ਰਾਜ ਦਾ ਯੁਗ ਵਚਨ ਦਾ ਯੁਗ ਹੈ
ਰਾਜ ਦੇ ਯੁਗ ਵਿੱਚ, ਪਰਮੇਸ਼ੁਰ ਨਵੇਂ ਯੁਗ ਦਾ ਅਰੰਭ ਕਰਨ ਵਾਸਤੇ, ਆਪਣੇ ਕੰਮ ਕਰਨ ਦੇ ਮਾਧਿਅਮਾਂ ਨੂੰ ਬਦਲਣ ਵਾਸਤੇ, ਅਤੇ ਸਮੁੱਚੇ ਯੁਗ ਦਾ ਕੰਮ ਕਰਨ ਵਾਸਤੇ ਵਚਨਾਂ ਦਾ ਇਸਤੇਮਾਲ ਕਰਦਾ ਹੈ। ਇਹੀ ਉਹ ਸਿਧਾਂਤ ਹੈ ਜਿਸ ਦਾ ਇਸਤੇਮਾਲ ਪਰਮੇਸ਼ੁਰ ਵਚਨ ਦੇ ਯੁਗ ਵਿੱਚ ਕੰਮ ਕਰਨ ਵਾਸਤੇ ਕਰਦਾ ਹੈ। ਉਹ ਵੱਖ-ਵੱਖ ਨਜ਼ਰੀਏ ਤੋਂ ਗੱਲ ਕਰਨ ਲਈ ਦੇਹਧਾਰੀ ਹੋਇਆ, ਤਾਂਕਿ ਮਨੁੱਖ ਉਸ ਪਰਮੇਸ਼ੁਰ ਨੂੰ ਅਸਲ ਵਿੱਚ ਵੇਖ ਸਕੇ ਜਿਹੜਾ ਉਹ ਵਚਨ ਹੈ ਜੋ ਦੇਹ ਵਿੱਚ ਪਰਗਟ ਹੁੰਦਾ ਹੈ, ਅਤੇ ਉਸ ਦੀ ਬੁੱਧ ਅਤੇ ਅਚਰਜਤਾ ਨੂੰ ਵੇਖ ਸਕੇ। ਇਸ ਤਰ੍ਹਾਂ ਦਾ ਕੰਮ ਇਸ ਕਰਕੇ ਕੀਤਾ ਜਾਂਦਾ ਹੈ ਤਾਂਕਿ ਮਨੁੱਖ ਨੂੰ ਜਿੱਤਣ, ਮਨੁੱਖ ਨੂੰ ਸਿੱਧ ਬਣਾਉਣ, ਅਤੇ ਮਨੁੱਖ ਨੂੰ ਮਿਟਾਉਣ ਦੇ ਕੰਮ ਨੂੰ ਬਿਹਤਰ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ, ਅਤੇ ਇਹੀ ਵਚਨ ਦੇ ਯੁਗ ਵਿੱਚ ਕੰਮ ਕਰਨ ਲਈ ਵਚਨਾਂ ਨੂੰ ਇਸਤੇਮਾਲ ਕਰਨ ਦਾ ਅਸਲ ਅਰਥ ਹੈ। ਇਨ੍ਹਾਂ ਵਚਨਾਂ ਦੇ ਦੁਆਰਾ ਹੀ, ਲੋਕ ਪਰਮੇਸ਼ੁਰ ਦੇ ਕੰਮ ਨੂੰ, ਪਰਮੇਸ਼ੁਰ ਦੇ ਸੁਭਾਅ ਨੂੰ, ਮਨੁੱਖ ਦੇ ਮੂਲ-ਤੱਤ ਅਤੇ ਇਸ ਬਾਰੇ ਜਾਣਦੇ ਹਨ ਕਿ ਮਨੁੱਖ ਲਈ ਕਿਸ ਗੱਲ ਵਿੱਚ ਪ੍ਰਵੇਸ਼ ਕਰਨਾ ਜ਼ਰੂਰੀ ਹੈ। ਵਚਨਾਂ ਦੇ ਦੁਆਰਾ ਹੀ ਉਹ ਕੰਮ ਜਿਹੜਾ ਪਰਮੇਸ਼ੁਰ ਵਚਨ ਦੇ ਯੁਗ ਵਿੱਚ ਕਰਨਾ ਚਾਹੁੰਦਾ ਹੈ, ਪੂਰੀ ਤਰ੍ਹਾਂ ਫਲਵੰਤ ਕੀਤਾ ਜਾਂਦਾ ਹੈ। ਇਨ੍ਹਾਂ ਵਚਨਾਂ ਦੇ ਦੁਆਰਾ ਹੀ ਲੋਕਾਂ ਦੀ ਅਸਲੀਅਤ ਸਾਹਮਣੇ ਲਿਆਂਦੀ ਜਾਂਦੀ ਹੈ, ਉਹ ਮਿਟਾਏ ਅਤੇ ਪਰਖੇ ਜਾਂਦੇ ਹਨ। ਲੋਕਾਂ ਨੇ ਪਰਮੇਸ਼ੁਰ ਦੇ ਵਚਨਾਂ ਨੂੰ ਵੇਖਿਆ ਹੈ, ਇਨ੍ਹਾਂ ਵਚਨਾਂ ਨੂੰ ਸੁਣਿਆ ਹੈ, ਅਤੇ ਇਨ੍ਹਾਂ ਵਚਨਾਂ ਦੀ ਹੋਂਦ ਨੂੰ ਪਛਾਣਿਆ ਹੈ। ਨਤੀਜੇ ਵਜੋਂ, ਉਹ ਪਰਮੇਸ਼ੁਰ ਦੀ ਹੋਂਦ ਵਿੱਚ ਵਿਸ਼ਵਾਸ ਕਰਨ ਲੱਗੇ ਹਨ, ਪਰਮੇਸ਼ੁਰ ਦੇ ਸਰਬਸ਼ਕਤੀਮਾਨ ਹੋਣ ’ਤੇ ਅਤੇ ਉਸ ਦੀ ਬੁੱਧ ’ਤੇ ਵਿਸ਼ਵਾਸ ਕਰਨ ਲੱਗੇ ਹਨ, ਅਤੇ ਇਸ ਦੇ ਨਾਲ-ਨਾਲ ਮਨੁੱਖ ਦੇ ਪ੍ਰਤੀ ਪਰਮੇਸ਼ੁਰ ਦੇ ਪ੍ਰੇਮ ਅਤੇ ਮਨੁੱਖ ਨੂੰ ਬਚਾਉਣ ਦੀ ਉਸ ਦੀ ਇੱਛਾ ’ਤੇ ਵਿਸ਼ਵਾਸ ਕਰਨ ਲੱਗੇ ਹਨ। ਸ਼ਬਦ “ਵਚਨ” ਭਾਵੇਂ ਹੀ ਬਹੁਤ ਆਮ ਅਤੇ ਸਧਾਰਣ ਜਿਹਾ ਸ਼ਬਦ ਹੋਵੇ, ਪਰ ਦੇਹਧਾਰੀ ਹੋ ਕੇ ਆਏ ਪਰਮੇਸ਼ੁਰ ਦੇ ਮੂੰਹੋਂ ਨਿਕਲੇ ਵਚਨ ਬ੍ਰਹਿਮੰਡ ਨੂੰ ਕਾਂਬਾ ਲਾ ਦਿੰਦੇ ਹਨ, ਉਹ ਲੋਕਾਂ ਦੇ ਦਿਲਾਂ ਨੂੰ ਤਬਦੀਲ ਕਰ ਦਿੰਦੇ ਹਨ, ਉਨ੍ਹਾਂ ਦੀਆਂ ਧਾਰਣਾਵਾਂ ਅਤੇ ਪੁਰਾਣੇ ਸੁਭਾਅ ਨੂੰ ਬਦਲ ਦਿੰਦੇ ਹਨ, ਅਤੇ ਪੂਰੇ ਸੰਸਾਰ ਦੀ ਪੁਰਾਣੀ ਦਿੱਖ ਨੂੰ ਹੀ ਬਦਲ ਦਿੰਦੇ ਹਨ। ਯੁਗਾਂ-ਯੁਗਾਂ ਤੋਂ, ਇਸ ਤਰ੍ਹਾਂ ਦਾ ਕੰਮ ਉਹੀ ਪਰਮੇਸ਼ੁਰ ਕਰਦਾ ਆਇਆ ਹੈ ਜੋ ਅੱਜ ਦਾ ਪਰਮੇਸ਼ੁਰ ਹੈ, ਅਤੇ ਕੇਵਲ ਉਹੀ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਅਤੇ ਇਸ ਤਰੀਕੇ ਨਾਲ ਮਨੁੱਖ ਨੂੰ ਬਚਾਉਣ ਲਈ ਆਉਂਦਾ ਹੈ। ਹੁਣ ਤੋਂ, ਮਨੁੱਖ ਪਰਮੇਸ਼ੁਰ ਦੇ ਵਚਨਾਂ ਦੀ ਚਰਵਾਹੀ ਅਤੇ ਪੂਰਤੀ ਦੇ ਅਧੀਨ ਰਹਿੰਦਾ ਹੋਇਆ, ਉਸ ਦੇ ਵਚਨਾਂ ਦੀ ਅਗਵਾਈ ਵਿੱਚ ਜੀਉਂਦਾ ਹੈ। ਲੋਕ ਪਰਮੇਸ਼ੁਰ ਦੇ ਵਚਨਾਂ ਦੇ ਸੰਸਾਰ ਵਿੱਚ ਜੀਉਂਦੇ ਹਨ, ਪਰਮੇਸ਼ੁਰ ਦੇ ਵਚਨਾਂ ਦੀਆਂ ਬਰਕਤਾਂ ਅਤੇ ਸਰਾਪਾਂ ਵਿਚਕਾਰ ਜੀਉਂਦੇ ਹਨ, ਅਤੇ ਬਲਕਿ ਅਜਿਹੇ ਲੋਕਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਹੈ ਜਿਹੜੇ ਉਸ ਦੇ ਵਚਨਾਂ ਦੇ ਨਿਆਂ ਅਤੇ ਤਾੜਨਾ ਹੇਠ ਜੀਉਣ ਲੱਗੇ ਹਨ। ਇਹ ਵਚਨ ਅਤੇ ਇਹ ਕੰਮ, ਇਹ ਸਭ ਮਨੁੱਖ ਦੀ ਮੁਕਤੀ ਲਈ ਹੈ, ਪਰਮੇਸ਼ੁਰ ਦੀ ਇੱਛਾ ਦੀ ਪੂਰਤੀ ਲਈ ਹੈ ਅਤੇ ਪੁਰਾਣੇ ਸਿਰਜੇ ਹੋਏ ਸੰਸਾਰ ਦੀ ਅਸਲ ਦਿੱਖ ਨੂੰ ਬਦਲਣ ਲਈ ਹੈ। ਪਰਮੇਸ਼ੁਰ ਨੇ ਵਚਨਾਂ ਦਾ ਇਸਤੇਮਾਲ ਕਰਦੇ ਹੋਏ ਸੰਸਾਰ ਦੀ ਸਿਰਜਣਾ ਕੀਤੀ, ਉਹ ਵਚਨਾਂ ਦਾ ਇਸਤੇਮਾਲ ਕਰਦੇ ਹੋਏ ਹੀ ਸਾਰੀ ਦੁਨੀਆ ਦੇ ਲੋਕਾਂ ਦੀ ਅਗਵਾਈ ਕਰਦਾ ਹੈ, ਅਤੇ ਉਹ ਵਚਨਾਂ ਦੇ ਇਸਤੇਮਾਲ ਨਾਲ ਹੀ ਉਨ੍ਹਾਂ ਨੂੰ ਜਿੱਤਦਾ ਅਤੇ ਬਚਾਉਂਦਾ ਹੈ। ਅੰਤ ਵਿੱਚ, ਉਹ ਵਚਨਾਂ ਦਾ ਇਸਤੇਮਾਲ ਕਰਕੇ ਹੀ ਸਮੁੱਚੇ ਪੁਰਾਣੇ ਸੰਸਾਰ ਦਾ ਅੰਤ ਕਰੇਗਾ, ਅਤੇ ਇਸ ਤਰ੍ਹਾਂ ਆਪਣੇ ਪ੍ਰਬੰਧਨ ਦੀ ਯੋਜਨਾ ਨੂੰ ਪੂਰੀ ਤਰ੍ਹਾਂ ਨੇਪਰੇ ਚਾੜ੍ਹੇਗਾ। ਰਾਜ ਦੇ ਸਮੁੱਚੇ ਯੁਗ ਦੇ ਦੌਰਾਨ, ਪਰਮੇਸ਼ੁਰ ਆਪਣੇ ਕੰਮ ਨੂੰ ਕਰਨ ਲਈ, ਅਤੇ ਆਪਣੇ ਕੰਮ ਦੇ ਨਤੀਜੇ ਹਾਸਲ ਕਰਨ ਲਈ ਵਚਨਾਂ ਦਾ ਹੀ ਇਸਤੇਮਾਲ ਕਰਦਾ ਹੈ। ਉਹ ਅਚੰਭੇ ਨਹੀਂ ਕਰਦਾ ਜਾਂ ਚਮਤਕਾਰ ਨਹੀਂ ਵਿਖਾਉਂਦਾ, ਪਰ ਬਸ ਆਪਣੇ ਵਚਨਾਂ ਦੇ ਦੁਆਰਾ ਆਪਣਾ ਕੰਮ ਕਰੀ ਜਾਂਦਾ ਹੈ। ਇਨ੍ਹਾਂ ਵਚਨਾਂ ਦੇ ਕਾਰਣ ਹੀ ਮਨੁੱਖ ਦਾ ਪੋਸ਼ਣ ਹੁੰਦਾ ਹੈ ਅਤੇ ਉਸ ਦੀ ਪੂਰਤੀ ਹੁੰਦੀ ਹੈ, ਅਤੇ ਉਹ ਗਿਆਨ ਅਤੇ ਸੱਚੇ ਅਨੁਭਵ ਨੂੰ ਪ੍ਰਾਪਤ ਕਰਦਾ ਹੈ। ਵਚਨ ਦੇ ਯੁਗ ਵਿੱਚ, ਮਨੁੱਖ ਨੂੰ ਹੱਦੋਂ ਵੱਧ ਬਰਕਤ ਮਿਲੀ ਹੈ। ਉਸ ਨੂੰ ਕੋਈ ਸਰੀਰਕ ਦਰਦ ਨਹੀਂ ਸਹਿਣਾ ਪੈਂਦਾ ਅਤੇ ਉਹ ਬਸ ਪਰਮੇਸ਼ੁਰ ਦੇ ਵਚਨਾਂ ਦੀ ਭਰਪੂਰ ਪੂਰਤੀ ਦਾ ਅਨੰਦ ਮਾਣਦਾ ਰਹਿੰਦਾ ਹੈ; ਭਾਵ ਕਿ ਉਸ ਨੂੰ ਅੰਨ੍ਹੇਵਾਹ ਕਿਤੇ ਜਾ ਕੇ ਖੋਜਣ ਦੀ ਜਾਂ ਅੰਨ੍ਹੇਵਾਹ ਯਾਤਰਾਵਾਂ ਕਰਨ ਦੀ ਜ਼ਰੂਰਤ ਨਹੀਂ ਹੈ, ਅਤੇ ਉਹ ਆਪਣੇ ਅਰਾਮ ਵਿੱਚੋਂ ਹੀ ਪਰਮੇਸ਼ੁਰ ਦੇ ਪ੍ਰਗਟਾਵੇ ਨੂੰ ਵੇਖਦਾ ਹੈ, ਉਸ ਨੂੰ ਉਸ ਦੇ ਮੁੱਖੋਂ ਬੋਲਦੇ ਸੁਣਦਾ ਹੈ, ਉਸ ਵੱਲੋਂ ਸਾਰੀ ਪੂਰਤੀ ਨੂੰ ਪ੍ਰਾਪਤ ਕਰਦਾ ਹੈ, ਅਤੇ ਉਸ ਨੂੰ ਆਪ ਆਪਣਾ ਕੰਮ ਕਰਦੇ ਹੋਏ ਵੇਖਦਾ ਹੈ। ਇਹ ਉਹ ਚੀਜ਼ਾਂ ਹਨ ਜਿਨ੍ਹਾਂ ਦਾ ਬੀਤੇ ਯੁਗਾਂ ਦੇ ਲੋਕ ਅਨੰਦ ਲੈਣ ਵਿੱਚ ਅਸਮਰਥ ਸਨ, ਅਤੇ ਇਹ ਉਹ ਅਸੀਸਾਂ ਹਨ ਜਿਨ੍ਹਾਂ ਨੂੰ ਉਹ ਕਦੇ ਪ੍ਰਾਪਤ ਨਾ ਕਰ ਸਕੇ।
ਪਰਮੇਸ਼ੁਰ ਨੇ ਮਨੁੱਖ ਨੂੰ ਸੰਪੂਰਣ ਬਣਾਉਣ ਦਾ ਸੰਕਲਪ ਕੀਤਾ ਹੈ, ਅਤੇ ਭਾਵੇਂ ਉਹ ਕਿਸੇ ਵੀ ਨਜ਼ਰੀਏ ਤੋਂ ਬੋਲ ਰਿਹਾ ਹੋਵੇ, ਇਸ ਸਭ ਦਾ ਮਕਸਦ ਲੋਕਾਂ ਨੂੰ ਸੰਪੂਰਣ ਸਿੱਧ ਬਣਾਉਣਾ ਹੈ। ਜਿਹੜੇ ਵਚਨ ਆਤਮਾ ਦੇ ਨਜ਼ਰੀਏ ਤੋਂ ਬੋਲੇ ਜਾਂਦੇ ਹਨ ਲੋਕਾਂ ਲਈ ਉਨ੍ਹਾਂ ਵਚਨਾਂ ਨੂੰ ਸਮਝਣਾ ਔਖਾ ਹੁੰਦਾ ਹੈ; ਉਨ੍ਹਾਂ ਲਈ ਇਨ੍ਹਾਂ ਨੂੰ ਅਮਲ ਵਿੱਚ ਲਿਆਉਣ ਦਾ ਰਾਹ ਲੱਭਣ ਦਾ ਕੋਈ ਮਾਧਿਅਮ ਨਹੀਂ ਹੁੰਦਾ, ਕਿਉਂਕਿ ਸਮਝਣ ਦੀ ਉਨ੍ਹਾਂ ਦੀ ਯੋਗਤਾ ਸੀਮਤ ਹੁੰਦੀ ਹੈ। ਪਰਮੇਸ਼ੁਰ ਦਾ ਕੰਮ ਵੱਖ-ਵੱਖ ਤਰ੍ਹਾਂ ਨਾਲ ਅਸਰ ਕਰਦਾ ਹੈ, ਅਤੇ ਕੰਮ ਦੇ ਹਰੇਕ ਕਦਮ ਨੂੰ ਉਠਾਉਣ ਦੇ ਪਿੱਛੇ ਉਸ ਦਾ ਇੱਕ ਉਦੇਸ਼ ਹੁੰਦਾ ਹੈ। ਇਸ ਦੇ ਨਾਲ-ਨਾਲ, ਉਸ ਦਾ ਵੱਖ-ਵੱਖ ਨਜ਼ਰੀਏ ਤੋਂ ਬੋਲਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਕੇਵਲ ਅਜਿਹਾ ਕਰਕੇ ਹੀ ਉਹ ਮਨੁੱਖ ਨੂੰ ਸਿੱਧ ਬਣਾ ਸਕਦਾ ਹੈ। ਜੇ ਉਹ ਕੇਵਲ ਆਤਮਾ ਦੇ ਨਜ਼ਰੀਏ ਤੋਂ ਹੀ ਆਪਣੀ ਅਵਾਜ਼ ਸੁਣਾਉਂਦਾ, ਤਾਂ ਪਰਮੇਸ਼ੁਰ ਦੇ ਕੰਮ ਦੇ ਇਸ ਪੜਾਅ ਨੂੰ ਪੂਰਾ ਕਰਨ ਦਾ ਕੋਈ ਤਰੀਕਾ ਨਾ ਹੁੰਦਾ। ਉਸ ਲਹਿਜ਼ੇ ਤੋਂ ਜਿਸ ਵਿੱਚ ਉਹ ਬੋਲਦਾ ਹੈ, ਤੂੰ ਵੇਖ ਸਕਦਾ ਹੈਂ ਕਿ ਉਹ ਲੋਕਾਂ ਦੇ ਇਸ ਸਮੂਹ ਨੂੰ ਸੰਪੂਰਣ ਬਣਾਉਣ ਲਈ ਦ੍ਰਿੜ੍ਹ ਸੰਕਲਪ ਹੈ। ਸੋ ਜਿਹੜੇ ਸੰਪੂਰਣ ਬਣਨਾ ਚਾਹੁੰਦੇ ਹਨ ਉਨ੍ਹਾਂ ਵਿੱਚੋਂ ਹਰੇਕ ਦੇ ਲਈ ਪਹਿਲਾ ਕਦਮ ਕੀ ਹੋਣਾ ਚਾਹੀਦਾ ਹੈ? ਸਭ ਤੋਂ ਵੱਡੀ ਗੱਲ, ਤੈਨੂੰ ਪਰਮੇਸ਼ੁਰ ਦੇ ਕੰਮ ਦਾ ਪਤਾ ਹੋਣਾ ਜ਼ਰੂਰੀ ਹੈ। ਅੱਜ, ਪਰਮੇਸ਼ੁਰ ਦੇ ਕੰਮ ਵਿੱਚ ਇੱਕ ਨਵੇਂ ਢੰਗ ਦੀ ਸ਼ੁਰੂਆਤ ਹੋਈ ਹੈ; ਯੁਗ ਬਦਲ ਚੁੱਕਿਆ ਹੈ, ਪਰਮੇਸ਼ੁਰ ਦਾ ਕੰਮ ਕਰਨ ਦਾ ਤਰੀਕਾ ਵੀ ਬਦਲ ਚੁੱਕਿਆ ਹੈ, ਅਤੇ ਪਰਮੇਸ਼ੁਰ ਦਾ ਗੱਲ ਕਰਨ ਦਾ ਢੰਗ ਭਿੰਨ ਹੈ। ਅੱਜ, ਨਾ ਕੇਵਲ ਉਸ ਦਾ ਕੰਮ ਕਰਨ ਦਾ ਤਰੀਕਾ ਬਦਲ ਗਿਆ ਹੈ, ਸਗੋਂ ਯੁਗ ਵੀ ਬਦਲ ਗਿਆ ਹੈ। ਹੁਣ ਰਾਜ ਦਾ ਯੁਗ ਹੈ। ਇਹ ਪਰਮੇਸ਼ੁਰ ਨੂੰ ਪ੍ਰੇਮ ਕਰਨ ਦਾ ਵੀ ਯੁਗ ਹੈ। ਇਹ ਹਜ਼ਾਰ ਸਾਲ ਦੇ ਰਾਜ ਦੇ ਯੁਗ ਦਾ ਪੂਰਵ-ਅਨੁਭਵ ਹੈ—ਜੋ ਕਿ ਵਚਨ ਦਾ ਯੁਗ ਵੀ ਹੈ, ਅਤੇ ਜਿਸ ਵਿੱਚ ਪਰਮੇਸ਼ੁਰ ਮਨੁੱਖ ਨੂੰ ਸਿੱਧ ਬਣਾਉਣ ਲਈ ਉਸ ਨਾਲ ਗੱਲ ਕਰਨ ਲਈ ਬਹੁਤ ਸਾਰੇ ਮਾਧਿਅਮਾਂ ਦਾ ਇਸਤੇਮਾਲ ਕਰਦਾ ਹੈ, ਅਤੇ ਉਹ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਲਈ ਵੱਖ-ਵੱਖ ਨਜ਼ਰੀਏ ਤੋਂ ਗੱਲ ਕਰਦਾ ਹੈ। ਹਜ਼ਾਰ ਸਾਲ ਦੇ ਯੁਗ ਵਿੱਚ ਪ੍ਰਵੇਸ਼ ਕਰਨ ਦੇ ਨਾਲ ਹੀ, ਪਰਮੇਸ਼ੁਰ ਮਨੁੱਖ ਨੂੰ ਸੰਪੂਰਣ ਬਣਾਉਣ ਲਈ ਵਚਨਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਵੇਗਾ, ਜਿਸ ਨਾਲ ਮਨੁੱਖ ਜੀਵਨ ਦੀ ਅਸਲੀਅਤ ਵਿੱਚ ਪ੍ਰਵੇਸ਼ ਕਰੇਗਾ ਅਤੇ ਪਰਮੇਸ਼ੁਰ ਉਸ ਨੂੰ ਸਹੀ ਰਾਹ ਉੱਤੇ ਚਲਾਵੇਗਾ। ਪਰਮੇਸ਼ੁਰ ਦੇ ਕੰਮ ਦੇ ਇੰਨੇ ਸਾਰੇ ਕਦਮਾਂ ਦਾ ਅਨੁਭਵ ਕਰਨ ਤੋਂ ਬਾਅਦ, ਮਨੁੱਖ ਨੇ ਵੇਖ ਲਿਆ ਹੈ ਕਿ ਪਰਮੇਸ਼ੁਰ ਦਾ ਕੰਮ ਇੱਕੋ ਜਿਹਾ ਨਹੀਂ ਰਹਿੰਦਾ, ਸਗੋਂ ਇਹ ਬਿਨਾ ਰੁਕੇ ਲਗਾਤਾਰ ਵਿਕਸਿਤ ਅਤੇ ਡੂੰਘਾ ਹੁੰਦਾ ਜਾਂਦਾ ਹੈ। ਲੋਕਾਂ ਵੱਲੋਂ ਇਸ ਨੂੰ ਲੰਮੇ ਸਮੇਂ ਤਕ ਅਨੁਭਵ ਕਰਨ ਤੋਂ ਬਾਅਦ, ਇਹ ਕੰਮ ਲਗਾਤਾਰ ਦੁਹਰਾਇਆ ਗਿਆ ਹੈ ਅਤੇ ਬਾਰ-ਬਾਰ ਤਬਦੀਲ ਹੁੰਦਾ ਆਇਆ ਹੈ। ਪਰ ਭਾਵੇਂ ਇਸ ਵਿੱਚ ਕਿੰਨੀ ਵੀ ਤਬਦੀਲੀ ਆਵੇ, ਇਹ ਪਰਮੇਸ਼ੁਰ ਦੇ ਮਨੁੱਖਤਾ ਨੂੰ ਮੁਕਤੀ ਪ੍ਰਦਾਨ ਕਰਨ ਦੇ ਉਦੇਸ਼ ਤੋਂ ਕਦੇ ਨਹੀਂ ਭਟਕਦਾ। ਇੱਥੋਂ ਤੱਕ ਕਿ ਦਸ ਹਜ਼ਾਰ ਤਬਦੀਲੀਆਂ ਵਿੱਚੋਂ ਗੁਜ਼ਰਨ ਦੇ ਬਾਅਦ ਵੀ, ਇਹ ਆਪਣੇ ਅਸਲ ਉਦੇਸ਼ ਤੋਂ ਕਦੇ ਨਹੀਂ ਭਟਕਦਾ। ਪਰਮੇਸ਼ੁਰ ਦੇ ਕੰਮ ਦਾ ਢੰਗ ਭਾਵੇਂ ਕਿੰਨਾ ਵੀ ਬਦਲੇ, ਇਹ ਕੰਮ ਸੱਚਾਈ ਤੋਂ ਜਾਂ ਜੀਵਨ ਤੋਂ ਕਦੇ ਦੂਰ ਨਹੀਂ ਹੁੰਦਾ। ਕੰਮ ਕਰਨ ਦੇ ਢੰਗ ਵਿੱਚ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਵਿੱਚ ਕੇਵਲ ਕੰਮ ਕਰਨ ਦੇ ਤਰੀਕੇ ਵਿੱਚ ਤਬਦੀਲੀ ਸ਼ਾਮਲ ਹੈ, ਅਤੇ ਉਹ ਨਜ਼ਰੀਆ ਸ਼ਾਮਲ ਹੈ ਜਿਸ ਤੋਂ ਪਰਮੇਸ਼ੁਰ ਗੱਲ ਕਰਦਾ ਹੈ; ਪਰਮੇਸ਼ੁਰ ਦੇ ਕੰਮ ਦਾ ਜੋ ਮੁੱਖ ਉਦੇਸ਼ ਹੈ ਉਸ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ। ਪਰਮੇਸ਼ੁਰ ਦੀ ਅਵਾਜ਼ ਦੇ ਲਹਿਜ਼ੇ ਵਿੱਚ ਤਬਦੀਲੀ ਅਤੇ ਉਸ ਦੇ ਕੰਮ ਕਰਨ ਦੇ ਤਰੀਕੇ ਵਿੱਚ ਤਬਦੀਲੀ ਅਸਰ ਜਾਂ ਪ੍ਰਭਾਵ ਨੂੰ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਅਵਾਜ਼ ਦੇ ਲਹਿਜ਼ੇ ਵਿੱਚ ਤਬਦੀਲੀ ਦਾ ਅਰਥ ਕੰਮ ਦੇ ਉਦੇਸ਼ ਜਾਂ ਸਿਧਾਂਤ ਵਿੱਚ ਤਬਦੀਲੀ ਨਹੀਂ ਹੈ। ਲੋਕ ਪਰਮੇਸ਼ੁਰ ਉੱਤੇ ਵਿਸ਼ਵਾਸ ਮੁੱਖ ਤੌਰ ’ਤੇ ਜੀਵਨ ਦੀ ਖੋਜ ਲਈ ਕਰਦੇ ਹਨ; ਜੇ ਤੂੰ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਦਾ ਹੈਂ, ਪਰ ਜੀਵਨ ਨੂੰ ਨਹੀਂ ਖੋਜਦਾ ਜਾਂ ਸੱਚਾਈ ਜਾਂ ਪਰਮੇਸ਼ੁਰ ਦੇ ਗਿਆਨ ਦਾ ਪਿੱਛਾ ਨਹੀਂ ਕਰਦਾ, ਤਾਂ ਇਹ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨਾ ਨਹੀਂ ਹੈ! ਕੀ ਅਜਿਹੀ ਸਥਿਤੀ ਵਿੱਚ ਰਾਜਾ ਬਣਨ ਲਈ ਰਾਜ ਵਿੱਚ ਪ੍ਰਵੇਸ਼ ਕਰਨ ਦਾ ਯਤਨ ਕਰਨ ਦੀ ਕੋਈ ਤੁਕ ਬਣਦੀ ਹੈ? ਜੀਵਨ ਦੇ ਖੋਜੀ ਬਣ ਕੇ ਪਰਮੇਸ਼ੁਰ ਦੇ ਪ੍ਰਤੀ ਸੱਚੇ ਪ੍ਰੇਮ ਨੂੰ ਹਾਸਲ ਕਰਨਾ—ਕੇਵਲ ਇਹੀ ਅਸਲੀਅਤ ਹੈ; ਸੱਚ ਦੇ ਪਿੱਛੇ ਲੱਗੇ ਰਹਿਣਾ ਅਤੇ ਇਸ ਨੂੰ ਅਮਲ ਵਿੱਚ ਲਿਆਉਣਾ—ਇਹੋ ਸਾਰੀ ਅਸਲੀਅਤ ਹੈ। ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹਨ, ਅਤੇ ਇਨ੍ਹਾਂ ਵਚਨਾਂ ਦਾ ਅਨੁਭਵ ਕਰਨ ਨਾਲ, ਤੁਸੀਂ ਆਪਣੇ ਅਸਲ ਅਨੁਭਵ ਵਿੱਚ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰ ਸਕੋਗੇ, ਅਤੇ ਅਸਲ ਵਿੱਚ ਪਿੱਛੇ ਲੱਗੇ ਰਹਿਣ ਦਾ ਇਹੋ ਅਰਥ ਹੈ।
ਇਹੀ ਰਾਜ ਦਾ ਯੁਗ ਹੈ। ਤੂੰ ਇਸ ਨਵੇਂ ਯੁਗ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈਂ ਜਾਂ ਨਹੀਂ, ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੂੰ ਪਰਮੇਸ਼ੁਰ ਦੇ ਵਚਨਾਂ ਦੀ ਅਸਲੀਅਤ ਵਿੱਚ ਪ੍ਰਵੇਸ਼ ਕੀਤਾ ਹੈ ਜਾਂ ਨਹੀਂ, ਉਸ ਦੇ ਵਚਨ ਤੇਰੇ ਜੀਵਨ ਦੀ ਅਸਲੀਅਤ ਬਣ ਗਏ ਹਨ ਜਾਂ ਨਹੀਂ। ਪਰਮੇਸ਼ੁਰ ਦੇ ਵਚਨ ਹਰੇਕ ਮਨੁੱਖ ਉੱਤੇ ਪਰਗਟ ਕੀਤੇ ਜਾਂਦੇ ਹਨ, ਤਾਂਕਿ, ਅੰਤ ਵਿੱਚ, ਸਭ ਲੋਕ ਪਰਮੇਸ਼ੁਰ ਦੇ ਵਚਨਾਂ ਦੇ ਸੰਸਾਰ ਵਿੱਚ ਜੀਉਣ, ਅਤੇ ਉਸ ਦੇ ਵਚਨ ਹਰੇਕ ਵਿਅਕਤੀ ਦੇ ਅੰਦਰ ਚਾਨਣ ਕਰਨ ਅਤੇ ਉਸ ਨੂੰ ਅੰਦਰੋਂ ਪ੍ਰਕਾਸ਼ਮਾਨ ਕਰਨ। ਇਸ ਸਮੇਂ ਦੇ ਦੌਰਾਨ, ਜੇ ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹਨ ਵਿੱਚ ਲਾਪਰਵਾਹ ਰਹਿੰਦਾ ਹੈਂ, ਅਤੇ ਉਸ ਦੇ ਵਚਨਾਂ ਵਿੱਚ ਤੇਰੀ ਕੋਈ ਰੁਚੀ ਨਹੀਂ ਹੈ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤੂੰ ਗਲਤ ਅਵਸਥਾ ਵਿੱਚ ਹੈਂ। ਜੇ ਤੂੰ ਵਚਨ ਦੇ ਯੁਗ ਵਿੱਚ ਪ੍ਰਵੇਸ਼ ਕਰਨ ਵਿੱਚ ਅਸਮਰਥ ਹੈਂ, ਤਾਂ ਪਵਿੱਤਰ ਆਤਮਾ ਤੇਰੇ ਅੰਦਰ ਕੰਮ ਨਹੀਂ ਕਰਦਾ; ਪਰ ਜੇ ਤੂੰ ਇਸ ਯੁਗ ਵਿੱਚ ਪ੍ਰਵੇਸ਼ ਕਰ ਲਿਆ ਹੈ, ਤਾਂ ਉਹ ਆਪਣਾ ਕੰਮ ਜ਼ਰੂਰ ਕਰੇਗਾ। ਵਚਨ ਦੇ ਯੁਗ ਦੀ ਸ਼ੁਰੁਆਤ ਵਿੱਚ ਹੀ ਤੂੰ ਅਜਿਹਾ ਕੀ ਕਰ ਸਕਦਾ ਹੈਂ ਜਿਸ ਨਾਲ ਤੂੰ ਪਵਿੱਤਰ ਆਤਮਾ ਦੇ ਕੰਮ ਨੂੰ ਪ੍ਰਾਪਤ ਕਰ ਸਕੇਂ? ਪਰਮੇਸ਼ੁਰ ਇਸ ਯੁਗ ਵਿੱਚ, ਅਤੇ ਤੁਹਾਡੇ ਦਰਮਿਆਨ ਇਸ ਤੱਥ ਨੂੰ ਸਥਾਪਿਤ ਕਰੇਗਾ: ਕਿ ਹਰੇਕ ਮਨੁੱਖ ਪਰਮੇਸ਼ੁਰ ਦੇ ਵਚਨਾਂ ਨੂੰ ਆਪਣੇ ਜੀਉਣ ਤੋਂ ਪਰਗਟ ਕਰੇਗਾ, ਸੱਚਾਈ ਨੂੰ ਅਮਲ ਵਿੱਚ ਲਿਆਉਣ ਯੋਗ ਹੋਵੇਗਾ, ਅਤੇ ਪਰਮੇਸ਼ੁਰ ਨਾਲ ਦਿਲੀਂ ਪ੍ਰੇਮ ਕਰੇਗਾ; ਕਿ ਸਭ ਲੋਕ ਪਰਮੇਸ਼ੁਰ ਦੇ ਵਚਨਾਂ ਨੂੰ ਬੁਨਿਆਦ ਦੇ ਰੂਪ ਵਿੱਚ ਅਤੇ ਆਪਣੀ ਅਸਲੀਅਤ ਦੇ ਰੂਪ ਵਿੱਚ ਇਸਤੇਮਾਲ ਕਰਨਗੇ, ਅਤੇ ਉਨ੍ਹਾਂ ਦੇ ਅੰਦਰ ਪਰਮੇਸ਼ੁਰ ਦੇ ਪ੍ਰਤੀ ਸ਼ਰਧਾ ਰੱਖਣ ਵਾਲੇ ਦਿਲ ਹੋਣਗੇ; ਅਤੇ ਪਰਮੇਸ਼ੁਰ ਦੇ ਵਚਨਾਂ ਨੂੰ ਅਮਲ ਵਿੱਚ ਲਿਆਉਣ ਦੇ ਦੁਆਰਾ ਤਦ ਮਨੁੱਖ ਪਰਮੇਸ਼ੁਰ ਦੇ ਨਾਲ ਮਿਲ ਕੇ ਰਾਜੇ ਵਾਲੀ ਸ਼ਕਤੀ ਵਰਤੇਗਾ। ਇਹ ਉਹ ਕੰਮ ਹੈ ਜਿਹੜਾ ਪਰਮੇਸ਼ੁਰ ਨੇ ਪੂਰਾ ਕਰਨਾ ਹੈ। ਕੀ ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹੇ ਬਿਨਾ ਤੇਰਾ ਗੁਜ਼ਾਰਾ ਹੋ ਸਕਦਾ ਹੈ? ਅੱਜ, ਅਜਿਹੇ ਬਹੁਤ ਸਾਰੇ ਲੋਕ ਹਨ ਜਿਹੜੇ ਮਹਿਸੂਸ ਕਰਦੇ ਹਨ ਕਿ ਉਹ ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹੇ ਬਿਨਾਂ ਇੱਕ ਜਾਂ ਦੋ ਦਿਨ ਵੀ ਨਹੀਂ ਕੱਢ ਸਕਦੇ। ਉਨ੍ਹਾਂ ਨੂੰ ਹਰ ਦਿਨ ਉਸ ਦੇ ਵਚਨਾਂ ਨੂੰ ਪੜ੍ਹਨਾ ਹੀ ਪੈਂਦਾ ਹੈ, ਅਤੇ ਜੇ ਸਮੇਂ ਦੀ ਕਮੀ ਹੋਵੇ ਤਾਂ ਉਨ੍ਹਾਂ ਲਈ ਇਨ੍ਹਾਂ ਨੂੰ ਸੁਣਨਾ ਕਾਫ਼ੀ ਹੁੰਦਾ ਹੈ। ਇਹ ਉਹ ਅਹਿਸਾਸ ਹੈ ਜੋ ਪਵਿੱਤਰ ਆਤਮਾ ਲੋਕਾਂ ਨੂੰ ਪ੍ਰਦਾਨ ਕਰਦਾ ਹੈ, ਅਤੇ ਇਸੇ ਤਰੀਕੇ ਨਾਲ ਉਹ ਉਨ੍ਹਾਂ ਦੇ ਅੰਦਰ ਆਪਣਾ ਅਸਰ ਕਰਨਾ ਸ਼ੁਰੂ ਕਰਦਾ ਹੈ। ਅਰਥਾਤ, ਉਹ ਵਚਨਾਂ ਰਾਹੀਂ ਲੋਕਾਂ ਦਾ ਸੰਚਾਲਨ ਕਰਦਾ ਹੈ, ਤਾਂਕਿ ਉਹ ਪਰਮੇਸ਼ੁਰ ਦੇ ਵਚਨਾਂ ਦੀ ਅਸਲੀਅਤ ਵਿੱਚ ਪ੍ਰਵੇਸ਼ ਕਰ ਸਕਣ। ਜੇ ਇੱਕ ਦਿਨ ਵੀ ਪਰਮੇਸ਼ੁਰ ਦੇ ਵਚਨਾਂ ਨੂੰ ਖਾਧੇ ਅਤੇ ਪੀਤੇ ਬਿਨਾਂ ਲੰਘਣ ’ਤੇ ਤੈਨੂੰ ਹਨੇਰਾ ਅਤੇ ਪਿਆਸ ਮਹਿਸੂਸ ਹੁੰਦੀ ਹੈ, ਅਤੇ ਇਹ ਤੇਰੇ ਲਈ ਅਸਹਿ ਹੋ ਜਾਂਦਾ ਹੈ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤੇਰੇ ਅੰਦਰ ਪਵਿੱਤਰ ਆਤਮਾ ਦਾ ਅਸਰ ਹੋਇਆ ਹੈ, ਅਤੇ ਉਸ ਨੇ ਤੇਰੇ ਤੋਂ ਆਪਣਾ ਮੂੰਹ ਨਹੀਂ ਫੇਰਿਆ ਹੈ। ਇਸ ਦਾ ਮਤਲਬ ਹੈ ਕਿ ਤੂੰ ਇਸ ਵਰਗ ਦੇ ਵਿੱਚ ਸ਼ਾਮਲ ਹੈਂ। ਪਰ ਜੇਕਰ ਇੱਕ ਜਾਂ ਦੋ ਦਿਨ ਪਰਮੇਸ਼ੁਰ ਦੇ ਵਚਨਾਂ ਨੂੰ ਖਾਧੇ ਅਤੇ ਪੀਤੇ ਬਿਨਾਂ ਤੈਨੂੰ ਕੁਝ ਵੀ ਮਹਿਸੂਸ ਨਹੀਂ ਹੁੰਦਾ, ਜੇ ਤੈਨੂੰ ਕੋਈ ਪਿਆਸ ਮਹਿਸੂਸ ਨਹੀਂ ਹੁੰਦੀ ਅਤੇ ਤੇਰੇ ਉੱਤੇ ਕੋਈ ਅਸਰ ਨਹੀਂ ਹੁੰਦਾ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਪਵਿੱਤਰ ਆਤਮਾ ਨੇ ਤੇਰੇ ਵੱਲੋਂ ਮੂੰਹ ਫੇਰ ਲਿਆ ਹੈ। ਤਾਂ ਫਿਰ, ਇਸ ਦਾ ਮਤਲਬ ਇਹ ਹੈ ਕਿ ਤੇਰੇ ਅੰਦਰ ਦੀ ਜੋ ਤੇਰੀ ਹਾਲਤ ਹੈ ਉਸ ਵਿੱਚ ਕੋਈ ਗੜਬੜ ਹੈ; ਤੂੰ ਵਚਨ ਦੇ ਯੁਗ ਵਿੱਚ ਹਾਲੇ ਪ੍ਰਵੇਸ਼ ਨਹੀਂ ਕੀਤਾ ਹੈ, ਅਤੇ ਤੂੰ ਉਨ੍ਹਾਂ ਵਿੱਚੋਂ ਇੱਕ ਹੈਂ ਜਿਹੜੇ ਪਿੱਛੇ ਰਹਿ ਗਏ ਹਨ। ਪਰਮੇਸ਼ੁਰ ਲੋਕਾਂ ਦਾ ਸੰਚਾਲਨ ਕਰਨ ਲਈ ਵਚਨਾਂ ਦਾ ਇਸਤੇਮਾਲ ਕਰਦਾ ਹੈ; ਜੇ ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਖਾਂਦਾ ਅਤੇ ਪੀਂਦਾ ਹੈਂ ਤਾਂ ਤੈਨੂੰ ਚੰਗਾ ਮਹਿਸੂਸ ਹੁੰਦਾ ਹੈ, ਪਰ ਜੇ ਤੂੰ ਅਜਿਹਾ ਨਹੀਂ ਕਰਦਾ ਤਾਂ ਤੇਰੇ ਕੋਲ ਚੱਲਣ ਲਈ ਕੋਈ ਰਾਹ ਨਹੀਂ ਹੈ। ਪਰਮੇਸ਼ੁਰ ਦੇ ਵਚਨ ਲੋਕਾਂ ਦਾ ਭੋਜਨ, ਅਤੇ ਉਨ੍ਹਾਂ ਨੂੰ ਚਲਾਉਣ ਵਾਲੀ ਸ਼ਕਤੀ ਬਣ ਜਾਂਦੇ ਹਨ। ਬਾਈਬਲ ਕਹਿੰਦੀ ਹੈ, “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” ਅੱਜ, ਪਰਮੇਸ਼ੁਰ ਇਸ ਕੰਮ ਨੂੰ ਪੂਰਾ ਕਰੇਗਾ, ਅਤੇ ਉਹ ਇਸ ਤੱਥ ਨੂੰ ਤੁਹਾਡੇ ਅੰਦਰ ਨੇਪਰੇ ਚਾੜ੍ਹੇਗਾ। ਇਹ ਕਿਵੇਂ ਹੁੰਦਾ ਸੀ ਕਿ ਬੀਤੇ ਸਮੇਂ ਵਿੱਚ ਲੋਕ ਪਰਮੇਸ਼ੁਰ ਦੇ ਵਚਨਾਂ ਨੂੰ ਕਈ-ਕਈ ਦਿਨ ਪੜ੍ਹੇ ਬਿਨਾਂ ਵੀ ਆਮ ਵਾਂਗ ਖਾਂਦੇ ਅਤੇ ਕੰਮ ਕਰਦੇ ਰਹਿੰਦੇ ਸਨ, ਪਰ ਅੱਜ ਇਸ ਤਰ੍ਹਾਂ ਨਹੀਂ ਹੁੰਦਾ? ਅੱਜ ਦੇ ਯੁਗ ਵਿੱਚ, ਸਭ ਕੁਝ ਚਲਾਉਣ ਲਈ ਪਰਮੇਸ਼ੁਰ ਮੁੱਖ ਤੌਰ ’ਤੇ ਵਚਨਾਂ ਦਾ ਇਸਤੇਮਾਲ ਕਰਦਾ ਹੈ। ਪਰਮੇਸ਼ੁਰ ਦੇ ਵਚਨਾਂ ਦੇ ਰਾਹੀਂ ਮਨੁੱਖ ਦਾ ਨਿਆਂ ਕੀਤਾ ਜਾਂਦਾ ਹੈ ਅਤੇ ਉਸ ਨੂੰ ਸਿੱਧ ਬਣਾਇਆ ਜਾਂਦਾ ਹੈ, ਤੇ ਅੰਤ ਵਿੱਚ ਰਾਜ ਵਿੱਚ ਲਿਜਾਇਆ ਜਾਂਦਾ ਹੈ। ਕੇਵਲ ਪਰਮੇਸ਼ੁਰ ਦੇ ਵਚਨ ਹੀ ਮਨੁੱਖ ਦੇ ਜੀਵਨ ਦੀ ਪੂਰਤੀ ਕਰ ਸਕਦੇ ਹਨ, ਅਤੇ ਕੇਵਲ ਪਰਮੇਸ਼ੁਰ ਦੇ ਵਚਨ ਹੀ ਮਨੁੱਖ ਨੂੰ ਚਾਨਣ ਅਤੇ ਅਮਲ ਕਰਨ ਦਾ ਰਾਹ ਪ੍ਰਦਾਨ ਕਰ ਸਕਦੇ ਹਨ, ਖਾਸ ਕਰਕੇ ਰਾਜ ਦੇ ਯੁਗ ਵਿੱਚ। ਜਦੋਂ ਤਕ ਤੂੰ ਪਰਮੇਸ਼ੁਰ ਦੇ ਵਚਨਾਂ ਦੀ ਸੱਚਾਈ ਤੋਂ ਨਹੀਂ ਭਟਕਦਾ ਅਤੇ ਹਰ ਦਿਨ ਉਸ ਦੇ ਵਚਨਾਂ ਨੂੰ ਖਾਂਦਾ ਅਤੇ ਪੀਂਦਾ ਹੈਂ, ਪਰਮੇਸ਼ੁਰ ਤੈਨੂੰ ਸਿੱਧ ਬਣਾ ਸਕੇਗਾ।
ਜੀਵਨ ਦੀ ਖੋਜ ਅਜਿਹੀ ਚੀਜ਼ ਨਹੀਂ ਜਿਸ ਦੇ ਬਾਰੇ ਜਲਦਬਾਜ਼ੀ ਕੀਤੀ ਜਾ ਸਕੇ; ਜੀਵਨ ਦਾ ਵਿਕਾਸ ਇੱਕ ਜਾਂ ਦੋ ਦਿਨਾਂ ਵਿੱਚ ਨਹੀਂ ਹੁੰਦਾ। ਪਰਮੇਸ਼ੁਰ ਦਾ ਕੰਮ ਸਾਦਾ ਅਤੇ ਵਿਹਾਰਕ ਹੈ, ਅਤੇ ਇੱਕ ਖਾਸ ਪ੍ਰਕਿਰਿਆ ਹੈ ਜਿਸ ਦੇ ਵਿੱਚੋਂ ਇਸ ਨੂੰ ਲੰਘਣਾ ਪੈਂਦਾ ਹੈ। ਦੇਹਧਾਰੀ ਯਿਸੂ ਨੂੰ ਆਪਣੇ ਸਲੀਬ ’ਤੇ ਚੜ੍ਹਾਏ ਜਾਣ ਦੇ ਕੰਮ ਨੂੰ ਪੂਰਾ ਕਰਨ ਵਿੱਚ ਸਾਢੇ ਤੇਤੀ ਸਾਲ ਦਾ ਸਮਾਂ ਲੱਗਾ—ਤਾਂ ਮਨੁੱਖ ਨੂੰ ਸ਼ੁੱਧ ਕਰਨ ਅਤੇ ਉਸ ਦੇ ਜੀਵਨ ਨੂੰ ਬਦਲਣ ਦੇ ਕੰਮ ਬਾਰੇ ਕੀ ਕਿਹਾ ਜਾਵੇ, ਜੋ ਕਿ ਸਭ ਤੋਂ ਵਧੀਕ ਕਠਿਨ ਕੰਮ ਹੈ? ਇੱਕ ਆਮ ਵਿਅਕਤੀ ਨੂੰ ਪਰਮੇਸ਼ੁਰ ਨੂੰ ਪਰਗਟ ਕਰਨ ਵਾਲਾ ਬਣਾਉਣਾ ਕੋਈ ਅਸਾਨ ਕੰਮ ਨਹੀਂ ਹੈ। ਇਹ ਗੱਲ ਖਾਸ ਕਰਕੇ ਉਨ੍ਹਾਂ ਲੋਕਾਂ ਲਈ ਢੁਕਵੀਂ ਹੈ ਜਿਹੜੇ ਵੱਡੇ ਲਾਲ ਅਜਗਰ ਦੇ ਦੇਸ ਵਿੱਚ ਪੈਦਾ ਹੋਏ ਹਨ, ਜਿਨ੍ਹਾਂ ਦੇ ਅੰਦਰ ਯੋਗਤਾ ਦੀ ਘਾਟ ਹੈ ਅਤੇ ਜਿਨ੍ਹਾਂ ਉੱਤੇ ਪਰਮੇਸ਼ੁਰ ਦੇ ਵਚਨਾਂ ਅਤੇ ਕੰਮ ਦਾ ਇੱਕ ਲੰਮਾ ਸਮਾਂ ਬਿਤਾਏ ਜਾਣ ਦੀ ਲੋੜ ਹੈ। ਇਸ ਕਰਕੇ ਨਤੀਜਿਆਂ ਲਈ ਬਹੁਤਾ ਉਤਾਵਲਾ ਨਾ ਹੋ। ਤੈਨੂੰ ਪਰਮੇਸ਼ੁਰ ਦੇ ਵਚਨਾਂ ਨੂੰ ਖਾਣ ਅਤੇ ਪੀਣ ਵਿੱਚ ਜ਼ਿਆਦਾ ਜੋਸ਼ੀਲਾ ਹੋਣ, ਅਤੇ ਪਰਮੇਸ਼ੁਰ ਦੇ ਵਚਨਾਂ ਵਿੱਚ ਹੋਰ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ। ਜਦੋਂ ਤੂੰ ਉਸ ਦੇ ਵਚਨਾਂ ਨੂੰ ਪੜ੍ਹ ਹਟੇਂ, ਤਾਂ ਤੂੰ ਉਨ੍ਹਾਂ ਨੂੰ ਅਸਲ ਵਿੱਚ ਅਮਲ ਵਿੱਚ ਲਿਆਉਣ ਦੇ ਕਾਬਲ ਜ਼ਰੂਰ ਹੋਣਾ ਚਾਹੀਦਾ ਹੈਂ, ਅਤੇ ਪਰਮੇਸ਼ੁਰ ਦੇ ਵਚਨਾਂ ਵਿੱਚ ਗਿਆਨ, ਡੁੰਘੀ ਸੋਝੀ, ਸਮਝ ਸਿਆਣਪ ਵਧਣ ਦੇ ਕਾਬਲ ਜ਼ਰੂਰ ਹੋਣਾ ਚਾਹੀਦਾ ਹੈਂ। ਇਸ ਦੇ ਰਾਹੀਂ ਤੂੰ ਬਦਲ ਜਾਵੇਂਗਾ ਅਤੇ ਤੈਨੂੰ ਪਤਾ ਵੀ ਨਹੀਂ ਲੱਗੇਗਾ। ਜੇ ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਖਾਣ ਅਤੇ ਪੀਣ ਨੂੰ ਆਪਣਾ ਸਿਧਾਂਤ ਬਣਾ ਲਵੇਂ, ਇਨ੍ਹਾਂ ਨੂੰ ਪੜ੍ਹੇਂ, ਇਨ੍ਹਾਂ ਨੂੰ ਜਾਣੇਂ, ਇਨ੍ਹਾਂ ਦਾ ਅਨੁਭਵ ਕਰੇਂ ਅਤੇ ਇਨ੍ਹਾਂ ਨੂੰ ਅਮਲ ਵਿੱਚ ਲਿਆਵੇਂ, ਤਾਂ ਤੈਨੂੰ ਪਤਾ ਵੀ ਨਹੀਂ ਲੱਗੇਗਾ ਕਿ ਤੂੰ ਪਰਿਪੱਕ ਹੋ ਜਾਵੇਂਗਾ। ਅਜਿਹੇ ਲੋਕ ਵੀ ਹਨ ਜਿਹੜੇ ਕਹਿੰਦੇ ਹਨ ਕਿ ਉਹ ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹਨ ਦੇ ਬਾਵਜੂਦ ਇਨ੍ਹਾਂ ਨੂੰ ਅਮਲ ਵਿੱਚ ਲਿਆਉਣ ਵਿੱਚ ਅਸਮਰਥ ਹਨ। ਤੈਨੂੰ ਕਿਸ ਗੱਲ ਦੀ ਜਲਦੀ ਹੈ? ਜਦੋਂ ਤੂੰ ਇੱਕ ਖਾਸ ਰੁਤਬੇ ’ਤੇ ਪਹੁੰਚ ਜਾਵੇਂਗਾ ਤਾਂ ਤੂੰ ਉਸ ਦੇ ਵਚਨਾਂ ਨੂੰ ਅਮਲ ਵਿੱਚ ਲਿਆਉਣ ਦੇ ਕਾਬਲ ਹੋ ਜਾਵੇਂਗਾ। ਕੀ ਕੋਈ ਚਾਰ ਜਾਂ ਪੰਜ ਸਾਲ ਦਾ ਬੱਚਾ ਇਹ ਕਹੇਗਾ ਕਿ ਉਹ ਆਪਣੇ ਮਾਤਾ-ਪਿਤਾ ਦਾ ਸਾਥ ਦੇਣ ਜਾਂ ਉਨ੍ਹਾਂ ਦਾ ਆਦਰ ਕਰਨ ਵਿੱਚ ਅਸਮਰਥ ਹੈ? ਤੈਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਤੇਰਾ ਵਰਤਮਾਨ ਰੁਤਬਾ ਕਿੰਨਾ ਉੱਚਾ ਹੈ। ਜਿਸ ਚੀਜ਼ ਨੂੰ ਅਮਲ ਵਿੱਚ ਲਿਆ ਸਕੇਂ ਉਸ ਨੂੰ ਅਮਲ ਵਿੱਚ ਲਿਆ, ਅਤੇ ਅਜਿਹਾ ਵਿਅਕਤੀ ਬਣਨ ਤੋਂ ਬਚ ਜਿਹੜਾ ਪਰਮੇਸ਼ੁਰ ਦੇ ਪ੍ਰਬੰਧਨ ਵਿੱਚ ਵਿਘਨ ਪਾਉਂਦਾ ਹੈ। ਬਸ ਪਰਮੇਸ਼ੁਰ ਦੇ ਵਚਨਾਂ ਨੂੰ ਖਾਂਦਾ ਅਤੇ ਪੀਂਦਾ ਰਹਿ, ਅਤੇ ਹੁਣ ਤੋਂ ਇਸੇ ਨੂੰ ਆਪਣਾ ਸਿਧਾਂਤ ਬਣਾ ਕੇ ਚੱਲ। ਫਿਲਹਾਲ, ਇਸ ਗੱਲ ਦੀ ਚਿੰਤਾ ਨਾ ਕਰ, ਕਿ ਪਰਮੇਸ਼ੁਰ ਤੈਨੂੰ ਸੰਪੂਰਣ ਬਣਾ ਸਕੇਗਾ ਜਾਂ ਨਹੀਂ। ਹਾਲੇ ਇੰਨੀ ਡੂੰਘਾਈ ਵਿੱਚ ਨਾ ਜਾ! ਬਸ ਜਿਵੇਂ-ਜਿਵੇਂ ਪਰਮੇਸ਼ੁਰ ਦੇ ਵਚਨ ਤੇਰੇ ਤਕ ਪਹੁੰਚਦੇ ਹਨ ਇਨ੍ਹਾਂ ਨੂੰ ਖਾਣ ਅਤੇ ਪੀਣ ਵਿੱਚ ਲੱਗਾ ਰਹਿ, ਅਤੇ ਪਰਮੇਸ਼ੁਰ ਨਿਸ਼ਚਿਤ ਹੀ ਤੈਨੂੰ ਸੰਪੂਰਣ ਬਣਾਵੇਗਾ। ਪਰ, ਉਸ ਦੇ ਵਚਨਾਂ ਨੂੰ ਖਾਣ ਅਤੇ ਪੀਣ ਦਾ ਇੱਕ ਸਿਧਾਂਤ ਹੈ ਜਿਸ ਦਾ ਤੈਨੂੰ ਪਾਲਣ ਕਰਨਾ ਜ਼ਰੂਰੀ ਹੈ। ਇਹ ਅੰਨ੍ਹੇਵਾਹ ਨਾ ਕਰ। ਇੱਕ ਪਾਸੇ, ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਖਾਂਦਾ ਅਤੇ ਪੀਂਦਾ ਹੋਇਆ ਉਨ੍ਹਾਂ ਵਚਨਾਂ ਨੂੰ ਖੋਜਦਾ ਰਹਿ ਜਿਨ੍ਹਾਂ ਨੂੰ ਜਾਣਨਾ ਤੇਰੇ ਲਈ ਜ਼ਰੂਰੀ ਹੈ, ਅਰਥਾਤ ਜਿਨ੍ਹਾਂ ਦਾ ਸੰਬੰਧ ਤੇਰੇ ਦਰਸ਼ਣਾਂ ਦੇ ਨਾਲ ਹੈ, ਅਤੇ ਦੂਜੇ ਪਾਸੇ, ਉਨ੍ਹਾਂ ਵਚਨਾਂ ਨੂੰ ਖੋਜ ਜਿਨ੍ਹਾਂ ਨੂੰ ਤੈਨੂੰ ਅਸਲ ਵਿੱਚ ਅਮਲ ਵਿੱਚ ਲਿਆਉਣ ਦੀ ਜ਼ਰੂਰਤ ਹੈ, ਅਰਥਾਤ ਜਿਸ ਵਿੱਚ ਤੈਨੂੰ ਪ੍ਰਵੇਸ਼ ਕਰਨ ਦੀ ਲੋੜ ਹੈ। ਇੱਕ ਪਹਿਲੂ ਦਾ ਸੰਬੰਧ ਗਿਆਨ ਨਾਲ ਹੈ, ਅਤੇ ਦੂਜੇ ਦਾ ਪ੍ਰਵੇਸ਼ ਕਰਨ ਨਾਲ। ਜਦੋਂ ਤੂੰ ਇਨ੍ਹਾਂ ਦੋਹਾਂ ਨੂੰ ਸਮਝ ਜਾਵੇਂਗਾ—ਜਦੋਂ ਤੂੰ ਇਹ ਸਮਝ ਜਾਵੇਂਗਾ ਕਿ ਤੂੰ ਕੀ ਜਾਣਨਾ ਹੈ ਅਤੇ ਕੀ ਅਮਲ ਵਿੱਚ ਲਿਆਉਣਾ ਹੈ—ਤਾਂ ਤੈਨੂੰ ਪਰਮੇਸ਼ੁਰ ਦੇ ਵਚਨਾਂ ਨੂੰ ਖਾਣਾ ਅਤੇ ਪੀਣਾ ਆ ਜਾਵੇਗਾ।
ਅੱਗੇ ਵਧਦਿਆਂ, ਪਰਮੇਸ਼ੁਰ ਦੇ ਵਚਨਾਂ ਬਾਰੇ ਗੱਲਬਾਤ ਕਰਨਾ ਹੀ ਤੇਰੇ ਬੋਲਣ ਦਾ ਸਿਧਾਂਤ ਹੋਣਾ ਚਾਹੀਦਾ ਹੈ। ਆਮ ਤੌਰ ’ਤੇ, ਜਦੋਂ ਤੁਸੀਂ ਇਕੱਠੇ ਹੁੰਦੇ ਹੋ ਤਾਂ ਤੁਹਾਨੂੰ ਪਰਮੇਸ਼ੁਰ ਦੇ ਵਚਨਾਂ ਦੇ ਸੰਬੰਧ ਵਿੱਚ ਸੰਗਤੀ ਕਰਨੀ ਚਾਹੀਦੀ ਹੈ, ਪਰਮੇਸ਼ੁਰ ਦੇ ਵਚਨਾਂ ਨੂੰ ਆਪਸੀ ਗੱਲਬਾਤ ਦਾ ਵਿਸ਼ਾ ਬਣਾਉਣਾ ਚਾਹੀਦਾ ਹੈ, ਇਸ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ ਕਿ ਤੁਸੀਂ ਇਨ੍ਹਾਂ ਵਚਨਾਂ ਬਾਰੇ ਕਿੰਨਾ ਜਾਣਦੇ ਹੋ, ਇਨ੍ਹਾਂ ਨੂੰ ਅਮਲ ਵਿੱਚ ਕਿਵੇਂ ਲਿਆਉਂਦੇ ਹੋ, ਅਤੇ ਪਵਿੱਤਰ ਆਤਮਾ ਕਿਵੇਂ ਕੰਮ ਕਰਦਾ ਹੈ। ਜਦੋਂ ਤਕ ਤੂੰ ਪਰਮੇਸ਼ੁਰ ਦੇ ਵਚਨਾਂ ਨਾਲ ਸੰਗਤੀ ਕਰਦਾ ਰਹੇਂਗਾ, ਪਵਿੱਤਰ ਆਤਮਾ ਤੈਨੂੰ ਪ੍ਰਕਾਸ਼ਮਾਨ ਕਰਦਾ ਰਹੇਗਾ। ਪਰਮੇਸ਼ੁਰ ਦੇ ਵਚਨਾਂ ਦਾ ਸੰਸਾਰ ਨੂੰ ਹਾਸਲ ਕਰਨ ਲਈ ਮਨੁੱਖ ਦੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ। ਜੇ ਤੂੰ ਇਸ ਵਿੱਚ ਪ੍ਰਵੇਸ਼ ਨਹੀਂ ਕਰਦਾ, ਤਾਂ ਪਰਮੇਸ਼ੁਰ ਕੋਲ ਕੰਮ ਕਰਨ ਦਾ ਕੋਈ ਤਰੀਕਾ ਨਹੀਂ ਹੋਵੇਗਾ; ਜੇ ਤੂੰ ਆਪਣੇ ਮੂੰਹ ਨੂੰ ਬੰਦ ਕਰ ਛੱਡੇਂਗਾ ਅਤੇ ਉਸ ਦੇ ਵਚਨਾਂ ਦੇ ਬਾਰੇ ਗੱਲਬਾਤ ਨਹੀਂ ਕਰੇਂਗਾ, ਤਾਂ ਉਸ ਕੋਲ ਤੈਨੂੰ ਪ੍ਰਕਾਸ਼ਮਾਨ ਕਰਨ ਦਾ ਕੋਈ ਤਰੀਕਾ ਨਹੀਂ ਹੋਵੇਗਾ। ਜਦੋਂ ਕਦੇ ਵੀ ਤੂੰ ਕਿਸੇ ਹੋਰ ਕੰਮ ਵਿੱਚ ਨਾ ਰੁੱਝਿਆ ਹੋਵੇਂ ਤਾਂ ਪਰਮੇਸ਼ੁਰ ਦੇ ਵਚਨਾਂ ਦੇ ਬਾਰੇ ਗੱਲਬਾਤ ਕਰ, ਅਤੇ ਐਵੇਂ ਫਾਲਤੂ ਦੀ ਗੱਪਸ਼ੱਪ ਬਕਬਕ ਵਿੱਚ ਨਾ ਲੱਗਾ ਰਹਿ! ਆਪਣੇ ਜੀਵਨ ਨੂੰ ਪਰਮੇਸ਼ੁਰ ਦੇ ਵਚਨਾਂ ਨਾਲ ਭਰ ਜਾਣ ਦੇ—ਤਾਂ ਹੀ ਤੂੰ ਇੱਕ ਸ਼ਰਧਾਵਾਨ ਵਿਸ਼ਵਾਸੀ ਬਣ ਸਕੇਂਗਾ। ਕੋਈ ਗੱਲ ਨਹੀਂ ਜੇ ਤੇਰੀ ਸੰਗਤੀ ਸਤਹੀ ਹੈ। ਜਿੱਥੇ ਸਤਹੀਪਣ ਨਹੀਂ ਉੱਥੇ ਗਹਿਰਾਈ ਵੀ ਨਹੀਂ ਹੋ ਸਕਦੀ। ਇੱਕ ਪ੍ਰਕਿਰਿਆ ਹੋਣੀ ਜ਼ਰੂਰੀ ਹੈ। ਆਪਣੀ ਸਿਖਲਾਈ ਦੇ ਦੁਆਰਾ, ਤੂੰ ਆਪਣੇ ਉੱਤੇ ਪਵਿੱਤਰ ਆਤਮਾ ਦੇ ਪ੍ਰਕਾਸ਼ ਨੂੰ, ਅਤੇ ਇਸ ਗੱਲ ਨੂੰ ਸਮਝ ਸਕੇਂਗਾ ਕਿ ਪਰਮੇਸ਼ੁਰ ਦੇ ਵਚਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਖਾਣਾ ਅਤੇ ਪੀਣਾ ਹੈ। ਕੁਝ ਦੇਰ ਜਾਂਚ-ਪੜਤਾਲ ਕਰਨ ਤੋਂ ਬਾਅਦ, ਤੂੰ ਪਰਮੇਸ਼ੁਰ ਦੇ ਵਚਨਾਂ ਦੀ ਅਸਲੀਅਤ ਵਿੱਚ ਪ੍ਰਵੇਸ਼ ਕਰ ਪਾਵੇਂਗਾ। ਜੇ ਤੂੰ ਸਹਿਯੋਗ ਕਰਨ ਦਾ ਸੰਕਲਪ ਕਰੇਂ, ਕੇਵਲ ਤਾਂ ਹੀ ਤੂੰ ਪਵਿੱਤਰ ਆਤਮਾ ਦੇ ਕੰਮ ਨੂੰ ਪ੍ਰਾਪਤ ਕਰਨ ਦੇ ਯੋਗ ਹੋਵੇਂਗਾ।
ਪਰਮੇਸ਼ੁਰ ਦੇ ਵਚਨਾਂ ਨੂੰ ਖਾਣ ਅਤੇ ਪੀਣ ਦੇ ਨਿਯਮਾਂ ਵਿੱਚੋਂ, ਇੱਕ ਦਾ ਸੰਬੰਧ ਗਿਆਨ ਨਾਲ, ਅਤੇ ਦੂਜੇ ਦਾ ਪ੍ਰਵੇਸ਼ ਨਾਲ ਹੈ। ਤੈਨੂੰ ਕਿਹੜੇ ਵਚਨਾਂ ਬਾਰੇ ਜਾਣਨ ਦੀ ਜ਼ਰੂਰਤ ਹੈ? ਤੈਨੂੰ ਉਨ੍ਹਾਂ ਵਚਨਾਂ ਬਾਰੇ ਜਾਣਨ ਦੀ ਜ਼ਰੂਰਤ ਹੈ ਜਿਨ੍ਹਾਂ ਦਾ ਸੰਬੰਧ ਦਰਸ਼ਣਾਂ ਨਾਲ ਹੈ (ਜਿਵੇਂ ਕਿ, ਇਸ ਸਮੇਂ ਪਰਮੇਸ਼ੁਰ ਦਾ ਵਚਨ ਕਿਹੜੇ ਯੁਗ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ, ਪਰਮੇਸ਼ੁਰ ਇਸ ਸਮੇਂ ਕੀ ਹਾਸਲ ਕਰਨਾ ਚਾਹੁੰਦਾ ਹੈ, ਦੇਹਧਾਰਣ ਕੀ ਹੈ, ਅਤੇ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਸਬੰਧਤ ਦਰਸ਼ਣ; ਇਨ੍ਹਾਂ ਸਾਰੀਆਂ ਗੱਲਾਂ ਦਾ ਸੰਬੰਧ ਦਰਸ਼ਣਾਂ ਨਾਲ ਹੈ)। ਉਸ ਰਾਹ ਤੋਂ ਕੀ ਭਾਵ ਹੈ ਜਿਸ ਵਿੱਚ ਮਨੁੱਖ ਨੂੰ ਪ੍ਰਵੇਸ਼ ਕਰਨ ਦੀ ਜ਼ਰੂਰਤ ਹੈ? ਇਸ ਦਾ ਸੰਬੰਧ ਪਰਮੇਸ਼ੁਰ ਦੇ ਉਨ੍ਹਾਂ ਵਚਨਾਂ ਨਾਲ ਹੈ ਜਿਨ੍ਹਾਂ ਨੂੰ ਮਨੁੱਖ ਨੂੰ ਅਮਲ ਵਿੱਚ ਲਿਆਉਣ ਦੀ ਅਤੇ ਜਿਨ੍ਹਾਂ ਵਿੱਚ ਉਸ ਨੂੰ ਪ੍ਰਵੇਸ਼ ਕਰਨ ਦੀ ਜ਼ਰੂਰਤ ਹੈ। ਪਰਮੇਸ਼ੁਰ ਦੇ ਵਚਨਾਂ ਨੂੰ ਖਾਣ ਅਤੇ ਪੀਣ ਦੇ ਉਪਰੋਕਤ ਦੋ ਪਹਿਲੂ ਹਨ। ਹੁਣ ਤੋਂ, ਪਰਮੇਸ਼ੁਰ ਦੇ ਵਚਨਾਂ ਨੂੰ ਇਸੇ ਤਰੀਕੇ ਨਾਲ ਖਾ ਅਤੇ ਪੀ। ਜੇ ਤੈਨੂੰ ਦਰਸ਼ਣਾਂ ਨਾਲ ਸੰਬੰਧਤ ਉਸ ਦੇ ਵਚਨਾਂ ਦੀ ਸਾਫ਼-ਸਾਫ਼ ਸਮਝ ਹੈ, ਤਾਂ ਹਰ ਸਮੇਂ ਪੜ੍ਹਦੇ ਰਹਿਣ ਦੀ ਜ਼ਰੂਰਤ ਨਹੀਂ ਹੈ। ਮੁੱਖ ਮਹੱਤਵ ਪ੍ਰਵੇਸ਼ ਨਾਲ ਸੰਬੰਧਤ ਵਚਨਾਂ ਨੂੰ ਵਧੇਰੇ ਖਾਣ ਅਤੇ ਪੀਣ ਦਾ ਹੈ, ਜਿਵੇਂ ਕਿ ਆਪਣੇ ਦਿਲ ਨੂੰ ਪਰਮੇਸ਼ੁਰ ਵੱਲ ਕਿਵੇਂ ਮੋੜਨਾ ਹੈ, ਆਪਣੇ ਮਨ ਨੂੰ ਪਰਮੇਸ਼ੁਰ ਦੇ ਸਾਹਮਣੇ ਕਿਵੇਂ ਸ਼ਾਂਤ ਰੱਖਣਾ ਹੈ, ਅਤੇ ਸਰੀਰਕ ਗੱਲਾਂ ਨੂੰ ਕਿਵੇਂ ਤਿਆਗਣਾ ਹੈ। ਇਹ ਉਹ ਗੱਲਾਂ ਹਨ ਜਿਨ੍ਹਾਂ ਉੱਤੇ ਤੈਨੂੰ ਅਮਲ ਕਰਨਾ ਚਾਹੀਦਾ ਹੈ। ਇਹ ਜਾਣੇ ਬਿਨਾਂ ਸੱਚੀ ਸੰਗਤੀ ਕਰ ਪਾਉਣਾ ਅਸੰਭਵ ਹੈ ਕਿ ਪਰਮੇਸ਼ੁਰ ਦੇ ਵਚਨਾਂ ਨੂੰ ਕਿਵੇਂ ਖਾਣਾ ਅਤੇ ਪੀਣਾ ਹੈ। ਜਦੋਂ ਇੱਕ ਵਾਰ ਤੂੰ ਉਸ ਦੇ ਵਚਨਾਂ ਨੂੰ ਖਾਣਾ ਅਤੇ ਪੀਣਾ ਜਾਣ ਜਾਂਦਾ ਹੈਂ, ਜਦੋਂ ਤੂੰ ਮੁੱਖ ਭੇਤ ਨੂੰ ਸਮਝ ਲੈਂਦਾ ਹੈਂ, ਤਾਂ ਉਸ ਦੇ ਵਚਨਾਂ ਦੀ ਸੰਗਤੀ ਸਹਿਜ ਹੋ ਜਾਵੇਗੀ, ਅਤੇ ਜੋ ਵੀ ਮੁੱਦਾ ਉੱਠੇ, ਤੂੰ ਵਚਨਾਂ ਦੀ ਸੰਗਤੀ ਕਰ ਸਕੇਂਗਾ ਅਤੇ ਅਸਲੀਅਤ ਨੂੰ ਸਮਝ ਸਕੇਂਗਾ। ਜੇ ਪਰਮੇਸ਼ੁਰ ਦੇ ਵਚਨਾਂ ਦੀ ਸੰਗਤੀ ਕਰਦੇ ਸਮੇਂ ਤੇਰੇ ਅੰਦਰ ਅਸਲੀਅਤ ਨਹੀਂ ਹੈ, ਤਾਂ ਤੂੰ ਅਸਲ ਭੇਤ ਨੂੰ ਨਹੀਂ ਸਮਝਿਆ ਹੈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਖਾਣਾ ਅਤੇ ਪੀਣਾ ਨਹੀਂ ਜਾਣਦਾ। ਹੋ ਸਕਦਾ ਹੈ ਕਿ ਕੁਝ ਲੋਕਾਂ ਨੂੰ ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹਨਾ ਥਕਾਉਣ ਵਾਲਾ ਲੱਗਦਾ ਹੋਵੇ, ਜੋ ਕਿ ਸਧਾਰਣ ਅਵਸਥਾ ਨਹੀਂ ਹੈ। ਸਧਾਰਣ ਅਵਸਥਾ ਇਹ ਹੈ ਕਿ ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹਦਿਆਂ ਕਦੇ ਨਾ ਥੱਕਣਾ, ਹਰ ਸਮੇਂ ਉਸ ਦੇ ਵਚਨਾਂ ਦੇ ਪਿਆਸੇ ਰਹਿਣਾ, ਅਤੇ ਪਰਮੇਸ਼ੁਰ ਦੇ ਵਚਨ ਹਮੇਸ਼ਾ ਚੰਗੇ ਲੱਗਣਾ। ਉਹ ਵਿਅਕਤੀ ਜਿਹੜਾ ਅਸਲ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ, ਇਸੇ ਤਰੀਕੇ ਨਾਲ ਪਰਮੇਸ਼ੁਰ ਦੇ ਵਚਨਾਂ ਨੂੰ ਖਾਂਦਾ ਅਤੇ ਪੀਂਦਾ ਹੈ। ਜਦੋਂ ਤੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਪਰਮੇਸ਼ੁਰ ਦੇ ਵਚਨ ਬਹੁਤ ਜ਼ਿਆਦਾ ਵਿਹਾਰਕ ਹਨ ਅਤੇ ਬਿਲਕੁਲ ਇਹੀ ਚੀਜ਼ ਹੈ ਜਿਸ ਵਿੱਚ ਮਨੁੱਖ ਨੂੰ ਪ੍ਰਵੇਸ਼ ਕਰਨਾ ਚਾਹੀਦਾ ਹੈ; ਜਦੋਂ ਤੂੰ ਇਹ ਮਹਿਸੂਸ ਕਰਦਾ ਹੈਂ ਕਿ ਉਸ ਦੇ ਵਚਨ ਮਨੁੱਖ ਲਈ ਬਹੁਤ ਮਦਦਗਾਰ ਅਤੇ ਲਾਭਦਾਇਕ ਹਨ, ਅਤੇ ਇਹੀ ਮਨੁੱਖ ਦੇ ਜੀਵਨ ਦਾ ਪ੍ਰਬੰਧ ਹਨ—ਤਾਂ ਤੈਨੂੰ ਇਹ ਅਹਿਸਾਸ ਦੇਣ ਵਾਲਾ ਪਵਿੱਤਰ ਆਤਮਾ ਹੀ ਹੁੰਦਾ ਹੈ, ਅਤੇ ਪਵਿੱਤਰ ਆਤਮਾ ਹੀ ਤੇਰੇ ਅੰਦਰ ਆਪਣਾ ਅਸਰ ਕਰਦਾ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਪਵਿੱਤਰ ਆਤਮਾ ਤੇਰੇ ਅੰਦਰ ਕੰਮ ਕਰ ਰਿਹਾ ਹੈ ਅਤੇ ਪਰਮੇਸ਼ੁਰ ਨੇ ਤੇਰੇ ਤੋਂ ਮੂੰਹ ਨਹੀਂ ਮੋੜਿਆ ਹੈ। ਕੁਝ ਲੋਕ ਇਹ ਵੇਖ ਕੇ, ਕਿ ਪਰਮੇਸ਼ੁਰ ਹਰ ਸਮੇਂ ਗੱਲ ਕਰਦਾ ਹੈ, ਉਸ ਦੇ ਵਚਨਾਂ ਤੋਂ ਅੱਕ ਜਾਂਦੇ ਹਨ, ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਸ ਦੇ ਵਚਨਾਂ ਨੂੰ ਪੜ੍ਹਨ ਜਾਂ ਨਾ ਪੜ੍ਹਨ ਨਾਲ ਕੋਈ ਫਰਕ ਨਹੀਂ ਪੈਂਦਾ—ਇਹ ਸਧਾਰਣ ਅਵਸਥਾ ਨਹੀਂ ਹੈ। ਉਨ੍ਹਾਂ ਅੰਦਰ ਅਜਿਹੇ ਦਿਲ ਦੀ ਘਾਟ ਹੈ ਜਿਹੜਾ ਅਸਲੀਅਤ ਵਿੱਚ ਪ੍ਰਵੇਸ਼ ਕਰਨ ਲਈ ਪਿਆਸਾ ਹੈ, ਅਤੇ ਅਜਿਹੇ ਲੋਕਾਂ ਵਿੱਚ ਨਾ ਤਾਂ ਸਿੱਧ ਬਣਾਏ ਜਾਣ ਦੀ ਪਿਆਸ ਹੁੰਦੀ ਹੈ ਅਤੇ ਨਾ ਹੀ ਇਸ ਦਾ ਉਨ੍ਹਾਂ ਲਈ ਕੋਈ ਮਹੱਤਵ ਹੁੰਦਾ ਹੈ। ਜਦੋਂ ਵੀ ਤੈਨੂੰ ਇਹ ਲੱਗਦਾ ਹੈ ਕਿ ਤੈਨੂੰ ਪਰਮੇਸ਼ੁਰ ਦੇ ਵਚਨਾਂ ਲਈ ਪਿਆਸਾ ਨਹੀਂ ਹੈਂ, ਤਾਂ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਤੇਰੀ ਅਵਸਥਾ ਸਧਾਰਣ ਨਹੀਂ ਹੈ। ਬੀਤੇ ਸਮੇਂ ਵਿੱਚ, ਪਰਮੇਸ਼ੁਰ ਨੇ ਤੇਰੇ ਤੋਂ ਮੂੰਹ ਮੋੜਿਆ ਜਾਂ ਨਹੀਂ, ਇਸ ਦਾ ਪਤਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਤੇਰੇ ਅੰਦਰ ਸ਼ਾਂਤੀ ਸੀ ਜਾਂ ਨਹੀਂ, ਅਤੇ ਤੂੰ ਅਨੰਦ ਮਹਿਸੂਸ ਕਰਦਾ ਸੀ ਜਾਂ ਨਹੀਂ। ਹੁਣ ਮਹੱਤਵਪੂਰਨ ਗੱਲ ਇਹ ਹੈ ਕਿ ਕੀ ਤੂੰ ਪਰਮੇਸ਼ੁਰ ਦੇ ਵਚਨਾਂ ਲਈ ਪਿਆਸ ਮਹਿਸੂਸ ਕਰਦਾ ਹੈਂ ਜਾਂ ਨਹੀਂ, ਕੀ ਉਸ ਦੇ ਵਚਨ ਤੇਰੀ ਅਸਲੀਅਤ ਹਨ ਜਾਂ ਨਹੀਂ, ਕੀ ਤੂੰ ਵਫ਼ਾਦਾਰ ਹੈਂ ਜਾਂ ਨਹੀਂ, ਅਤੇ ਕੀ ਤੂੰ ਪਰਮੇਸ਼ੁਰ ਲਈ ਉਹ ਸਭ ਕਰਨ ਦੇ ਸਮਰੱਥ ਹੈਂ ਜਾਂ ਨਹੀਂ ਜੋ ਤੂੰ ਕਰ ਸਕਦਾ ਹੈਂ। ਦੂਜੇ ਸ਼ਬਦਾਂ ਵਿੱਚ, ਮਨੁੱਖ ਦਾ ਨਿਆਂ ਪਰਮੇਸ਼ੁਰ ਦੇ ਵਚਨਾਂ ਦੀ ਅਸਲੀਅਤ ਦੇ ਦੁਆਰਾ ਕੀਤਾ ਜਾਂਦਾ ਹੈ। ਪਰਮੇਸ਼ੁਰ ਆਪਣੇ ਵਚਨਾਂ ਰਾਹੀਂ ਸਾਰੀ ਮਨੁੱਖਜਾਤੀ ਨੂੰ ਸੰਬੋਧਨ ਕਰਦਾ ਹੈ। ਜੇ ਤੂੰ ਉਸ ਦੇ ਵਚਨਾਂ ਨੂੰ ਪੜ੍ਹਨ ਲਈ ਤਿਆਰ ਹੈਂ, ਤਾਂ ਉਹ ਤੈਨੂੰ ਪ੍ਰਕਾਸ਼ਮਾਨ ਕਰੇਗਾ, ਪਰ ਜੇ ਤੂੰ ਤਿਆਰ ਨਹੀਂ, ਤਾਂ ਉਹ ਅਜਿਹਾ ਨਹੀਂ ਕਰੇਗਾ। ਪਰਮੇਸ਼ੁਰ ਉਨ੍ਹਾਂ ਨੂੰ ਹੀ ਪ੍ਰਕਾਸ਼ਮਾਨ ਕਰਦਾ ਹੈ ਜਿਹੜੇ ਧਾਰਮਿਕਤਾ ਦੇ ਭੁੱਖੇ ਅਤੇ ਪਿਆਸੇ ਹੁੰਦੇ ਹਨ, ਅਤੇ ਉਹ ਉਨ੍ਹਾਂ ਨੂੰ ਹੀ ਪ੍ਰਕਾਸ਼ਮਾਨ ਕਰਦਾ ਹੈ ਜਿਹੜੇ ਉਸ ਦੇ ਖੋਜੀ ਹੁੰਦੇ ਹਨ। ਕੁਝ ਲੋਕ ਕਹਿੰਦੇ ਹਨ ਕਿ ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹਨ ਦੇ ਬਾਵਜੂਦ ਵੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਪ੍ਰਕਾਸ਼ਮਾਨ ਨਹੀਂ ਕੀਤਾ। ਪਰ ਤੂੰ ਉਸ ਦੇ ਵਚਨਾਂ ਨੂੰ ਕਿਸ ਤਰੀਕੇ ਨਾਲ ਪੜ੍ਹਿਆ? ਜੇ ਤੂੰ ਉਸ ਦੇ ਵਚਨਾਂ ਨੂੰ ਇਸ ਤਰ੍ਹਾਂ ਪੜ੍ਹਿਆ ਜਿਵੇਂ ਘੋੜੇ ’ਤੇ ਸਵਾਰ ਵਿਅਕਤੀ ਫੁੱਲਾਂ ਨੂੰ ਵੇਖਦਾ ਹੈ, ਅਤੇ ਤੂੰ ਅਸਲੀਅਤ ਨੂੰ ਕੋਈ ਮਹੱਤਵ ਨਹੀਂ ਦਿੱਤਾ, ਤਾਂ ਪਰਮੇਸ਼ੁਰ ਤੈਨੂੰ ਕਿਵੇਂ ਪ੍ਰਕਾਸ਼ਮਾਨ ਕਰ ਸਕਦਾ ਸੀ? ਜਿਹੜਾ ਵਿਅਕਤੀ ਪਰਮੇਸ਼ੁਰ ਦੇ ਵਚਨਾਂ ਨੂੰ ਸੰਜੋਅ ਕੇ ਨਹੀਂ ਰੱਖਦਾ, ਕਿਵੇਂ ਉਸ ਦੇ ਦੁਆਰਾ ਸਿੱਧ ਬਣਾਇਆ ਜਾ ਸਕਦਾ ਹੈ? ਜੇ ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਸੰਜੋਅ ਕੇ ਨਹੀਂ ਰੱਖਦਾ, ਤਾਂ ਨਾ ਤੇਰੇ ਕੋਲ ਸੱਚਾਈ ਹੋਵੇਗੀ ਅਤੇ ਨਾ ਹੀ ਅਸਲੀਅਤ। ਜੇ ਤੂੰ ਉਸ ਦੇ ਵਚਨਾਂ ਨੂੰ ਸੰਜੋਅ ਕੇ ਰੱਖਦਾ ਹੈਂ, ਤਾਂ ਤੂੰ ਸੱਚਾਈ ਨੂੰ ਅਮਲ ਵਿੱਚ ਲਿਆ ਸਕੇਂਗਾ, ਅਤੇ ਤਦ ਹੀ ਤੇਰੇ ਕੋਲ ਅਸਲੀਅਤ ਹੋਵੇਗੀ। ਇਸੇ ਕਰਕੇ, ਚਾਹੇ ਤੂੰ ਵਿਅਸਤ ਹੈਂ ਜਾਂ ਨਹੀਂ, ਚਾਹੇ ਹਾਲਾਤ ਅਣਸੁਖਾਵੇਂ ਹਨ ਜਾਂ ਨਹੀਂ, ਅਤੇ ਚਾਹੇ ਤੂੰ ਪਰਤਾਇਆ ਜਾ ਰਿਹਾ ਹੈਂ ਜਾਂ ਨਹੀਂ, ਤੈਨੂੰ ਹਰ ਸਮੇਂ ਪਰਮੇਸ਼ੁਰ ਦੇ ਵਚਨਾਂ ਨੂੰ ਖਾਂਦੇ ਅਤੇ ਪੀਂਦੇ ਜ਼ਰੂਰ ਰਹਿਣਾ ਚਾਹੀਦਾ ਹੈ। ਮੁੱਕਦੀ ਗੱਲ, ਪਰਮੇਸ਼ੁਰ ਦੇ ਵਚਨ ਮਨੁੱਖ ਦੀ ਹੋਂਦ ਦੀ ਬੁਨਿਆਦ ਹਨ। ਕੋਈ ਉਸ ਦੇ ਵਚਨਾਂ ਤੋਂ ਮੂੰਹ ਨਹੀਂ ਫੇਰ ਸਕਦਾ, ਬਲਕਿ ਉਨ੍ਹਾਂ ਲਈ ਉਸ ਦੇ ਵਚਨਾਂ ਨੂੰ ਉਸੇ ਤਰ੍ਹਾਂ ਖਾਣਾ ਜ਼ਰੂਰੀ ਹੈ ਜਿਵੇਂ ਉਹ ਦਿਨ ਵਿੱਚ ਤਿੰਨ ਵਾਰ ਖਾਣਾ ਖਾਂਦੇ ਹਨ। ਕੀ ਪਰਮੇਸ਼ੁਰ ਦੁਆਰਾ ਸਿੱਧ ਬਣਾਏ ਜਾਣਾ ਅਤੇ ਪ੍ਰਾਪਤ ਕੀਤੇ ਜਾਣਾ ਇੰਨਾ ਅਸਾਨ ਹੋ ਸਕਦਾ ਹੈ? ਇਸ ਸਮੇਂ ਭਾਵੇਂ ਤੈਨੂੰ ਇਸ ਦੀ ਸਮਝ ਹੈ ਜਾਂ ਨਹੀਂ, ਅਤੇ ਭਾਵੇਂ ਤੈਨੂੰ ਪਰਮੇਸ਼ੁਰ ਦੇ ਕੰਮ ਬਾਰੇ ਸੋਝੀ ਹੈ ਜਾਂ ਨਹੀਂ, ਤਾਂ ਵੀ ਤੈਨੂੰ ਜਿੰਨਾ ਹੋ ਸਕੇ ਪਰਮੇਸ਼ੁਰ ਦੇ ਵਚਨਾਂ ਨੂੰ ਖਾਣਾ ਅਤੇ ਪੀਣਾ ਜ਼ਰੂਰੀ ਹੈ। ਇਸ ਨੂੰ ਸਰਗਰਮੀ ਨਾਲ ਪ੍ਰਵੇਸ਼ ਕਰਨਾ ਕਹਿੰਦੇ ਹਨ। ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹਨ ਤੋਂ ਬਾਅਦ, ਉਸ ਗੱਲ ਨੂੰ ਅਮਲ ਵਿੱਚ ਲਿਆਉਣ ਲਈ ਕਾਹਲੀ ਕਰ ਜਿਸ ਵਿੱਚ ਤੂੰ ਪ੍ਰਵੇਸ਼ ਕਰ ਸਕਦਾ ਹੈਂ, ਅਤੇ ਜਿਸ ਵਿੱਚ ਤੂੰ ਪ੍ਰਵੇਸ਼ ਨਹੀਂ ਕਰ ਸਕਦਾ ਉਸ ਨੂੰ ਫਿਲਹਾਲ ਪਾਸੇ ਰਹਿਣ ਦੇ। ਹੋ ਸਕਦਾ ਹੈ ਸ਼ੁਰੂ ਵਿੱਚ ਪਰਮੇਸ਼ੁਰ ਦੇ ਬਹੁਤ ਸਾਰੇ ਵਚਨ ਤੇਰੀ ਸਮਝ ਵਿੱਚ ਨਾ ਆਉਣ, ਪਰ ਦੋ ਜਾਂ ਤਿੰਨ ਮਹੀਨੇ ਬਾਅਦ, ਜਾਂ ਸ਼ਾਇਦ ਇੱਕ ਸਾਲ ਵੀ ਲੱਗੇ, ਤੂੰ ਇਨ੍ਹਾਂ ਨੂੰ ਜ਼ਰੂਰ ਸਮਝ ਜਾਵੇਂਗਾ। ਇਹ ਕਿਵੇਂ ਹੋ ਸਕਦਾ ਹੈ? ਅਜਿਹਾ ਇਸ ਲਈ ਹੈ ਕਿਉਂਕਿ ਪਰਮੇਸ਼ੁਰ ਇੱਕ ਜਾਂ ਦੋ ਦਿਨਾਂ ਵਿੱਚ ਲੋਕਾਂ ਨੂੰ ਸਿੱਧ ਨਹੀਂ ਬਣਾ ਸਕਦਾ। ਜ਼ਿਆਦਾਤਰ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਤੂੰ ਉਸ ਦੇ ਵਚਨਾਂ ਨੂੰ ਪੜ੍ਹਦਾ ਹੈਂ ਤਾਂ ਸ਼ਾਇਦ ਉਸੇ ਸਮੇਂ ਇਹ ਤੇਰੀ ਸਮਝ ਵਿੱਚ ਨਾ ਆਉਣ। ਉਸ ਸਮੇਂ ਉਹ ਸ਼ਾਇਦ ਤੈਨੂੰ ਸਿਰਫ ਇੱਕ ਲਿਖਤ ਤੋਂ ਵਧ ਕੇ ਕੁਝ ਨਾ ਜਾਪਣ; ਇਸ ਤੋਂ ਪਹਿਲਾਂ ਕਿ ਇਹ ਤੇਰੀ ਸਮਝ ਵਿੱਚ ਆਉਣ, ਤੇਰੇ ਲਈ ਇੱਕ ਨਿਸ਼ਚਿਤ ਸਮੇਂ ਤਕ ਇਨ੍ਹਾਂ ਦਾ ਅਨੁਭਵ ਕਰਨਾ ਜ਼ਰੂਰੀ ਹੈ। ਪਰਮੇਸ਼ੁਰ ਦੁਆਰਾ ਬਹੁਤ ਕੁਝ ਬੋਲਣ ਤੋਂ ਬਾਅਦ, ਉਸ ਦੇ ਵਚਨਾਂ ਨੂੰ ਖਾਣ ਅਤੇ ਪੀਣ ਲਈ ਤੈਨੂੰ ਪੂਰਾ ਯਤਨ ਕਰਨਾ ਚਾਹੀਦਾ ਹੈ, ਅਤੇ ਤਦ, ਤੈਨੂੰ ਪਤਾ ਵੀ ਨਹੀਂ ਲੱਗੇਗਾ ਕਿ ਤੂੰ ਇਨ੍ਹਾਂ ਨੂੰ ਸਮਝਣ ਲੱਗ ਜਾਵੇਂਗਾ ਅਤੇ ਤੈਨੂੰ ਪਤਾ ਵੀ ਨਹੀਂ ਲੱਗੇਗਾ ਕਿ ਪਵਿੱਤਰ ਆਤਮਾ ਤੈਨੂੰ ਪ੍ਰਕਾਸ਼ਮਾਨ ਕਰ ਦੇਵੇਗਾ। ਜਦੋਂ ਪਵਿੱਤਰ ਆਤਮਾ ਮਨੁੱਖ ਨੂੰ ਪ੍ਰਕਾਸ਼ਮਾਨ ਕਰਦਾ ਹੈ, ਤਾਂ ਅਕਸਰ ਮਨੁੱਖ ਇਸ ਤੋਂ ਅਣਜਾਣ ਹੁੰਦਾ ਹੈ। ਉਹ ਉਦੋਂ ਤੈਨੂੰ ਪ੍ਰਕਾਸ਼ਮਾਨ ਕਰਦਾ ਹੈ ਅਤੇ ਤੇਰੀ ਅਗਵਾਈ ਕਰਦਾ ਹੈ ਜਦੋਂ ਤੂੰ ਪਿਆਸਾ ਅਤੇ ਖੋਜੀ ਹੁੰਦਾ ਹੈਂ। ਉਹ ਸਿਧਾਂਤ ਜਿਸ ਦੇ ਰਾਹੀਂ ਪਵਿੱਤਰ ਆਤਮਾ ਕੰਮ ਕਰਦਾ ਹੈ ਪਰਮੇਸ਼ੁਰ ਦੇ ਉਨ੍ਹਾਂ ਵਚਨਾਂ ਉੱਤੇ ਟਿਕਿਆ ਹੈ ਜਿਨ੍ਹਾਂ ਨੂੰ ਤੂੰ ਖਾਂਦਾ ਅਤੇ ਪੀਂਦਾ ਹੈਂ। ਉਹ ਸਭ ਲੋਕ ਜਿਹੜੇ ਪਰਮੇਸ਼ੁਰ ਦੇ ਵਚਨਾਂ ਨੂੰ ਕੋਈ ਮਹੱਤਵ ਨਹੀਂ ਦਿੰਦੇ ਅਤੇ ਉਸ ਦੇ ਵਚਨਾਂ ਪ੍ਰਤੀ ਹਮੇਸ਼ਾ ਵੱਖਰਾ ਹੀ ਰਵੱਈਆ ਰੱਖਦੇ ਹਨ—ਅਤੇ ਆਪਣੀ ਬੌਂਦਲੀ ਹੋਈ ਸੋਚ ਵਿੱਚ ਉਲਝੇ ਹੋਏ ਇਹ ਸਮਝਦੇ ਹਨ ਕਿ ਉਸ ਦੇ ਵਚਨਾਂ ਨੂੰ ਪੜ੍ਹਨ ਜਾਂ ਨਾ ਪੜ੍ਹਨ ਦਾ ਕੋਈ ਮਹੱਤਵ ਨਹੀਂ ਹੈ—ਇਹ ਉਹ ਲੋਕ ਹਨ ਜੋ ਅਸਲੀਅਤ ਤੋਂ ਸੱਖਣੇ ਹਨ। ਇਸ ਤਰ੍ਹਾਂ ਦੇ ਵਿਅਕਤੀ ਵਿੱਚ ਨਾ ਤਾਂ ਪਵਿੱਤਰ ਆਤਮਾ ਦਾ ਕੰਮ ਅਤੇ ਨਾ ਹੀ ਉਸ ਦਾ ਅੰਦਰੂਨੀ ਚਾਨਣ ਵਿਖਾਈ ਦੇ ਸਕਦਾ ਹੈ। ਇਸ ਤਰ੍ਹਾਂ ਦੇ ਵਿਅਕਤੀ ਬਸ ਵਹਾਓ ਦੇ ਨਾਲ ਰੁੜ੍ਹ ਰਹੇ ਹਨ, ਉਹ ਢੋਂਗੀ ਹਨ ਜਿਹੜੇ ਅਸਲੀ ਯੋਗਤਾ ਤੋਂ ਸੱਖਣੇ ਹਨ, ਅਤੇ ਉਹ ਦ੍ਰਿਸ਼ਟਾਂਤ ਵਿਚਲੇ ਸ਼੍ਰੀਮਾਨ ਨਾਂਗੋ ਵਾਂਗ ਹਨ।[ੳ]
ਜੇ ਪਰਮੇਸ਼ੁਰ ਦੇ ਵਚਨ ਤੇਰੀ ਅਸਲੀਅਤ ਨਹੀਂ ਬਣਦੇ, ਤਾਂ ਤੇਰਾ ਕੋਈ ਅਸਲ ਰੁਤਬਾ ਨਹੀਂ ਹੈ। ਜਦੋਂ ਪਰਤਾਏ ਜਾਣ ਦਾ ਸਮਾਂ ਆਵੇਗਾ, ਤਾਂ ਤੂੰ ਜ਼ਰੂਰ ਡਿੱਗੇਂਗਾ, ਅਤੇ ਤਦ ਤੇਰਾ ਅਸਲ ਰੁਤਬਾ ਪਰਗਟ ਹੋ ਜਾਵੇਗਾ। ਪਰ ਜਿਹੜੇ ਲਗਾਤਾਰ ਅਸਲੀਅਤ ਵਿੱਚ ਪ੍ਰਵੇਸ਼ ਕਰਨ ਦਾ ਯਤਨ ਕਰਦੇ ਹਨ, ਜਦੋਂ ਉਹ ਪਰਤਾਵਿਆਂ ਨਾਲ ਘਿਰੇ ਹੋਣਗੇ ਤਾਂ ਉਹ ਪਰਮੇਸ਼ੁਰ ਦੇ ਕੰਮ ਦੇ ਉਦੇਸ਼ ਨੂੰ ਸਮਝ ਜਾਣਗੇ। ਜਿਸ ਦੇ ਕੋਲ ਵਿਵੇਕ ਹੈ, ਅਤੇ ਜਿਸ ਦੇ ਅੰਦਰ ਪਰਮੇਸ਼ੁਰ ਦੇ ਲਈ ਪਿਆਸ ਹੈ, ਉਸ ਨੂੰ ਪਰਮੇਸ਼ੁਰ ਦੇ ਪ੍ਰੇਮ ਦਾ ਮੁੱਲ ਤਾਰਨ ਲਈ ਵਿਹਾਰਕ ਕਦਮ ਉਠਾਉਣਾ ਚਾਹੀਦਾ ਹੈ। ਜਿਨ੍ਹਾਂ ਦੇ ਕੋਲ ਅਸਲੀਅਤ ਨਹੀਂ ਹੈ ਉਹ ਛੋਟੇ-ਛੋਟੇ ਮਸਲਿਆਂ ਦਾ ਵੀ ਦ੍ਰਿੜ੍ਹਤਾ ਨਾਲ ਸਾਹਮਣਾ ਨਹੀਂ ਕਰ ਸਕਦੇ। ਜਿਨ੍ਹਾਂ ਕੋਲ ਅਸਲ ਰੁਤਬਾ ਹੈ ਅਤੇ ਜਿਹੜੇ ਇਸ ਤੋਂ ਸੱਖਣੇ ਹਨ, ਉਨ੍ਹਾਂ ਵਿੱਚ ਇਹੀ ਫਰਕ ਹੈ। ਅਜਿਹਾ ਕਿਉਂ ਹੈ ਕਿ, ਭਾਵੇਂ ਇਹ ਦੋਵੇਂ ਹੀ ਪਰਮੇਸ਼ੁਰ ਦੇ ਵਚਨ ਨੂੰ ਖਾਂਦੇ ਅਤੇ ਪੀਂਦੇ ਹਨ, ਕੁਝ ਤਾਂ ਪਰਤਾਵਿਆਂ ਵਿੱਚ ਵੀ ਦ੍ਰਿੜ੍ਹ ਖੜ੍ਹੇ ਰਹਿੰਦੇ ਹਨ, ਜਦ ਕਿ ਕੁਝ ਭੱਜ ਜਾਂਦੇ ਹਨ? ਇਸ ਵਿੱਚ ਸਪਸ਼ਟ ਅੰਤਰ ਇਹ ਹੈ ਕਿ ਕਈ ਅਸਲ ਰੁਤਬੇ ਤੋਂ ਸੱਖਣੇ ਹੁੰਦੇ ਹਨ; ਉਨ੍ਹਾਂ ਕੋਲ ਪਰਮੇਸ਼ੁਰ ਦੇ ਵਚਨ ਨਹੀਂ ਹੁੰਦੇ ਜੋ ਉਨ੍ਹਾਂ ਦੀ ਅਸਲੀਅਤ ਦੇ ਰੂਪ ਵਿੱਚ ਕੰਮ ਆ ਸਕਣ, ਅਤੇ ਉਸ ਦੇ ਵਚਨਾਂ ਨੇ ਉਨ੍ਹਾਂ ਦੇ ਅੰਦਰ ਜੜ੍ਹ ਨਹੀਂ ਫੜੀ ਹੁੰਦੀ। ਜਿਵੇਂ ਹੀ ਉਨ੍ਹਾਂ ਉੱਤੇ ਪਰਤਾਵਾ ਆਉਂਦਾ ਹੈ, ਤਾਂ ਉਹ ਹੋਰ ਅੱਗੇ ਨਹੀਂ ਵੱਧ ਸਕਦੇ। ਤਾਂ ਫਿਰ ਅਜਿਹਾ ਕਿਉਂ ਹੈ ਕਿ ਕੁਝ ਲੋਕ ਪਰਤਾਵਿਆਂ ਵਿੱਚ ਵੀ ਦ੍ਰਿੜ੍ਹ ਖੜ੍ਹੇ ਰਹਿ ਪਾਉਂਦੇ ਹਨ? ਅਜਿਹਾ ਇਸ ਲਈ ਹੈ ਕਿਉਂਕਿ ਉਹ ਸੱਚਾਈ ਨੂੰ ਸਮਝਦੇ ਹਨ ਅਤੇ ਉਨ੍ਹਾਂ ਕੋਲ ਦਰਸ਼ਣ ਹੁੰਦਾ ਹੈ, ਅਤੇ ਉਹ ਪਰਮੇਸ਼ੁਰ ਦੀ ਇੱਛਾ ਅਤੇ ਉਸ ਦੀਆਂ ਮੰਗਾਂ ਨੂੰ ਸਮਝਦੇ ਹਨ, ਅਤੇ ਇਸ ਤਰ੍ਹਾਂ ਪਰਤਾਵਿਆਂ ਦੇ ਦੌਰਾਨ ਵੀ ਦ੍ਰਿੜ੍ਹ ਖੜ੍ਹੇ ਰਹਿ ਪਾਉਂਦੇ ਹਨ। ਇਹੀ ਅਸਲ ਰੁਤਬਾ ਹੈ, ਅਤੇ ਇਹੀ ਅਸਲ ਜੀਵਨ ਵੀ ਹੈ। ਕੁਝ ਅਜਿਹੇ ਵੀ ਹੋ ਸਕਦੇ ਹਨ ਜਿਹੜੇ ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹਦੇ ਤਾਂ ਹਨ, ਪਰ ਇਨ੍ਹਾਂ ਨੂੰ ਅਮਲ ਵਿੱਚ ਨਹੀਂ ਲਿਆਉਂਦੇ, ਇਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ; ਤੇ ਜਿਹੜੇ ਇਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਉਹ ਇਨ੍ਹਾਂ ਨੂੰ ਅਮਲ ਵਿੱਚ ਲਿਆਉਣ ਨੂੰ ਕੋਈ ਮਹੱਤਵ ਨਹੀਂ ਦਿੰਦੇ। ਉਹ ਜਿਨ੍ਹਾਂ ਕੋਲ ਪਰਮੇਸ਼ੁਰ ਦੇ ਵਚਨ ਨਹੀਂ ਹਨ ਕਿ ਇਹ ਉਨ੍ਹਾਂ ਦੀ ਅਸਲੀਅਤ ਦੇ ਰੂਪ ਵਿੱਚ ਕੰਮ ਆ ਸਕਣ, ਉਨ੍ਹਾਂ ਕੋਲ ਅਸਲ ਰੁਤਬਾ ਨਹੀਂ ਹੈ ਅਤੇ ਇਸ ਤਰ੍ਹਾਂ ਦੇ ਲੋਕ ਪਰਤਾਵਿਆਂ ਵਿੱਚ ਦ੍ਰਿੜ੍ਹ ਖੜ੍ਹੇ ਨਹੀਂ ਰਹਿ ਸਕਦੇ।
ਜਦੋਂ ਪਰਮੇਸ਼ੁਰ ਦੇ ਵਚਨ ਤੇਰੇ ਕੋਲ ਪਹੁੰਚਣ ਤਾਂ ਤੈਨੂੰ ਤੁਰੰਤ ਉਨ੍ਹਾਂ ਨੂੰ ਗ੍ਰਹਿਣ ਕਰ ਲੈਣਾ ਚਾਹੀਦਾ ਹੈ, ਅਤੇ ਉਨ੍ਹਾਂ ਨੂੰ ਖਾਣਾ ਅਤੇ ਪੀਣਾ ਚਾਹੀਦਾ ਹੈ। ਭਾਵੇਂ ਤੈਨੂੰ ਇਨ੍ਹਾਂ ਦੀ ਜਿੰਨੀ ਵੀ ਸਮਝ ਹੋਵੇ, ਇੱਕ ਨਜ਼ਰੀਆ ਜਿਹੜਾ ਤੇਰੇ ਲਈ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ ਉਹ ਹੈ ਪਰਮੇਸ਼ੁਰ ਦੇ ਵਚਨਾਂ ਨੂੰ ਖਾਣਾ ਅਤੇ ਪੀਣਾ, ਇਨ੍ਹਾਂ ਨੂੰ ਜਾਣਨਾ ਅਤੇ ਅਮਲ ਵਿੱਚ ਲਿਆਉਣਾ। ਇਹ ਉਹ ਚੀਜ਼ ਹੈ ਜੋ ਤੂੰ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈਂ। ਤੇਰਾ ਰੁਤਬਾ ਭਾਵੇਂ ਕਿੰਨਾ ਵੀ ਉੱਚਾ ਕਿਉਂ ਨਾ ਹੋ ਜਾਵੇ; ਬਸ ਪਰਮੇਸ਼ੁਰ ਦੇ ਵਚਨਾਂ ਨੂੰ ਖਾਣ ਅਤੇ ਪੀਣ ਉੱਤੇ ਧਿਆਨ ਲਾਈ ਰੱਖ। ਮਨੁੱਖ ਨੂੰ ਇਸੇ ਵਿੱਚ ਲੱਗੇ ਰਹਿਣਾ ਚਾਹੀਦਾ ਹੈ। ਤੇਰੇ ਆਤਮਿਕ ਜੀਵਨ ਦਾ ਅਰਥ ਮੁੱਖ ਤੌਰ ’ਤੇ ਇਹੋ ਹੈ ਕਿ ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਖਾਣ ਅਤੇ ਪੀਣ ਦੀ ਅਸਲੀਅਤ ਵਿੱਚ ਪ੍ਰਵੇਸ਼ ਕਰਨ ਅਤੇ ਇਨ੍ਹਾਂ ਨੂੰ ਅਮਲ ਵਿੱਚ ਲਿਆਉਣ ਦਾ ਯਤਨ ਕਰੇਂ। ਕਿਸੇ ਹੋਰ ਗੱਲ ਉੱਤੇ ਧਿਆਨ ਦੇਣਾ ਤੇਰਾ ਕੰਮ ਨਹੀਂ ਹੈ। ਕਲੀਸਿਯਾ ਦੇ ਆਗੂ ਆਪਣੇ ਭਾਈਆਂ-ਭੈਣਾਂ ਦੀ ਅਗਵਾਈ ਕਰਨ ਦੇ ਯੋਗ ਹੋਣੇ ਚਾਹੀਦੇ ਹਨ ਤਾਂਕਿ ਇਹ ਭੈਣ-ਭਾਈ ਜਾਣ ਸਕਣ ਕਿ ਪਰਮੇਸ਼ੁਰ ਦੇ ਵਚਨਾਂ ਨੂੰ ਕਿਵੇਂ ਖਾਣਾ ਅਤੇ ਪੀਣਾ ਹੈ। ਇਹ ਕਲੀਸਿਯਾ ਦੇ ਹਰੇਕ ਆਗੂ ਦੀ ਜ਼ਿੰਮੇਦਾਰੀ ਹੈ। ਭਾਵੇਂ ਜਵਾਨ ਹੋਣ ਜਾਂ ਬਜ਼ੁਰਗ, ਸਭਨਾਂ ਨੂੰ ਪਰਮੇਸ਼ੁਰ ਦੇ ਵਚਨਾਂ ਨੂੰ ਖਾਣ ਅਤੇ ਪੀਣ ਨੂੰ ਵੱਡਾ ਮਹੱਤਵ ਦੇਣਾ ਚਾਹੀਦਾ ਹੈ ਅਤੇ ਉਸ ਦੇ ਵਚਨਾਂ ਨੂੰ ਆਪਣੇ ਦਿਲ ਵਿੱਚ ਵਸਾਉਣਾ ਚਾਹੀਦਾ ਹੈ। ਇਸ ਅਸਲੀਅਤ ਵਿੱਚ ਪ੍ਰਵੇਸ਼ ਕਰਨ ਦਾ ਅਰਥ ਹੈ ਰਾਜ ਦੇ ਯੁਗ ਵਿੱਚ ਪ੍ਰਵੇਸ਼ ਕਰਨਾ। ਅੱਜ, ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਉਹ ਪਰਮੇਸ਼ੁਰ ਦੇ ਵਚਨਾਂ ਨੂੰ ਖਾਣ ਅਤੇ ਪੀਣ ਤੋਂ ਬਿਨਾਂ ਜੀਅ ਨਹੀਂ ਸਕਦੇ, ਅਤੇ ਮਹਿਸੂਸ ਕਰਦੇ ਹਨ ਕਿ ਇੰਨਾ ਸਮਾਂ ਬੀਤਣ ਦੇ ਬਾਵਜੂਦ ਉਸ ਦੇ ਵਚਨ ਹਮੇਸ਼ਾ ਤਾਜ਼ਾ ਹਨ। ਇਸ ਦਾ ਮਤਲਬ ਇਹ ਹੈ ਕਿ ਉਹ ਸਹੀ ਰਸਤੇ ’ਤੇ ਪੈਰ ਰੱਖਣਾ ਸ਼ੁਰੂ ਕਰ ਰਹੇ ਹਨ। ਪਰਮੇਸ਼ੁਰ ਆਪਣੇ ਕੰਮ ਨੂੰ ਕਰਨ ਲਈ ਅਤੇ ਮਨੁੱਖ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਪਣੇ ਵਚਨਾਂ ਦਾ ਇਸਤੇਮਾਲ ਕਰਦਾ ਹੈ। ਜਦੋਂ ਹਰ ਕੋਈ ਪਰਮੇਸ਼ੁਰ ਦੇ ਵਚਨਾਂ ਲਈ ਤਾਂਘ ਰੱਖੇਗਾ ਅਤੇ ਪਿਆਸਾ ਹੋਵੇਗਾ, ਤਾਂ ਮਨੁੱਖਜਾਤੀ ਉਸ ਦੇ ਵਚਨਾਂ ਦੇ ਸੰਸਾਰ ਵਿੱਚ ਪ੍ਰਵੇਸ਼ ਕਰ ਜਾਵੇਗੀ।
ਪਰਮੇਸ਼ੁਰ ਨੇ ਬਹੁਤ ਕੁਝ ਕਿਹਾ ਹੈ। ਤੂੰ ਇਸ ਵਿੱਚੋਂ ਕਿੰਨਾ ਜਾਣ ਗਿਆ ਹੈਂ? ਤੂੰ ਇਸ ਵਿੱਚੋਂ ਕਿੰਨੇ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈਂ? ਜੇ ਕੋਈ ਕਲੀਸਿਯਾ ਆਗੂ ਆਪਣੇ ਭੈਣਾਂ-ਭਾਈਆਂ ਦੀ ਪਰਮੇਸ਼ੁਰ ਦੇ ਵਚਨਾਂ ਦੀ ਅਸਲੀਅਤ ਵੱਲ ਅਗਵਾਈ ਨਹੀਂ ਕਰਦਾ, ਤਾਂ ਇਹ ਉਸ ਵੱਲੋਂ ਆਪਣੇ ਫ਼ਰਜ਼ ਨੂੰ ਨਿਭਾਉਣ ਵਿੱਚ ਕੁਤਾਹੀ ਹੋਵੇਗੀ ਅਤੇ ਆਪਣੀਆਂ ਜ਼ਿੰਮੇਦਾਰੀਆਂ ਨੂੰ ਨਿਭਾਉਣ ਦੀ ਨਾਕਾਮੀ ਹੋਵੇਗੀ! ਪਰਮੇਸ਼ੁਰ ਦੇ ਵਚਨਾਂ ਬਾਰੇ ਤੇਰੀ ਸਮਝ ਭਾਵੇਂ ਡੂੰਘੀ ਹੈ ਜਾਂ ਸਤਹੀ, ਇਨ੍ਹਾਂ ਬਾਰੇ ਤੇਰੀ ਸਮਝ ਦਾ ਪੱਧਰ ਭਾਵੇਂ ਜੋ ਵੀ ਹੈ, ਤੈਨੂੰ ਉਸ ਦੇ ਵਚਨਾਂ ਨੂੰ ਖਾਣਾ ਅਤੇ ਪੀਣਾ ਜ਼ਰੂਰ ਆਉਣਾ ਚਾਹੀਦਾ ਹੈ, ਤੇਰੇ ਲਈ ਉਸ ਦੇ ਵਚਨਾਂ ’ਤੇ ਬਹੁਤ ਜ਼ਿਆਦਾ ਧਿਆਨ ਦੇਣਾ ਅਤੇ ਉਨ੍ਹਾਂ ਨੂੰ ਖਾਣ ਅਤੇ ਪੀਣ ਦੀ ਜ਼ਰੂਰਤ ਅਤੇ ਮਹੱਤਵ ਨੂੰ ਸਮਝਣਾ ਜ਼ਰੂਰੀ ਹੈ। ਪਰਮੇਸ਼ੁਰ ਦੇ ਇੰਨਾ ਕੁਝ ਕਹਿਣ ਦੇ ਬਾਅਦ, ਜੇ ਤੂੰ ਉਸ ਦੇ ਵਚਨਾਂ ਨੂੰ ਖਾਂਦਾ ਅਤੇ ਪੀਂਦਾ ਨਹੀਂ ਹੈਂ, ਜਾਂ ਉਸ ਦੇ ਵਚਨਾਂ ਨੂੰ ਖੋਜਣ ਅਤੇ ਅਮਲ ਵਿੱਚ ਲਿਆਉਣ ਦਾ ਯਤਨ ਨਹੀਂ ਕਰਦਾ, ਤਾਂ ਇਸ ਨੂੰ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨਾ ਨਹੀਂ ਕਿਹਾ ਜਾ ਸਕਦਾ। ਕਿਉਂਕਿ ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦਾ ਹੈਂ, ਤਾਂ ਤੇਰੇ ਲਈ ਉਸ ਦੇ ਵਚਨਾਂ ਨੂੰ ਖਾਣਾ ਅਤੇ ਪੀਣਾ, ਉਸ ਦੇ ਵਚਨਾਂ ਨੂੰ ਅਨੁਭਵ ਕਰਨਾ, ਅਤੇ ਉਸ ਦੇ ਵਚਨਾਂ ਨੂੰ ਆਪਣੇ ਜੀਉਣ ਤੋਂ ਪਰਗਟ ਕਰਨਾ ਜ਼ਰੂਰੀ ਹੈ। ਕੇਵਲ ਇਸੇ ਨੂੰ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨਾ ਕਿਹਾ ਜਾ ਸਕਦਾ ਹੈ! ਜੇ ਤੂੰ ਆਪਣੇ ਮੂੰਹੋਂ ਇਹ ਕਹਿੰਦਾ ਹੈਂ ਕਿ ਤੂੰ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਦਾ ਹੈਂ ਪਰ ਉਸ ਦੇ ਕਿਸੇ ਵੀ ਵਚਨ ਨੂੰ ਅਮਲ ਵਿੱਚ ਲਿਆਉਣ ਵਿੱਚ ਜਾਂ ਕੋਈ ਵੀ ਅਸਲੀਅਤ ਉਤਪੰਨ ਕਰਨ ਵਿੱਚ ਨਾਕਾਮ ਰਹਿੰਦਾ ਹੈਂ, ਤਾਂ ਇਸ ਨੂੰ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨਾ ਨਹੀਂ ਕਿਹਾ ਜਾਂਦਾ। ਬਲਕਿ, ਇਸ ਨੂੰ “ਭੁੱਖ ਮਿਟਾਉਣ ਲਈ ਰੋਟੀ ਦੀ ਤਲਾਸ਼ ਕਰਨਾ” ਕਹਿੰਦੇ ਹਨ। ਕੇਵਲ ਨਿਗੂਣੀਆਂ ਗਵਾਹੀਆਂ, ਬੇਕਾਰ ਦੀਆਂ ਗੱਲਾਂ, ਅਤੇ ਸਤਹੀ ਮਸਲਿਆਂ ਬਾਰੇ ਗੱਲਾਂ ਕਰਨਾ ਅਤੇ ਰੱਤੀ ਭਰ ਵੀ ਅਸਲੀਅਤ ਨਾ ਰੱਖਣਾ: ਇਨ੍ਹਾਂ ਚੀਜ਼ਾਂ ਨੂੰ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨਾ ਨਹੀਂ ਕਿਹਾ ਜਾ ਸਕਦਾ, ਅਤੇ ਇਸ ਦਾ ਮਤਲਬ ਹੈ ਕਿ ਤੂੰ ਬਸ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਦੇ ਸਹੀ ਢੰਗ ਨੂੰ ਸਮਝਿਆ ਹੀ ਨਹੀਂ ਹੈਂ। ਤੇਰੇ ਲਈ ਪਰਮੇਸ਼ੁਰ ਦੇ ਵਚਨਾਂ ਨੂੰ ਵੱਧ ਤੋਂ ਵੱਧ ਖਾਣਾ ਅਤੇ ਪੀਣਾ ਜ਼ਰੂਰੀ ਕਿਉਂ ਹੈ? ਜੇ ਤੂੰ ਉਸ ਦੇ ਵਚਨਾਂ ਨੂੰ ਖਾਂਦਾ ਅਤੇ ਪੀਂਦਾ ਨਹੀਂ ਹੈ, ਪਰ ਕੇਵਲ ਸਵਰਗ ਜਾਣ ਦਾ ਇੱਛੁਕ ਹੈਂ, ਤਾਂ ਕੀ ਇਸ ਨੂੰ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨਾ ਕਿਹਾ ਜਾਵੇਗਾ? ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਵਾਲੇ ਵਿਅਕਤੀ ਨੂੰ ਪਹਿਲਾ ਕਦਮ ਕਿਹੜਾ ਉਠਾਉਣਾ ਚਾਹੀਦਾ ਹੈ? ਪਰਮੇਸ਼ੁਰ ਕਿਹੜੇ ਰਸਤੇ ਮਨੁੱਖ ਨੂੰ ਸਿੱਧ ਬਣਾਉਂਦਾ ਹੈ? ਕੀ ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਖਾਧੇ ਅਤੇ ਪੀਤੇ ਬਿਨਾਂ ਸਿੱਧ ਬਣਾਇਆ ਜਾ ਸਕਦਾ ਹੈਂ? ਜੇ ਪਰਮੇਸ਼ੁਰ ਦੇ ਵਚਨ ਤੇਰੀ ਅਸਲੀਅਤ ਦੇ ਰੂਪ ਵਿੱਚ ਕੰਮ ਨਹੀਂ ਆਉਂਦੇ ਤਾਂ ਕੀ ਤੈਨੂੰ ਰਾਜ ਦਾ ਵਿਅਕਤੀ ਗਿਣਿਆ ਜਾ ਸਕਦਾ ਹੈ? ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਦਾ ਅਸਲ ਅਰਥ ਕੀ ਹੈ? ਪਰਮੇਸ਼ੁਰ ਦੇ ਵਿਸ਼ਵਾਸੀਆਂ ਨੂੰ, ਘੱਟੋ-ਘੱਟ, ਬਾਹਰੋਂ ਤਾਂ ਚੰਗੇ ਰਵੱਈਏ ਵਾਲੇ ਹੋਣਾ ਹੀ ਚਾਹੀਦਾ ਹੈ; ਸਭ ਤੋਂ ਜ਼ਰੂਰੀ ਗੱਲ ਹੈ ਪਰਮੇਸ਼ੁਰ ਦੇ ਵਚਨਾਂ ਨੂੰ ਆਪਣੇ ਅੰਦਰ ਰੱਖਣਾ। ਭਾਵੇਂ ਕੁਝ ਵੀ ਹੋ ਜਾਵੇ, ਤੂੰ ਉਸ ਦੇ ਵਚਨਾਂ ਤੋਂ ਬੇਮੁੱਖ ਨਹੀਂ ਹੋ ਸਕਦਾ। ਪਰਮੇਸ਼ੁਰ ਨੂੰ ਜਾਣਨਾ ਅਤੇ ਉਸ ਦੇ ਮਨੋਰਥਾਂ ਨੂੰ ਪੂਰਾ ਕਰਨਾ ਉਸ ਦੇ ਵਚਨਾਂ ਦੇ ਦੁਆਰਾ ਹੀ ਕੀਤਾ ਜਾਂਦਾ ਹੈ। ਭਵਿੱਖ ਵਿੱਚ, ਪਰਮੇਸ਼ੁਰ ਦਾ ਵਚਨ ਹਰ ਕੌਮ, ਧਾਰਮਿਕ ਸੰਸਥਾ, ਧਰਮ, ਅਤੇ ਹਰੇਕ ਵਰਗ ਉੱਤੇ ਜੇਤੂ ਹੋਵੇਗਾ। ਪਰਮੇਸ਼ੁਰ ਸਿੱਧਾ ਬੋਲੇਗਾ, ਅਤੇ ਸਭ ਲੋਕ ਪਰਮੇਸ਼ੁਰ ਦੇ ਵਚਨਾਂ ਨੂੰ ਆਪਣੇ ਹੱਥਾਂ ਵਿੱਚ ਫੜਨਗੇ, ਅਤੇ ਇਸ ਦੇ ਦੁਆਰਾ ਮਨੁੱਖਜਾਤੀ ਨੂੰ ਸਿੱਧ ਬਣਾਇਆ ਜਾਵੇਗਾ। ਪਰਮੇਸ਼ੁਰ ਦੇ ਵਚਨ ਅੰਦਰ ਅਤੇ ਬਾਹਰ, ਸਭ ਜਗ੍ਹਾ ਪਸਰ ਜਾਂਦੇ ਹਨ: ਮਨੁੱਖਜਾਤੀ ਆਪਣੇ ਮੂੰਹੋਂ ਪਰਮੇਸ਼ੁਰ ਦੇ ਵਚਨਾਂ ਨੂੰ ਬੋਲੇਗੀ, ਪਰਮੇਸ਼ੁਰ ਦੇ ਵਚਨਾਂ ਦੇ ਅਨੁਸਾਰ ਅਮਲ ਕਰੇਗੀ, ਅਤੇ ਪਰਮੇਸ਼ੁਰ ਦੇ ਵਚਨਾਂ ਨੂੰ ਆਪਣੇ ਅੰਦਰ ਸਮਾ ਕੇ, ਅੰਦਰੋਂ ਅਤੇ ਬਾਹਰੋਂ ਪਰਮੇਸ਼ੁਰ ਦੇ ਵਚਨਾਂ ਨਾਲ ਸਰਾਬੋਰ ਰਹੇਗੀ। ਇਸ ਤਰ੍ਹਾਂ ਮਨੁੱਖਜਾਤੀ ਸਿੱਧ ਬਣਾਈ ਜਾਵੇਗੀ। ਉਹ ਜਿਹੜੇ ਪਰਮੇਸ਼ੁਰ ਦੇ ਮਨੋਰਥਾਂ ਨੂੰ ਪੂਰਾ ਕਰਦੇ ਹਨ ਅਤੇ ਉਸ ਦੀ ਗਵਾਹੀ ਦਿੰਦੇ ਹਨ, ਇਹੀ ਉਹ ਲੋਕ ਹਨ ਜਿਨ੍ਹਾਂ ਕੋਲ ਪਰਮੇਸ਼ੁਰ ਦੇ ਵਚਨ ਉਨ੍ਹਾਂ ਦੀ ਅਸਲੀਅਤ ਦੇ ਰੂਪ ਵਿੱਚ ਹਨ।
ਵਚਨ ਦੇ ਯੁਗ—ਅਰਥਾਤ ਹਜ਼ਾਰ ਸਾਲ ਦੇ ਰਾਜ ਦੇ ਯੁਗ—ਵਿੱਚ ਪ੍ਰਵੇਸ਼ ਕਰਨਾ ਉਹ ਕੰਮ ਹੈ ਜਿਹੜਾ ਅੱਜ ਪੂਰਾ ਕੀਤਾ ਜਾ ਰਿਹਾ ਹੈ। ਹੁਣ ਤੋਂ, ਪਰਮੇਸ਼ੁਰ ਦੇ ਵਚਨਾਂ ਸੰਬੰਧੀ ਸੰਗਤੀ ਕਰਨ ਦਾ ਅਭਿਆਸ ਕਰਨ ਵਿੱਚ ਲੱਗ ਜਾ। ਕੇਵਲ ਪਰਮੇਸ਼ੁਰ ਦੇ ਵਚਨਾਂ ਨੂੰ ਖਾਣ ਅਤੇ ਪੀਣ ਅਤੇ ਇਨ੍ਹਾਂ ਦਾ ਅਨੁਭਵ ਕਰਨ ਦੇ ਦੁਆਰਾ ਹੀ ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਆਪਣੇ ਜੀਉਣ ਤੋਂ ਪਰਗਟ ਕਰ ਸਕੇਂਗਾ। ਦੂਜਿਆਂ ਨੂੰ ਯਕੀਨ ਦਿਵਾਉਣ ਲਈ ਜ਼ਰੂਰੀ ਹੈ ਕਿ ਤੂੰ ਕੁਝ ਵਿਹਾਰਕ ਅਨੁਭਵ ਪੈਦਾ ਕਰੇਂ। ਜੇ ਤੂੰ ਪਰਮੇਸ਼ੁਰ ਦੇ ਵਚਨਾਂ ਦੀ ਅਸਲੀਅਤ ਨੂੰ ਆਪਣੇ ਜੀਉਣ ਤੋਂ ਪਰਗਟ ਨਹੀਂ ਕਰ ਸਕਦਾ ਤਾਂ ਕੋਈ ਤੇਰੀ ਗੱਲ ਨਹੀਂ ਮੰਨੇਗਾ! ਪਰਮੇਸ਼ੁਰ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ ਸਭ ਲੋਕ ਪਰਮੇਸ਼ੁਰ ਦੇ ਵਚਨਾਂ ਦੀ ਅਸਲੀਅਤ ਨੂੰ ਆਪਣੇ ਜੀਉਣ ਤੋਂ ਪਰਗਟ ਕਰ ਸਕਦੇ ਹਨ। ਜੇ ਤੂੰ ਇਸ ਅਸਲੀਅਤ ਨੂੰ ਪੈਦਾ ਨਹੀਂ ਕਰ ਸਕਦਾ ਅਤੇ ਪਰਮੇਸ਼ੁਰ ਦੀ ਗਵਾਹੀ ਨਹੀਂ ਦੇ ਸਕਦਾ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਪਵਿੱਤਰ ਆਤਮਾ ਨੇ ਤੇਰੇ ਅੰਦਰ ਕੰਮ ਨਹੀਂ ਕੀਤਾ ਹੈ, ਅਤੇ ਤੂੰ ਸਿੱਧ ਨਹੀਂ ਬਣਾਇਆ ਗਿਆ ਹੈਂ। ਪਰਮੇਸ਼ੁਰ ਦੇ ਵਚਨਾਂ ਦਾ ਇਹੋ ਮਹੱਤਵ ਹੈ। ਕੀ ਤੇਰੇ ਅੰਦਰ ਪਰਮੇਸ਼ੁਰ ਦੇ ਵਚਨਾਂ ਦੀ ਪਿਆਸ ਰੱਖਣ ਵਾਲਾ ਦਿਲ ਹੈ? ਜਿਹੜੇ ਪਰਮੇਸ਼ੁਰ ਦੇ ਵਚਨਾਂ ਲਈ ਪਿਆਸੇ ਹਨ ਉਹ ਸੱਚਾਈ ਲਈ ਪਿਆਸੇ ਹਨ, ਅਤੇ ਕੇਵਲ ਇਸ ਤਰ੍ਹਾਂ ਦੇ ਲੋਕ ਹੀ ਪਰਮੇਸ਼ੁਰ ਕੋਲੋਂ ਬਰਕਤ ਪਾਉਂਦੇ ਹਨ। ਭਵਿੱਖ ਵਿੱਚ, ਪਰਮੇਸ਼ੁਰ ਸਭ ਧਰਮਾਂ ਅਤੇ ਧਾਰਮਿਕ ਸਮੂਹਾਂ ਨੂੰ ਬਹੁਤ ਸਾਰੀਆਂ ਗੱਲਾਂ ਕਹੇਗਾ। ਸਭ ਤੋਂ ਪਹਿਲਾਂ ਉਹ ਆਪਣੀ ਅਵਾਜ਼ ਤੁਹਾਨੂੰ ਸੁਣਾਉਂਦਾ ਹੈ ਤਾਂਕਿ ਤੁਹਾਨੂੰ ਸੰਪੂਰਣ ਕਰੇ ਅਤੇ ਫੇਰ ਪਰਾਈਆਂ ਕੌਮਾਂ ਨੂੰ ਜਿੱਤਣ ਲਈ ਉਨ੍ਹਾਂ ਵਿਚਕਾਰ ਆਪਣੀ ਅਵਾਜ਼ ਸੁਣਾਉਂਦਾ ਹੈ। ਉਸ ਦੇ ਵਚਨਾਂ ਦੇ ਦੁਆਰਾ, ਸਭ ਦਿਲੋਂ ਅਤੇ ਪੂਰੀ ਤਰ੍ਹਾਂ ਕਾਇਲ ਕੀਤੇ ਜਾਣਗੇ। ਪਰਮੇਸ਼ੁਰ ਦੇ ਵਚਨਾਂ ਅਤੇ ਉਸ ਦੇ ਪਰਕਾਸ਼ਨਾਂ ਦੇ ਦੁਆਰਾ, ਮਨੁੱਖ ਦਾ ਭ੍ਰਿਸ਼ਟ ਸੁਭਾਅ ਮੱਠਾ ਪੈ ਜਾਂਦਾ ਹੈ, ਮਨੁੱਖ ਇਨਸਾਨੀ ਦਿੱਖ ਨੂੰ ਹਾਸਲ ਕਰ ਲੈਂਦਾ ਹੈ ਅਤੇ ਉਸ ਦੇ ਵਿਦ੍ਰੋਹੀ ਸੁਭਾਅ ਵਿੱਚ ਕਮੀ ਆ ਜਾਂਦੀ ਹੈ। ਵਚਨ ਮਨੁੱਖ ਉੱਤੇ ਅਧਿਕਾਰ ਨਾਲ ਕੰਮ ਕਰਦੇ ਹਨ ਅਤੇ ਪਰਮੇਸ਼ੁਰ ਦੇ ਚਾਨਣ ਵਿੱਚ ਉਸ ਨੂੰ ਜਿੱਤ ਲੈਂਦੇ ਹਨ। ਪਰਮੇਸ਼ੁਰ ਦੁਆਰਾ ਵਰਤਮਾਨ ਯੁਗ ਵਿੱਚ ਕੀਤਾ ਜਾਣ ਵਾਲਾ ਕੰਮ, ਅਤੇ ਇਸ ਦੇ ਨਾਲ-ਨਾਲ ਉਸ ਦੇ ਕੰਮ ਵਿਚਲੇ ਨਿਰਣਾਇਕ ਮੋੜ, ਇਹ ਸਭ ਉਸ ਦੇ ਵਚਨਾਂ ਵਿੱਚੋਂ ਵੇਖਿਆ ਜਾ ਸਕਦਾ ਹੈ। ਜੇ ਤੂੰ ਉਸ ਦੇ ਵਚਨਾਂ ਨੂੰ ਨਹੀਂ ਪੜ੍ਹਦਾ ਤਾਂ ਤੂੰ ਕੁਝ ਨਹੀਂ ਸਮਝੇਂਗਾ। ਖੁਦ ਉਸ ਦੇ ਵਚਨਾਂ ਨੂੰ ਖਾਣ ਅਤੇ ਪੀਣ ਦੁਆਰਾ, ਅਤੇ ਆਪਣੇ ਭਾਈਆਂ-ਭੈਣਾਂ ਨਾਲ ਸੰਗਤੀ ਕਰਨ ਦੁਆਰਾ ਅਤੇ ਆਪਣੇ ਅਸਲ ਅਨੁਭਵਾਂ ਦੇ ਦੁਆਰਾ ਹੀ ਤੂੰ ਪਰਮੇਸ਼ੁਰ ਦੇ ਵਚਨਾਂ ਦੇ ਸੰਪੂਰਣ ਗਿਆਨ ਨੂੰ ਹਾਸਲ ਕਰ ਸਕੇਂਗਾ। ਕੇਵਲ ਤਾਂ ਹੀ ਤੂੰ ਉਨ੍ਹਾਂ ਵਚਨਾਂ ਦੀ ਅਸਲੀਅਤ ਨੂੰ ਆਪਣੇ ਵਿਹਾਰ ਵਿੱਚ ਦਿਖਾ ਸਕੇਂਗਾ।
ਟਿੱਪਣੀਆਂ:
ੳ. ਅਸਲ ਲਿਖਤ ਵਿੱਚ “ਦ੍ਰਿਸ਼ਟਾਂਤ ਵਿਚਲੇ” ਵਾਕ ਨਹੀਂ ਹੈ।