ਪਰਮੇਸ਼ੁਰ ਦੁਆਰਾ ਧਾਰੀ ਗਈ ਦੇਹ ਦਾ ਤੱਤ

ਪਰਮੇਸ਼ੁਰ ਆਪਣੇ ਪਹਿਲੇ ਦੇਹਧਾਰਣ ਵੇਲੇ ਧਰਤੀ ਉੱਤੇ ਸਾਢੇ-ਤੇਤੀ ਸਾਲ ਰਿਹਾ, ਅਤੇ ਜਿਨ੍ਹਾਂ ਵਿੱਚੋਂ ਉਸ ਨੇ ਸਿਰਫ਼ ਸਾਢੇ-ਤਿੰਨ ਸਾਲ ਆਪਣੀ ਸੇਵਕਾਈ ਕੀਤੀ। ਆਪਣੇ ਕੰਮ ਦੇ ਦੌਰਾਨ ਅਤੇ ਆਪਣੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਦੋਨੋ ਵੇਲੇ, ਉਸ ਨੇ ਸਧਾਰਣ ਮਨੁੱਖਤਾ ਨੂੰ ਧਾਰਿਆ; ਉਸ ਨੇ ਆਪਣੀ ਸਧਾਰਣ ਮਨੁੱਖਤਾ ਵਿੱਚ ਸਾਢੇ-ਤੇਤੀ ਸਾਲ ਨਿਵਾਸ ਕੀਤਾ। ਆਖਰੀ ਸਾਢੇ-ਤਿੰਨ ਸਾਲਾਂ ਦੇ ਦੌਰਾਨ ਉਸ ਨੇ ਆਪਣੇ ਆਪ ਨੂੰ ਦੇਹਧਾਰੀ ਪਰਮੇਸ਼ੁਰ ਦੇ ਰੂਪ ਵਿੱਚ ਪਰਗਟ ਕੀਤਾ। ਆਪਣੀ ਸੇਵਕਾਈ ਸ਼ੁਰੂ ਕਰਨ ਤੋਂ ਪਹਿਲਾਂ ਉਹ ਆਮ, ਸਧਾਰਣ ਮਨੁੱਖਤਾ ਵਿੱਚ, ਆਪਣੇ ਈਸ਼ਵਰੀ ਸੁਭਾਅ ਦੇ ਚਿੰਨ੍ਹ ਦਰਸਾਏ ਬਗੈਰ ਪਰਗਟ ਹੋਇਆ ਅਤੇ ਜਦੋਂ ਉਸ ਨੇ ਆਪਣੀ ਸੇਵਕਾਈ ਨੂੰ ਰਸਮੀ ਤੌਰ ਤੇ ਕਰਨਾ ਸ਼ੁਰੂ ਕੀਤਾ ਸਿਰਫ਼ ਉਸ ਸਮੇਂ ਹੀ ਉਸ ਦਾ ਈਸ਼ਵਰੀ ਸੁਭਾਅ ਪਰਗਟ ਕੀਤਾ ਗਿਆ। ਉਸ ਦੇ ਪਹਿਲੇ ਉਣੱਤੀ ਸਾਲਾਂ ਦੇ ਦੌਰਾਨ ਉਸ ਦੀ ਜ਼ਿੰਦਗੀ ਅਤੇ ਕਾਰਜ ਨੇ ਇਹ ਦਰਸਾਇਆ ਕਿ ਉਹ ਇੱਕ ਸੱਚਾ ਮਨੁੱਖ, ਇੱਕ ਮਨੁੱਖ ਦਾ ਪੁੱਤਰ, ਅਤੇ ਇੱਕ ਸਰੀਰਕ ਦੇਹ ਸੀ, ਕਿਉਂਕਿ ਉਸ ਦਾ ਕਾਰਜ ਸੰਜੀਦਗੀ ਨਾਲ ਉਣੱਤੀ ਸਾਲ ਦੀ ਉਮਰ ਤੋਂ ਬਾਅਦ ਹੀ ਸ਼ੁਰੂ ਹੋਇਆ। “ਦੇਹਧਾਰਣ” ਪਰਮੇਸ਼ੁਰ ਦਾ ਦੇਹ ਦੇ ਰੂਪ ਵਿੱਚ ਪਰਗਟ ਹੋਣਾ ਹੈ; ਪਰਮੇਸ਼ੁਰ ਆਪਣੀ ਸਿਰਜੀ ਹੋਈ ਮਨੁੱਖਜਾਤੀ ਦੇ ਦਰਮਿਆਨ ਦੇਹ ਦੇ ਸਰੂਪ ਵਿੱਚ ਕੰਮ ਕਰਦਾ ਹੈ। ਇਸ ਕਰਕੇ, ਪਰਮੇਸ਼ੁਰ ਦੇ ਦੇਹਧਾਰਣ ਲਈ, ਉਸ ਦਾ ਸਭ ਤੋਂ ਪਹਿਲਾਂ ਦੇਹ, ਸਧਾਰਣ ਮਨੁੱਖਤਾ ਵਾਲੀ ਦੇਹ ਬਣਨਾ ਲਾਜ਼ਮੀ ਹੈ; ਇਹ ਸਭ ਤੋਂ ਮੁੱਢਲੀ ਅਤਿ ਲੋੜੀਂਦੀ ਸ਼ਰਤ ਹੈ। ਦਰਅਸਲ, ਪਰਮੇਸ਼ੁਰ ਦੇ ਦੇਹਧਾਰਣ ਦਾ ਅਰਥ ਹੈ ਕਿ ਪਰਮੇਸ਼ੁਰ ਦੇਹ ਵਿੱਚ ਜ਼ਿੰਦਾ ਰਹਿੰਦਾ ਹੈ ਅਤੇ ਕੰਮ ਕਰਦਾ ਹੈ, ਕਿ ਪਰਮੇਸ਼ੁਰ ਆਪਣੇ ਮੂਲ ਤੱਤ ਵਿੱਚ ਦੇਹ ਬਣ ਜਾਂਦਾ ਹੈ, ਇੱਕ ਮਨੁੱਖ ਬਣ ਜਾਂਦਾ ਹੈ। ਉਸ ਦੀ ਦੇਹਧਾਰੀ ਜ਼ਿੰਦਗੀ ਅਤੇ ਕੰਮ ਨੂੰ ਦੋ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਪੜਾਅ ਉਹ ਜ਼ਿੰਦਗੀ ਹੈ ਜੋ ਆਪਣਾ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਉਹ ਜੀਉਂਦਾ ਹੈ। ਉਹ ਇੱਕ ਆਮ ਮਨੁੱਖੀ ਪਰਿਵਾਰ ਵਿੱਚ ਰਹਿੰਦਾ ਹੈ, ਇੱਕ ਬੇਹੱਦ ਸਧਾਰਣ ਮਨੁੱਖਤਾ ਵਿੱਚ, ਮਨੱਖੀ ਜ਼ਿੰਦਗੀ ਦੇ ਸਧਾਰਣ ਨੈਤਿਕ ਕਦਰਾਂ-ਕੀਮਤਾਂ ਅਤੇ ਨਿਯਮਾਂ ਦੀ ਪਾਲਣਾ ਕਰਦਿਆਂ, ਆਮ ਮਨੁੱਖੀ ਲੋੜਾਂ (ਰੋਟੀ, ਕਪੜਾ, ਨੀਂਦ, ਆਸਰਾ) ਸਮੇਤ, ਸਧਾਰਣ ਕਮਜ਼ੋਰੀਆਂ ਅਤੇ ਆਮ ਮਨੁੱਖੀ ਭਾਵਨਾਵਾਂ ਨਾਲ ਜੀਉਂਦਾ ਹੈ। ਦੂਜੇ ਸ਼ਬਦਾਂ ਵਿੱਚ, ਪਹਿਲੇ ਪੜਾਅ ਵਿੱਚ ਉਹ ਇੱਕ ਗੈਰ-ਈਸ਼ਵਰੀ ਸੁਭਾਅ, ਪੂਰਨ ਸਧਾਰਣ ਮਨੁੱਖਤਾ ਵਿੱਚ ਸਾਰੀਆਂ ਮਨੁੱਖੀ ਗਤੀਵਿਧੀਆਂ ਕਰਦਿਆਂ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ। ਦੂਜਾ ਪੜਾਅ ਉਹ ਜ਼ਿੰਦਗੀ ਹੈ ਜੋ ਆਪਣੇ ਕਾਰਜ ਨੂੰ ਸ਼ੁਰੂ ਕਰਨ ਤੋਂ ਬਾਅਦ ਗੁਜ਼ਾਰਦਾ ਹੈ। ਅਜੇ ਵੀ ਉਹ ਸਧਾਰਣ ਮਨੁੱਖੀ ਖ਼ੋਲ ਵਿੱਚ, ਕੋਈ ਵੀ ਬਾਹਰੀ ਅਲੌਕਿਕ ਚਿੰਨ੍ਹ ਦਿਖਾਏ ਬਗੈਰ ਵੱਸਦਾ ਹੈ। ਫਿਰ ਵੀ ਉਹ ਸਿਰਫ਼ ਨਿਰਮਲਤਾ ਨਾਲ ਆਪਣੇ ਕਾਰਜ ਦੀ ਖ਼ਾਤਰ ਜੀਉਂਦਾ ਹੈ ਅਤੇ ਇਸ ਸਮੇਂ ਦੌਰਾਨ ਉਸ ਦੀ ਸਧਾਰਣ ਮਨੁੱਖਤਾ ਪੂਰੀ ਤਰ੍ਹਾਂ ਸਿਰਫ਼ ਉਸ ਦੇ ਈਸ਼ਵਰੀ ਸੁਭਾਅ ਦੇ ਸਧਾਰਣ ਕੰਮ ਨੂੰ ਕਾਇਮ ਰੱਖਣ ਲਈ ਮੌਜੂਦ ਰਹਿੰਦੀ ਹੈ, ਕਿਉਂਕਿ ਇਸ ਸਮੇਂ ਤੱਕ ਉਸ ਦੀ ਸਧਾਰਣ ਮਨੁੱਖਤਾ ਆਪਣੇ ਕਾਰਜ ਨੂੰ ਪੂਰਾ ਕਰਨ ਦੇ ਬਿੰਦੂ ਤੱਕ ਵਿਕਸਿਤ ਹੋ ਚੁੱਕੀ ਹੈ। ਇਸ ਕਰਕੇ ਉਸ ਦੀ ਜ਼ਿੰਦਗੀ ਦਾ ਦੂਜਾ ਪੜਾਅ ਆਪਣੀ ਸਧਾਰਣ ਮਨੁੱਖਤਾ ਦੇ ਅੰਦਰ ਕਾਰਜ ਨੂੰ ਪੂਰਾ ਕਰਨਾ ਹੈ, ਜਦੋਂ ਇਹ ਸਧਾਰਣ ਮਨੁੱਖਤਾ ਅਤੇ ਸੰਪੂਰਨ ਈਸ਼ਵਰੀ ਸੁਭਾਅ, ਦੋਹਾਂ ਵਾਲੀ ਜ਼ਿੰਦਗੀ ਹੈ। ਉਸ ਦਾ ਪਹਿਲੇ ਪੜਾਅ ਦੇ ਦੌਰਾਨ ਪੂਰੀ ਤਰ੍ਹਾਂ ਸਧਾਰਣ ਮਨੁੱਖਤਾ ਵਿੱਚ ਜੀਉਣ ਦਾ ਕਾਰਨ ਇਹ ਹੈ ਕਿ ਅਜੇ ਉਸ ਦੀ ਮਨੁੱਖਤਾ ਉਸ ਦੇ ਈਸ਼ਵਰੀ ਕੰਮ ਦੀ ਸੰਪੂਰਨਤਾ ਨੂੰ ਕਾਇਮ ਰੱਖਣ ਦੇ ਕਾਬਲ ਨਹੀਂ ਹੈ, ਅਜੇ ਵਿਕਸਿਤ ਨਹੀਂ ਹੈ; ਸਿਰਫ਼ ਜਦੋਂ ਉਸ ਦੀ ਮਨੁੱਖਤਾ ਵਿਕਸਿਤ ਹੋਵੇਗੀ, ਉਸ ਦੀ ਸੇਵਕਾਈ ਦਾ ਭਾਰ ਚੁੱਕਣ ਦੇ ਕਾਬਲ ਹੋਵੇਗੀ, ਉਹ ਆਪਣੇ ਉਸ ਕੰਮ ਨੂੰ ਕਰਨਾ ਸ਼ੁਰੂ ਕਰ ਸਕਦਾ ਹੈ ਜੋ ਉਸ ਨੂੰ ਕਰਨਾ ਚਾਹੀਦਾ ਹੈ। ਕਿਉਂਕਿ ਉਸ ਨੂੰ ਦੇਹ ਵਿੱਚ ਵਧਣ ਅਤੇ ਵਿਕਸਿਤ ਹੋਣ ਦੀ ਜ਼ਰੂਰਤ ਹੈ, ਉਸ ਦੀ ਜ਼ਿੰਦਗੀ ਦਾ ਪਹਿਲਾ ਪੜਾਅ ਸਧਾਰਣ ਮਨੁੱਖਤਾ ਦਾ ਹੈ –ਜਦਕਿ ਦੂਜਾ ਪੜਾਅ, ਕਿਉਂਕਿ ਉਸ ਦੀ ਮਨੁੱਖਤਾ ਉਸ ਦੇ ਕੰਮ ਨੂੰ ਸਿਰੇ ਚਾੜ੍ਹਨ ਅਤੇ ਸੇਵਕਾਈ ਨੂੰ ਕਰਨ ਦੇ ਕਾਬਲ ਹੈ, ਜੋ ਜ਼ਿੰਦਗੀ ਦੇਹਧਾਰੀ ਪਰਮੇਸ਼ੁਰ ਆਪਣੀ ਸੇਵਕਾਈ ਦੇ ਦੌਰਾਨ ਜੀਉਂਦਾ ਹੈ ਉਹ ਮਨੁੱਖਤਾ ਅਤੇ ਸੰਪੂਰਨ ਈਸ਼ਵਰੀ ਸੁਭਾਅ ਦੋਹਾਂ ਵਾਲੀ ਹੈ। ਜੇ, ਉਸ ਦੇ ਜਨਮ ਦੇ ਸਮੇਂ ਤੋਂ ਦੇਹਧਾਰੀ ਪਰਮੇਸ਼ੁਰ ਆਪਣੇ ਕਾਰਜ ਨੂੰ ਸੰਜੀਦਗੀ ਨਾਲ, ਅਲੌਕਿਕਿ ਚਿੰਨ੍ਹ ਅਤੇ ਅਚੰਭੇ ਦਿਖਾਉਂਦਿਆਂ, ਸ਼ੁਰੂ ਕਰ ਦਿੰਦਾ ਤਾਂ ਉਸ ਦਾ ਕੋਈ ਸਰੀਰਕ ਤੱਤ ਨਾ ਹੁੰਦਾ। ਇਸ ਕਰਕੇ, ਉਸ ਦੀ ਮਨੁੱਖਤਾ ਉਸ ਦੇ ਸਰੀਰਕ ਤੱਤ ਦੀ ਖ਼ਾਤਰ ਮੌਜੂਦ ਹੈ; ਮਨੁੱਖਤਾ ਦੇ ਬਗੈਰ ਕੋਈ ਦੇਹ ਨਹੀਂ ਹੋ ਸਕਦੀ, ਅਤੇ ਮਨੁੱਖਤਾ ਦੇ ਬਗੈਰ ਕੋਈ ਵਿਅਕਤੀ ਮਨੁੱਖ ਨਹੀਂ ਹੁੰਦਾ। ਇਸ ਪ੍ਰਕਾਰ ਪਰਮੇਸ਼ੁਰ ਦੀ ਦੇਹ ਦੀ ਮਨੁੱਖਤਾ, ਪਰਮੇਸ਼ੁਰ ਦੇ ਦੇਹਧਾਰੀ ਸਰੀਰ ਦਾ ਇੱਕ ਅੰਦਰੂਨੀ ਤੱਤ ਹੈ। ਇਹ ਕਹਿਣਾ ਕਿ “ਜਦੋਂ ਪਰਮੇਸ਼ੁਰ ਦੇਹ ਧਾਰਦਾ ਹੈ ਤਾਂ ਉਹ ਪੂਰੀ ਤਰ੍ਹਾਂ ਈਸ਼ਵਰ ਹੁੰਦਾ ਹੈ, ਅਤੇ ਬਿਲਕੁਲ ਵੀ ਮਨੁੱਖ ਨਹੀਂ ਹੁੰਦਾ,” ਈਸ਼-ਨਿੰਦਾ ਹੈ, ਕਿਉਂਕਿ ਇਹ ਵਾਕ ਨਾ ਸਿਰਫ਼ ਮੌਜੂਦ ਨਹੀਂ ਹੈ, ਬਲਕਿ ਦੇਹਧਾਰਣ ਦੇ ਸਿਧਾਂਤ ਦੀ ਉਲੰਘਣਾ ਕਰਦਾ ਹੈ। ਆਪਣੇ ਕਾਰਜ ਨੂੰ ਸ਼ੁਰੂ ਕਰਨ ਤੋਂ ਬਾਅਦ ਵੀ, ਉਹ ਆਪਣਾ ਕੰਮ ਕਰਦਿਆਂ ਬਾਹਰੀ ਮਨੁੱਖੀ ਖ਼ੋਲ ਵਿੱਚ ਆਪਣੇ ਸੰਪੂਰਨ ਈਸ਼ਵਰੀ ਸੁਭਾਅ ਨਾਲ ਜੀਉਂਦਾ ਹੈ; ਇਸ ਦਾ ਕਾਰਨ ਇਹ ਹੈ ਕਿ ਉਸ ਸਮੇਂ ਉਸ ਦੀ ਮਨੁੱਖਤਾ ਦਾ ਇੱਕੋ-ਇੱਕ ਟੀਚਾ ਉਸ ਦੇ ਈਸ਼ਵਰੀ ਸੁਭਾਅ ਨੂੰ ਆਮ ਦੇਹ ਵਿੱਚ ਆਪਣਾ ਕੰਮ ਕਰਨ ਦੇ ਕਾਬਲ ਬਣਾਉਣਾ ਹੈ। ਇਸ ਲਈ ਕੰਮ ਦਾ ਕਰਤਾ ਉਸ ਦੀ ਮਨੁੱਖਤਾ ਵਿੱਚ ਵੱਸਦਾ ਈਸ਼ਵਰੀ ਸੁਭਾਅ ਹੈ। ਉਸ ਦਾ ਈਸ਼ਵਰੀ ਸੁਭਾਅ, ਨਾ ਕਿ ਉਸ ਦੀ ਮਨੁੱਖਤਾ, ਕੰਮ ਕਰਦਾ ਹੈ, ਪਰ ਫਿਰ ਵੀ ਉਸ ਦਾ ਇਹ ਈਸ਼ਵਰੀ ਸੁਭਾਅ ਉਸ ਦੀ ਮਨੁੱਖਤਾ ਵਿੱਚ ਲੁਕਿਆ ਰਹਿੰਦਾ ਹੈ; ਸੰਖੇਪ ਵਿੱਚ, ਉਸ ਦਾ ਪੂਰਨ ਈਸ਼ਵਰੀ ਸੁਭਾਅ ਉਸ ਦਾ ਕੰਮ ਕਰਦਾ ਹੈ, ਉਸ ਦੀ ਮਨੁੱਖਤਾ ਨਹੀਂ। ਪਰ ਉਸ ਦੇ ਕੰਮ ਨੂੰ ਕਰਨ ਵਾਲੀ ਉਸ ਦੀ ਦੇਹ ਹੈ। ਅਜਿਹਾ ਕਿਹਾ ਜਾ ਸਕਦਾ ਹੈ ਕਿ ਉਹ ਇੱਕ ਮਨੁੱਖ ਹੈ ਅਤੇ ਪਰਮੇਸ਼ੁਰ ਵੀ, ਕਿਉਂਕਿ ਪਰਮੇਸ਼ੁਰ ਦੇਹ ਵਿੱਚ, ਮਨੁੱਖੀ ਖ਼ੋਲ ਅੰਦਰ, ਇੱਕ ਮਨੁੱਖੀ ਤੱਤ ਨਾਲ ਰਹਿਣ ਵਾਲਾ ਪਰਮੇਸ਼ੁਰ ਬਣ ਜਾਂਦਾ ਹੈ, ਪਰ ਉਸ ਵਿੱਚ ਪਰਮੇਸ਼ੁਰ ਦਾ ਤੱਤ ਵੀ ਮੌਜੂਦ ਹੁੰਦਾ ਹੈ। ਕਿਉਂਕਿ ਉਹ ਪਰਮੇਸ਼ੁਰ ਦੇ ਤੱਤ ਵਾਲਾ ਇੱਕ ਮਨੁੱਖ ਹੈ, ਉਹ ਸਾਰੇ ਸਿਰਜੇ ਗਏ ਮਨੁੱਖਾਂ, ਕਿਸੇ ਵੀ ਅਜਿਹੇ ਮਨੁੱਖ ਜੋ ਪਰਮੇਸ਼ੁਰ ਦਾ ਕੰਮ ਕਰ ਸਕਦਾ ਹੈ, ਤੋਂ ਉੱਪਰ ਹੈ। ਅਤੇ ਇਸ ਕਰਕੇ, ਉਸ ਵਰਗੇ, ਸਾਰੇ ਮਨੁੱਖੀ ਖ਼ੋਲਾਂ ਵਿੱਚੋਂ–ਸਿਰਫ਼ ਉਹ ਖੁਦ ਦੇਹਧਾਰੀ ਪਰਮੇਸ਼ੁਰ ਹੈ–ਬਾਕੀ ਸਾਰੇ ਸਿਰਜੇ ਗਏ ਮਨੁੱਖ ਹਨ। ਭਾਵੇਂ ਉਨ੍ਹਾਂ ਸਾਰਿਆਂ ਵਿੱਚ ਮਨੁੱਖਤਾ ਹੁੰਦੀ ਹੈ, ਸਿਰਜੇ ਗਏ ਮਨੁੱਖਾਂ ਵਿੱਚ ਮਨੁੱਖਤਾ ਦੇ ਇਲਾਵਾ ਕੁਝ ਨਹੀਂ ਹੁੰਦਾ, ਜਦਕਿ ਦੇਹਧਾਰੀ ਪਰਮੇਸ਼ੁਰ ਵੱਖਰਾ ਹੈ: ਉਸ ਦੀ ਦੇਹ ਵਿੱਚ, ਉਸ ਕੋਲ ਨਾ ਸਿਰਫ਼ ਮਨੁੱਖਤਾ ਹੈ ਬਲਕਿ, ਸਭ ਤੋਂ ਮਹੱਤਵਪੂਰਨ, ਈਸ਼ਵਰੀ ਸੁਭਾਅ ਵੀ ਹੈ। ਉਸ ਦੀ ਮਨੁੱਖਤਾ ਉਸ ਦੀ ਦੇਹ ਦੇ ਬਾਹਰੀ ਸਰੂਪ ਅਤੇ ਉਸ ਦੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਦੇਖੀ ਜਾ ਸਕਦੀ ਹੈ, ਪਰ ਉਸ ਦੇ ਈਸ਼ਵਰੀ ਸੁਭਾਅ ਨੂੰ ਦ੍ਰਿਸ਼ਟੀਗੋਚਰ ਕਰਨਾ ਔਖਾ ਹੁੰਦਾ ਹੈ। ਕਿਉਂਕਿ ਉਸ ਦਾ ਈਸ਼ਵਰੀ ਸੁਭਾਅ ਸਿਰਫ਼ ਉਸ ਸਮੇਂ ਉਜਾਗਰ ਹੁੰਦਾ ਹੈ ਜਦੋਂ ਉਸ ਕੋਲ ਮਨੁੱਖਤਾ ਹੁੰਦੀ ਹੈ, ਅਤੇ ਇਹ ਲੋਕਾਂ ਦੀ ਸੋਚ ਮੁਤਾਬਿਕ ਅਲੌਕਿਕ ਨਹੀਂ ਹੁੰਦੀ, ਲੋਕਾਂ ਲਈ ਇਸ ਨੂੰ ਦੇਖਣਾ ਅਤਿਅੰਤ ਮੁਸ਼ਕਲ ਹੁੰਦਾ ਹੈ। ਅੱਜ ਵੀ ਲੋਕਾਂ ਲਈ ਦੇਹਧਾਰੀ ਪਰਮੇਸ਼ੁਰ ਦੇ ਸੱਚੇ ਤੱਤ ਦੀ ਕਲਪਨਾ ਕਰਨਾ ਅਤਿਅੰਤ ਮੁਸ਼ਕਲ ਹੁੰਦਾ ਹੈ। ਮੇਰੇ ਇਸ ਬਾਰੇ ਇੰਨੇ ਵਿਸਤਾਰ ਨਾਲ ਗੱਲ ਕਰਨ ਦੇ ਬਾਵਜੂਦ ਵੀ, ਮੈਂ ਉਮੀਦ ਕਰਦਾ ਹਾਂ ਕਿ ਤੁਹਾਡੇ ਵਿੱਚੋਂ ਕਈਆਂ ਲਈ ਇਹ ਅਜੇ ਵੀ ਇੱਕ ਭੇਤ ਹੈ। ਦਰਅਸਲ, ਇਹ ਮੁੱਦਾ ਬਹੁਤ ਸਰਲ ਹੈ: ਜਦੋਂ ਪਰਮੇਸ਼ੁਰ ਦੇਹ ਧਾਰਦਾ ਹੈ, ਉਸ ਦਾ ਤੱਤ ਮਨੁੱਖਤਾ ਅਤੇ ਈਸ਼ਵਰੀ ਸੁਭਾਅ ਦਾ ਸੁਮੇਲ ਹੈ। ਇਸ ਸੁਮੇਲ ਨੂੰ ਖੁਦ ਪਰਮੇਸ਼ੁਰ, ਧਰਤੀ ਉੱਪਰ ਖੁਦ ਪਰਮੇਸ਼ੁਰ ਕਿਹਾ ਜਾਂਦਾ ਹੈ।

ਜ਼ਿੰਦਗੀ ਜੋ ਯਿਸੂ ਨੇ ਧਰਤੀ ਉੱਪਰ ਗੁਜ਼ਾਰੀ ਦੇਹ ਦੀ ਸਧਾਰਣ ਜ਼ਿੰਦਗੀ ਸੀ। ਉਸ ਦਾ ਅਧਿਕਾਰ–ਆਪਣਾ ਕੰਮ ਕਰਨ ਦਾ ਅਤੇ ਆਪਣੇ ਵਚਨਾਂ ਨੂੰ ਬੋਲਣ ਦਾ, ਜਾਂ ਬਿਮਾਰਾਂ ਨੂੰ ਚੰਗਾ ਕਰਨ ਅਤੇ ਭਰਿਸ਼ਟ ਆਤਮਾਵਾਂ ਨੂੰ ਕੱਢਣ ਦਾ, ਅਜਿਹੀਆਂ ਅਸਾਧਾਰਣ ਚੀਜ਼ਾਂ ਨੂੰ ਕਰਨ ਦਾ ਅਧਿਕਾਰ—ਜ਼ਿਆਦਾਤਰ ਹਿੱਸੇ ਵਿੱਚ, ਉਸ ਦੇ ਆਪਣੀ ਸੇਵਕਾਈ ਸ਼ੁਰੂ ਕਰਨ ਤੋਂ ਪਹਿਲਾਂ, ਆਪਣੇ ਆਪ ਉਜਾਗਰ ਨਹੀਂ ਹੁੰਦਾ। ਉਸ ਦੀ ਜ਼ਿੰਦਗੀ ਦੇ ਪਹਿਲੇ ਉਣੱਤੀ ਸਾਲ, ਉਸ ਦਾਉਸ ਦੀ ਸੇਵਕਾਈ ਸ਼ੁਰੂ ਕਰਨ ਤੋਂ ਪਹਿਲਾਂ, ਇਸ ਗੱਲ ਦਾ ਸਬੂਤ ਹਨ ਕਿ ਉਹ ਸਿਰਫ਼ ਇੱਕ ਸਧਾਰਣ ਦੇਹ ਦਾ ਸਰੀਰ ਸੀ। ਇਸ ਕਰਕੇ, ਅਤੇ ਕਿਉਂਕਿ ਉਸ ਨੇ ਅਜੇ ਆਪਣੀ ਸੇਵਕਾਈ ਕਰਨਾ ਸ਼ੁਰੂ ਨਹੀਂ ਕੀਤਾ ਸੀ, ਲੋਕਾਂ ਨੇ ਉਸ ਵਿੱਚ ਕੋਈ ਵੀ ਈਸ਼ਵਰੀ ਸੁਭਾਅ ਨਹੀਂ ਦੇਖਿਆ, ਉਸ ਨੂੰ ਇੱਕ ਸਧਾਰਣ ਮਨੁੱਖ, ਇੱਕ ਆਮ ਮਨੁੱਖ ਤੋਂ ਵੱਧ ਕੁਝ ਵੀ ਨਹੀਂ ਸਮਝਿਆ—ਜਿਵੇਂ ਉਸੇ ਸਮੇਂ ਕੁਝ ਲੋਕ ਉਸ ਨੂੰ ਯੂਸਫ਼ ਦਾ ਪੁੱਤਰ ਸਮਝਦੇ ਸਨ। ਲੋਕਾਂ ਨੂੰ ਲੱਗਿਆ ਕਿ ਉਹ ਇੱਕ ਆਮ ਮਨੁੱਖ ਦਾ ਪੁੱਤਰ ਹੈ, ਉਨ੍ਹਾਂ ਕੋਲ ਇਹ ਦੱਸਣ ਦਾ ਕੋਈ ਤਰੀਕਾ ਨਹੀਂ ਸੀ ਕਿ ਉਹ ਪਰਮੇਸ਼ੁਰ ਦੀ ਧਾਰਣ ਕੀਤੀ ਦੇਹ ਹੈ; ਆਪਣੀ ਸੇਵਕਾਈ ਕਰਦਿਆਂ ਉਸ ਦੁਆਰਾ ਕੀਤੀਆਂ ਕਰਾਮਾਤਾਂ ਦੇ ਬਾਵਜੂਦ ਵੀ ਜ਼ਿਆਦਾਤਰ ਲੋਕ ਕਹਿੰਦੇ ਰਹੇ ਕਿ ਉਹ ਯੂਸਫ਼ ਦਾ ਪੁੱਤਰ ਸੀ, ਜਦਕਿ ਉਹ ਸਧਾਰਣ ਮਨੁੱਖਤਾ ਦੇ ਖ਼ੋਲ ਦੇ ਅੰਦਰ ਮਸੀਹ ਸੀ। ਉਸ ਦੀ ਸਧਾਰਣ ਮਨੁੱਖਤਾ ਅਤੇ ਉਸ ਦਾ ਕੰਮ ਦੋਵੇਂ ਉਸ ਦੇ ਪਹਿਲੇ ਦੇਹਧਾਰਣ ਦੇ ਮਹੱਤਵ ਨੂੰ ਪੂਰਾ ਕਰਨ ਲਈ ਮੌਜੂਦ ਸਨ, ਇਹ ਸਾਬਤ ਕਰਨ ਲਈ ਕਿ ਪਰਮੇਸ਼ੁਰ ਪੂਰਨ ਰੂਪ ਵਿੱਚ ਦੇਹ ਵਿੱਚ ਆਇਆ ਸੀ, ਕਿ ਉਹ ਬੇਹੱਦ ਸਧਾਰਣ ਮਨੁੱਖ ਬਣ ਗਿਆ ਸੀ। ਉਸ ਦੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਦੀ ਸਧਾਰਣ ਮਨੁੱਖਤਾ ਇਸ ਗੱਲ ਦਾ ਸਬੂਤ ਸੀ ਕਿ ਉਹ ਇੱਕ ਸਧਾਰਣ ਦੇਹ ਹੈ; ਅਤੇ ਕਿ ਉਸ ਦੇ ਵੱਲੋਂ ਬਾਅਦ ਵਿੱਚ ਕੰਮ ਕੀਤਾ ਵੀ ਸਾਬਤ ਕਰਦਾ ਹੈ ਕਿ ਉਹ ਇੱਕ ਸਧਾਰਣ ਦੇਹ ਸੀ, ਕਿਉਂਕਿ ਉਸ ਨੇ ਸਧਾਰਣ ਮਨੁੱਖਤਾ ਨਾਲ ਚਿੰਨ੍ਹ ਅਤੇ ਅਚੰਭੇ ਦਿਖਾਏ, ਬਿਮਾਰਾਂ ਨੂੰ ਚੰਗਾ ਕੀਤਾ ਅਤੇ ਭਰਿਸ਼ਟ ਆਤਮਾਵਾਂ ਨੂੰ ਕੱਢਿਆ। ਉਸ ਦੇ ਕਰਾਮਾਤਾਂ ਨੂੰ ਕਰ ਸਕਣ ਦਾ ਕਾਰਨ ਇਹ ਸੀ ਕਿ ਉਸ ਦੀ ਦੇਹ ਨੇ ਪਰਮੇਸ਼ੁਰ ਦੇ ਅਧਿਕਾਰ ਨੂੰ ਧਾਰਿਆ, ਇਹੀ ਦੇਹ ਸੀ ਜਿਸ ਦੁਆਰਾ ਪਰਮੇਸ਼ੁਰ ਦੇ ਆਤਮਾ ਨੂੰ ਢੱਕਿਆ ਗਿਆ ਸੀ। ਉਹ ਪਰਮੇਸ਼ੁਰ ਦੇ ਆਤਮਾ ਦੀ ਵਜ੍ਹਾ ਕਰਕੇ ਇਸ ਅਧਿਕਾਰ ਦਾ ਮਾਲਕ ਸੀ, ਅਤੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਇੱਕ ਦੇਹ ਨਹੀਂ ਸੀ। ਬਿਮਾਰਾਂ ਨੂੰ ਚੰਗਾ ਕਰਨ ਅਤੇ ਭਰਿਸ਼ਟ ਆਤਮਾਵਾਂ ਨੂੰ ਕੱਢਣ ਦਾ ਕੰਮ ਅਜਿਹਾ ਕੰਮ ਸੀ ਜਿਸ ਦੀ ਉਸ ਨੂੰ ਆਪਣੀ ਸੇਵਕਾਈ ਨੂੰ ਪੂਰਾ ਕਰਨ ਲਈ ਜ਼ਰੂਰਤ ਸੀ, ਇਹ ਉਸ ਦੀ ਮਨੁੱਖਤਾ ਵਿੱਚ ਲੁਕੇ ਈਸ਼ਵਰੀ ਸੁਭਾਅ ਦਾ ਪ੍ਰਗਟਾਵਾ ਸੀ, ਭਾਵੇਂ ਉਸ ਨੇ ਜਿਹੜੇ ਚਿੰਨ੍ਹ ਦਿਖਾਏ ਜਾਂ ਉਸ ਨੇ ਜਿਵੇਂ ਵੀ ਆਪਣਾ ਅਧਿਕਾਰ ਦਰਸਾਇਆ, ਉਹ ਫਿਰ ਵੀ ਸਧਾਰਣ ਮਨੁੱਖਤਾ ਵਿੱਚ ਰਿਹਾ ਅਤੇ ਅਜੇ ਵੀ ਇੱਕ ਸਧਾਰਣ ਦੇਹ ਸੀ। ਉਸ ਦੇ ਸਲੀਬ ਉੱਪਰ ਮੌਤ ਤੋਂ ਲੈ ਕੇ ਪੁਨਰ-ਉਥਾਨ ਦੇ ਮੌਕੇ ਤੱਕ, ਉਹ ਸਧਾਰਣ ਦੇਹ ਦੇ ਅੰਦਰ ਵੱਸਿਆ। ਕਿਰਪਾ ਬਖਸ਼ਣਾ, ਬਿਮਾਰਾਂ ਨੂੰ ਚੰਗਾ ਕਰਨਾ ਅਤੇ ਭਰਿਸ਼ਟ ਆਤਮਾਵਾਂ ਨੂੰ ਕੱਢਣਾ ਸਭ ਉਸ ਦੇਉਸ ਦੀ ਸੇਵਕਾਈ ਦਾ ਹਿੱਸਾ ਸਨ, ਉਹ ਸਾਰੇ ਕੰਮ ਸਨ ਜੋ ਉਸ ਨੇ ਸਧਾਰਣ ਦੇਹ ਵਿੱਚ ਪੂਰੇ ਕੀਤੇ। ਸਲੀਬ ਉੱਪਰ ਜਾਣ ਤੋਂ ਪਹਿਲਾਂ, ਉਸ ਨੇ ਕਦੇ ਵੀ ਸਧਾਰਣ ਦੇਹ ਨੂੰ ਨਹੀਂ ਛੱਡਿਆ, ਚਾਹੇ ਉਹ ਕੁਝ ਵੀ ਰਿਹਾ ਸੀ। ਉਹ ਖੁਦ ਪਰਮੇਸ਼ੁਰ ਸੀ, ਪਰਮੇਸ਼ੁਰ ਦਾ ਆਪਣਾ ਕੰਮ ਕਰ ਰਿਹਾ ਸੀ, ਪਰ ਕਿਉਂਕਿ ਉਹ ਪਰਮੇਸ਼ੁਰ ਦੀ ਧਾਰੀ ਹੋਈ ਦੇਹ ਸੀ, ਉਸ ਨੇ ਭੋਜਨ ਖਾਧਾ ਅਤੇ ਕੱਪੜੇ ਪਹਿਨੇ, ਉਸ ਦੀਆਂ ਸਧਾਰਣ ਮਨੁੱਖੀ ਲੋੜਾਂ ਸਨ, ਉਸ ਵਿੱਚ ਸਧਾਰਣ ਮਨੁੱਖੀ ਅਹਿਸਾਸ ਸੀ, ਅਤੇ ਇੱਕ ਆਮ ਮਨੁੱਖੀ ਮਨ ਸੀ। ਇਹ ਸਭ ਕੁਝ ਇਸ ਗੱਲ ਦਾ ਸਬੂਤ ਹੈ ਕਿ ਉਹ ਇੱਕ ਆਮ ਮਨੁੱਖ ਸੀ, ਜੋ ਇਹ ਸਾਬਤ ਕਰਦਾ ਹੈ ਕਿ ਪਰਮੇਸ਼ੁਰ ਦੁਆਰਾ ਧਾਰੀ ਦੇਹ ਸਧਾਰਣ ਮਨੁੱਖਤਾ ਵਾਲੀ ਦੇਹ ਸੀ, ਅਤੇ ਅਲੌਕਿਕ ਨਹੀਂ ਸੀ। ਉਸ ਦਾ ਕੰਮ ਪਰਮੇਸ਼ੁਰ ਦੇ ਪਹਿਲੇ ਦੇਹਧਾਰਣ ਦੇ ਕੰਮ ਨੂੰ ਪੂਰਾ ਕਰਨਾ ਸੀ, ਉਸ ਕਾਰਜ ਨੂੰ ਸਿਰੇ ਚਾੜ੍ਹਨਾ ਸੀ ਜੋ ਉਸ ਨੂੰ ਕਰਨਾ ਜ਼ਰੂਰੀ ਸੀ। ਉਸ ਦੇ ਦੇਹਧਾਰਣ ਦਾ ਮਹੱਤਵ ਹੈ ਕਿ ਇੱਕ ਆਮ, ਸਧਾਰਣ ਮਨੁੱਖ ਖੁਦ ਪਰਮੇਸ਼ੁਰ ਦਾ ਕੰਮ ਕਰ ਸਕਦਾ ਹੈ; ਇਹ ਕਿ ਪਰਮੇਸ਼ੁਰ ਆਪਣੇ ਈਸ਼ਵਰੀ ਸੁਭਾਅ ਦਾ ਕੰਮ ਮਨੁੱਖਤਾ ਵਿੱਚ ਕਰਦਾ ਹੈ ਅਤੇ ਇਸ ਪ੍ਰਕਾਰ ਸ਼ਤਾਨ ਨੂੰ ਹਰਾਉਂਦਾ ਹੈ। ਦੇਹਧਾਰਣ ਦਾ ਮਤਲਬ ਹੈ ਕਿ ਪਰਮੇਸ਼ੁਰ ਦਾ ਆਤਮਾ ਦੇਹ ਬਣ ਜਾਂਦਾ ਹੈ, ਭਾਵ, ਪਰਮੇਸ਼ੁਰ ਦੇਹ ਬਣ ਜਾਂਦਾ ਹੈ; ਜੋ ਕੰਮ ਦੇਹ ਕਰਦੀ ਹੈ ਉਹ ਆਤਮਾ ਦਾ ਕੰਮ ਹੈ ਜਿਸਨੂੰ ਦੇਹ ਵਿੱਚ ਪੂਰਾ ਕੀਤਾ ਜਾਂਦਾ ਹੈ, ਦੇਹ ਦੁਆਰਾ ਉਜਾਗਰ ਕੀਤਾ ਜਾਂਦਾ ਹੈ। ਪਰਮੇਸ਼ੁਰ ਦੀ ਦੇਹ ਦੇ ਸਿਵਾਏ ਕੋਈ ਵੀ ਦੇਹਧਾਰੀ ਪਰਮੇਸ਼ੁਰ ਦੇ ਕੰਮ ਨੂੰ ਪੂਰਾ ਨਹੀਂ ਕਰ ਸਕਦਾ; ਭਾਵ, ਸਿਰਫ਼ ਪਰਮੇਸ਼ੁਰ ਦੀ ਧਾਰੀ ਦੇਹ, ਇਹ ਸਧਾਰਣ ਮਨੁੱਖਤਾ—ਅਤੇ ਕੋਈ ਹੋਰ ਨਹੀਂ—ਜੋ ਈਸ਼ਵਰੀ ਸੁਭਾਅ ਦੇ ਕੰਮ ਨੂੰ ਉਜਾਗਰ ਕਰ ਸਕਦੀ ਹੈ। ਜੇ ਉਸ ਦੀ ਪਹਿਲੀ ਆਮਦ ਦੇ ਦੌਰਾਨ, ਪਰਮੇਸ਼ੁਰ ਨੇ ਉਣੱਤੀ ਸਾਲ ਦੀ ਉਮਰ ਤੋਂ ਪਹਿਲਾਂ ਸਧਾਰਣ ਮਨੁੱਖਤਾ ਨਾ ਧਾਰੀ ਹੁੰਦੀ—ਜੇ ਉਹ ਜੰਮਣ ਸਾਰ ਕਾਰਮਾਤਾਂ ਕਰ ਸਕਦਾ, ਬੋਲਣਾ ਸਿੱਖਣ ਸਾਰ ਉਹ ਸਵਰਗੀ ਭਾਸ਼ਾ ਬੋਲਣ ਲੱਗਦਾ, ਧਰਤੀ ਉੱਪਰ ਪੈਰ ਰੱਖਣ ਸਾਰ ਉਹ ਸਾਰੇ ਸੰਸਾਰਿਕ ਮਾਮਲਿਆਂ ਨੂੰ ਸਮਝ ਜਾਂਦਾ, ਹਰ ਮਨੁੱਖ ਦੇ ਵਿਚਾਰਾਂ ਅਤੇ ਇਰਾਦਿਆਂ ਨੂੰ ਸਮਝ ਸਕਦਾ—ਤਾਂ ਅਜਿਹੇ ਮਨੁੱਖ ਨੂੰ ਸਧਾਰਣ ਮਨੁੱਖ ਨਾ ਕਿਹਾ ਜਾਂਦਾ, ਅਤੇ ਅਜਿਹੀ ਦੇਹ ਨੂੰ ਸਧਾਰਣ ਦੇਹ ਨਾ ਕਿਹਾ ਜਾਂਦਾ। ਜੇ ਇਹ ਮਸੀਹ ਦਾ ਮਾਮਲਾ ਹੁੰਦਾ ਤਾਂ ਪਰਮੇਸ਼ੁਰ ਦੇ ਦੇਹਧਾਰਣ ਦਾ ਅਰਥ ਅਤੇ ਤੱਤ ਗੁੰਮ ਹੋ ਜਾਣਾ ਸੀ। ਉਸ ਵਿੱਚ ਸਧਾਰਣ ਮਨੁੱਖਤਾ ਦਾ ਹੋਣਾ ਇਹ ਸਾਬਤ ਕਰਦਾ ਹੈ ਕਿ ਉਹ ਪਰਮੇਸੁਰ ਦਾ ਸਰੀਰ ਵਿੱਚ ਦੇਹਧਾਰਣ ਹੈ; ਇਹ ਤੱਥ ਕਿ ਉਹ ਸਧਾਰਣ ਮਨੁੱਖੀ ਵਿਕਾਸ ਵਿੱਚੋਂ ਗੁਜ਼ਰਦਾ ਹੈ, ਅੱਗੇ ਦਰਸਾਉਂਦਾ ਹੈ ਕਿ ਉਹ ਸਧਾਰਣ ਦੇਹ ਹੈ; ਇਸ ਦੇ ਇਲਾਵਾ, ਉਸ ਦਾ ਕੰਮ ਇਸ ਗੱਲ ਦਾ ਉਚਿਤ ਪ੍ਰਮਾਣ ਹੈ ਕਿ ਉਹ ਪਰਮੇਸ਼ੁਰ ਦਾ ਦੇਹਧਾਰੀ ਵਚਨ, ਪਰਮੇਸ਼ੁਰ ਦੀ ਆਤਮਾ ਹੈ। ਪਰਮੇਸ਼ੁਰ ਆਪਣੇ ਕੰਮ ਦੀਆਂ ਜ਼ਰੂਰਤਾਂ ਕਰਕੇ ਦੇਹ ਨੂੰ ਧਾਰਦਾ ਹੈ; ਦੂਜੇ ਸ਼ਬਦਾਂ ਵਿੱਚ, ਉਸ ਦੇ ਕੰਮ ਦਾ ਇਹ ਪੜਾਅ ਦੇਹ ਵਿੱਚ ਪੂਰਾ ਕਰਨਾ ਲਾਜ਼ਮੀ ਹੈ, ਇਸ ਨੂੰ ਸਧਾਰਣ ਮਨੁੱਖਤਾ ਵਿੱਚ ਕਰਨਾ ਜ਼ਰੂਰੀ ਹੁੰਦਾ ਹੈ। ਇਹ “ਵਚਨ ਦਾ ਦੇਹਧਾਰੀ ਬਣਨਾ” ਦੀ, “ਵਚਨ ਦਾ ਦੇਹਧਾਰੀ ਹੋਣਾ” ਦੀ ਅਤਿ ਲੋੜੀਂਦੀ ਸ਼ਰਤ ਹੈ, ਅਤੇ ਇਹੀ ਪਰਮੇਸ਼ੁਰ ਦੇ ਦੋ ਦੇਹਧਾਰਣਾਂ ਦੇ ਪਿੱਛੇ ਸੱਚੀ ਕਹਾਣੀ ਹੈ। ਲੋਕ ਮੰਨ ਸਕਦੇ ਹਨ ਕਿ ਯਿਸੂ ਨੇ ਆਪਣੀ ਸਾਰੀ ਜ਼ਿੰਦਗੀ ਕਰਾਮਾਤਾਂ ਕੀਤੀਆਂ, ਕਿ ਯਿਸੂ ਨੇ ਧਰਤੀ ਉੱਪਰ ਆਪਣੇ ਕੰਮ ਦੇ ਖ਼ਤਮ ਹੋਣ ਤੱਕ ਮਨੁੱਖਤਾ ਦੇ ਕੋਈ ਸੰਕੇਤ ਨਹੀਂ ਦਿੱਤੇ ਕਿ ਉਸ ਦੀਆਂ ਕੋਈ ਸਧਾਰਣ ਮਨੁੱਖੀ ਲੋੜਾਂ ਜਾਂ ਕਮਜ਼ੋਰੀਆਂ ਜਾਂ ਮਨੁੱਖੀ ਭਾਵਨਾਵਾਂ ਨਹੀਂ ਸਨ, ਉਸ ਨੂੰ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਦੀ ਜ਼ਰੂਰਤ ਨਹੀਂ ਸੀ, ਜਾਂ ਉਸ ਕੋਲ ਸਧਾਰਣ ਮਨੁੱਖੀ ਵਿਚਾਰ ਨਹੀਂ ਸਨ। ਉਹ ਉਸ ਦੀ ਕਲਪਨਾ ਸਿਰਫ਼ ਇੱਕ ਅਲੌਕਿਕ ਮਨ, ਇੱਕ ਅਥਾਹ ਮਨੁੱਖਤਾ ਦੇ ਮਾਲਕ ਵਜੋਂ ਕਰਦੇ ਹਨ। ਉਹ ਮੰਨਦੇ ਹਨ ਕਿ ਕਿਉਂਕਿ ਉਹ ਪਰਮੇਸ਼ੁਰ ਹੈ, ਉਸ ਨੂੰ ਆਮ ਮਨੁੱਖਾਂ ਵਾਂਗ ਸੋਚਣਾ ਜਾਂ ਜਿਉਣਾ ਨਹੀਂ ਚਾਹੀਦਾ, ਕਿ ਸਿਰਫ਼ ਇੱਕ ਸਧਾਰਣ ਮਨੁੱਖ, ਇੱਕ ਸੁਹਿਰਦ ਮਨੁੱਖ ਹੀ ਆਮ ਮਨੁੱਖੀ ਵਿਚਾਰਾਂ ਨੂੰ ਸੋਚ ਸਕਦਾ ਹੈ ਅਤੇ ਇੱਕ ਆਮ ਜ਼ਿੰਦਗੀ ਜੀ ਸਕਦਾ ਹੈ। ਇਹ ਸਾਰੇ ਮਨੁੱਖੀ ਵਿਚਾਰ ਅਤੇ ਮਨੁੱਖੀ ਧਾਰਨਾਵਾਂ ਹਨ, ਅਤੇ ਇਹ ਧਾਰਨਾਵਾਂ ਪਰਮੇਸ਼ੁਰ ਦੇ ਕੰਮ ਦੇ ਮੌਲਿਕ ਇਰਾਦਿਆਂ ਦੇ ਉਲਟ ਚਲਦੀਆਂ ਹਨ। ਸਧਾਰਣ ਮਨੁੱਖੀ ਸੋਚ ਸਧਾਰਣ ਮਨੁੱਖੀ ਅਹਿਸਾਸ ਅਤੇ ਸਧਾਰਣ ਮਨੁੱਖਤਾ ਨੂੰ ਜੀਉਂਦਾ ਰੱਖਦੀ ਹੈ; ਸਧਾਰਣ ਮਨੁੱਖਤਾ ਦੇਹ ਦੇ ਸਾਰੇ ਸਧਾਰਣ ਕੰਮ ਨੂੰ ਚਲਾਉਂਦੀ ਹੈ; ਅਤੇ ਦੇਹ ਦੇ ਸਧਾਰਣ ਕੰਮ ਦੇਹ ਵਿੱਚ ਸਧਾਰਣ ਜ਼ਿੰਦਗੀ ਨੂੰ ਪੂਰਨ ਰੂਪ ਵਿੱਚ ਕਾਬਲ ਬਣਾਉਂਦੇ ਹਨ। ਸਿਰਫ ਅਜਿਹੀ ਦੇਹ ਵਿੱਚ ਕੰਮ ਕਰਕੇ ਪਰਮੇਸ਼ੁਰ ਆਪਣੇ ਦੇਹਧਾਰਣ ਦੇ ਮੰਤਵ ਨੂੰ ਪੂਰਾ ਕਰ ਸਕਦਾ ਹੈ। ਜੇ ਦੇਹਧਾਰੀ ਪਰਮੇਸ਼ੁਰ ਦੇਹ ਦੇ ਸਿਰਫ਼ ਇੱਕ ਬਾਹਰੀ ਖ਼ੋਲ ਨੂੰ ਧਾਰਦਾ, ਪਰ ਸਧਾਰਣ ਮਨੁੱਖੀ ਸੋਚ ਅਨੁਸਾਰ ਨਾ ਸੋਚਦਾ, ਤਾਂ ਉਸ ਦੀ ਦੇਹ ਵਿੱਚ ਮਨੁੱਖੀ ਅਹਿਸਾਸ ਨਹੀਂ ਹੋਣਾ ਸੀ, ਸੁਹਿਰਦ ਮਨੁੱਖਤਾ ਹੋਣ ਦੀ ਸੰਭਾਵਨਾ ਤਾਂ ਬਹੁਤ ਦੂਰ ਦੀ ਗੱਲ ਹੈ। ਬਗੈਰ ਮਨੁੱਖਤਾ ਵਾਲੀ ਅਜਿਹੀ ਦੇਹ ਦੇਹਧਾਰੀ ਪਰਮੇਸ਼ੁਰ ਦੀ ਸੇਵਕਾਈ, ਜੋ ਉਸ ਨੂੰ ਕਰਨੀ ਜ਼ਰੂਰੀ ਹੈ, ਨੂੰ ਕਿਸ ਤਰ੍ਹਾਂ ਪੂਰਾ ਕਰ ਪਾਉਂਦੀ? ਇੱਕ ਸਧਾਰਣ ਮਨ ਮਨੁੱਖੀ ਜ਼ਿੰਦਗੀ ਦੇ ਸਾਰੇ ਪੱਖਾਂ ਨੂੰ ਪੂਰਾ ਕਰਦਾ ਹੈ; ਇੱਕ ਸਧਾਰਣ ਮਨ ਦੇ ਬਗੈਰ ਕੋਈ ਵੀ ਮਨੁੱਖ ਨਹੀਂ ਹੋਵੇਗਾ। ਦੂਜੇ ਸ਼ਬਦਾਂ ਵਿੱਚ, ਇੱਕ ਮਨੁੱਖ ਜੋ ਸਧਾਰਣ ਸੋਚਾਂ ਨੂੰ ਨਹੀਂ ਸੋਚਦਾ ਉਹ ਮਾਨਸਿਕ ਤੌਰ ਤੇ ਬਿਮਾਰ ਹੈ, ਅਤੇ ਇੱਕ ਮਸੀਹ ਜਿਸ ਕੋਲ ਮਨੁੱਖਤਾ ਨਹੀਂ ਪਰ ਸਿਰਫ਼ ਈਸ਼ਵਰੀ ਸੁਭਾਅ ਹੈ, ਉਸ ਨੂੰ ਪਰਮੇਸ਼ੁਰ ਦੀ ਧਾਰੀ ਦੇਹ ਨਹੀਂ ਕਿਹਾ ਜਾ ਸਕਦਾ। ਤਾਂ, ਪਰਮੇਸ਼ੁਰ ਦੀ ਧਾਰੀ ਦੇਹ ਕੋਲ ਸਧਾਰਣ ਮਨੁੱਖਤਾ ਕਿਉਂ ਨਹੀਂ ਹੋ ਸਕਦੀ? ਕੀ ਇਹ ਕਹਿਣਾ ਕਿ ਮਸੀਹ ਕੋਲ ਮਨੁੱਖਤਾ ਨਹੀਂ ਹੈ, ਈਸ਼-ਨਿੰਦਾ ਨਹੀਂ ਹੈ? ਸਾਰੀਆਂ ਗਤੀਵਿਧੀਆਂ, ਜਿਨ੍ਹਾਂ ਵਿੱਚ ਸਧਾਰਣ ਮਨੁੱਖ ਸ਼ਾਮਲ ਹੁੰਦੇ ਹਨ, ਇੱਕ ਸਧਾਰਣ ਮਨੁੱਖੀ ਮਨ ਦੇ ਕਾਰਜ ਉੱਪਰ ਨਿਰਭਰ ਕਰਦੀਆਂ ਹਨ। ਇਸ ਦੇ ਬਗੈਰ, ਮਨੁੱਖ ਕੁਰਾਹੀਏ ਦੇ ਰੂਪ ਵਿੱਚ ਵਿਹਾਰ ਕਰਨਗੇ; ਉਹ ਕਾਲੇ ਅਤੇ ਚਿੱਟੇ ਵਿੱਚ, ਚੰਗੇ ਅਤੇ ਮਾੜੇ ਵਿੱਚ ਅੰਤਰ ਦੱਸਣ ਦੇ ਅਸਮਰੱਥ ਹੋਣਗੇ; ਅਤੇ ਉਨ੍ਹਾਂ ਵਿੱਚ ਕੋਈ ਮਨੁੱਖੀ ਨੈਤਿਕਤਾ ਅਤੇ ਮੌਲਿਕ ਸਿਧਾਂਤ ਨਹੀਂ ਹੋਣਗੇ। ਇਸੇ ਪ੍ਰਕਾਰ ਜੇ ਦੇਹਧਾਰੀ ਪਰਮੇਸ਼ੁਰ ਇੱਕ ਸਧਾਰਣ ਮਨੁੱਖ ਵਾਂਗ ਨਹੀਂ ਸੋਚਦਾ ਹੈ ਤਾਂ ਉਹ ਇੱਕ ਸੁਹਿਰਦ ਦੇਹ, ਇੱਕ ਸਧਾਰਣ ਦੇਹ ਨਹੀਂ ਹੋਵੇਗਾ। ਅਜਿਹੀ ਬਗੈਰ-ਸੋਚ ਵਾਲੀ ਦੇਹ ਈਸ਼ਵਰੀ ਸੁਭਾਅ ਦੇ ਕੰਮ ਪੂਰੇ ਕਰਨ ਦੇ ਅਸਮਰੱਥ ਹੋਵੇਗੀ। ਉਹ ਸਧਾਰਣ ਰੂਪ ਵਿੱਚ ਸਧਾਰਣ ਦੇਹ ਦੀਆਂ ਗਤੀਵਿਧੀਆਂ ਨਹੀਂ ਕਰ ਪਾਵੇਗਾ, ਮਨੁੱਖਾਂ ਦੇ ਨਾਲ ਧਰਤੀਂ ਉੱਪਰ ਰਹਿਣਾ ਤਾਂ ਦੂਰ ਦੀ ਗੱਲ ਹੈ। ਅਤੇ ਇਸ ਕਰਕੇ, ਪਰਮੇਸ਼ੁਰ ਦੇ ਦੇਹਧਾਰਣ ਦੀ ਮਹੱਤਤਾ, ਪਰਮੇਸ਼ੁਰ ਦੇ ਦੇਹ ਧਾਰਣ ਦਾ ਮੂਲ ਤੱਤ ਗੁੰਮ ਹੋ ਜਾਵੇਗਾ। ਦੇਹਧਾਰੀ ਪਰਮੇਸ਼ੁਰ ਦੀ ਮਨੁੱਖਤਾ ਦੇਹ ਵਿੱਚ ਈਸ਼ਵਰੀ ਸੁਭਾਅ ਦੇ ਕੰਮ ਨੂੰ ਕਾਇਮ ਰੱਖਣ ਲਈ ਮੌਜੂਦ ਹੁੰਦੀ ਹੈ; ਉਸ ਦੀ ਸਧਾਰਣ ਮਨੁੱਖੀ ਸੋਚ ਉਸ ਦੀ ਸਧਾਰਣ ਮਨੁੱਖਤਾ ਅਤੇ ਉਸ ਦੀਆਂ ਸਾਰੀਆਂ ਸਰੀਰਕ ਗਤੀਵਿਧੀਆਂ ਨੂੰ ਕਾਇਮ ਰੱਖਦੀ ਹੈ। ਕੋਈ ਕਹਿ ਸਕਦਾ ਹੈ ਕਿ ਉਸ ਦੀ ਸਧਾਰਣ ਮਨੁੱਖੀ ਸੋਚ ਪਰਮੇਸ਼ੁਰ ਦੇ ਸਾਰੇ ਕੰਮ ਨੂੰ ਦੇਹ ਅੰਦਰ ਕਾਇਮ ਰੱਖਣ ਲਈ ਮੌਜੂਦ ਹੈ। ਜੇ ਇਸ ਦੇਹ ਵਿੱਚ ਇੱਕ ਸਧਾਰਣ ਮਨੁੱਖੀ ਮਨ ਨਾ ਹੁੰਦਾ ਤਾਂ ਪਰਮੇਸ਼ੁਰ ਦੇਹ ਵਿੱਚ ਕੰਮ ਕਰ ਨਾ ਪਾਉਂਦਾ, ਅਤੇ ਜੋ ਉਸ ਨੂੰ ਦੇਹ ਵਿੱਚ ਕਰਨਾ ਚਾਹੀਦਾ ਹੈ ਉਸ ਨੂੰ ਕਦੇ ਵੀ ਨਪੇਰੇ ਨਾ ਚਾੜ੍ਹਿਆ ਜਾ ਸਕਦਾ। ਹਾਲਾਂਕਿ ਦੇਹਧਾਰੀ ਪਰਮੇਸ਼ੁਰ ਵਿੱਚ ਇੱਕ ਸਧਾਰਣ ਮਨੁੱਖੀ ਮਨ ਹੁੰਦਾ ਹੈ, ਉਸ ਦਾ ਕੰਮ ਮਨੁੱਖੀ ਸੋਚ ਦੁਆਰਾ ਦੂਸ਼ਿਤ ਨਹੀਂ ਕੀਤਾ ਜਾਂਦਾ; ਉਹ ਮਨੁੱਖਤਾ ਵਿੱਚ ਇੱਕ ਸਧਾਰਣ ਮਨ ਨਾਲ ਕੰਮ ਨੂੰ ਮਨ ਸਮੇਤ ਮਨੁੱਖਤਾ ਦੇ ਮੌਜੂਦ ਹੋਣ ਦੀ ਅਗਾਊਂ ਸ਼ਰਤ ਦੇ ਤਹਿਤ ਪੂਰਾ ਕਰਦਾ ਹੈ, ਨਾ ਕਿ ਸਧਾਰਣ ਮਨੁੱਖੀ ਸੋਚ ਦੇ ਅਭਿਆਸ ਦੁਆਰਾ। ਇਹ ਫ਼ਰਕ ਨਹੀਂ ਪੈਂਦਾ ਕਿ ਉਸ ਦੀ ਦੇਹ ਦੇ ਵਿਚਾਰ ਕਿੰਨੇ ਉੱਤਮ ਹਨ, ਉਸ ਦਾ ਕੰਮ ਤਰਕ ਜਾਂ ਸੋਚ ਦੁਆਰਾ ਦਾਗ਼ਦਾਰ ਨਹੀਂ ਹੁੰਦਾ। ਦੂਜੇ ਸ਼ਬਦਾਂ ਵਿੱਚ, ਉਸ ਦਾ ਕੰਮ ਉਸ ਦੀ ਦੇਹ ਦੇ ਮਨ ਦੁਆਰਾ ਕਲਪਿਤ ਨਹੀਂ ਕੀਤਾ ਗਿਆ, ਬਲਕਿ ਉਸ ਦੀ ਮਨੁੱਖਤਾ ਵਿਚਲੇ ਈਸ਼ਵਰੀ ਸੁਭਾਅ ਦਾ ਇੱਕ ਸਿੱਧਾ ਪ੍ਰਗਟਾਵਾ ਹੈ। ਉਸ ਦਾ ਸਾਰਾ ਕੰਮ ਉਹ ਸੇਵਕਾਈ ਹੈ ਜੋ ਉਸ ਲਈ ਪੂਰੀ ਕਰਨੀ ਲਾਜ਼ਮੀ ਹੈ, ਅਤੇ ਇਸ ਵਿੱਚੋਂ ਕੁਝ ਵੀ ਉਸ ਦੇ ਦਿਮਾਗ਼ ਦੁਆਰਾ ਕਲਪਿਤ ਨਹੀਂ ਕੀਤਾ ਜਾਂਦਾ। ਉਦਾਹਰਣ ਵਜੋਂ, ਬਿਮਾਰਾਂ ਨੂੰ ਚੰਗਾ ਕਰਨਾ, ਭਰਿਸ਼ਟ ਆਤਮਾਵਾਂ ਨੂੰ ਕੱਢਣਾ, ਅਤੇ ਸਲੀਬੀ ਮੌਤ, ਉਸ ਦੇ ਮਨੁੱਖੀ ਮਨ ਦੀਆਂ ਉੱਪਜਾਂ ਨਹੀਂ ਸਨ, ਅਤੇ ਇਨ੍ਹਾਂ ਨੂੰ ਕਿਸੇ ਵੀ ਮਨੁੱਖੀ ਮਨ ਵਾਲੇ ਮਨੁੱਖ ਦੁਆਰਾ ਹਾਸਿਲ ਨਹੀਂ ਕੀਤਾ ਜਾ ਸਕਦਾ ਸੀ। ਇਸੇ ਪ੍ਰਕਾਰ ਅੱਜ ਦਾ ਜਿੱਤਣ ਦਾ ਕੰਮ ਇੱਕ ਕਾਰਜ ਹੈ ਜੋ ਦੇਹਧਾਰੀ ਪਰਮੇਸ਼ੁਰ ਦੁਆਰਾ ਕੀਤਾ ਜਾਣਾ ਚਾਹੀਦਾ ਹੈ, ਪਰ ਇਹ ਮਨੁੱਖੀ ਇੱਛਾ ਦਾ ਕੰਮ ਨਹੀਂ ਹੈ, ਇਹ ਅਜਿਹਾ ਕੰਮ ਹੈ ਜੋ ਉਸ ਦੇ ਈਸ਼ਵਰੀ ਸੁਭਾਅ ਨੂੰ ਕਰਨਾ ਜ਼ਰੂਰੀ ਹੈ, ਅਜਿਹਾ ਕੰਮ ਜੋ ਮਨੁੱਖੀ ਦੇਹ ਕਰਨ ਦੇ ਅਸਮਰੱਥ ਹੈ। ਇਸ ਕਰਕੇ ਦੇਹਧਾਰੀ ਪਰਮੇਸ਼ੁਰ ਵਿੱਚ ਇੱਕ ਸਧਾਰਣ ਮਨੁੱਖੀ ਮਨ ਹੋਣਾ ਲਾਜ਼ਮੀ ਹੈ, ਸਧਾਰਣ ਮਨੁੱਖਤਾ ਦਾ ਹੋਣਾ ਲਾਜ਼ਮੀ ਹੈ, ਕਿਉਂਕਿ ਉਸ ਲਈ ਆਪਣੇ ਕੰਮ ਨੂੰ ਇੱਕ ਸਧਾਰਣ ਮਨ ਵਾਲੀ ਮਨੁੱਖਤਾ ਵਿੱਚ ਪੂਰਾ ਕਰਨਾ ਜ਼ਰੂਰੀ ਹੈ। ਇਹ ਦੇਹਧਾਰੀ ਪਰਮੇਸ਼ੁਰ ਦੇ ਕੰਮ ਦਾ ਤੱਤ ਹੈ, ਦੇਹਧਾਰੀ ਪਰਮੇਸ਼ੁਰ ਦਾ ਮੂਲ ਤੱਤ।

ਯਿਸੂ ਦੇ ਕੰਮ ਕਰਨ ਤੋਂ ਪਹਿਲਾਂ, ਉਸ ਨੇ ਸਿਰਫ਼ ਸਧਾਰਣ ਮਨੁੱਖਤਾ ਵਾਲੀ ਜ਼ਿੰਦਗੀ ਗੁਜ਼ਾਰੀ। ਕੋਈ ਵੀ ਨਹੀਂ ਕਹਿ ਸਕਦਾ ਸੀ ਕਿ ਉਹ ਪਰਮੇਸ਼ੁਰ ਹੈ, ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਕਿ ਉਹ ਦੇਹਧਾਰੀ ਪਰਮੇਸ਼ੁਰ ਹੈ; ਲੋਕ ਉਸ ਨੂੰ ਸਿਰਫ਼ ਇੱਕ ਪੂਰਨ ਸਧਾਰਣ ਮਨੁੱਖ ਵਜੋਂ ਜਾਣਦੇ ਸਨ। ਉਸ ਦੀ ਬੇਹੱਦ ਸਧਾਰਣ, ਆਮ ਮਨੁੱਖਤਾ ਇਸ ਗੱਲ ਦਾ ਸਬੂਤ ਸੀ ਕਿ ਪਰਮੇਸ਼ੁਰ ਨੇ ਦੇਹਧਾਰਣ ਕੀਤਾ ਸੀ, ਅਤੇ ਕਿ ਕਿਰਪਾ ਦਾ ਯੁਗ, ਆਤਮਾ ਦੇ ਕੰਮ ਦਾ ਨਹੀਂ ਬਲਕਿ ਦੇਹਧਾਰੀ ਪਰਮੇਸ਼ੁਰ ਦੇ ਕੰਮ ਦਾ ਯੁਗ ਸੀ। ਇਹ ਸਬੂਤ ਸੀ ਕਿ ਪਰਮੇਸ਼ੁਰ ਦੇ ਆਤਮਾ ਨੂੰ ਪੂਰਨ ਰੂਪ ਵਿੱਚ ਦੇਹ ਵਿੱਚ ਧਾਰਣ ਕੀਤਾ ਗਿਆ ਸੀ, ਕਿ ਪਰਮੇਸ਼ੁਰ ਦੇ ਦੇਹਧਾਰਣ ਦੇ ਯੁਗ ਵਿੱਚ ਉਸ ਦੀ ਦੇਹ ਆਤਮਾ ਦੇ ਸਾਰੇ ਕੰਮਾਂ ਨੂੰ ਪੂਰਾ ਕਰੇਗੀ। ਸਧਾਰਣ ਮਨੁੱਖਤਾ ਵਾਲਾ ਮਸੀਹ ਇੱਕ ਦੇਹ ਹੈ ਜਿਸ ਵਿੱਚ ਆਤਮਾ ਨੂੰ ਧਾਰਣ ਕੀਤਾ ਗਿਆ ਹੈ, ਅਤੇ ਇਸ ਵਿੱਚ ਸਧਾਰਣ ਮਨੁੱਖਤਾ, ਸਧਾਰਣ ਅਹਿਸਾਸ, ਅਤੇ ਮਨੁੱਖੀ ਸੋਚ ਹੈ। “ਧਾਰਣ ਕੀਤੇ ਜਾਣ” ਦਾ ਮਤਲਬ ਹੈ ਕਿ ਪਰਮੇਸ਼ੁਰ ਮਨੁੱਖ ਬਣ ਜਾਂਦਾ ਹੈ, ਆਤਮਾ ਦੇਹ ਬਣ ਜਾਂਦੀ ਹੈ; ਸਧਾਰਣ ਸ਼ਬਦਾਂ ਵਿੱਚ ਇਸ ਦਾ ਮਤਲਬ ਹੈ ਕਿ ਇਹ ਉਦੋਂ ਹੁੰਦਾ ਹੈ ਜਦੋਂ ਪਰਮੇਸ਼ੁਰ ਖੁਦ ਸਧਾਰਣ ਮਨੁੱਖਤਾ ਵਾਲੀ ਦੇਹ ਵਿੱਚ ਵੱਸਦਾ ਹੈ, ਅਤੇ ਇਸ ਦੇ ਦੁਆਰਾ ਆਪਣੇ ਈਸ਼ਵਰੀ ਸੁਭਾਅ ਦੇ ਕੰਮ ਨੂੰ ਉਜਾਗਰ ਕਰਦਾ ਹੈ—ਧਾਰਣ ਕੀਤੇ ਜਾਣ ਜਾਂ ਦੇਹਧਾਰੀ ਹੋਣ ਦਾ ਮਤਲਬ ਇਹੀ ਹੁੰਦਾ ਹੈ। ਉਸ ਦੇ ਪਹਿਲੇ ਦੇਹਧਾਰਣ ਦੇ ਦੌਰਾਨ ਪਰਮੇਸ਼ੁਰ ਲਈ ਬਿਮਾਰਾਂ ਨੂੰ ਚੰਗਾ ਕਰਨਾ, ਭਰਿਸ਼ਟ ਆਤਮਾਵਾਂ ਨੂੰ ਕੱਢਣਾ ਜ਼ਰੂਰੀ ਸੀ, ਕਿਉਂਕਿ ਉਸ ਦਾ ਕੰਮ ਛੁਟਕਾਰਾ ਦੇਣ ਦਾ ਸੀ। ਸਮੁੱਚੀ ਮਨੁੱਖ ਨਸਲ ਦੇ ਛੁਟਕਾਰੇ ਲਈ, ਉਸ ਦਾ ਤਰਸਵਾਨ ਹੋਣਾ ਅਤੇ ਮਾਫ਼ ਕਰਨ ਵਾਲਾ ਹੋਣਾ ਜ਼ਰੂਰੀ ਸੀ। ਜੋ ਕੰਮ ਉਸ ਨੇ ਸਲੀਬੀ ਮੌਤ ਤੋਂ ਪਹਿਲਾਂ ਪੂਰਾ ਕੀਤਾ, ਉਹ ਬਿਮਾਰਾਂ ਨੂੰ ਚੰਗਾ ਕਰਨਾ ਅਤੇ ਭਰਿਸ਼ਟ ਆਤਮਾਵਾਂ ਨੂੰ ਕੱਢਣਾ ਸੀ, ਜੋ ਕਿ ਉਸ ਦੁਆਰਾ ਮਨੁੱਖ ਦੀ ਪਾਪ ਅਤੇ ਗੰਦਗੀ ਤੋਂ ਮੁਕਤੀ ਦੀ ਪੂਰਵ-ਸੂਚਨਾ ਸੀ। ਕਿਉਂਕਿ ਇਹ ਕਿਰਪਾ ਦਾ ਯੁਗ ਸੀ, ਉਸ ਲਈ ਬਿਮਾਰਾਂ ਨੂੰ ਚੰਗਾ ਕਰਨਾ ਜ਼ਰੂਰੀ ਸੀ, ਇਸ ਪ੍ਰਕਾਰ ਚਿੰਨ੍ਹ ਅਤੇ ਅਚੰਭੇ ਦਿਖਾਉਣਾ, ਜੋ ਕਿ ਉਸ ਯੁਗ ਦੀ ਕਿਰਪਾ ਦੇ ਪ੍ਰਤਿਨਿਧੀ ਸਨ—ਕਿਉਂਕਿ ਕਿਰਪਾ ਦਾ ਯੁਗ ਕਿਰਪਾ ਦੀ ਬਖਸ਼ਿਸ਼ ਉੱਪਰ ਕੇਂਦਰਤ ਸੀ, ਲੋਕਾਂ ਦੇ ਯਿਸੂ ਵਿਚਲੇ ਵਿਸ਼ਵਾਸ ਦੇ ਸਾਰੇ ਪ੍ਰਤੀਕਾਂ, ਸ਼ਾਂਤੀ, ਆਨੰਦ, ਅਤੇ ਭੌਤਿਕ ਅਸੀਸਾਂ ਦੇ ਦੁਆਰਾ ਦਰਸਾਇਆ ਜਾਂਦਾ ਸੀ। ਕਹਿਣ ਦਾ ਭਾਵ ਹੈ ਕਿ ਬਿਮਾਰਾਂ ਨੂੰ ਚੰਗਾ ਕਰਨਾ, ਭਰਿਸ਼ਟ ਆਤਮਾਵਾਂ ਨੂੰ ਕੱਢਣਾ, ਅਤੇ ਕਿਰਪਾ ਦੀ ਬਖਸ਼ਿਸ਼ ਕਰਨਾ, ਯਿਸੂ ਦੀ ਦੇਹ ਦੀਆਂ ਕਿਰਪਾ ਦੇ ਯੁਗ ਵਿੱਚ ਸੁਭਾਵਕ ਯੋਗਤਾਵਾਂ ਸਨ, ਇਹ ਉਹ ਕੰਮ ਸਨ ਜੋ ਆਤਮਾ ਨੇ ਦੇਹ ਵਿੱਚ ਪੂਰੇ ਕੀਤੇ। ਪਰ ਜਦ ਉਹ ਅਜਿਹਾ ਕੰਮ ਕਰ ਰਿਹਾ ਸੀ, ਉਹ ਦੇਹ ਵਿੱਚ ਰਹਿ ਰਿਹਾ ਸੀ, ਅਤੇ ਉਹ ਦੇਹ ਤੋਂ ਪਾਰਗਾਮੀ ਨਹੀਂ ਹੋਇਆ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਸ ਨੇ ਚੰਗਾ ਕਰਨ ਦੇ ਕਿਹੜੇ ਕੰਮ ਕੀਤੇ, ਉਸ ਵਿੱਚ ਅਜੇ ਵੀ ਸਧਾਰਣ ਮਨੁੱਖਤਾ ਮੌਜੂਦ ਸੀ, ਉਹ ਅਜੇ ਵੀ ਸਧਾਰਣ ਮਨੁੱਖੀ ਜ਼ਿੰਦਗੀ ਗੁਜ਼ਾਰਦਾ ਸੀ। ਮੇਰੇ ਇੰਝ ਕਹਿਣ ਕਿ ਪਰਮੇਸ਼ੁਰ ਦੇ ਦੇਹਧਾਰਣ ਦੇ ਯੁਗ ਦੇ ਦੌਰਾਨ, ਦੇਹ ਆਤਮਾ ਦਾ ਸਾਰਾ ਕੰਮ ਪੂਰਾ ਕਰਦੀ ਹੈ, ਦਾ ਕਾਰਨ ਇਹ ਹੈ ਕਿ ਕੋਈ ਫ਼ਰਕ ਨਹੀਂ ਪੈਂਦਾ ਕਿ ਉਸ ਨੇ ਕਿਹੜਾ ਕੰਮ ਕੀਤਾ ਹੈ, ਉਸ ਨੇ ਇਹ ਦੇਹ ਵਿੱਚ ਪੂਰਾ ਕੀਤਾ। ਪਰ ਉਸ ਦੇ ਕੰਮ ਦੇ ਕਾਰਨ ਲੋਕ ਉਸ ਦੀ ਦੇਹ ਵਿੱਚ ਇੱਕ ਪੂਰਨ ਸਰੀਰਕ ਤੱਤ ਦੇ ਵਜੂਦ ਨੂੰ ਨਹੀਂ ਮੰਨਦੇ, ਕਿਉਂਕਿ ਇਹ ਦੇਹ ਅਚੰਭੇ ਦਿਖਾ ਸਕਦੀ ਸੀ, ਅਤੇ ਕੁਝ ਖ਼ਾਸ ਸਮਿਆਂ ਵਿੱਚ ਅਜਿਹੇ ਕੰਮ ਕਰ ਸਕਦੀ ਸੀ ਜੋ ਦੇਹ ਤੋਂ ਪਾਰਗਾਮੀ ਹੁੰਦੇ ਹਨ। ਬੇਸ਼ੱਕ, ਇਹ ਸਭ ਘਟਨਾਵਾਂ ਉਸ ਦੇ ਆਪਣੀ ਸੇਵਕਾਈ ਨੂੰ ਸ਼ੁਰੂ ਕਰਨ ਤੋਂ ਬਾਅਦ ਵਾਪਰੀਆਂ, ਜਿਵੇਂ ਕਿ ਉਸ ਦਾ ਚਾਲੀ ਦਿਨਾਂ ਲਈ ਪ੍ਰੀਖਿਆ ਲਈ ਜਾਣਾ ਜਾਂ ਪਹਾੜ ਵਿੱਚ ਰੂਪਾਂਤਰਣ ਹੋਣਾ। ਇਸ ਲਈ ਯਿਸੂ ਨਾਲ, ਪਰਮੇਸ਼ੁਰ ਦੇ ਦੇਹਧਾਰਣ ਦਾ ਅਰਥਪੂਰਣ ਰੂਪ ਵਿੱਚ ਨਹੀਂ ਅੰਸ਼ਕ ਰੂਪ ਵਿੱਚ ਪੂਰਾ ਕੀਤਾ ਗਿਆ। ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਦੀ ਜ਼ਿੰਦਗੀ ਜੋ ਉਸ ਨੇ ਦੇਹ ਵਿੱਚ ਬਿਤਾਈ ਸਾਰੇ ਪੱਖਾਂ ਤੋਂ ਬੇਹੱਦ ਸਧਾਰਣ ਸੀ। ਆਪਣਾ ਕੰਮ ਸ਼ੁਰੂ ਕਰਨ ਤੋਂ ਬਾਅਦ, ਉਸ ਨੇ ਆਪਣੀ ਦੇਹ ਦੇ ਸਿਰਫ਼ ਬਾਹਰੀ ਖ਼ੋਲ ਨੂੰ ਕਾਇਮ ਰੱਖਿਆ। ਕਿਉਂਕਿ ਉਸ ਦਾ ਕੰਮ ਈਸ਼ਵਰੀ ਸੁਭਾਅ ਦਾ ਇੱਕ ਪ੍ਰਗਟਾਵਾ ਸੀ, ਇਹ ਦੇਹ ਦੇ ਸਧਾਰਣ ਕਾਰਜਾਂ ਤੋਂ ਅੱਗੇ ਵੱਧ ਗਿਆ। ਆਖਰਕਾਰ, ਪਰਮੇਸ਼ੁਰ ਦੇ ਦੇਹਧਾਰਣ ਦੀ ਦੇਹ ਮਾਸ-ਅਤੇ-ਲਹੂ ਤੋਂ ਬਣੇ ਮਨੁੱਖਾਂ ਤੋਂ ਵੱਖਰੀ ਸੀ। ਬੇਸ਼ੱਕ, ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਉਸ ਨੂੰ ਭੋਜਨ, ਕੱਪੜਿਆਂ, ਨੀਂਦ ਅਤੇ ਆਸਰੇ ਦੀ ਜ਼ਰੂਰਤ ਸੀ, ਉਸ ਨੂੰ ਸਾਰੀਆਂ ਸਧਾਰਣ ਜ਼ਰੂਰਤਾਂ ਦੀ ਲੋੜ ਸੀ, ਅਤੇ ਉਸ ਕੋਲ ਸਧਾਰਣ ਮਨੁੱਖ ਦਾ ਅਹਿਸਾਸ ਸੀ, ਅਤੇ ਉਹ ਸਧਾਰਣ ਮਨੁੱਖ ਦੀ ਤਰ੍ਹਾਂ ਸੋਚਦਾ ਸੀ। ਲੋਕ ਅਜੇ ਵੀ, ਉਸ ਦੁਆਰਾ ਕੀਤੇ ਅਲੌਕਿਕ ਕੰਮ ਦੇ ਇਲਾਵਾ, ਉਸ ਨੂੰ ਇੱਕ ਆਮ ਮਨੁੱਖ ਦੇ ਤੌਰ ਤੇ ਦੇਖਦੇ ਸਨ। ਦਰਅਸਲ, ਭਾਵੇਂ ਉਸ ਨੇ ਕੁਝ ਵੀ ਕੀਤਾ ਹੋਵੇ, ਉਹ ਇੱਕ ਆਮ ਅਤੇ ਸਧਾਰਣ ਮਨੁੱਖਤਾ ਵਿੱਚ ਜ਼ਿੰਦਾ ਰਿਹਾ, ਅਤੇ ਜਿੱਥੋਂ ਤੱਕ ਕਿ ਉਸ ਨੇ ਆਪਣੇ ਕੰਮ ਨੂੰ ਕੀਤਾ, ਉਸ ਦਾ ਅਹਿਸਾਸ ਖ਼ਾਸ ਤੌਰ ਤੇ ਸਧਾਰਣ ਸੀ, ਉਸ ਦੇ ਵਿਚਾਰ ਖ਼ਾਸ ਤੌਰ ਤੇ, ਕਿਸੇ ਵੀ ਆਮ ਮਨੁੱਖ ਦੇ ਵਿਚਾਰਾਂ ਨਾਲੋਂ ਨਿਰਮਲ ਸਨ। ਦੇਹਧਾਰੀ ਪਰਮੇਸ਼ੁਰ ਲਈ ਅਜਿਹੇ ਅਹਿਸਾਸ ਅਤੇ ਸੋਚ ਦਾ ਹੋਣਾ ਜ਼ਰੂਰੀ ਸੀ, ਕਿਉਂਕਿ ਈਸ਼ਵਰੀ ਸੁਭਾਅ ਦਾ ਕੰਮ ਅਜਿਹੀ ਦੇਹ ਦੁਆਰਾ ਉਜਾਗਰ ਕੀਤਾ ਜਾਣਾ ਜ਼ਰੂਰੀ ਸੀ ਜਿਸ ਦਾ ਅਹਿਸਾਸ ਬਹੁਤ ਹੀ ਸਧਾਰਣ ਹੋਵੇ ਅਤੇ ਜਿਸਦੇ ਵਿਚਾਰ ਬਹੁਤ ਨਿਰਮਲ ਹੋਣ—ਸਿਰਫ਼ ਇਸੇ ਤਰੀਕੇ ਨਾਲ ਦੇਹ ਈਸ਼ਵਰੀ ਸੁਭਾਅ ਦੇ ਕੰਮ ਨੂੰ ਉਜਾਗਰ ਕਰ ਸਕਦੀ ਸੀ। ਪੂਰੇ ਸਾਢੇ-ਤੇਤੀ ਸਾਲਾਂ ਦੇ ਦੌਰਾਨ, ਜੋ ਯਿਸੂ ਨੇ ਧਰਤੀ ਉੱਪਰ ਬਿਤਾਏ, ਉਸ ਨੇ ਆਪਣੀ ਸਧਾਰਣ ਮਨੁੱਖਤਾ ਨੂੰ ਕਾਇਮ ਰੱਖਿਆ, ਪਰ ਉਸ ਦੇ ਸਾਢੇ-ਤਿੰਨ ਸਾਲਾ ਸੇਵਕਾਈ ਦੇ ਕੰਮ ਦੇ ਕਾਰਨ ਲੋਕਾਂ ਨੇ ਸੋਚਿਆ ਕਿ ਉਹ ਬਹੁਤ ਪਾਰਗਾਮੀ ਸੀ, ਕਿ ਉਹ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਅਲੌਕਿਕ ਸੀ। ਅਸਲ ਵਿੱਚ, ਯਿਸੂ ਦੀ ਸਧਾਰਣ ਮਨੁੱਖਤਾ ਉਸ ਦਾ ਆਪਣੀ ਸੇਵਕਾਈ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਬਰਕਰਾਰ ਰਹੀ; ਉਸ ਦੀ ਮਨੁੱਖਤਾ ਇੱਕਸਾਰ ਰਹੀ, ਪਰ ਉਸ ਦੇ ਆਪਣੀ ਸੇਵਕਾਈ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚਲੇ ਫ਼ਰਕ ਦੀ ਵਜ੍ਹਾ ਤੋਂ ਦੋ ਵੱਖਰੇ ਦ੍ਰਿਸ਼ਟੀਕੋਣ ਸਾਹਮਣੇ ਆਏ। ਲੋਕ ਭਾਵੇਂ ਕੁਝ ਵੀ ਸੋਚਣ, ਦੇਹਧਾਰੀ ਪਰਮੇਸ਼ੁਰ ਨੇ ਆਪਣੇ ਦੇਹਧਾਰਣ ਦੇ ਸਮੇਂ ਤੋਂ ਆਪਣੀ ਮੂਲਸਧਾਰਣ ਮਨੁੱਖਤਾ ਨੂੰ ਸਾਰਾ ਸਮਾਂ ਕਾਇਮ ਰੱਖਿਆ, ਉਹ ਦੇਹ ਵਿੱਚ ਜੀਵਿਆ, ਦੇਹ ਜਿਸ ਵਿੱਚ ਸਧਾਰਣ ਮਨੁੱਖਤਾ ਮੌਜੂਦ ਸੀ। ਚਾਹੇ ਉਹ ਆਪਣੀ ਸੇਵਕਾਈ ਪੂਰਾ ਕਰ ਰਿਹਾ ਸੀ ਜਾਂ ਨਹੀਂ, ਉਸ ਦੀ ਦੇਹ ਦੀ ਸਧਾਰਣ ਮਨੁੱਖਤਾ ਨੂੰ ਮਿਟਾਇਆ ਨਹੀਂ ਜਾ ਸਕਦਾ, ਕਿਉਂਕਿ ਮਨੁੱਖਤਾ ਦੇਹ ਦਾ ਬੁਨਿਆਦੀ ਤੱਤ ਹੈ। ਯਿਸੂ ਦੇ ਆਪਣੀ ਸੇਵਕਾਈ ਨੂੰ ਕਰਨ ਵੇਲੇ ਉਸ ਦੀ ਦੇਹ, ਸਧਾਰਣ ਮਨੁੱਖੀ ਗਤੀਵਿਧੀਆਂ ਵਿੱਚ ਸ਼ਾਮਲ ਹੁੰਦਿਆਂ, ਪੂਰਨ ਰੂਪ ਵਿੱਚ ਸਧਾਰਣ ਰਹੀ; ਉਹ ਬਿਲਕਲ ਵੀ ਅਲੌਕਿਕ ਰੂਪ ਵਿੱਚ ਨਹੀਂ ਆਇਆ, ਉਸ ਨੇ ਕੋਈ ਕਰਾਮਾਤੀ ਚਿੰਨ੍ਹ ਨਹੀਂ ਦਿਖਾਏ। ਉਸ ਸਮੇਂ ਉਹ ਬਿਲਕੁਲ ਇੱਕ ਆਮ ਮਨੁੱਖ ਸੀ ਜੋ ਪਰਮੇਸ਼ੁਰ ਦੀ ਉਪਾਸਨਾ ਕਰਦਾ ਸੀ, ਭਾਵੇਂ ਕਿ ਉਸ ਦਾ ਕੰਮ ਜ਼ਿਆਦਾ ਇਮਾਨਦਾਰ ਸੀ, ਹਰ ਕਿਸੇ ਦੇ ਮੁਕਾਬਲੇ ਜ਼ਿਆਦਾ ਨਿਸ਼ਕਪਟ ਸੀ। ਇਸ ਤਰ੍ਹਾਂ ਉਸ ਦੀ ਬੇਹੱਦ ਸਧਾਰਣ ਮਨੁੱਖਤਾ ਨੇ ਆਪਣੇ ਆਪ ਨੂੰ ਪਰਗਟ ਕੀਤਾ। ਕਿਉਂਕਿ ਉਸ ਨੇ ਆਪਣੀ ਸੇਵਕਾਈ ਸੰਭਾਲਣ ਤੋਂ ਪਹਿਲਾਂ ਕੋਈ ਵੀ ਕੰਮ ਨਹੀਂ ਕੀਤਾ, ਕੋਈ ਵੀ ਉਸ ਦੀ ਪਛਾਣ ਤੋਂ ਜਾਣੂ ਨਹੀਂ ਸੀ, ਕੋਈ ਵੀ ਇਹ ਨਹੀਂ ਦੱਸ ਸਕਦਾ ਸੀ ਕਿ ਉਸ ਦੀ ਦੇਹ ਦੂਜਿਆਂ ਨਾਲੋਂ ਵੱਖਰੀ ਹੈ, ਕਿਉਂਕਿ ਉਸ ਨੇ ਕੋਈ ਕਰਾਮਾਤ ਨਹੀਂ ਕੀਤੀ ਸੀ, ਪਰਮੇਸ਼ੁਰ ਦਾ ਖੁਦ ਦਾ ਜ਼ਰਾ ਵੀ ਕੰਮ ਨਹੀਂ ਕੀਤਾ ਸੀ। ਹਾਲਾਂਕਿ ਆਪਣੀ ਸੇਵਕਾਈ ਕਰਨਾ ਸ਼ੁਰੂ ਕਰਨ ਤੋਂ ਬਾਅਦ, ਉਸ ਨੇ ਸਧਾਰਣ ਮਨੁੱਖਤਾ ਦੇ ਬਾਹਰੀ ਖ਼ੋਲ ਨੂੰ ਕਾਇਮ ਰੱਖਿਆ, ਅਤੇ ਅਜੇ ਵੀ ਸਧਾਰਣ ਮਨੁੱਖੀ ਅਹਿਸਾਸ ਨਾਲ ਜੀਵਿਆ, ਪਰ ਕਿਉਂਕਿ ਉਸ ਨੇ ਖੁਦ ਪਰਮੇਸ਼ੁਰ ਦੇ ਕੰਮ ਨੂੰ ਸ਼ੁਰੂ ਕੀਤਾ ਸੀ, ਮਸੀਹ ਦੀ ਸੇਵਕਾਈ ਨੂੰ ਸ਼ੁਰੂ ਕੀਤਾ, ਅਤੇ ਨਾਸਵਾਨ ਪ੍ਰਾਣੀਆਂ ਦਾ ਕੰਮ ਕੀਤਾ, ਜਿਸਨੂੰ ਕਰਨ ਵਿੱਚ ਮਾਸ-ਅਤੇ-ਲਹੂ ਤੋਂ ਬਣੇ ਮਨੁੱਖ ਅਸਮਰੱਥ ਸਨ, ਲੋਕਾਂ ਨੇ ਸੋਚਿਆ ਕਿ ਉਸ ਵਿੱਚ ਸਧਾਰਣ ਮਨੁੱਖਤਾ ਮੌਜੂਦ ਨਹੀਂ ਸੀ, ਅਤੇ ਉਹ ਪੂਰਨ ਤੌਰ ਤੇ ਸਧਾਰਣ ਦੇਹ ਨਹੀਂ ਬਲਕਿ ਇੱਕ ਅਧੂਰੀ ਦੇਹ ਸੀ। ਕੰਮ, ਜੋ ਉਸ ਨੇ ਪੂਰਾ ਕੀਤਾ, ਦੀ ਵਜ੍ਹਾ ਕਰਕੇ ਲੋਕਾਂ ਨੇ ਕਿਹਾ ਕਿ ਉਹ ਦੇਹ ਵਿੱਚ ਪਰਮੇਸ਼ੁਰ ਸੀ ਜਿਸ ਵਿੱਚ ਸਧਾਰਣ ਮਨੁੱਖਤਾ ਮੌਜੂਦ ਨਹੀਂ ਸੀ। ਅਜਿਹੀ ਸਮਝ ਗ਼ਲਤ ਹੈ ਕਿਉਂਕਿ ਲੋਕ ਪਰਮੇਸ਼ੁਰ ਦੇ ਦੇਹਧਾਰਣ ਦੀ ਮਹੱਤਤਾ ਸਮਝ ਨਹੀਂ ਸਕੇ। ਇਹ ਗਲਤਫ਼ਹਿਮੀ ਇਸ ਤੱਥ ਤੋਂ ਉੱਭਰੀ ਕਿ ਦੇਹ ਵਿਚਲੇ ਪਰਮੇਸ਼ੁਰ ਦੁਆਰਾ ਉਜਾਗਰ ਕੀਤਾ ਗਿਆ ਕੰਮ ਈਸ਼ਵਰੀ ਸੁਭਾਅ ਦਾ ਕੰਮ ਸੀ ਜੋ ਅਜਿਹੀ ਦੇਹ ਵਿੱਚ ਉਜਾਗਰ ਕੀਤਾ ਗਿਆ ਜਿਸ ਵਿੱਚ ਸਧਾਰਣ ਮਨੁੱਖਤਾ ਮੌਜੂਦ ਸੀ। ਪਰਮੇਸ਼ੁਰ ਦੇਹ ਵਿੱਚ ਢੱਕਿਆ ਹੋਇਆ ਸੀ, ਉਸ ਨੇ ਦੇਹ ਵਿੱਚ ਨਿਵਾਸ ਕੀਤਾ ਅਤੇ ਉਸ ਦੀ ਮਨੁੱਖਤਾ ਵਿਚਲੇ ਉਸ ਦੇ ਕੰਮ ਨੇ ਉਸ ਦੀ ਮਨੁੱਖਤਾ ਦੀ ਸਧਾਰਣਤਾ ਨੂੰ ਅਸਪੱਸ਼ਟ ਕਰ ਦਿੱਤਾ ਸੀ। ਇਸੇ ਵਜ੍ਹਾ ਕਰਕੇ ਲੋਕਾਂ ਨੇ ਵਿਸ਼ਵਾਸ ਕੀਤਾ ਕਿ ਪਰਮੇਸ਼ੁਰ ਵਿੱਚ ਮਨੁੱਖਤਾ ਨਹੀਂ ਸਿਰਫ਼ ਈਸ਼ਵਰੀ ਸੁਭਾਅ ਸੀ।

ਪਰਮੇਸ਼ੁਰ ਨੇ ਆਪਣੇ ਪਹਿਲੇ ਦੇਹਧਾਰਣ ਦਾ ਕੰਮ ਪੂਰਾ ਨਹੀਂ ਕੀਤਾ ਸੀ; ਉਸ ਨੇ ਪਰਮੇਸ਼ੁਰ ਦੀ ਦੇਹ ਵਿੱਚ ਕਰਨ ਵਾਲੇ ਜ਼ਰੂਰੀ ਕੰਮ ਦੇ ਸਿਰਫ਼ ਪਹਿਲੇ ਕਦਮ ਨੂੰ ਪੂਰਾ ਕੀਤਾ ਸੀ। ਇਸ ਲਈ, ਦੇਹਧਾਰਣ ਦੇ ਕੰਮ ਨੂੰ ਖਤਮ ਕਰਨ ਲਈ, ਪਰਮੇਸ਼ੁਰ ਇੱਕ ਵਾਰ ਫਿਰ ਦੇਹ ਵਿੱਚ ਵਾਪਸ ਆਇਆ ਹੈ, ਦੇਹ ਦੀ ਸਾਰੀ ਸਧਾਰਣਤਾ ਅਤੇ ਅਸਲੀਅਤ ਨੂੰ ਜੀ ਰਿਹਾ ਹੈ, ਜੋ ਕਿ ਪਰਮੇਸ਼ੁਰ ਦੇ ਵਚਨ ਨੂੰ ਇੱਕ ਪੂਰਨ ਸਧਾਰਣ ਅਤੇ ਆਮ ਦੇਹ ਵਿੱਚ ਪ੍ਰਗਟਾਉਣਾ ਹੈ, ਜਿਸ ਨਾਲ ਉਸ ਕੰਮ ਦਾ ਅੰਤ ਕਰਨਾ ਹੈ ਜੋ ਉਸ ਨੇ ਦੇਹ ਵਿੱਚ ਅਧੂਰਾ ਛੱਡ ਦਿੱਤਾ ਸੀ। ਤੱਤ ਵਿੱਚ, ਦੂਜੀ ਦੇਹਧਾਰੀ ਦੇਹ ਪਹਿਲੀ ਵਰਗੀ ਹੀ ਹੈ ਪਰ ਇਹ ਹੋਰ ਵੀ ਜ਼ਿਆਦਾ ਅਸਲੀ ਹੈ, ਪਹਿਲੀ ਨਾਲੋਂ ਹੋਰ ਵੀ ਜ਼ਿਆਦਾ ਸਧਾਰਣ ਹੈ। ਇਸ ਦੇ ਸਿੱਟੇ ਵਜੋਂ, ਤਕਲੀਫ਼ ਜੋ ਦੂਜੀ ਦੇਹਧਾਰੀ ਦੇਹ ਸਹਾਰਦੀ ਹੈ ਪਹਿਲੀ ਨਾਲੋਂ ਬਹੁਤ ਜ਼ਿਆਦਾ ਹੈ, ਪਰ ਉਸ ਦੀ ਤਕਲੀਫ਼ ਦੇਹ ਵਿਚਲੇ ਆਪਣੇ ਕਾਰਜ ਦੇ ਸਿੱਟੇ ਵਜੋਂ ਹੈ ਜੋ ਕਿ ਭ੍ਰਿਸ਼ਟੇ ਹੋਏ ਮਨੁੱਖ ਦੀ ਤਕਲੀਫ਼ ਵਰਗੀ ਬਿਲਕੁਲ ਵੀ ਨਹੀਂ ਹੈ। ਇਹ ਵੀ ਉਸ ਦੀ ਦੇਹ ਦੀ ਸਧਾਰਣਤਾ ਅਤੇ ਅਸਲੀਅਤ ਤੋਂ ਉਪਜਦੀ ਹੈ। ਕਿਉਂਕਿ ਉਹ ਆਪਣੀ ਸੇਵਕਾਈ ਬੇਹੱਦ ਸਧਾਰਣ ਅਤੇ ਅਸਲੀ ਦੇਹ ਵਿੱਚ ਕਰਦਾ ਹੈ, ਉਸ ਦੀ ਦੇਹ ਲਈ ਬਹੁਤ ਜ਼ਿਆਦਾ ਕਸ਼ਟਾਂ ਨੂੰ ਸਹਿਣਾ ਜ਼ਰੂਰੀ ਹੈ। ਜਿੰਨੀ ਜ਼ਿਆਦਾ ਉਸ ਦੀ ਦੇਹ ਸਧਾਰਣ ਅਤੇ ਅਸਲੀ ਹੁੰਦੀ ਹੈ ਓਨੀਆਂ ਹੀ ਉਹ ਆਪਣੇ ਕਾਰਜ ਨੂੰ ਕਰਦਿਆਂ ਤਕਲੀਫ਼ਾਂ ਸਹਿੰਦਾ ਹੈ। ਪਰਮੇਸ਼ੁਰ ਦਾ ਕੰਮ ਇੱਕ ਬਹੁਤ ਆਮ ਦੇਹ ਵਿੱਚ ਪ੍ਰਗਟਾਇਆ ਜਾਂਦਾ ਹੈ, ਅਜਿਹੀ ਦੇਹ ਜੋ ਕਿ ਬਿਲਕੁਲ ਵੀ ਅਲੌਕਿਕ ਨਹੀਂ ਹੁੰਦੀ। ਕਿਉਂਕਿ ਉਸ ਦੀ ਦੇਹ ਸਧਾਰਣ ਹੈ, ਅਤੇ ਇਸ ਲਈ ਮਨੁੱਖ ਨੂੰ ਬਚਾਉਣ ਦੇ ਕੰਮ ਦਾ ਭਾਰ ਚੁੱਕਣਾ ਲਾਜ਼ਮੀ ਹੈ, ਉਹ ਇੱਕ ਅਲੌਕਿਕ ਦੇਹ ਨਾਲੋਂ ਕਿਤੇ ਜ਼ਿਆਦਾ ਤਕਲੀਫ਼ ਸਹਿੰਦਾ ਹੈ—ਅਤੇ ਇਹ ਸਾਰੀ ਤਕਲੀਫ਼ ਇਸਦੀ ਦੇਹ ਦੀ ਸਧਾਰਣਤਾ ਅਤੇ ਅਸਲੀਅਤ ਤੋਂ ਉਪਜਦੀ ਹੈ। ਦੋਨੋ ਦੇਹਧਾਰੀ ਦੇਹਾਂ ਵਲੋਂ ਆਪਣੀਆਂ ਸੇਵਕਾਈਆਂ ਨੂੰ ਕਰਦਿਆਂ ਸਹਾਰੀ ਗਈ ਤਕਲੀਫ਼ ਵਿੱਚ ਦੇਹਧਾਰੀ ਦੇਹ ਦੇ ਤੱਤ ਨੂੰ ਵੇਖਿਆ ਜਾ ਸਕਦਾ ਹੈ। ਜਿੰਨੀ ਜ਼ਿਆਦਾ ਦੇਹ ਸਧਾਰਣ ਹੁੰਦੀ ਹੈ, ਓਨੇ ਹੀ ਵੱਧ ਕਸ਼ਟ ਉਸ ਨੂੰ ਆਪਣੇ ਕੰਮ ਨੂੰ ਪੂਰਾ ਕਰਨ ਵੇਲੇ ਸਹਾਰਨੇ ਪੈਂਦੇ ਹਨ; ਇਸ ਕੰਮ ਨੂੰ ਪੂਰਾ ਕਰਨ ਵਾਲੀ ਦੇਹ ਜਿੰਨੀ ਜ਼ਿਆਦਾ ਅਸਲੀ ਹੁੰਦੀ ਹੈ, ਓਨੀਆਂ ਹੀ ਸਖ਼ਤ ਲੋਕਾਂ ਦੀਆਂ ਧਾਰਨਾਵਾਂ ਹੁੰਦੀਆਂ ਹਨ ਅਤੇ ਉਸ ਦੇ ਓਨੇ ਹੀ ਜ਼ਿਆਦਾ ਖ਼ਤਰੇ ਵਿੱਚ ਪੈਣ ਦੀ ਸੰਭਾਵਨਾ ਵੱਧ ਹੁੰਦੀ ਹੈ। ਅਤੇ ਫਿਰ ਵੀ, ਦੇਹ ਜਿੰਨੀ ਜ਼ਿਆਦਾ ਅਸਲੀ ਹੁੰਦੀ ਹੈ, ਅਤੇ ਦੇਹ ਵਿੱਚ ਜਿੰਨੀਆਂ ਜ਼ਿਆਦਾ ਜ਼ਰੂਰਤਾਂ ਅਤੇ ਇੱਕ ਸਧਾਰਣ ਮਨੁੱਖ ਦਾ ਅਹਿਸਾਸ ਹੁੰਦਾ ਹੈ, ਓਨੀ ਹੀ ਜ਼ਿਆਦਾ ਉਸ ਵਿੱਚ ਪਰਮੇਸ਼ੁਰ ਦੇ ਕੰਮ ਨੂੰ ਕਰਨ ਦੀ ਸਮਰੱਥਾ ਹੁੰਦੀ ਹੈ। ਯਿਸੂ ਦੀ ਇਹ ਦੇਹ ਜਿਸਨੂੰ ਸਲੀਬ ਉੱਪਰ ਟੰਗਿਆ ਗਿਆ ਸੀ, ਦੇਹ ਜੋ ਉਸ ਨੇ ਇੱਕ ਪਾਪ ਦੀ ਭੇਟ ਵਜੋਂ ਠੁਕਰਾ ਦਿੱਤੀ ਸੀ; ਇਸੇ ਸਧਾਰਣ ਮਨੁੱਖਤਾ ਵਾਲੀ ਦੇਹ ਦੇ ਜ਼ਰੀਏ ਤੋਂ ਹੀ ਉਸ ਨੇ ਸ਼ਤਾਨ ਨੂੰ ਹਰਾਇਆ ਅਤੇ ਮਨੁੱਖ ਨੂੰ ਪੂਰਨ ਰੂਪ ਵਿੱਚ ਸਲੀਬ ਤੋਂ ਬਚਾਇਆ। ਅਤੇ ਇਸੇ ਇੱਕ ਪੂਰਨ ਦੇਹ ਵਜੋਂ ਪਰਮੇਸ਼ੁਰ ਆਪਣੇ ਦੂਜੇ ਦੇਹਧਾਰਣ ਵਿੱਚ ਜਿੱਤ ਦਾ ਕੰਮ ਕਰਦਾ ਹੈ ਅਤੇ ਸ਼ਤਾਨ ਨੂੰ ਹਰਾਉਂਦਾ ਹੈ। ਸਿਰਫ ਉਹ ਦੇਹ ਜੋ ਪੂਰਨ ਰੂਪ ਵਿੱਚ ਸਧਾਰਣ ਅਤੇ ਅਸਲੀ ਹੈ ਜਿੱਤ ਦੇ ਕੰਮ ਨੂੰ ਪੂਰੀ ਤਰ੍ਹਾਂ ਕਰ ਸਕਦੀ ਹੈ ਅਤੇ ਸ਼ਕਤੀਸ਼ਾਲੀ ਗਵਾਹੀ ਭਰ ਸਕਦੀ ਹੈ। ਕਹਿਣ ਦਾ ਭਾਵ ਹੈ ਕਿ ਮਨੁੱਖ ਨੂੰ ਜਿੱਤਣ ਦੇ ਕੰਮ ਨੂੰ ਪਰਮੇਸ਼ੁਰ ਦੀ ਦੇਹ ਵਿਚਲੀ ਸਧਾਰਣਤਾ ਅਤੇ ਅਸਲੀਅਤ ਦੇ ਦੁਆਰਾ ਅਸਰਦਾਰ ਬਣਾਇਆ ਜਾਂਦਾ ਹੈ, ਨਾ ਕਿ ਅਲੌਕਿਕ ਕਾਰਮਾਤਾਂ ਜਾਂ ਪ੍ਰਗਟਾਵਿਆਂ ਦੁਆਰਾ। ਇਸ ਦੇਹਧਾਰੀ ਪਰਮੇਸ਼ੁਰ ਦੀ ਸੇਵਕਾਈ ਬੋਲ ਕੇ ਮਨੁੱਖ ਨੂੰ ਜਿੱਤਣਾ ਅਤੇ ਸੰਪੂਰਨ ਬਣਾਉਣਾ ਹੈ; ਦੂਜੇ ਸ਼ਬਦਾਂ ਵਿੱਚ, ਆਤਮਾ ਦੇ ਕੰਮ ਨੂੰ ਦੇਹ ਵਿੱਚ ਪੂਰਾ ਕੀਤਾ ਜਾਂਦਾ ਹੈ, ਦੇਹ ਦਾ ਫ਼ਰਜ਼ ਬੋਲਣਾ ਅਤੇ ਇਸ ਪ੍ਰਕਾਰ ਮਨੁੱਖ ਨੂੰ ਪੂਰੀ ਤਰ੍ਹਾਂ ਨਾਲ ਜਿੱਤਣਾ, ਪਰਗਟ ਕਰਨਾ, ਸੰਪੂਰਨ ਕਰਨਾ ਅਤੇ ਮਨੁੱਖ ਦਾ ਨਾਸ ਕਰਨਾ ਹੈ। ਅਤੇ ਇਸ ਕਰਕੇ, ਇਸ ਜਿੱਤ ਦੇ ਕੰਮ ਵਿੱਚ ਹੀ ਪਰਮੇਸ਼ੁਰ ਦਾ ਦੇਹ ਵਿਚਲਾ ਕੰਮ ਪੂਰੀ ਤਰ੍ਹਾਂ ਸਿਰੇ ਚੜ੍ਹੇਗਾ। ਛੁਟਕਾਰੇ ਦਾ ਪਹਿਲਾ ਕੰਮ ਦੇਹਧਾਰਣ ਦੇ ਕੰਮ ਦੀ ਸਿਰਫ਼ ਸ਼ੁਰੂਆਤ ਸੀ; ਦੇਹ ਜੋ ਜਿੱਤ ਦਾ ਕੰਮ ਪੂਰਾ ਕਰਦੀ ਹੈ ਉਹ ਦੇਹਧਾਰਣ ਦੇ ਸਾਰੇ ਕੰਮ ਨੂੰ ਨਪੇਰੇ ਚਾੜ੍ਹੇਗੀ। ਲਿੰਗ ਵਜੋਂ, ਇੱਕ ਨਰ ਹੈ ਅਤੇ ਦੂਜੀ ਮਾਦਾ ਹੈ, ਇਸ ਪ੍ਰਕਾਰ ਉਹ ਪਰਮੇਸ਼ੁਰ ਦੇ ਕੰਮ ਦੀ ਮਹੱਤਤਾ ਨੂੰ ਪੂਰੀ ਕਰਦੇ ਹਨ, ਅਤੇ ਮਨੁੱਖ ਦੀਆਂ ਪਰਮੇਸ਼ੁਰ ਪ੍ਰਤੀ ਧਾਰਨਾਵਾਂ ਦਾ ਖੰਡਨ ਕਰਦੇ ਹਨ: ਪਰਮੇਸ਼ੁਰ, ਨਰ ਅਤੇ ਮਾਦਾ ਦੋਵੇਂ ਬਣ ਸਕਦਾ ਹੈ, ਅਤੇ ਤੱਤ ਵਿੱਚ ਦੇਹਧਾਰੀ ਪਰਮੇਸ਼ੁਰ ਲਿੰਗ ਰਹਿਤ ਹੈ। ਉਸ ਨੇ ਨਰ ਅਤੇ ਮਾਦਾ ਦੋਨਾਂ ਨੂੰ ਬਣਾਇਆ ਹੈ, ਅਤੇ ਉਸ ਲਈ ਲਿੰਗ ਦੀ ਕੋਈ ਵੰਡ ਨਹੀਂ ਹੈ। ਕੰਮ ਦੇ ਇਸ ਪੜਾਅ ਵਿੱਚ, ਪਰਮੇਸ਼ੁਰ ਕੋਈ ਚਿੰਨ੍ਹ ਅਤੇ ਅਚੰਭੇ ਨਹੀਂ ਦਿਖਾਉਂਦਾ, ਇਸ ਲਈ ਉਸ ਦਾ ਕੰਮ ਵਚਨਾਂ ਦੇ ਜ਼ਰੀਏ ਤੋਂ ਪੂਰਾ ਕੀਤਾ ਜਾਵੇਗਾ। ਇਸ ਦੇ ਇਲਾਵਾ ਇਸ ਦਾ ਕਾਰਨ ਇਹ ਹੈ ਕਿ ਕਿਉਂਕਿ ਦੇਹਧਾਰੀ ਪਰਮੇਸ਼ੁਰ ਦਾ ਇਹ ਕੰਮ ਬਿਮਾਰਾਂ ਨੂੰ ਚੰਗਾ ਕਰਨਾ ਜਾਂ ਭਰਿਸ਼ਟ ਆਤਮਾਵਾਂ ਨੂੰ ਕੱਢਣਾ ਨਹੀਂ ਬਲਕਿ ਮਨੁੱਖ ਨੂੰ ਵਚਨਾਂ ਦੇ ਦੁਆਰਾ ਜਿੱਤਣਾ ਹੈ, ਕਹਿਣ ਦਾ ਭਾਵ ਹੈ ਕਿ ਪਰਮੇਸ਼ੁਰ ਦੀ ਧਾਰਣ ਕੀਤੀ ਦੇਹ ਦੀ ਬੁਨਿਆਦੀ ਯੋਗਤਾ ਵਚਨਾਂ ਨੂੰ ਬੋਲਣਾ ਅਤੇ ਮਨੁੱਖ ਨੂੰ ਜਿੱਤਣਾ ਹੈ, ਬਿਮਾਰਾਂ ਨੂੰ ਚੰਗਾ ਕਰਨਾ ਜਾਂ ਭਰਿਸ਼ਟ ਆਤਮਾਵਾਂ ਨੂੰ ਬਾਹਰ ਕੱਢਣਾ ਨਹੀਂ ਹੈ। ਸਧਾਰਣ ਮਨੁੱਖਤਾ ਵਿੱਚ ਉਸ ਦਾ ਕੰਮ ਕਰਾਮਾਤਾਂ ਦਿਖਾਉਣਾ ਨਹੀਂ ਹੈ, ਬਿਮਾਰਾਂ ਨੂੰ ਚੰਗਾ ਕਰਨਾ ਨਹੀਂ ਹੈ, ਪਰ ਬੋਲਣਾ ਹੈ, ਅਤੇ ਇਸ ਲਈ ਲੋਕਾਂ ਨੂੰ ਦੂਜੇ ਦੇਹਧਾਰਣ ਦੀ ਦੇਹ ਪਹਿਲੀ ਨਾਲੋਂ ਕਿਤੇ ਜ਼ਿਆਦਾ ਸਧਾਰਣ ਲੱਗਦੀ ਹੈ। ਲੋਕ ਦੇਖਦੇ ਹਨ ਕਿ ਪਰਮੇਸ਼ੁਰ ਦਾ ਦੇਹਧਾਰਣ ਝੂਠ ਨਹੀਂ ਹੈ; ਪਰ ਇਹ ਦੇਹਧਾਰਣ ਯਿਸੂ ਦੇ ਦੇਹਧਾਰਣ ਤੋਂ ਵੱਖਰਾ ਹੈ, ਅਤੇ ਭਾਵੇਂ ਉਹ ਦੋਵੇਂ ਪਰਮੇਸ਼ੁਰ ਦਾ ਦੇਹਧਾਰਣ ਹਨ, ਉਹ ਇੱਕੋ ਜਿਹੇ ਨਹੀਂ ਹਨ। ਯਿਸੂ ਵਿੱਚ ਸਧਾਰਣ ਮਨੁੱਖਤਾ, ਆਮ ਮਨੁੱਖਤਾ ਸੀ ਪਰ ਉਸ ਨਾਲ ਕਈ ਚਿੰਨ੍ਹ ਅਤੇ ਅਚੰਭੇ ਜੁੜੇ ਹੋਏ ਸਨ। ਇਸ ਦੇਹਧਾਰੀ ਪਰਮੇਸ਼ੁਰ ਵਿੱਚ ਮਨੁੱਖੀ ਅੱਖਾਂ ਕੋਈ ਵੀ ਚਿੰਨ੍ਹ ਜਾਂ ਅਚੰਭੇ ਨਹੀਂ ਦੇਖਣਗੀਆਂ, ਨਾ ਤਾਂ ਬਿਮਾਰਾਂ ਨੂੰ ਚੰਗਾ ਹੁੰਦਿਆ ਅਤੇ ਭਰਿਸ਼ਟ ਆਤਮਾਵਾਂ ਨੂੰ ਨਿਕਲਦਿਆਂ ਵੇਖਣਗੀਆਂ, ਨਾ ਹੀ ਸਮੁੰਦਰ ਉੱਪਰ ਤੁਰਨਾ, ਅਤੇ ਨਾ ਹੀ ਚਾਲੀ ਦਿਨਾਂ ਦੇ ਵਰਤ ਨੂੰ ਦੇਖਣਗੀਆਂ.... ਉਹ ਯਿਸੂ ਦੇ ਕੀਤੇ ਹੋਏ ਕੰਮ ਨੂੰ ਨਹੀਂ ਕਰੇਗਾ, ਇਸ ਲਈ ਨਹੀਂ ਕਿ ਤੱਤ ਵਿੱਚ, ਉਸ ਦੀ ਦੇਹ ਯਿਸੂ ਤੋਂ ਵੱਖਰੀ ਹੈ, ਪਰ ਇਸ ਕਰਕੇ ਕਿ ਉਸ ਦਾ ਉਸ ਦੀ ਸੇਵਕਾਈ ਬਿਮਾਰਾਂ ਨੂੰ ਚੰਗਾ ਕਰਨਾ ਜਾਂ ਭਰਿਸ਼ਟ ਆਤਮਾਵਾਂ ਨੂੰ ਬਾਹਰ ਕੱਢਣਾ ਨਹੀਂ ਹੈ। ਉਹ ਆਪਣੇ ਖੁਦ ਦੇ ਕੰਮ ਨੂੰ ਤਾਰ-ਤਾਰ ਨਹੀਂ ਕਰਦਾ, ਆਪਣੇ ਕੰਮ ਵਿੱਚ ਵਿਘਨ ਨਹੀਂ ਪਾਉਂਦਾ। ਕਿਉਂਕਿ ਉਹ ਮਨੁੱਖ ਨੂੰ ਆਪਣੇ ਅਸਲੀ ਵਚਨਾਂ ਨਾਲ ਜਿੱਤਦਾ ਹੈ, ਉਸ ਨੂੰ ਕਰਾਮਾਤਾਂ ਦੁਆਰਾ ਅਧੀਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਅਤੇ ਇਸ ਲਈ ਇਹ ਪੜਾਅ ਦੇਹਧਾਰਣ ਦੇ ਕੰਮ ਨੂੰ ਪੂਰਾ ਕਰਨਾ ਹੈ। ਅੱਜ ਜਿਸ ਦੇਹਧਾਰੀ ਪਰਮੇਸ਼ੁਰ ਨੂੰ ਤੂੰ ਦੇਖਦਾ ਹੈਂ ਉਹ ਪੂਰਨ ਰੂਪ ਵਿੱਚ ਦੇਹ ਹੈ, ਅਤੇ ਉਸ ਵਿੱਚ ਕੁਝ ਵੀ ਅਲੌਕਿਕ ਨਹੀਂ ਹੈ। ਉਹ ਦੂਜਿਆਂ ਦੀ ਤਰ੍ਹਾਂ ਬਿਮਾਰ ਹੁੰਦਾ ਹੈ, ਦੂਜਿਆਂ ਦੀ ਤਰ੍ਹਾਂ ਉਸ ਨੂੰ ਭੋਜਨ ਅਤੇ ਕੱਪੜਿਆਂ ਦੀ ਜ਼ਰੂਰਤ ਹੈ; ਉਹ ਪੂਰਨ ਰੂਪ ਵਿੱਚ ਦੇਹ ਹੈ। ਜੇ, ਇਸ ਸਮੇਂ ਵਿੱਚ ਦੇਹਧਾਰੀ ਪਰਮੇਸ਼ੁਰ ਅਲੌਕਿਕ ਚਿੰਨ੍ਹ ਅਤੇ ਅਚੰਭੇ ਦਿਖਾਵੇ, ਜੇ ਬਿਮਾਰਾਂ ਨੂੰ ਚੰਗਾ ਕਰੇ, ਭਰਿਸ਼ਟ ਆਤਮਾਵਾਂ ਨੂੰ ਕੱਢੇ ਜਾਂ ਇੱਕ ਵਚਨ ਦੁਆਰਾ ਮਾਰ ਸਕੇ, ਤਾਂ ਉਹ ਜਿੱਤਣ ਦਾ ਕੰਮ ਕਿਵੇਂ ਪੂਰਾ ਕਰ ਸਕੇਗਾ? ਉਸ ਦਾ ਕੰਮ ਗੈਰ-ਯਹੂਦੀ ਮੁਲਕਾਂ ਵਿੱਚ ਕਿਵੇਂ ਫੈਲਾਇਆ ਜਾਵੇਗਾ? ਬਿਮਾਰਾਂ ਨੂੰ ਚੰਗਾ ਕਰਨਾ ਅਤੇ ਭਰਿਸ਼ਟ ਆਤਮਾਵਾਂ ਨੂੰ ਬਾਰ ਕੱਢਣਾ ਕਿਰਪਾ ਦੇ ਯੁਗ ਦਾ ਕੰਮ ਸੀ, ਇਹ ਛੁਟਕਾਰੇ ਦੇ ਕੰਮ ਦਾ ਪਹਿਲਾ ਕਦਮ ਸੀ, ਅਤੇ ਹੁਣ ਜਦ ਪਰਮੇਸ਼ੁਰ ਨੇ ਮਨੁੱਖ ਨੂੰ ਸਲੀਬ ਤੋਂ ਬਚਾ ਲਿਆ ਹੈ, ਉਹ ਇਸ ਕੰਮ ਨੂੰ ਹੋਰ ਨਹੀਂ ਕਰਦਾ। ਜੇ ਅੰਤ ਦੇ ਦਿਨਾਂ ਵਿੱਚ ਯਿਸੂ ਵਰਗਾ ਇੱਕ “ਪਰਮੇਸ਼ੁਰ” ਪ੍ਰਗਟ ਹੰਦਾ ਹੈ ਜਿਸ ਨੇ ਬਿਮਾਰਾਂ ਨੂੰ ਚੰਗਾ ਕੀਤਾ, ਭਰਿਸ਼ਟ ਆਤਮਾਵਾਂ ਨੂੰ ਬਾਹਰ ਕੱਢਿਆ, ਅਤੇ ਮਨੁੱਖ ਲਈ ਸਲੀਬ ਉੱਪਰ ਟੰਗਿਆ ਗਿਆ, ਉਹ “ਪਰਮੇਸ਼ੁਰ” ਭਾਵੇਂ ਹੂਬਹੂ ਬਾਈਬਲ ਵਿੱਚ ਦਿੱਤੇ ਪਰਮੇਸ਼ੁਰ ਦੇ ਵਰਣਨ ਵਰਗਾ ਹੋਵੇ ਅਤੇ ਮਨੁੱਖ ਲਈ ਉਸ ਨੂੰ ਸਵੀਕਾਰ ਕਰਨਾ ਸੌਖਾ ਹੋਵੇ, ਪਰ ਇਹ ਤੱਤ ਵਿੱਚ, ਪਰਮੇਸ਼ੁਰ ਦੇ ਆਤਮਾ ਦੁਆਰਾ ਧਾਰਣ ਕੀਤੀ ਦੇਹ ਨਹੀਂ ਬਲਕਿ ਇੱਕ ਦੁਸ਼ਟ ਆਤਮਾ ਹੋਵੇਗੀ। ਕਿਉਂਕਿ ਪਰਮੇਸ਼ੁਰ ਦਾ ਸਿਧਾਂਤ ਆਪਣੇ ਪੂਰੇ ਕੀਤੇ ਕੰਮ ਨੂੰ ਕਦੇ ਵੀ ਨਾ ਦੁਹਰਾਉਣਾ ਹੈ। ਅਤੇ ਇਸ ਲਈ, ਪਰਮੇਸ਼ੁਰ ਦੇ ਦੂਜੇ ਦੇਹਧਾਰਣ ਦਾ ਕੰਮ ਪਹਿਲੇ ਦੇ ਕੰਮ ਨਾਲੋਂ ਵੱਖਰਾ ਹੈ। ਅੰਤ ਦੇ ਦਿਨਾਂ ਵਿੱਚ ਪਰਮੇਸ਼ੁਰ ਜਿੱਤਣ ਦੇ ਕੰਮ ਨੂੰ ਇੱਕ ਆਮ, ਸਧਾਰਣ ਦੇਹ ਵਿੱਚ ਪੂਰਾ ਕਰਦਾ ਹੈ; ਉਹ ਬਿਮਾਰਾਂ ਨੂੰ ਚੰਗਾ ਨਹੀਂ ਕਰਦਾ, ਅਤੇ ਮਨੁੱਖ ਦੁਆਰਾ ਸਲੀਬੀ ਮੌਤ ਨਹੀਂ ਪ੍ਰਾਪਤ ਕਰੇਗਾ, ਪਰ ਸਿਰਫ਼ ਦੇਹ ਵਿੱਚ ਵਚਨਾਂ ਨੂੰ ਬੋਲੇਗਾ, ਅਤੇ ਮਨੁੱਖ ਨੂੰ ਦੇਹ ਵਿੱਚ ਜਿੱਤੇਗਾ। ਸਿਰਫ਼ ਅਜਿਹੀ ਦੇਹ ਹੀ ਪਰਮੇਸਰ ਦੀ ਦੇਹਧਾਰੀ ਦੇਹ ਹੋਵੇਗੀ; ਸਿਰਫ਼ ਅਜਿਹੀ ਦੇਹ ਹੀ ਪਰਮੇਸ਼ੁਰ ਦੇ ਦੇਹ ਵਿਚਲੇ ਕੰਮ ਨੂੰ ਪੂਰਾ ਕਰ ਸਕਦੀ ਹੈ।

ਭਾਵੇਂ ਇਸ ਪੜਾਅ ਵਿੱਚ ਪਰਮੇਸ਼ੁਰ ਤਕਲੀਫ਼ ਸਹਿ ਰਿਹਾ ਹੈ ਜਾਂ ਆਪਣੀ ਸੇਵਕਾਈ ਨੂੰ ਕਰ ਰਿਹਾ ਹੈ, ਉਹ ਇਸ ਨੂੰ ਆਪਣੇ ਦੇਹਧਾਰਣ ਦੇ ਅਰਥ ਨੂੰ ਪੂਰਾ ਕਰਨ ਲਈ ਕਰਦਾ ਹੈ, ਕਿਉਂਕਿ ਇਹ ਪਰਮੇਸ਼ੁਰ ਦਾ ਆਖਰੀ ਦੇਹਧਾਰਣ ਹੈ। ਪਰਮੇਸ਼ੁਰ ਸਿਰਫ਼ ਦੋ ਵਾਰ ਦੇਹਧਾਰਣ ਕਰ ਸਕਦਾ ਹੈ। ਕੋਈ ਤੀਜਾ ਸਮਾਂ ਨਹੀਂ ਆ ਸਕਦਾ। ਪਹਿਲਾ ਦੇਹਧਾਰਣ ਨਰ ਸੀ ਅਤੇ ਦੂਜਾ ਮਾਦਾ, ਅਤੇ ਇਸ ਪ੍ਰਕਾਰ ਮਨੁੱਖ ਦੇ ਮਨ ਵਿੱਚ ਪਰਮੇਸ਼ੁਰ ਦਾ ਸਰੂਪ ਪੂਰਾ ਕੀਤਾ ਜਾਂਦਾ ਹੈ; ਇਸ ਦੇ ਇਲਾਵਾ ਦੋ ਦੇਹਧਾਰਣਾਂ ਨੇ ਪਹਿਲਾਂ ਹੀ ਪਰਮੇਸ਼ੁਰ ਦੇ ਦੇਹ ਵਿੱਚ ਕੰਮ ਨੂੰ ਪੂਰਾ ਕਰ ਦਿੱਤਾ ਹੈ। ਪਹਿਲੀ ਵਾਰ ਪਰਮੇਸ਼ੁਰ ਵਿੱਚ, ਦੇਹਧਾਰਣ ਦੇ ਅਰਥ ਨੂੰ ਪੂਰਾ ਕਰਨ ਲਈ, ਸਧਾਰਣ ਮਨੁੱਖਤਾ ਸੀ। ਇਸ ਵਾਰ ਵੀ ਉਸ ਵਿੱਚ ਸਧਾਰਣ ਮਨੁੱਖਤਾ ਹੰਦੀ ਹੈ, ਪਰ ਦੇਹਧਾਰਣ ਦਾ ਅਰਥ ਵੱਖਰਾ ਹੈ: ਇਹ ਜ਼ਿਆਦਾ ਡੂੰਘਾ ਹੈ ਅਤੇ ਉਸ ਦੇ ਕੰਮ ਦੀ ਬਹੁਤ ਵੱਡੀ ਮਹੱਤਤਾ ਹੈ। ਪਰਮੇਸ਼ੁਰ ਦੇ ਇੱਕ ਵਾਰ ਫਿਰ ਦੇਹਧਾਰਣ ਦੀ ਵਜ੍ਹਾ ਦੇਹਧਾਰਣ ਦੇ ਅਰਥ ਨੂੰ ਪੂਰਾ ਕਰਨਾ ਹੈ। ਜਦੋਂ ਪਰਮੇਸ਼ੁਰ ਨੇ ਆਪਣੇ ਕੰਮ ਦੇ ਇਸ ਪੜਾਅ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ, ਦੇਹਧਾਰਣ ਦਾ ਪੂਰਨ ਅਰਥ, ਜੋ ਕਿ ਪਰਮੇਸ਼ੁਰ ਦਾ ਦੇਹ ਵਿੱਚ ਕੰਮ ਹੈ, ਪੂਰਾ ਹੋ ਜਾਵੇਗਾ, ਅਤੇ ਕੋਈ ਹੋਰ ਕੰਮ ਦੇਹ ਵਿੱਚ ਨਹੀਂ ਕੀਤਾ ਜਾਵੇਗਾ। ਕਹਿਣ ਦਾ ਭਾਵ ਹੈ ਕਿ ਹੁਣ ਤੋਂ ਪਰਮੇਸ਼ੁਰ ਆਪਣਾ ਕੰਮ ਕਰਨ ਲਈ ਕਦੇ ਵੀ ਦੁਬਾਰਾ ਦੇਹ ਵਿੱਚ ਨਹੀਂ ਆਵੇਗਾ। ਸਿਰਫ਼ ਮਨੁੱਖਜਾਤੀ ਨੂੰ ਬਚਾਉਣ ਅਤੇ ਸੰਪੂਰਨ ਬਣਾਉਣ ਲਈ ਪਰਮੇਸ਼ੁਰ ਦੇਹਧਾਰਣ ਦਾ ਕੰਮ ਕਰਦਾ ਹੈ। ਦੂਜੇ ਸ਼ਬਦਾਂ ਵਿੱਚ, ਕੰਮ ਕਰਨ ਦੇ ਇਲਾਵਾ ਪਰਮੇਸ਼ੁਰ ਦਾ ਦੇਹ ਧਾਰਣ ਕਰਨਾ ਕਿਸੇ ਵੀ ਤਰੀਕੇ ਨਾਲ ਆਮ ਕੰਮ ਨਹੀਂ ਹੈ। ਕੰਮ ਕਰਨ ਲਈ ਦੇਹ ਧਾਰਣ ਕਰਕੇ ਉਹ ਸ਼ਤਾਨ ਨੂੰ ਦਿਖਾਉਂਦਾ ਹੈ ਕਿ ਪਰਮੇਸ਼ੁਰ ਦੇਹ ਹੈ, ਇੱਕ ਸਧਾਰਣ ਮਨੁੱਖ ਹੈ, ਇੱਕ ਆਮ ਮਨੁੱਖ ਹੈ—ਅਤੇ ਫਿਰ ਵੀ ਉਹ ਸੰਸਾਰ ਉੱਪਰ ਜਿੱਤ ਪ੍ਰਪਤ ਕਰ ਸਕਦਾ ਹੈ, ਸ਼ਤਾਨ ਨੂੰ ਹਰਾ ਸਕਦਾ ਹੈ, ਮਨੁੱਖਜਾਤੀ ਨੂੰ ਮੁਕਤ ਕਰ ਸਕਦਾ ਹੈ, ਮਨੁੱਖਜਾਤੀ ਨੂੰ ਜਿੱਤ ਸਕਦਾ ਹੈ! ਸ਼ਤਾਨ ਦੇ ਕੰਮ ਦਾ ਟੀਚਾ ਮਨੁੱਖਜਾਤੀ ਨੂੰ ਭ੍ਰਿਸ਼ਟ ਕਰਨਾ ਹੈ, ਜਦਕਿ ਪਰਮੇਸ਼ੁਰ ਦਾ ਟੀਚਾ ਮਨੁੱਖਜਾਤੀ ਨੂੰ ਬਚਾਉਣਾ ਹੈ। ਸ਼ਤਾਨ ਮਨੁੱਖ ਨੂੰ ਇੱਕ ਅਥਾਹ-ਕੁੰਡ ਵਿੱਚ ਫਸਾਉਂਦਾ ਹੈ, ਜਦਕਿ ਪਰਮੇਸ਼ੁਰ ਉਸ ਨੂੰ ਇਸਤੋਂ ਬਚਾਉਂਦਾ ਹੈ। ਸ਼ਤਾਨ ਸਾਰੇ ਮਨੁੱਖਾਂ ਨੂੰ ਆਪਣੀ ਉਪਾਸਨਾ ਕਰਨ ਲਈ ਮਜਬੂਰ ਕਰਦਾ ਹੈ, ਜਦਕਿ ਪਰਮੇਸ਼ੁਰ ਉਸ ਨੂੰ ਆਪਣੇ ਅਧਿਕਾਰ ਦਾ ਪਾਤਰ ਬਣਾਉਂਦਾ ਹੈ, ਕਿਉਂਕਿ ਉਹ ਸਾਰੀ ਸ੍ਰਿਸ਼ਟੀ ਦਾ ਪ੍ਰਭੂ ਹੈ। ਇਹ ਸਾਰਾ ਕੰਮ ਪਰਮੇਸ਼ੁਰ ਦੇ ਦੋ ਦੇਹਧਾਰਣਾਂ ਦੁਆਰਾ ਪੂਰਾ ਕੀਤਾ ਜਾਂਦਾ ਹੈ। ਤੱਤ ਵਿੱਚ, ਉਸ ਦੀ ਦੇਹ ਮਨੁੱਖਤਾ ਅਤੇ ਈਸ਼ਵਰੀ ਸੁਭਾਅ ਦਾ ਸੰਜੋਗ ਹੈ ਅਤੇ ਇਸ ਵਿੱਚ ਮਨੁੱਖਤਾ ਹੁੰਦੀ ਹੈ। ਇਸ ਲਈ, ਪਰਮੇਸ਼ੁਰ ਦੇ ਦੇਹਧਾਰਣ ਦੇ ਬਗੈਰ ਪਰਮੇਸ਼ੁਰ ਮਨੁੱਖਜਾਤੀ ਨੂੰ ਬਚਾਉਣ ਦੇ ਨਤੀਜੇ ਪ੍ਰਾਪਤ ਨਹੀਂ ਕਰ ਸਕਦਾ, ਅਤੇ ਉਸ ਦੀ ਦੇਹ ਵਿਚਲੀ ਸਧਾਰਣ ਮਨੁੱਖਤਾ ਦੇ ਬਗੈਰ ਉਸ ਦਾ ਦੇਹ ਵਿਚਲਾ ਕੰਮ ਵੀ ਇਨ੍ਹਾਂ ਨਤੀਜਿਆਂ ਨੂੰ ਪ੍ਰਾਪਤ ਨਹੀਂ ਕਰ ਸਕਦਾ। ਦੇਹਧਾਰੀ ਪਰਮੇਸ਼ੁਰ ਦਾ ਤੱਤ ਹੈ ਕਿ ਉਸ ਵਿੱਚ ਸਧਾਰਣ ਮਨੁੱਖਤਾ ਦਾ ਹੋਣਾ ਲਾਜ਼ਮੀ ਹੈ; ਕਿਉਂਕਿ ਇਸ ਦੇ ਉਲਟ ਕਰਨ ਦਾ ਅਰਥ ਪਰਮੇਸ਼ੁਰ ਦੇ ਦੇਹਧਾਰਣ ਵਿਚਲੇ ਅਸਲੀ ਮੰਤਵ ਦੇ ਵਿਰੁੱਧ ਚੱਲਣਾ ਹੋਵੇਗਾ।

ਮੈਂ ਕਿਉਂ ਕਹਿੰਦਾ ਹਾਂ ਕਿ ਦੇਹਧਾਰਣ ਦਾ ਅਰਥ ਯਿਸੂ ਦੇ ਕੰਮ ਵਿੱਚ ਪੂਰਾ ਨਹੀਂ ਕੀਤਾ ਗਿਆ ਸੀ? ਕਿਉਂਕਿ ਵਚਨ ਪੂਰਨ ਰੂਪ ਵਿੱਚ ਦੇਹ ਨਹੀਂ ਬਣਿਆ ਸੀ। ਜੋ ਯਿਸੂ ਨੇ ਕੀਤਾ ਉਹ ਪਰਮੇਸ਼ੁਰ ਦੇ ਦੇਹ ਵਿੱਚ ਕੰਮ ਦਾ ਸਿਰਫ਼ ਇੱਕ ਹਿੱਸਾ ਸੀ; ਉਸ ਨੇ ਸਿਰਫ਼ ਛੁਟਕਾਰੇ ਦਾ ਕੰਮ ਕੀਤਾ ਸੀ ਅਤੇ ਪੂਰਨ ਰੂਪ ਵਿੱਚ ਮਨੁੱਖ ਨੂੰ ਪ੍ਰਾਪਤ ਕਰਨ ਦਾ ਕੰਮ ਨਹੀਂ ਕੀਤਾ ਸੀ। ਇਸ ਕਰਕੇ ਪਰਮੇਸ਼ੁਰ ਨੇ ਅੰਤ ਦੇ ਦਿਨਾਂ ਵਿੱਚ ਇਕ ਵਾਰ ਫਿਰ ਦੇਹਧਾਰਣ ਕੀਤੀ ਹੈ। ਉਸ ਦੇ ਕੰਮ ਦਾ ਇਹ ਪੜਾਅ ਵੀ ਇੱਕ ਸਧਾਰਣ ਦੇਹ ਵਿੱਚ ਕੀਤਾ ਜਾਂਦਾ ਹੈ; ਇਹ ਇੱਕ ਬੇਹੱਦ ਸਧਾਰਣ ਮਨੁੱਖ ਦੁਆਰਾ ਕੀਤਾ ਜਾਂਦਾ ਹੈ, ਉਹ ਜਿਸ ਦੀ ਮਨੁੱਖਤਾ ਬਿਲਕੁਲ ਵੀ ਪਾਰਗਾਮੀ ਨਹੀਂ ਹੈ। ਦੂਜੇ ਸ਼ਬਦਾਂ ਵਿੱਚ, ਪਰਮੇਸ਼ੁਰ ਇੱਕ ਪੂਰਨ ਮਨੁੱਖ ਬਣ ਜਾਂਦਾ ਹੈ; ਉਹ ਅਜਿਹਾ ਮਨੁੱਖ ਹੈ ਜਿਸ ਦੀ ਪਛਾਣ ਪਰਮੇਸ਼ੁਰ ਦੀ ਹੈ, ਇੱਕ ਪੂਰਨ ਮਨੁੱਖ, ਇੱਕ ਪੂਰਨ ਦੇਹ ਜੋ ਕੰਮ ਪੂਰਾ ਕਰਦੀ ਹੈ। ਮਨੁੱਖੀ ਅੱਖਾਂ ਇੱਕ ਦੇਹੀ ਸਰੀਰ ਦੇਖ ਸਕਦੀਆਂ ਹਨ ਜੋ ਬਿਲਕੁਲ ਵੀ ਪਾਰਗਾਮੀ ਨਹੀਂ ਹੈ, ਇੱਕ ਬੇਹੱਦ ਸਧਾਰਣ ਮਨੁੱਖ ਜੋ ਸਵਰਗੀ ਭਾਸ਼ਾ ਬੋਲ ਸਕਦਾ ਹੈ, ਜੋ ਕੋਈ ਕਾਰਮਾਤੀ ਚਿੰਨ੍ਹ ਨਹੀਂ ਦਿਖਾਉਂਦਾ, ਕੋਈ ਕਰਾਮਾਤਾਂ ਨਹੀਂ ਕਰਦਾ, ਵੱਡੇ ਸਭਾ-ਭਵਨਾਂ ਅੰਦਰਲੇ ਧਰਮ ਵਿਚਲੀ ਸੱਚਾਈ ਨੂੰ ਪ੍ਰਤੱਖ ਕਰਨਾ ਤਾਂ ਦੂਰ ਦੀ ਗੱਲ ਹੈ। ਲੋਕਾਂ ਨੂੰ, ਦੂਜੇ ਦੇਹਧਾਰਣ ਦਾ ਕੰਮ ਪਹਿਲੇ ਦੇ ਨਾਲੋਂ ਬਿਲਕੁਲ ਉਲਟਾ ਲੱਗਦਾ ਹੈ, ਇੱਥੋਂ ਤੱਕ ਕਿ ਦੋਵਾਂ ਵਿੱਚ ਕੁਝ ਵੀ ਇੱਕ ਸਮਾਨ ਨਹੀਂ ਲੱਗਦਾ, ਅਤੇ ਪਹਿਲੇ ਕੰਮ ਵਿੱਚੋਂ ਕੁਝ ਵੀ ਦੂਜੇ ਵਿੱਚ ਨਜ਼ਰ ਨਹੀਂ ਆਉਂਦਾ। ਭਾਵੇਂ ਦੂਜੇ ਦੇਹਧਾਰਣ ਦਾ ਕੰਮ ਪਹਿਲੇ ਨਾਲੋਂ ਵੱਖਰਾ ਹੈ, ਇਸ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਉਨ੍ਹਾਂ ਦਾ ਸਰੋਤ ਇੱਕੋ-ਇੱਕ ਨਹੀਂ ਹੈ। ਉਨ੍ਹਾਂ ਦਾ ਸਰੋਤ ਇੱਕੋ ਹੈ ਜਾਂ ਨਹੀਂ ਇਹ ਦੇਹਾਂ ਦੁਆਰਾ ਕੀਤੇ ਗਏ ਕੰਮ ਦੀ ਪ੍ਰਕਿਰਤੀ ਤੇ ਉੱਪਰ ਨਿਰਭਰ ਕਰਦਾ ਹੈ, ਉਨ੍ਹਾਂ ਦੇ ਬਾਹਰੀ ਖ਼ੋਲ ਉੱਤੇ ਨਹੀਂ। ਉਸ ਦੇ ਕੰਮ ਦੇ ਤਿੰਨ ਪੜਾਵਾਂ ਦੇ ਦੌਰਾਨ, ਪਰਮੇਸ਼ੁਰ ਦੁਆਰਾ ਦੋ ਵਾਰ ਦੇਹਧਾਰਣ ਕੀਤੀ ਜਾਂਦੀ ਹੈ, ਅਤੇ ਦੋਨੋ ਵਾਰ ਦੇਹਧਾਰੀ ਪਰਮੇਸ਼ੁਰ ਦਾ ਕੰਮ ਇੱਕ ਨਵੇਂ ਯੁਗ ਦਾ ਅਰੰਭ ਕਰਨਾ ਹੈ, ਇੱਕ ਨਵੇਂ ਕੰਮ ਦਾ ਅਰੰਭ ਕਰਨਾ ਹੈ; ਦੇਹਧਾਰਣ ਇੱਕੇ ਦੂਜੇ ਦੇ ਪੂਰਕ ਹਨ। ਮਨੁੱਖੀ ਅੱਖਾਂ ਦੁਆਰਾ ਇਹ ਦੱਸਣਾ ਕਿ ਦੋਨੋ ਦੇਹਾਂ ਅਸਲ ਵਿੱਚ ਇੱਕੋ ਸਰੋਤ ਤੋਂ ਆਉਂਦੀਆਂ ਹਨ, ਨਾਮੁਮਕਿਨ ਹੈ। ਇਹ ਕਹਿਣ ਦੀ ਜ਼ਰੂਰਤ ਨਹੀਂ ਕਿ ਉਹ ਮਨੁੱਖੀ ਅੱਖ ਅਤੇ ਮਨੁੱਖੀ ਮਨ ਦੀ ਸਮਰੱਥਾ ਤੋਂ ਬਾਹਰ ਹਨ। ਪਰ ਉਨ੍ਹਾਂ ਦੇ ਤੱਤ ਵਿੱਚ ਉਹ ਇੱਕੇ ਹਨ, ਕਿਉਂਕਿ ਉਨ੍ਹਾਂ ਦਾ ਕੰਮ ਇੱਕੋ ਆਤਮਾ ਤੋਂ ਉਪਜਦਾ ਹੈ। ਦੋਵੇਂ ਦੇਹਧਾਰੀ ਦੇਹਾਂ ਇੱਕੋ ਸਰੋਤ ਤੋਂ ਪੈਦਾ ਹੰਦੀਆਂ ਹਨ ਜਾਂ ਨਹੀਂ, ਇਸ ਦਾ ਫੈਸਲਾ ਉਸ ਦੌਰ ਅਤੇ ਸਥਾਨ ਤੋਂ, ਜਿੱਥੇ ਉਹ ਪੈਦਾ ਹੋਈਆਂ ਜਾਂ ਹੋਰਨਾ ਕਾਰਕਾਂ ਤੋਂ ਨਹੀਂ ਕੀਤਾ ਜਾਂਦਾ, ਬਲਕਿ ਉਨ੍ਹਾਂ ਦੁਆਰਾ ਪਰਗਟ ਕੀਤੇ ਈਸ਼ਵਰੀ ਸੁਭਾਅ ਦੇ ਕੰਮ ਤੋਂ ਕੀਤਾ ਜਾਂਦਾ ਹੈ। ਦੂਜੀ ਦੇਹਧਾਰੀ ਦੇਹ ਕੋਈ ਵੀ ਅਜਿਹੇ ਕੰਮ ਨਹੀਂ ਕਰਦੀ ਜੋ ਯਿਸੂ ਨੇ ਕੀਤੇ, ਕਿਉਂਕਿ ਪਰਮੇਸ਼ੁਰ ਦਾ ਕੰਮ ਕਿਸੇ ਰੀਤ ਦੀ ਪਾਲਣਾ ਨਹੀਂ ਕਰਦਾ, ਬਲਕਿ ਹਰ ਵਾਰ ਇੱਕ ਨਵਾਂ ਰਾਹ ਖੋਲ੍ਹਦਾ ਹੈ। ਦੂਜੇ ਦੇਹਧਾਰਣ ਦੀ ਦੇਹ ਦਾ ਟੀਚਾ ਲੋਕਾਂ ਦੇ ਮਨਾਂ ਵਿੱਚ ਪਹਿਲੀ ਦੇਹ ਦੇ ਪ੍ਰਭਾਵ ਨੂੰ ਡੂੰਘਾ ਕਰਨਾ ਜਾਂ ਮਜ਼ਬੂਤ ਕਰਨਾ ਨਹੀਂ ਹੈ ਬਲਕਿ ਇਸ ਨੂੰ ਪੂਰਕ ਅਤੇ ਸੰਪੂਰਨ ਬਣਾਉਣਾ ਹੈ, ਮਨੁੱਖ ਦੇ ਪਰਮੇਸ਼ੁਰ ਬਾਰੇ ਗਿਆਨ ਨੂੰ ਡੂੰਘਾ ਕਰਨਾ, ਲੋਕਾਂ ਦੇ ਦਿਲਾਂ ਵਿੱਚ ਮੌਜੂਦ ਸਾਰੇ ਨਿਯਮਾਂ ਨੂੰ ਤੋੜਨਾ ਅਤੇ ਉਨ੍ਹਾਂ ਦੇ ਦਿਲਾਂ ਵਿੱਚੋਂ ਪਰਮੇਸ਼ੁਰ ਦੇ ਸਾਰੇ ਭਰਮਾਉਣ ਵਾਲੇ ਸਰੂਪਾਂ ਨੂੰ ਮਿਟਾਉਣਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਪਰਮੇਸ਼ੁਰ ਦੇ ਆਪਣੇ ਕੰਮ ਦਾ ਕੋਈ ਇਕੱਲਾ ਪੜਾਅ ਮਨੁੱਖ ਨੂੰ ਉਸ ਦਾ ਸੰਪੂਰਨ ਗਿਆਨ ਨਹੀਂ ਦੇ ਸਕਦਾ ਹੈ; ਹਰੇਕ ਪੜਾਅ ਸਿਰਫ਼ ਇੱਕ ਹਿੱਸਾ ਦੇ ਸਕਦਾ ਹੈ, ਸੰਪੂਰਨਤਾ ਨਹੀਂ। ਭਾਵੇਂ ਪਰਮੇਸ਼ੁਰ ਨੇ ਆਪਣੇ ਪੂਰੇ ਸੁਭਾਅ ਨੂੰ ਪਰਗਟ ਕਰ ਦਿੱਤਾ ਹੈ, ਮਨੁੱਖ ਦੀਆਂ ਸਮਝਣ ਦੀਆਂ ਸੀਮਤ ਚੇਤਨਾਵਾਂ ਦੀ ਵਜ੍ਹਾ ਕਰਕੇ ਉਸ ਦਾ ਪਰਮੇਸ਼ੁਰ ਬਾਰੇ ਗਿਆਨ ਅਧੂਰਾ ਰਹਿੰਦਾ ਹੈ। ਮਨੁੱਖੀ ਭਾਸ਼ਾ ਦੀ ਵਰਤੋਂ ਨਾਲ ਪਰਮੇਸ਼ੁਰ ਦੇ ਸੁਭਾਅ ਦੀ ਸੰਪੂਰਨਤਾ ਨੂੰ ਦਰਸਾਉਣਾ ਅਸੰਭਵ ਹੈ; ਇਸ ਦੇ ਇਲਾਵਾ ਉਸ ਦੇ ਕੰਮ ਦਾ ਸਿਰਫ਼ ਇੱਕ ਪੜਾਅ ਪਰਮੇਸ਼ੁਰ ਨੂੰ ਪੂਰੀ ਤਰ੍ਹਾਂ ਉਜਾਗਰ ਕਿਵੇਂ ਕਰ ਸਕਦਾ ਹੈ? ਉਹ ਦੇਹ ਵਿੱਚ ਆਪਣਾ ਕੰਮ ਆਪਣੀ ਸਧਾਰਣ ਮਨੁੱਖਤਾ ਦੀ ਓਟ ਵਿੱਚ ਕਰਦਾ ਹੈ, ਅਤੇ ਉਸ ਨੂੰ ਸਿਰਫ਼ ਉਸ ਦੇ ਈਸ਼ਵਰੀ ਸੁਭਾਅ ਦੇ ਪ੍ਰਗਟਾਅ ਤੋਂ ਦੇਖਿਆ ਜਾ ਸਕਦਾ ਹੈ, ਉਸ ਦੇ ਸਰੀਰਕ ਖ਼ੋਲ ਦੁਆਰਾ ਨਹੀਂ। ਪਰਮੇਸ਼ੁਰ ਦੇਹ ਵਿੱਚ ਮਨੁੱਖ ਨੂੰ ਆਪਣੇ ਕੰਮ ਦੇ ਜ਼ਰੀਏ ਆਪਣੇ ਆਪ ਨੂੰ ਜਾਣਨ ਦੇ ਕਾਬਲ ਬਣਾਉਣ ਲਈ ਆਉਂਦਾ ਹੈ, ਅਤੇ ਉਸ ਦੇ ਕੰਮ ਦੇ ਕੋਈ ਦੋ ਪੜਾਅ ਇੱਕ ਸਮਾਨ ਨਹੀਂ ਹਨ। ਸਿਰਫ ਇਸੇ ਤਰੀਕੇ ਨਾਲ ਮਨੁੱਖ ਪਰਮੇਸ਼ੁਰ ਦੇ ਦੇਹ ਵਿਚਲੇ ਕੰਮ ਦਾ ਗਿਆਨ ਪ੍ਰਾਪਤ ਕਰ ਸਕਦਾ ਹੈ, ਸਿਰਫ਼ ਇੱਕ ਪਹਿਲੂ ਤੱਕ ਸੀਮਤ ਰਹਿ ਕੇ ਨਹੀਂ। ਭਾਵੇਂ ਦੋਨੋ ਦੇਹਧਾਰੀ ਦੇਹਾਂ ਦਾ ਕੰਮ ਵੱਖਰਾ ਹੈ, ਦੇਹਾਂ ਦੇ ਤੱਤ, ਉਨ੍ਹਾਂ ਦੇ ਕੰਮ ਦੇ ਸਰੋਤ ਹੂ-ਬਹੂ ਇੱਕੋ ਹਨ; ਫ਼ਰਕ ਸਿਰਫ਼ ਇੰਨਾ ਹੈ ਕਿ ਉਹ ਉਸ ਦੇ ਕੰਮ ਨੂੰ ਦੋ ਵੱਖਰੇ ਪੜਾਵਾਂ ਨੂੰ ਪੂਰਾ ਕਰਨ ਲਈ ਮੌਜੂਦ ਹਨ, ਅਤੇ ਦੋ ਵੱਖਰੇ ਯੁਗਾਂ ਵਿੱਚ ਉਪਜਦੀਆਂ ਹਨ। ਭਾਵੇਂ ਕੁਝ ਵੀ ਹੋਵੇ, ਪਰਮੇਸ਼ੁਰ ਦੀਆਂ ਦੇਹਧਾਰੀ ਦੇਹਾਂ ਇੱਕੋ ਤੱਤ ਅਤੇ ਇੱਕੋ ਮੂਲ ਉਤਪਤੀ ਦੀ ਸਾਂਝ ਰੱਖਦੀਆਂ ਹਨ—ਇਹ ਅਜਿਹੀ ਸੱਚਾਈ ਹੈ ਜਿਸ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ।

ਪਿਛਲਾ: ਭ੍ਰਿਸ਼ਟ ਮਨੁੱਖਜਾਤੀ ਨੂੰ ਦੇਹਧਾਰੀ ਪਰਮੇਸ਼ੁਰ ਦੀ ਮੁਕਤੀ ਦੀ ਲੋੜ ਵਧੇਰੇ ਹੈ

ਅਗਲਾ: ਪਰਮੇਸ਼ੁਰ ਦਾ ਕੰਮ ਅਤੇ ਮਨੁੱਖ ਦਾ ਅਮਲ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ