਹੀਦਾ ਹੈ; ਬਿਮਾਰਾਂ ਨੂੰ ਨਰੋਏ ਕਰਨ ਅਤੇ ਦੁਸ਼ਟ ਆਤਮਾਵਾਂ ਨੂੰ ਕੱਢਣ ਦੀ ਪੈਰਵੀ ਕਰਨਾ, ਨਿਸ਼ਾਨਾਂ ਅਤੇ ਅਚੰਭਿਆਂ ’ਤੇ ਧਿਆਨ ਕੇਂਦਰਤ ਕਰਨਾ, ਪਰਮੇਸ਼ੁਰ ਦੀ ਕਿਰਪਾ, ਸ਼ਾਂਤੀ ਅਤੇ ਖੁਸ਼ੀ ਦੀ ਹੋਰ ਲਾਲਸਾ ਕਰਨਾ, ਸਰੀਰਕ ਉਮੀਦਾਂ ਅਤੇ ਸੁੱਖ-ਸਹੂਲਤਾਂ ਦਾ ਪਿੱਛਾ ਕਰਨਾ—ਇਹ ਸਭ ਧਾਰਮਿਕ ਰੀਤਾਂ ਹਨ, ਅਤੇ ਅਜਿਹੀਆਂ ਧਾਰਮਿਕ ਰੀਤਾਂ ਇੱਕ ਅਸਪਸ਼ਟ ਕਿਸਮ ਦਾ ਵਿਸ਼ਵਾਸ ਹਨ। ਅੱਜ ਪਰਮੇਸ਼ੁਰ ਵਿੱਚ ਅਸਲ ਵਿਸ਼ਵਾਸ ਕੀ ਹੈ? ਇਹ ਪਰਮੇਸ਼ੁਰ ਦੇ ਵਚਨ ਨੂੰ ਤੁਹਾਡੇ ਜੀਵਨ ਦੀ ਅਸਲੀਅਤ ਵਜੋਂ ਸਵੀਕਾਰ ਕਰਨਾ ਅਤੇ ਉਸ ਦੇ ਲਈ ਸੱਚੇ ਪਿਆਰ ਨੂੰ ਪ੍ਰਾਪਤ ਕਰਨ ਲਈ ਉਸ ਦੇ ਵਚਨ ਤੋਂ ਪਰਮੇਸ਼ੁਰ ਨੂੰ ਜਾਣਨਾ ਹੈ। ਸਪੱਸ਼ਟ ਕਰਨ ਲਈ: ਪਰਮੇਸ਼ੁਰ ਵਿੱਚ ਵਿਸ਼ਵਾਸ ਇਸ ਲਈ ਹੈ ਤਾਂ ਜੋ ਤੂੰ ਪਰਮੇਸ਼ੁਰ ਦਾ ਆਗਿਆ ਪਾਲਣ ਕਰ ਸਕੇਂ, ਪਰਮੇਸ਼ੁਰ ਨੂੰ ਪਿਆਰ ਕਰ ਸਕੇਂ ਅਤੇ ਉਹ ਫਰਜ਼ ਨਿਭਾ ਸਕੇਂ ਜੋ ਪਰਮੇਸ਼ੁਰ ਦੇ ਕਿਸੇ ਪ੍ਰਾਣੀਆਂ ਦੁਆਰਾ ਨਿਭਾਇਆ ਜਾਣਾ ਚਾਹੀਦਾ ਹੈ। ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦਾ ਉਦੇਸ਼ ਇਹ ਹੈ। ਤੁਹਾਨੂੰ ਲਾਜ਼ਮੀ ਤੌਰ ’ਤੇ ਪਰਮੇਸ਼ੁਰ ਦੀ ਮਨੋਹਰਤਾ ਬਾਰੇ ਗਿਆਨ ਹਾਸਲ ਕਰਨਾ ਚਾਹੀਦਾ ਹੈ, ਕਿ ਪਰਮੇਸ਼ੁਰ ਕਿੰਨਾ ਸ਼ਰਧਾ ਯੋਗ ਹੈ, ਕਿ ਕਿਸ ਤਰ੍ਹਾਂ, ਪਰਮੇਸ਼ੁਰ ਆਪਣੇ ਪ੍ਰਾਣੀਆਂ ਵਿੱਚ, ਮੁਕਤੀ ਦਾ ਕੰਮ ਕਰਦਾ ਹੈ ਅਤੇ ਉਨ੍ਹਾਂ ਨੂੰ ਸਿੱਧ ਬਣਾਉਂਦਾ ਹੈ—ਪਰਮੇਸ਼ੁਰ ਵਿੱਚ ਤੁਹਾਡੇ ਵਿਸ਼ਵਾਸ ਦੀਆਂ ਇਹ ਘੱਟੋ-ਘੱਟ ਲੋੜਾਂ ਹਨ। ਪਰਮੇਸ਼ੁਰ ਵਿੱਚ ਵਿਸ਼ਵਾਸ ਮੁੱਖ ਤੌਰ ’ਤੇ ਸਰੀਰ ਵਿਚਲੇ ਜੀਵਨ ਤੋਂ ਬਦਲ ਕੇ ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਜੀਵਨ ਵਿੱਚ ਜਾਣਾ ਹੈ; ਭ੍ਰਿਸ਼ਟਤਾ ਵਿੱਚ ਜੀਉਣ ਤੋਂ ਪਰਮੇਸ਼ੁਰ ਦੇ ਵਚਨਾਂ ਵਿੱਚ ਜੀਉਣ ਵੱਲ ਜਾਣਾ ਹੈ; ਇਹ ਸ਼ਤਾਨ ਦੇ ਖੇਤਰ ਤੋਂ ਬਾਹਰ ਆਉਣਾ ਅਤੇ ਪਰਮੇਸ਼ੁਰ ਦੀ ਦੇਖਭਾਲ ਅਤੇ ਸੁਰੱਖਿਆ ਹੇਠ ਜੀਉਣਾ ਹੈ; ਇਹ ਸਰੀਰ ਪ੍ਰਤੀ ਆਗਿਆਕਾਰੀ ਨਹੀਂ, ਪਰਮੇਸ਼ੁਰ ਪ੍ਰਤੀ ਆਗਿਆਕਾਰੀ ਹਾਸਲ ਕਰਨ ਦੇ ਯੋਗ ਹੋਣਾ ਹੈ; ਇਹ ਪਰਮੇਸ਼ੁਰ ਨੂੰ ਤੇਰਾ ਪੂਰਾ ਮਨ ਪ੍ਰਾਪਤ ਕਰਨ ਦੇਣਾ ਹੈ, ਪਰਮੇਸ਼ੁਰ ਨੂੰ ਤੈਨੂੰ ਸਿੱਧ ਬਣਾਉਣ ਦੇਣਾ ਹੈ, ਅਤੇ ਆਪਣੇ ਆਪ ਨੂੰ ਭ੍ਰਿਸ਼ਟ ਸ਼ਤਾਨੀ ਸੁਭਾਅ ਤੋਂ ਮੁਕਤ ਕਰਾਉਣਾ ਹੈ। ਪਰਮੇਸ਼ੁਰ ਵਿੱਚ ਵਿਸ਼ਵਾਸ ਮੁੱਖ ਤੌਰ ’ਤੇ ਇਸ ਲਈ ਹੈ ਤਾਂ ਜੋ ਤੇਰੇ ਅੰਦਰ ਪਰਮੇਸ਼ੁਰ ਦੀ ਸ਼ਕਤੀ ਅਤੇ ਮਹਿਮਾ ਪਰਗਟ ਕੀਤੀ ਜਾ ਸਕੇ, ਤਾਂ ਜੋ ਤੂੰ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰ ਸਕੇਂ, ਅਤੇ ਪਰਮੇਸ਼ੁਰ ਦੀ ਯੋਜਨਾ ਨੂੰ ਪੂਰਾ ਕਰ ਸਕੇਂ, ਅਤੇ ਸ਼ਤਾਨ ਦੇ ਅੱਗੇ ਪਰਮੇਸ਼ੁਰ ਦੀ ਗਵਾਹੀ ਦੇਣ ਯੋਗ ਹੋ ਸਕੇਂ। ਪਰਮੇਸ਼ੁਰ ਵਿੱਚ ਵਿਸ਼ਵਾਸ ਨਿਸ਼ਾਨਾਂ ਅਤੇ ਅਚੰਭਿਆਂ ਨੂੰ ਵੇਖਣ ਦੀ ਇੱਛਾ ਦੇ ਦੁਆਲੇ ਨਹੀਂ ਘੁੰਮਣਾ ਚਾਹੀਦਾ, ਅਤੇ ਨਾ ਹੀ ਇਹ ਤੁਹਾਡੇ ਵਿਅਕਤੀਗਤ ਸਰੀਰ ਦੀ ਖਾਤਰ ਹੋਣਾ ਚਾਹੀਦਾ ਹੈ। ਇਹ ਪਰਮੇਸ਼ੁਰ ਨੂੰ ਜਾਣਨ ਦੀ ਪੈਰਵੀ, ਅਤੇ ਪਰਮੇਸ਼ੁਰ ਦਾ ਆਗਿਆ ਪਾਲਣ ਕਰਨ ਯੋਗ ਹੋਣ, ਅਤੇ ਪਤਰਸ ਵਾਂਗ, ਆਪਣੀ ਮੌਤ ਤੱਕ ਪਰਮੇਸ਼ੁਰ ਦਾ ਆਗਿਆ ਪਾਲਣ ਕਰਨ ਯੋਗ ਹੋਣ ਬਾਰੇ ਹੋਣਾ ਚਾਹੀਦਾ ਹੈ। ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦੇ ਇਹ ਮੁੱਖ ਉਦੇਸ਼ ਹਨ। ਕੋਈ ਵਿਅਕਤੀ ਪਰਮੇਸ਼ੁਰ ਨੂੰ ਜਾਣਨ ਅਤੇ ਉਸ ਨੂੰ ਸੰਤੁਸ਼ਟ ਕਰਨ ਲਈ ਪਰਮੇਸ਼ੁਰ ਦਾ ਵਚਨ ਖਾਂਦਾ ਅਤੇ ਪੀਂਦਾ ਹੈ। ਪਰਮੇਸ਼ੁਰ ਦਾ ਵਚਨ ਖਾਣਾ ਅਤੇ ਪੀਣਾ ਤੈਨੂੰ ਪਰਮੇਸ਼ੁਰ ਬਾਰੇ ਹੋਰ ਜ਼ਿਆਦਾ ਗਿਆਨ ਦਿੰਦਾ ਹੈ, ਜਿਸ ਦੇ ਬਾਅਦ ਹੀ ਤੂੰ ਉਸ ਦਾ ਆਗਿਆ ਪਾਲਣ ਕਰ ਸਕਦਾ ਹੈਂ। ਸਿਰਫ਼ ਪਰਮੇਸ਼ੁਰ ਬਾਰੇ ਗਿਆਨ ਨਾਲ ਹੀ ਤੂੰ ਉਸ ਨੂੰ ਪਿਆਰ ਕਰ ਸਕਦਾ ਹੈਂ, ਅਤੇ ਇਹ ਉਹੀ ਟੀਚਾ ਹੈ ਜੋ ਮਨੁੱਖ ਦਾ ਪਰਮੇਸ਼ੁਰ ਵਿੱਚ ਆਪਣੇ ਵਿਸ਼ਵਾਸ ਵਿੱਚ ਹੋਣਾ ਚਾਹੀਦਾ ਹੈ। ਜੇ, ਪਰਮੇਸ਼ੁਰ ਵਿੱਚ ਤੇਰੇ ਵਿਸ਼ਵਾਸ ਵਿੱਚ, ਤੂੰ ਹਮੇਸ਼ਾ ਨਿਸ਼ਾਨਾਂ ਅਤੇ ਅਚੰਭਿਆਂ ਨੂੰ ਵੇਖਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈਂ, ਤਾਂ ਪਰਮੇਸ਼ੁਰ ਵਿੱਚ ਇਸ ਵਿਸ਼ਵਾਸ ਦਾ ਨਜ਼ਰੀਆ ਗਲਤ ਹੈ। ਪਰਮੇਸ਼ੁਰ ਵਿੱਚ ਵਿਸ਼ਵਾਸ ਮੁੱਖ ਤੌਰ ’ਤੇ ਪਰਮੇਸ਼ੁਰ ਦੇ ਵਚਨ ਨੂੰ ਜੀਵਨ ਦੀ ਅਸਲੀਅਤ ਵਜੋਂ ਸਵੀਕਾਰ ਕਰਨਾ ਹੈ। ਪਰਮੇਸ਼ੁਰ ਦਾ ਉਦੇਸ਼ ਸਿਰਫ਼ ਉਸ ਦੇ ਮੂੰਹੋਂ ਉਚਰੇ ਪਰਮੇਸ਼ੁਰ ਦੇ ਵਚਨਾਂ ਨੂੰ ਅਮਲ ਵਿੱਚ ਲਿਆ ਕੇ ਅਤੇ ਆਪਣੇ ਅੰਦਰ ਉਨ੍ਹਾਂ ਨੂੰ ਪੂਰਾ ਕਰਕੇ ਹੀ ਪ੍ਰਾਪਤ ਹੁੰਦਾ ਹੈ। ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦਿਆਂ, ਮਨੁੱਖ ਨੂੰ ਪਰਮੇਸ਼ੁਰ ਅੱਗੇ ਅਧੀਨ ਹੋਣ ਯੋਗ ਬਣਨ ਵਾਸਤੇ, ਅਤੇ ਪਰਮੇਸ਼ੁਰ ਪ੍ਰਤੀ ਸੰਪੂਰਨ ਆਗਿਆਕਾਰੀ ਲਈ, ਪਰਮੇਸ਼ੁਰ ਦੁਆਰਾ ਸਿੱਧ ਬਣਾਏ ਜਾਣ ਲਈ ਜਤਨ ਕਰਨਾ ਚਾਹੀਦਾ ਹੈ। ਜੇ ਤੂੰ ਕਿਸੇ ਸ਼ਿਕਾਇਤ ਦੇ ਬਗੈਰ ਪਰਮੇਸ਼ੁਰ ਦਾ ਆਗਿਆ ਪਾਲਣ ਕਰ ਸਕਦਾ ਹੈਂ, ਪਰਮੇਸ਼ੁਰ ਦੀਆਂ ਇੱਛਾਵਾਂ ਨੂੰ ਚੇਤੇ ਰੱਖ ਸਕਦਾ ਹੈਂ, ਪਤਰਸ ਦੇ ਰੁਤਬੇ ਨੂੰ ਪ੍ਰਾਪਤ ਕਰ ਸਕਦਾ ਹੈਂ, ਅਤੇ ਉਹੋ ਜਿਹਾ ਪਤਰਸ ਬਣ ਸਕਦਾ ਹੈਂ ਜਿਸ ਬਾਰੇ ਪਰਮੇਸ਼ੁਰ ਨੇ ਦੱਸਿਆ, ਤਾਂ ਫੇਰ ਇਹ ਉਦੋਂ ਹੋਵੇਗਾ ਜਦੋਂ ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਵਿੱਚ ਸਫ਼ਲਤਾ ਪ੍ਰਾਪਤ ਕਰ ਲਈ ਹੋਵੇ, ਅਤੇ ਇਹ ਪਰਗਟ ਕਰੇਗਾ ਕਿ ਤੈਨੂੰ ਪਰਮੇਸ਼ੁਰ ਦੁਆਰਾ ਪ੍ਰਾਪਤ ਕਰ ਲਿਆ ਗਿਆ ਹੈ।

ਪਰਮੇਸ਼ੁਰ ਆਪਣਾ ਕੰਮ ਪੂਰੇ ਬ੍ਰਹਿਮੰਡ ਵਿੱਚ ਕਰਦਾ ਹੈ। ਜੋ ਉਸ ਵਿੱਚ ਵਿਸ਼ਵਾਸ ਕਰਦੇ ਹਨ ਉਨ੍ਹਾਂ ਸਾਰਿਆਂ ਨੂੰ ਲਾਜ਼ਮੀ ਤੌਰ ’ਤੇ ਉਸ ਦੇ ਵਚਨ ਨੂੰ ਸਵੀਕਾਰ ਕਰਨਾ ਚਾਹੀਦਾ ਹੈ, ਅਤੇ ਉਸ ਦੇ ਵਚਨ ਨੂੰ ਖਾਣਾ ਅਤੇ ਪੀਣਾ ਚਾਹੀਦਾ ਹੈ; ਪਰਮੇਸ਼ੁਰ ਦੁਆਰਾ ਦਿਖਾਏ ਨਿਸ਼ਾਨਾਂ ਅਤੇ ਅਚੰਭਿਆਂ ਨੂੰ ਵੇਖ ਕੇ ਕੋਈ ਵੀ ਪਰਮੇਸ਼ੁਰ ਦੁਆਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸਾਰੇ ਯੁੱਗਾਂ ਵਿੱਚ, ਪਰਮੇਸ਼ੁਰ ਨੇ ਹਮੇਸ਼ਾ ਮਨੁੱਖ ਨੂੰ ਸਿੱਧ ਬਣਾਉਣ ਲਈ ਵਚਨ ਨੂੰ ਵਰਤਿਆ ਹੈ। ਇਸ ਤਰ੍ਹਾਂ ਤੁਹਾਨੂੰ ਆਪਣਾ ਸਾਰਾ ਧਿਆਨ ਨਿਸ਼ਾਨਾਂ ਅਤੇ ਅਚੰਭਿਆਂ ਵਿੱਚ ਨਹੀਂ ਲਗਾਉਣਾ ਚਾਹੀਦਾ, ਸਗੋਂ ਪਰਮੇਸ਼ੁਰ ਦੁਆਰਾ ਸਿੱਧ ਬਣਾਏ ਜਾਣ ਲਈ ਜਤਨ ਕਰਨਾ ਚਾਹੀਦਾ ਹੈ। ਸ਼ਰਾ ਦੇ ਪੁਰਾਣੇ ਨੇਮ ਦੇ ਯੁੱਗ ਵਿੱਚ, ਪਰਮੇਸ਼ੁਰ ਨੇ ਕੁਝ ਵਚਨ ਬੋਲੇ, ਅਤੇ ਕਿਰਪਾ ਦੇ ਯੁੱਗ ਵਿੱਚ, ਯਿਸੂ ਨੇ ਵੀ, ਬਹੁਤ ਸਾਰੇ ਵਚਨ ਬੋਲੇ। ਯਿਸੂ ਦੁਆਰਾ ਬਹੁਤ ਸਾਰੇ ਵਚਨ ਬੋਲੇ ਜਾਣ ਮਗਰੋਂ, ਬਾਅਦ ਵਿੱਚ ਆਏ ਰਸੂਲਾਂ ਅਤੇ ਚੇਲਿਆਂ ਨੇ ਲੋਕਾਂ ਨੂੰ ਯਿਸੂ ਦੁਆਰਾ ਜਾਰੀ ਕੀਤੇ ਹੁਕਮਾਂ ਦੇ ਅਨੁਸਾਰ ਅਮਲ ਵਿੱਚ ਲਿਆਉਣ ਦੀ ਅਗਵਾਈ ਕੀਤੀ ਅਤੇ ਯਿਸੂ ਦੁਆਰਾ ਕਹੇ ਗਏ ਵਚਨਾਂ ਅਤੇ ਸਿਧਾਂਤਾਂ ਅਨੁਸਾਰ ਅਨੁਭਵ ਕੀਤਾ। ਅੰਤ ਦੇ ਦਿਨਾਂ ਵਿੱਚ, ਪਰਮੇਸ਼ੁਰ ਮਨੁੱਖ ਨੂੰ ਸਿੱਧ ਬਣਾਉਣ ਲਈ ਮੁੱਖ ਤੌਰ ’ਤੇ ਵਚਨ ਦਾ ਇਸਤੇਮਾਲ ਕਰਦਾ ਹੈ। ਉਹ ਮਨੁੱਖ ਨੂੰ ਦਬਾਉਣ ਲਈ, ਜਾਂ ਮਨੁੱਖ ਨੂੰ ਯਕੀਨ ਦਿਵਾਉਣ ਲਈ ਨਿਸ਼ਾਨਾਂ ਅਤੇ ਅਚੰਭਿਆਂ ਦਾ ਇਸਤੇਮਾਲ ਨਹੀਂ ਕਰਦਾ; ਇਹ ਪਰਮੇਸ਼ੁਰ ਦੀ ਸ਼ਕਤੀ ਨੂੰ ਸਪਸ਼ਟ ਨਹੀਂ ਕਰ ਸਕਦਾ। ਜੇ ਪਰਮੇਸ਼ੁਰ ਸਿਰਫ਼ ਨਿਸ਼ਾਨ ਅਤੇ ਅਚੰਭੇ ਦਿਖਾਏ, ਤਾਂ ਪਰਮੇਸ਼ੁਰ ਦੀ ਅਸਲੀਅਤ ਨੂੰ ਸਪਸ਼ਟ ਕਰਨਾ ਅਸੰਭਵ ਹੋਵੇਗਾ, ਅਤੇ ਇਸ ਤਰ੍ਹਾਂ ਮਨੁੱਖ ਨੂੰ ਸਿੱਧ ਬਣਾਉਣਾ ਅਸੰਭਵ ਹੋਵੇਗਾ। ਪਰਮੇਸੁਰ ਮਨੁੱਖ ਨੂੰ ਨਿਸ਼ਾਨਾਂ ਅਤੇ ਅਚੰਭਿਆਂ ਦੁਆਰਾ ਸਿੱਧ ਨਹੀਂ ਬਣਾਉਂਦਾ, ਬਲਕਿ ਮਨੁੱਖ ਦਾ ਅਯਾਲੀ ਬਣਨ ਅਤੇ ਉਸ ਨੂੰ ਪਾਣੀ ਪਿਆਉਣ ਲਈ ਵਚਨ ਦਾ ਇਸਤੇਮਾਲ ਕਰਦਾ ਹੈ, ਜਿਸ ਤੋਂ ਬਾਅਦ ਮਨੁੱਖ ਦੀ ਸੰਪੂਰਨ ਆਗਿਆਕਾਰੀ ਅਤੇ ਪਰਮੇਸ਼ੁਰ ਬਾਰੇ ਮਨੁੱਖ ਦਾ ਗਿਆਨ ਪ੍ਰਾਪਤ ਹੁੰਦਾ ਹੈ। ਉਹ ਜੋ ਕੰਮ ਕਰਦਾ ਹੈ ਅਤੇ ਜੋ ਵਚਨ ਬੋਲਦਾ ਹੈ, ਉਨ੍ਹਾਂ ਦਾ ਉਦੇਸ਼ ਇਹੀ ਹੈ। ਪਰਮੇਸ਼ੁਰ ਮਨੁੱਖ ਨੂੰ ਸਿੱਧ ਬਣਾਉਣ ਲਈ ਨਿਸ਼ਾਨਾਂ ਅਤੇ ਅਚੰਭਿਆਂ ਨੂੰ ਦਿਖਾਉਣ ਦਾ ਤਰੀਕਾ ਨਹੀਂ ਵਰਤਦਾ—ਉਹ ਮਨੁੱਖ ਨੂੰ ਸਿੱਧ ਬਣਾਉਣ ਲਈ ਵਚਨਾਂ ਦਾ, ਅਤੇ ਕੰਮ ਦੇ ਬਹੁਤ ਸਾਰੇ ਤਰੀਕਿਆਂ ਦਾ ਇਸਤੇਮਾਲ ਕਰਦਾ ਹੈ। ਭਾਵੇਂ ਇਹ ਤਾਉਣਾ ਹੋਵੇ, ਨਜਿੱਠਣਾ, ਛੰਗਾਈ ਹੋਵੇ, ਜਾਂ ਵਚਨਾਂ ਦਾ ਪਰਬੰਧ ਹੋਵੇ, ਪਰਮੇਸ਼ੁਰ ਮਨੁੱਖ ਨੂੰ ਸਿੱਧ ਬਣਾਉਣ ਲਈ, ਅਤੇ ਮਨੁੱਖ ਨੂੰ ਪਰਮੇਸ਼ੁਰ ਦੇ ਕੰਮ, ਬੁੱਧ ਅਤੇ ਅਚਰਜਤਾ ਦਾ ਹੋਰ ਵਧੇਰੇ ਗਿਆਨ ਦੇਣ ਲਈ ਬਹੁਤ ਸਾਰੇ ਵੱਖੋ-ਵੱਖਰੇ ਦ੍ਰਿਸ਼ਟੀਕੋਣਾਂ ਤੋਂ ਬੋਲਦਾ ਹੈ। ਜਦੋਂ ਮਨੁੱਖ ਨੂੰ ਅੰਤ ਦੇ ਦਿਨਾਂ ਵਿੱਚ ਪਰਮੇਸ਼ੁਰ ਵੱਲੋਂ ਯੁੱਗ ਦੀ ਸਮਾਪਤੀ ਦੇ ਸਮੇਂ ਸੰਪੂਰਨ ਬਣਾਇਆ ਜਾਵੇਗਾ, ਉਦੋਂ ਉਹ ਨਿਸ਼ਾਨਾਂ ਅਤੇ ਅਚੰਭਿਆਂ ਨੂੰ ਧਿਆਨ ਨਾਲ ਵੇਖਣ ਦੇ ਯੋਗ ਹੋਵੇਗਾ। ਜਦੋਂ ਤੂੰ ਪਰਮੇਸ਼ੁਰ ਬਾਰੇ ਜਾਣ ਲਵੇਂਗਾ ਅਤੇ ਭਾਵੇਂ ਉਹ ਕੁਝ ਵੀ ਕਰੇ ਉਸ ਦਾ ਆਗਿਆ ਪਾਲਣ ਕਰਨ ਦੇ ਯੋਗ ਹੋ ਜਾਵੇਂਗਾ, ਤਾਂ ਨਿਸ਼ਾਨਾਂ ਅਤੇ ਅਚੰਭਿਆਂ ਨੂੰ ਵੇਖਣ ’ਤੇ ਤੇਰੇ ਅੰਦਰ ਉਸ ਬਾਰੇ ਕਿਸੇ ਤਰ੍ਹਾਂ ਦੀਆਂ ਧਾਰਣਾਵਾਂ ਨਹੀਂ ਹੋਣਗੀਆਂ। ਇਸ ਸਮੇਂ, ਤੂੰ ਭ੍ਰਿਸ਼ਟ ਹੈਂ ਅਤੇ ਪਰਮੇਸ਼ੁਰ ਦੀ ਸੰਪੂਰਨ ਆਗਿਆਕਾਰੀ ਦੇ ਅਸਮਰੱਥ ਹੈਂ—ਕੀ ਤੈਨੂੰ ਲਗਦਾ ਹੈ ਕਿ ਤੂੰ ਇਸ ਅਵਸਥਾ ਵਿੱਚ ਨਿਸ਼ਾਨਾਂ ਅਤੇ ਅਚੰਭਿਆਂ ਨੂੰ ਵੇਖਣ ਦੇ ਯੋਗ ਹੈਂ? ਜਦੋਂ ਪਰਮੇਸ਼ੁਰ ਨਿਸ਼ਾਨ ਅਤੇ ਅਚੰਭੇ ਵਿਖਾਉਂਦਾ ਹੈ, ਇਹ ਉਦੋਂ ਹੁੰਦਾ ਹੈ ਜਦੋਂ ਪਰਮੇਸ਼ੁਰ ਮਨੁੱਖ ਨੂੰ ਸਜ਼ਾ ਦਿੰਦਾ ਹੈ, ਅਤੇ ਇਸ ਦੇ ਨਾਲ ਹੀ ਉਦੋਂ ਜਦੋਂ ਯੁੱਗ ਬਦਲਦਾ ਹੈ, ਅਤੇ, ਇਸ ਤੋਂ ਇਲਾਵਾ, ਜਦੋਂ ਯੁੱਗ ਸਮਾਪਤ ਹੁੰਦਾ ਹੈ। ਜਦੋਂ ਪਰਮੇਸ਼ੁਰ ਦਾ ਕੰਮ ਸਧਾਰਣ ਤੌਰ ’ਤੇ ਪੂਰਾ ਕੀਤਾ ਜਾ ਰਿਹਾ ਹੁੰਦਾ ਹੈ, ਉਦੋਂ ਉਹ ਨਿਸ਼ਾਨ ਅਤੇ ਅਚੰਭੇ ਨਹੀਂ ਵਿਖਾਉਂਦਾ। ਨਿਸ਼ਾਨਾਂ ਅਤੇ ਅਚੰਭਿਆਂ ਨੂੰ ਵਿਖਾਉਣਾ ਉਸ ਦੇ ਲਈ ਬਹੁਤ ਅਸਾਨ ਹੈ, ਪਰ ਇਹ ਪਰਮੇਸ਼ੁਰ ਦੇ ਕੰਮ ਦਾ ਸਿਧਾਂਤ ਨਹੀਂ ਹੈ, ਅਤੇ ਨਾ ਹੀ ਇਹ ਪਰਮੇਸ਼ੁਰ ਵੱਲੋਂ ਮਨੁੱਖ ਦੇ ਪ੍ਰਬੰਧਨ ਦਾ ਉਦੇਸ਼ ਹੈ। ਜੇ ਮਨੁੱਖ ਨਿਸ਼ਾਨ ਅਤੇ ਅਚਰਜ ਵੇਖੇ, ਅਤੇ ਜੇ ਪਰਮੇਸ਼ੁਰ ਦਾ ਆਤਮਿਕ ਸਰੀਰ ਮਨੁੱਖ ਅੱਗੇ ਪਰਗਟ ਹੋਣਾ ਹੋਵੇ, ਤਾਂ ਕੀ ਸਾਰੇ ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਕਰਨਗੇ? ਮੈਂ ਪਹਿਲਾਂ ਕਿਹਾ ਹੈ ਕਿ ਜਿੱਤ ਪਾ ਚੁੱਕੇ ਲੋਕਾਂ ਦੇ ਇੱਕ ਸਮੂਹ ਨੂੰ ਪੂਰਬ ਦਿਸ਼ਾ ਤੋਂ ਪ੍ਰਾਪਤ ਕੀਤਾ ਜਾਂਦਾ ਹੈ, ਜਿੱਤ ਪਾ ਚੁੱਕੇ ਉਹ ਲੋਕ ਜੋ ਵੱਡੀ ਬਿਪਤਾ ਵਿੱਚੋਂ ਆਉਂਦੇ ਹਨ। ਇਨ੍ਹਾਂ ਸ਼ਬਦਾਂ ਦਾ ਕੀ ਅਰਥ ਹੈ? ਇਨ੍ਹਾਂ ਦਾ ਅਰਥ ਹੈ ਕਿ ਇਹ ਲੋਕ ਜਿਨ੍ਹਾਂ ਨੂੰ ਪ੍ਰਾਪਤ ਕੀਤਾ ਗਿਆ ਹੈ, ਇਹਨਾਂ ਨੇ ਨਿਆਂ ਅਤੇ ਤਾੜਨਾ, ਅਤੇ ਨਜਿੱਠੇ ਜਾਣ ਅਤੇ ਛੰਗਾਈ, ਅਤੇ ਹਰ ਕਿਸਮ ਦੇ ਤਾਉਣ ਵਿੱਚੋਂ ਲੰਘਣ ਤੋਂ ਬਾਅਦ ਹੀ ਸੱਚਮੁੱਚ ਆਗਿਆ ਦਾ ਪਾਲਣ ਕੀਤਾ। ਇਨ੍ਹਾਂ ਲੋਕਾਂ ਦਾ ਵਿਸ਼ਵਾਸ ਅਸਪਸ਼ਟ ਅਤੇ ਭਾਵਾਤਮਕ ਨਹੀਂ, ਬਲਕਿ ਅਸਲ ਹੈ। ਉਨ੍ਹਾਂ ਨੇ ਕੋਈ ਨਿਸ਼ਾਨ ਅਤੇ ਅਚੰਭੇ, ਜਾਂ ਕੋਈ ਚਮਤਕਾਰ ਨਹੀਂ ਵੇਖੇ; ਉਹ ਗੂੜ੍ਹੀਆਂ ਲਿਖਤਾਂ ਅਤੇ ਸਿੱਖਿਆਵਾਂ, ਜਾਂ ਡੂੰਘੀ ਸੋਝੀ ਦੀ ਗੱਲ ਨਹੀਂ ਕਰਦੇ; ਇਸ ਦੀ ਬਜਾਏ ਉਨ੍ਹਾਂ ਕੋਲ ਅਸਲੀਅਤ, ਪਰਮੇਸ਼ੁਰ ਦੇ ਵਚਨ, ਅਤੇ ਪਰਮੇਸ਼ੁਰ ਦੀ ਸੱਚਾਈ ਬਾਰੇ ਸੱਚਾ ਗਿਆਨ ਹੈ। ਕੀ ਅਜਿਹਾ ਸਮੂਹ ਪਰਮੇਸ਼ੁਰ ਦੀ ਸ਼ਕਤੀ ਨੂੰ ਸਪਸ਼ਟ ਬਣਾਉਣ ਦੇ ਵਧੇਰੇ ਸਮਰੱਥ ਨਹੀਂ ਹੈ? ਅੰਤ ਦੇ ਦਿਨਾਂ ਦੌਰਾਨ ਪਰਮੇਸ਼ੁਰ ਦਾ ਕੰਮ ਅਸਲੀ ਕੰਮ ਹੈ। ਯਿਸੂ ਦੇ ਯੁੱਗ ਦੇ ਦੌਰਾਨ, ਉਹ ਮਨੁੱਖ ਨੂੰ ਸਿੱਧ ਬਣਾਉਣ ਲਈ ਨਹੀਂ, ਬਲਕਿ ਛੁਟਕਾਰਾ ਦਵਾਉਣ ਲਈ ਆਇਆ ਸੀ, ਅਤੇ ਇਸ ਲਈ ਉਸ ਨੇ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਲਈ ਕੁਝ ਚਮਤਕਾਰ ਦਿਖਾਏ। ਕਿਉਂਕਿ ਉਹ ਮੁੱਖ ਤੌਰ ’ਤੇ ਸਲੀਬ ’ਤੇ ਟੰਗੇ ਜਾਣ ਦੇ ਕੰਮ ਨੂੰ ਪੂਰਾ ਕਰਨ ਲਈ ਆਇਆ ਸੀ, ਅਤੇ ਨਿਸ਼ਾਨ ਦਿਖਾਉਣਾ ਉਸ ਦੇ ਕੰਮ ਦਾ ਹਿੱਸਾ ਨਹੀਂ ਸੀ। ਅਜਿਹੇ ਨਿਸ਼ਾਨ ਅਤੇ ਅਚੰਭੇ ਉਹ ਕੰਮ ਸਨ ਜੋ ਉਸ ਦੇ ਕੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕੀਤੇ ਗਏ ਸਨ; ਉਹ ਵਾਧੂ ਕੰਮ ਸਨ, ਅਤੇ ਪੂਰੇ ਯੁੱਗ ਦੇ ਕੰਮ ਨੂੰ ਨਹੀਂ ਦਰਸਾਉਂਦੇ ਸਨ। ਪੁਰਾਣੇ ਨੇਮ ਦੇ ਸ਼ਰਾ ਦੇ ਯੁੱਗ ਦੌਰਾਨ, ਪਰਮੇਸ਼ੁਰ ਨੇ ਵੀ ਕੁਝ ਨਿਸ਼ਾਨ ਅਤੇ ਅਚੰਭੇ ਦਿਖਾਏ—ਪਰ ਜੋ ਕੰਮ ਪਰਮੇਸ਼ੁਰ ਅੱਜ ਕਰਦਾ ਹੈ ਉਹ ਅਸਲੀ ਕੰਮ ਹੈ, ਅਤੇ ਉਹ ਨਿਸ਼ਚਤ ਤੌਰ ’ਤੇ ਹੁਣ ਨਿਸ਼ਾਨ ਅਤੇ ਅਚੰਭੇ ਨਹੀਂ ਵਿਖਾਉਂਦਾ। ਜੇ ਉਹ ਨਿਸ਼ਾਨ ਅਤੇ ਅਚੰਭੇ ਵਿਖਾਉਂਦਾ, ਤਾਂ ਉਸ ਦੇ ਅਸਲ ਕੰਮ ਵਿੱਚ ਵਿਘਨ ਪੈ ਗਿਆ ਹੁੰਦਾ, ਅਤੇ ਉਹ ਹੋਰ ਕੋਈ ਕੰਮ ਕਰਨ ਦੇ ਯੋਗ ਨਹੀਂ ਹੁੰਦਾ। ਜੇ ਪਰਮੇਸ਼ੁਰ ਨੇ ਮਨੁੱਖ ਨੂੰ ਸਿੱਧ ਬਣਾਉਣ ਲਈ ਵਚਨ ਦਾ ਇਸਤੇਮਾਲ ਕਰਨ ਲਈ ਕਿਹਾ, ਪਰ ਨਿਸ਼ਾਨ ਅਤੇ ਅਚੰਭੇ ਵੀ ਦਿਖਾਏ ਹੁੰਦੇ, ਤਾਂ ਕੀ ਇਹ ਸਪੱਸ਼ਟ ਕੀਤਾ ਜਾ ਸਕਦਾ ਸੀ ਕਿ ਕੀ ਮਨੁੱਖ ਸੱਚਮੁੱਚ ਉਸ ਵਿੱਚ ਵਿਸ਼ਵਾਸ ਕਰਦਾ ਹੈ ਜਾਂ ਨਹੀਂ? ਇੰਝ, ਪਰਮੇਸ਼ੁਰ ਅਜਿਹੀਆਂ ਚੀਜ਼ਾਂ ਨਹੀਂ ਕਰਦਾ। ਮਨੁੱਖ ਦੇ ਅੰਦਰ ਬਹੁਤ ਜ਼ਿਆਦਾ ਧਰਮ ਹੈ; ਪਰਮੇਸ਼ੁਰ ਅੰਤ ਦੇ ਦਿਨਾਂ ਦੌਰਾਨ ਮਨੁੱਖ ਦੇ ਅੰਦਰਲੀਆਂ ਸਾਰੀਆਂ ਧਾਰਮਿਕ ਧਾਰਣਾਵਾਂ ਅਤੇ ਅਲੌਕਕ ਚੀਜ਼ਾਂ ਨੂੰ ਬਾਹਰ ਕੱਢਣ ਲਈ, ਅਤੇ ਮਨੁੱਖ ਨੂੰ ਪਰਮੇਸ਼ੁਰ ਦੀ ਅਸਲੀਅਤ ਬਾਰੇ ਜਾਣੂ ਕਰਾਉਣ ਲਈ ਆਇਆ ਹੈ। ਉਹ ਪਰਮੇਸ਼ੁਰ ਦੇ ਅਜਿਹੇ ਅਕਸ ਨੂੰ ਬਾਹਰ ਕੱਢਣ ਲਈ ਆਇਆ ਹੈ ਜੋ ਭਾਵਾਤਮਕ ਅਤੇ ਖਿਆਲੀ ਹੈ—ਦੂਜੇ ਸ਼ਬਦਾਂ ਵਿੱਚ, ਪਰਮੇਸ਼ੁਰ ਦਾ ਅਜਿਹਾ ਅਕਸ, ਜਿਸ ਦੀ ਬਿਲਕੁਲ ਕੋਈ ਹੋਂਦ ਨਹੀਂ ਹੈ। ਅਤੇ ਇਸ ਲਈ, ਹੁਣ ਸਿਰਫ਼ ਇੱਕਮਾਤਰ ਚੀਜ਼ ਜੋ ਤੇਰੇ ਲਈ ਕੀਮਤੀ ਹੈ ਉਹ ਹੈ ਅਸਲੀਅਤ ਦਾ ਗਿਆਨ ਹੋਣਾ! ਸੱਚਾਈ ਹਰ ਚੀਜ਼ ਨੂੰ ਪਛਾੜ ਦਿੰਦੀ ਹੈ। ਤੇਰੇ ਕੋਲ ਅੱਜ ਕਿੰਨੀ ਸੱਚਾਈ ਹੈ? ਕੀ ਉਹ ਸਭ ਕੁਝ ਜੋ ਨਿਸ਼ਾਨ ਅਤੇ ਅਚੰਭੇ ਦਿਖਾਉਂਦਾ ਹੈ, ਪਰਮੇਸ਼ੁਰ ਹੈ? ਦੁਸ਼ਟ ਆਤਮਾਵਾਂ ਵੀ ਨਿਸ਼ਾਨ ਅਤੇ ਅਚੰਭੇ ਦਿਖਾ ਸਕਦੀਆਂ ਹਨ; ਕੀ ਉਹ ਸਭ ਪਰਮੇਸ਼ੁਰ ਹਨ? ਮਨੁੱਖ ਪਰਮੇਸ਼ੁਰ ਉੱਤੇ ਆਪਣੇ ਵਿਸ਼ਵਾਸ ਵਿੱਚ, ਜੋ ਭਾਲਦਾ ਹੈ ਉਹ ਸੱਚਾਈ ਹੈ, ਅਤੇ ਉਹ ਨਿਸ਼ਾਨਾਂ ਅਤੇ ਅਚੰਭਿਆਂ ਦੀ ਬਜਾਏ ਜਿਸਦੀ ਪੈਰਵੀ ਕਰਦਾ ਹੈ ਉਹ ਜੀਵਨ ਹੈ। ਇਹ ਉਨ੍ਹਾਂ ਸਾਰਿਆਂ ਦਾ ਟੀਚਾ ਹੋਣਾ ਚਾਹੀਦਾ ਹੈ ਜਿਹੜੇ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ।

ਪਿਛਲਾ: ਰਾਜ ਦਾ ਯੁਗ ਵਚਨ ਦਾ ਯੁਗ ਹੈ

ਅਗਲਾ: ਜਿਨ੍ਹਾਂ ਨੂੰ ਸੰਪੂਰਣ ਕੀਤਾ ਜਾਣਾ ਹੈ ਉਨ੍ਹਾਂ ਦਾ ਤਾਏ ਜਾਣਾ ਜ਼ਰੂਰੀ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ