ਪਰਮੇਸ਼ੁਰ ਦੇ ਨਵੀਨਤਮ ਕੰਮ ਨੂੰ ਜਾਣੋ ਅਤੇ ਉਸ ਦੀ ਪੈੜ ਉੱਤੇ ਚੱਲੋ

ਹੁਣ, ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਪਰਮੇਸ਼ੁਰ ਦੇ ਲੋਕ ਬਣਨ ਦੀ ਖੋਜ ਕਰੋ, ਅਤੇ ਸਹੀ ਰਾਹ ਵਿੱਚ ਪ੍ਰਵੇਸ਼ ਕਰਨਾ ਸ਼ੁਰੂ ਕਰੋ। ਪਰਮੇਸ਼ੁਰ ਦੇ ਲੋਕ ਬਣਨ ਦਾ ਅਰਥ ਹੈ ਰਾਜ ਦੇ ਯੁਗ ਵਿੱਚ ਪ੍ਰਵੇਸ਼ ਕਰਨਾ। ਅੱਜ, ਤੁਸੀਂ ਅਧਿਕਾਰਕ ਤੌਰ ਤੇ ਰਾਜ ਦੀ ਸਿਖਲਾਈ ਵਿੱਚ ਪ੍ਰਵੇਸ਼ ਕਰਨਾ ਸ਼ੁਰੂ ਕਰਦੇ ਹੋ, ਅਤੇ ਤੁਹਾਡੇ ਭਵਿੱਖ ਦੇ ਜੀਵਨ ਉੰਨੇ ਢਿੱਲੇ ਅਤੇ ਸੁਸਤ ਨਹੀਂ ਰਹਿਣਗੇ ਜਿੰਨੇ ਇਹ ਪਹਿਲਾਂ ਸਨ; ਇਸ ਤਰੀਕੇ ਨਾਲ ਜੀਉਂਦੇ ਹੋਏ, ਉਨ੍ਹਾਂ ਮਾਪਦੰਡਾਂ ਨੂੰ ਪ੍ਰਾਪਤ ਕਰਨਾ ਅਣਹੋਣਾ ਹੈ ਜਿਨ੍ਹਾਂ ਦੀ ਮੰਗ ਪਰਮੇਸ਼ੁਰ ਕਰਦਾ ਹੈ। ਜੇ ਤੂੰ ਕੋਈ ਸ਼ਿੱਦਤ ਮਹਿਸੂਸ ਨਹੀਂ ਕਰਦਾ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤੈਨੂੰ ਆਪਣੇ ਆਪ ਵਿੱਚ ਸੁਧਾਰ ਕਰਨ ਦੀ ਕੋਈ ਇੱਛਾ ਨਹੀਂ ਹੈ, ਕਿ ਤੇਰੀ ਤਲਾਸ਼ ਬੇਤਰਤੀਬ ਅਤੇ ਉਲਝਣ ਭਰੀ ਹੈ, ਅਤੇ ਤੂੰ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਦੇ ਅਸਮਰੱਥ ਹੈ। ਰਾਜ ਦੀ ਸਿਖਲਾਈ ਵਿੱਚ ਪ੍ਰਵੇਸ਼ ਕਰਨ ਦਾ ਅਰਥ ਹੈ ਪਰਮੇਸ਼ੁਰ ਦੇ ਲੋਕਾਂ ਵਾਲਾ ਜੀਵਨ ਅਰੰਭ ਕਰਨਾ—ਕੀ ਤੂੰ ਇਸ ਤਰ੍ਹਾਂ ਦੀ ਸਿਖਲਾਈ ਸਵੀਕਾਰ ਕਰਨ ਲਈ ਤਿਆਰ ਹੈਂ? ਕੀ ਤੂੰ ਸ਼ਿੱਦਤ ਦੇ ਭਾਵ ਨੂੰ ਮਹਿਸੂਸ ਕਰਨ ਲਈ ਤਿਆਰ ਹੈਂ? ਕੀ ਤੂੰ ਪਰਮੇਸ਼ੁਰ ਦੇ ਅਨੁਸ਼ਾਸਨ ਦੇ ਅਧੀਨ ਜੀਉਣ ਲਈ ਤਿਆਰ ਹੈਂ? ਕੀ ਤੂੰ ਪਰਮੇਸ਼ੁਰ ਦੀ ਤਾੜਨਾ ਦੇ ਅਧੀਨ ਜੀਉਣ ਲਈ ਤਿਆਰ ਹੈਂ? ਜਦੋਂ ਪਰਮੇਸ਼ੁਰ ਦੇ ਵਚਨ ਤੇਰੇ ਉੱਤੇ ਆ ਕੇ ਤੈਨੂੰ ਪਰਖਦੇ ਹਨ, ਤਾਂ ਤੇਰਾ ਵਿਹਾਰ ਕੀ ਹੋਵੇਗਾ? ਅਤੇ ਜਦੋਂ ਤੇਰਾ ਸਾਹਮਣਾ ਹਰ ਪ੍ਰਕਾਰ ਦੇ ਤੱਥਾਂ ਨਾਲ ਹੁੰਦਾ ਹੈ ਤਾਂ ਤੂੰ ਕੀ ਕਰੇਂਗਾ? ਬੀਤੇ ਸਮੇਂ ਵਿੱਚ, ਤੇਰਾ ਧਿਆਨ ਜੀਵਨ ਉੱਤੇ ਕੇਂਦ੍ਰਿਤ ਨਹੀਂ ਸੀ; ਅੱਜ, ਤੈਨੂੰ ਜੀਵਨ ਦੀ ਅਸਲੀਅਤ ਵਿੱਚ ਪ੍ਰਵੇਸ਼ ਕਰਨਾ ਅਤੇ ਆਪਣੇ ਜੀਵਨ ਦੀ ਅਵਸਥਾ ਵਿੱਚ ਤਬਦੀਲੀਆਂ ਦੀ ਤਲਾਸ਼ ਕਰਨਾ ਲਾਜ਼ਮੀ ਹੈ। ਇਹੋ ਉਹ ਹੈ ਜਿਸ ਨੂੰ ਰਾਜ ਦੇ ਲੋਕਾਂ ਦੁਆਰਾ ਹਾਸਲ ਕਰਨਾ ਲਾਜ਼ਮੀ ਹੈ। ਉਹ ਸਭ ਜਿਹੜੇ ਪਰਮੇਸ਼ੁਰ ਦੇ ਲੋਕ ਹਨ, ਉਨ੍ਹਾਂ ਦੇ ਕੋਲ ਜੀਵਨ ਹੋਣਾ ਲਾਜ਼ਮੀ ਹੈ, ਉਨ੍ਹਾਂ ਨੂੰ ਰਾਜ ਦੀ ਸਿਖਲਾਈ ਨੂੰ ਗ੍ਰਹਿਣ ਕਰਨਾ, ਅਤੇ ਆਪਣੇ ਜੀਵਨ ਦੀ ਅਵਸਥਾ ਵਿੱਚ ਤਬਦੀਲੀਆਂ ਦੀ ਤਲਾਸ਼ ਕਰਨਾ ਲਾਜ਼ਮੀ ਹੈ। ਪਰਮੇਸ਼ੁਰ ਰਾਜ ਦੇ ਲੋਕਾਂ ਤੋਂ ਇਹੋ ਚਾਹੁੰਦਾ ਹੈ।

ਰਾਜ ਦੇ ਲੋਕਾਂ ਲਈ ਪਰਮੇਸ਼ੁਰ ਦੀਆਂ ਮੰਗਾਂ ਹੇਠ ਲਿਖੇ ਅਨੁਸਾਰ ਹਨ:

1. ਉਨ੍ਹਾਂ ਨੂੰ ਪਰਮੇਸ਼ੁਰ ਦੀਆਂ ਆਗਿਆਵਾਂ ਨੂੰ ਗ੍ਰਹਿਣ ਕਰਨਾ ਜ਼ਰੂਰੀ ਹੈ। ਇਸ ਦਾ ਅਰਥ ਹੈ, ਉਨ੍ਹਾਂ ਲਈ ਪਰਮੇਸ਼ੁਰ ਦੇ ਅੰਤ ਦੇ ਦਿਨਾਂ ਦੇ ਕੰਮ ਵਿੱਚ ਬੋਲੇ ਗਏ ਸਭ ਵਚਨਾਂ ਨੂੰ ਗ੍ਰਹਿਣ ਕਰਨਾ ਜ਼ਰੂਰੀ ਹੈ।

2. ਉਨ੍ਹਾਂ ਲਈ ਰਾਜ ਦੀ ਸਿਖਲਾਈ ਵਿੱਚ ਪ੍ਰਵੇਸ਼ ਕਰਨਾ ਜ਼ਰੂਰੀ ਹੈ।

3. ਉਨ੍ਹਾਂ ਨੂੰ ਪਰਮੇਸ਼ੁਰ ਦੁਆਰਾ ਉਨ੍ਹਾਂ ਦੇ ਹਿਰਦਿਆਂ ਨੂੰ ਛੂਹਣ ਦੀ ਤਲਾਸ਼ ਕਰਨਾ ਜ਼ਰੂਰੀ ਹੈ। ਜਦੋਂ ਤੇਰਾ ਹਿਰਦਾ ਪੂਰੀ ਤਰ੍ਹਾਂ ਪਰਮੇਸ਼ੁਰ ਵੱਲ ਮੁੜ ਚੁੱਕਿਆ ਹੋਵੇਗਾ, ਅਤੇ ਤੇਰਾ ਇੱਕ ਆਮ ਆਤਮਿਕ ਜੀਵਨ ਹੋਵੇਗਾ, ਤਾਂ ਤੂੰ ਸੁਤੰਤਰਤਾ ਦੇ ਖੇਤਰ ਵਿੱਚ ਜੀਵੇਂਗਾ, ਜਿਸ ਦਾ ਅਰਥ ਹੈ ਕਿ ਤੂੰ ਪਰਮੇਸ਼ੁਰ ਦੇ ਪਿਆਰ ਦੀ ਦੇਖਭਾਲ ਅਤੇ ਸੁਰੱਖਿਆ ਹੇਠ ਜੀਵੇਂਗਾ। ਤੂੰ ਕੇਵਲ ਉਦੋਂ ਹੀ ਪਰਮੇਸ਼ੁਰ ਦਾ ਹੋਵੇਂਗਾ ਜਦੋਂ ਤੂੰ ਪਰਮੇਸ਼ੁਰ ਦੀ ਸੁਰੱਖਿਆ ਅਤੇ ਦੇਖਭਾਲ ਦੇ ਅਧੀਨ ਜੀਉਂਦਾ ਹੈਂ।

4. ਉਨ੍ਹਾਂ ਦਾ ਪਰਮੇਸ਼ੁਰ ਦੁਆਰਾ ਪ੍ਰਾਪਤ ਕੀਤੇ ਜਾਣਾ ਜ਼ਰੂਰੀ ਹੈ।

5. ਉਨ੍ਹਾਂ ਲਈ ਧਰਤੀ ਉੱਤੇ ਪਰਮੇਸ਼ੁਰ ਦੀ ਮਹਿਮਾ ਦਾ ਪ੍ਰਗਟਾਵਾ ਬਣਨਾ ਜ਼ਰੂਰੀ ਹੈ।

ਇਹ ਪੰਜ ਮੁੱਖ ਗੱਲਾਂ ਤੁਹਾਡੇ ਲਈ ਮੇਰੀਆਂ ਆਗਿਆਵਾਂ ਹਨ। ਮੇਰੇ ਵਚਨ ਪਰਮੇਸ਼ੁਰ ਦੇ ਲੋਕਾਂ ਨੂੰ ਬੋਲੇ ਜਾਂਦੇ ਹਨ, ਅਤੇ ਜੇ ਤੂੰ ਇਨ੍ਹਾਂ ਆਗਿਆਵਾਂ ਨੂੰ ਗ੍ਰਹਿਣ ਕਰਨ ਲਈ ਤਿਆਰ ਨਹੀਂ ਹੈਂ, ਤਾਂ ਮੈਂ ਤੈਨੂੰ ਮਜ਼ਬੂਰ ਨਹੀਂ ਕਰਾਂਗਾ—ਪਰ ਜੇ ਤੂੰ ਸੱਚਮੁੱਚ ਇਨ੍ਹਾਂ ਨੂੰ ਗ੍ਰਹਿਣ ਕਰਦਾ ਹੈਂ, ਤਾਂ ਤੂੰ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਦੇ ਯੋਗ ਹੋਵੇਂਗਾ। ਅੱਜ, ਤੁਸੀਂ ਪਰਮੇਸ਼ੁਰ ਦੀਆਂ ਆਗਿਆਵਾਂ ਨੂੰ ਗ੍ਰਹਿਣ ਕਰਨਾ ਸ਼ੁਰੂ ਕਰਦੇ ਹੋ, ਅਤੇ ਰਾਜ ਦੇ ਲੋਕ ਬਣਨ ਅਤੇ ਰਾਜ ਦੇ ਲੋਕ ਬਣਨ ਲਈ ਲੋੜੀਂਦੇ ਮਾਪਦੰਡ ਪ੍ਰਾਪਤ ਕਰਨ ਦੀ ਤਲਾਸ਼ ਕਰਦੇ ਹੋ। ਇਹ ਪ੍ਰਵੇਸ਼ ਦਾ ਪਹਿਲਾ ਕਦਮ ਹੈ। ਜੇ ਤੂੰ ਪੂਰੀ ਤਰ੍ਹਾਂ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨਾ ਚਾਹੁੰਦਾ ਹੈਂ, ਤਾਂ ਤੈਨੂੰ ਇਨ੍ਹਾਂ ਪੰਜ ਆਗਿਆਵਾਂ ਨੂੰ ਗ੍ਰਹਿਣ ਕਰਨਾ ਜ਼ਰੂਰੀ ਹੈ, ਅਤੇ ਜੇ ਤੂੰ ਇਨ੍ਹਾਂ ਨੂੰ ਪੂਰਾ ਕਰ ਪਾਉਂਦਾ ਹੈਂ, ਤਾਂ ਤੂੰ ਪਰਮੇਸ਼ੁਰ ਦਾ ਮਨਪਸੰਦ ਹੋਵੇਂਗਾ ਅਤੇ ਪਰਮੇਸ਼ੁਰ ਜ਼ਰੂਰ ਹੀ ਤੈਨੂੰ ਬਹੁਤ ਉਪਯੋਗੀ ਬਣਾਵੇਗਾ। ਅੱਜ ਜੋ ਗੱਲ ਅੱਤ ਜ਼ਰੂਰੀ ਹੈ ਉਹ ਹੈ ਰਾਜ ਦੀ ਸਿਖਲਾਈ ਵਿੱਚ ਪ੍ਰਵੇਸ਼ ਕਰਨਾ। ਰਾਜ ਦੀ ਸਿਖਲਾਈ ਦੇ ਪ੍ਰਵੇਸ਼ ਵਿੱਚ ਆਤਮਿਕ ਜੀਵਨ ਸ਼ਾਮਲ ਹੈ। ਪਹਿਲਾਂ, ਆਤਮਿਕ ਜੀਵਨ ਬਾਰੇ ਕੋਈ ਗੱਲ ਨਹੀਂ ਹੁੰਦੀ ਸੀ, ਪਰ ਅੱਜ, ਜਦੋਂ ਤੂੰ ਰਾਜ ਦੀ ਸਿਖਲਾਈ ਵਿੱਚ ਪ੍ਰਵੇਸ਼ ਕਰਨਾ ਸ਼ੁਰੂ ਕਰਦਾ ਹੈਂ, ਤਾਂ ਤੂੰ ਅਧਿਕਾਰਕ ਤੌਰ ਤੇ ਆਤਮਿਕ ਜੀਵਨ ਵਿੱਚ ਪ੍ਰਵੇਸ਼ ਕਰ ਜਾਂਦਾ ਹੈਂ।

ਆਤਮਿਕ ਜੀਵਨ ਕਿਸ ਤਰ੍ਹਾਂ ਦਾ ਜੀਵਨ ਹੁੰਦਾ ਹੈ? ਆਤਮਿਕ ਜੀਵਨ ਉਹ ਹੁੰਦਾ ਹੈ ਜਿਸ ਵਿੱਚ ਤੇਰਾ ਹਿਰਦਾ ਪੂਰੀ ਤਰ੍ਹਾਂ ਪਰਮੇਸ਼ੁਰ ਵੱਲ ਮੁੜਿਆ ਹੁੰਦਾ ਹੈ, ਅਤੇ ਪਰਮੇਸ਼ੁਰ ਦੇ ਪਿਆਰ ਦੇ ਪ੍ਰਤੀ ਸਚੇਤ ਰਹਿ ਪਾਉਂਦਾ ਹੈ। ਇਹ ਉਹ ਹੁੰਦਾ ਹੈ ਜਿਸ ਵਿੱਚ ਤੂੰ ਪਰਮੇਸ਼ੁਰ ਦੇ ਵਚਨਾਂ ਵਿੱਚ ਜੀਉਂਦਾ ਹੈਂ, ਅਤੇ ਤੇਰੇ ਹਿਰਦੇ ਉੱਤੇ ਹੋਰ ਕਿਸੇ ਚੀਜ਼ ਦਾ ਕਬਜ਼ਾ ਨਹੀਂ ਹੁੰਦਾ, ਅਤੇ ਤੂੰ ਅੱਜ ਪਰਮੇਸ਼ੁਰ ਦੀ ਇੱਛਾ ਨੂੰ ਸਮਝਣ ਦੇ ਯੋਗ ਹੁੰਦਾ ਹੈਂ, ਅਤੇ ਆਪਣੇ ਫ਼ਰਜ਼ ਨੂੰ ਪੂਰਾ ਕਰਨ ਲਈ ਅੱਜ ਪਵਿੱਤਰ ਆਤਮ ਦੇ ਚਾਨਣ ਦੇ ਦੁਆਰਾ ਚਲਾਇਆ ਜਾਂਦਾ ਹੈਂ। ਪਰਮੇਸ਼ੁਰ ਅਤੇ ਮਨੁੱਖ ਦੇ ਦਰਮਿਆਨ ਅਜਿਹਾ ਜੀਵਨ ਹੀ ਆਤਮਿਕ ਜੀਵਨ ਹੈ। ਜੇ ਤੂੰ ਅੱਜ ਦੇ ਜੀਵਨ ਦੇ ਪਿੱਛੇ ਨਹੀਂ ਚੱਲ ਪਾਉਂਦਾ, ਤਾਂ ਪਰਮੇਸ਼ੁਰ ਦੇ ਨਾਲ ਤੇਰੇ ਰਿਸ਼ਤੇ ਵਿੱਚ ਇੱਕ ਦੂਰੀ ਆ ਗਈ ਹੈ—ਹੋ ਸਕਦਾ ਹੈ ਕਿ ਇਹ ਰਿਸ਼ਤਾ ਟੁੱਟ ਗਿਆ ਹੋਵੇ—ਅਤੇ ਤੂੰ ਸਧਾਰਣ ਆਤਮਿਕ ਜੀਵਨ ਤੋਂ ਸੱਖਣਾ ਹੋ ਗਿਆ ਹੈਂ। ਪਰਮੇਸ਼ੁਰ ਦੇ ਨਾਲ ਇੱਕ ਸਧਾਰਣ ਰਿਸ਼ਤਾ ਅੱਜ ਪਰਮੇਸ਼ੁਰ ਦੇ ਵਚਨਾਂ ਨੂੰ ਗ੍ਰਹਿਣ ਕਰਨ ਦੀ ਬੁਨਿਆਦ ’ਤੇ ਉੱਸਰਦਾ ਹੈ। ਕੀ ਤੇਰੇ ਕੋਲ ਸਧਾਰਣ ਆਤਮਿਕ ਜੀਵਨ ਹੈ? ਕੀ ਪਰਮੇਸ਼ੁਰ ਦੇ ਨਾਲ ਤੇਰਾ ਸਧਾਰਣ ਰਿਸ਼ਤਾ ਹੈ? ਕੀ ਤੂੰ ਪਵਿੱਤਰ ਆਤਮਾ ਦੇ ਕੰਮ ਦੀ ਪੈਰਵੀ ਕਰਨ ਵਾਲਾ ਵਿਅਕਤੀ ਹੈਂ? ਜੇ ਤੂੰ ਅੱਜ ਪਵਿੱਤਰ ਆਤਮਾ ਦੇ ਚਾਨਣ ਦੇ ਪਿੱਛੇ ਚੱਲਣ ਦੇ ਯੋਗ ਹੈਂ, ਅਤੇ ਪਰਮੇਸ਼ੁਰ ਦੇ ਵਚਨਾਂ ਦੇ ਅੰਦਰ ਉਸ ਦੀ ਇੱਛਾ ਨੂੰ ਸਮਝ ਸਕਦਾ ਹੈਂ, ਅਤੇ ਇਨ੍ਹਾਂ ਵਚਨਾਂ ਵਿੱਚ ਪ੍ਰਵੇਸ਼ ਕਰ ਸਕਦਾ ਹੈਂ, ਤਾਂ ਤੂੰ ਪਵਿੱਤਰ ਆਤਮਾ ਦੀ ਧਾਰਾ ਦੇ ਪਿੱਛੇ ਚੱਲਣ ਵਾਲਾ ਵਿਅਕਤੀ ਹੈਂ। ਜੇ ਤੂੰ ਪਵਿੱਤਰ ਆਤਮਾ ਦੀ ਧਾਰਾ ਦੇ ਪਿੱਛੇ ਨਹੀਂ ਚੱਲਦਾ, ਤਾਂ ਤੂੰ ਨਿਰਸੰਦੇਹ ਅਜਿਹਾ ਵਿਅਕਤੀ ਹੈਂ ਜਿਹੜਾ ਸੱਚਾਈ ਦੇ ਪਿੱਛੇ ਨਹੀਂ ਚੱਲਦਾ। ਪਵਿੱਤਰ ਆਤਮਾ ਦੀ ਅਜਿਹੇ ਲੋਕਾਂ ਅੰਦਰ ਕੰਮ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ ਜਿਨ੍ਹਾਂ ਦੀ ਆਪਣੇ ਆਪ ਨੂੰ ਸੁਧਾਰਨ ਦੀ ਕੋਈ ਇੱਛਾ ਨਹੀਂ ਹੈ, ਅਤੇ ਨਤੀਜੇ ਵਜੋਂ, ਅਜਿਹੇ ਲੋਕ ਕਦੇ ਆਪਣੇ ਬਲ ਨੂੰ ਤਲਬ ਨਹੀਂ ਕਰ ਪਾਉਂਦੇ, ਅਤੇ ਹਮੇਸ਼ਾ ਸੁਸਤ ਰਹਿੰਦੇ ਹਨ। ਅੱਜ, ਕੀ ਤੂੰ ਪਵਿੱਤਰ ਆਤਮਾ ਦੀ ਧਾਰਾ ਦੇ ਪਿੱਛੇ ਚੱਲਦਾ ਹੈਂ? ਕੀ ਤੂੰ ਪਵਿੱਤਰ ਆਤਮਾ ਦੀ ਧਾਰਾ ਵਿੱਚ ਹੈਂ? ਕੀ ਤੂੰ ਸੁਸਤੀ ਦੀ ਦਸ਼ਾ ਵਿੱਚੋਂ ਬਾਹਰ ਨਿੱਕਲ ਆਇਆ ਹੈਂ? ਉਹ ਸਭ ਜਿਹੜੇ ਪਰਮੇਸ਼ੁਰ ਦੇ ਵਚਨਾਂ ਵਿੱਚ ਵਿਸ਼ਵਾਸ ਕਰਦੇ ਹਨ, ਜਿਹੜੇ ਪਰਮੇਸ਼ੁਰ ਦੇ ਕੰਮ ਨੂੰ ਬੁਨਿਆਦ ਮੰਨਦੇ ਹਨ, ਅਤੇ ਅੱਜ ਪਵਿੱਤਰ ਆਤਮਾ ਦੇ ਚਾਨਣ ਦੇ ਪਿੱਛੇ ਚੱਲਦੇ ਹਨ—ਉਹ ਸਭ ਪਵਿੱਤਰ ਆਤਮਾ ਦੀ ਧਾਰਾ ਵਿੱਚ ਹਨ। ਜੇ ਤੂੰ ਇਹ ਵਿਸ਼ਵਾਸ ਕਰਦਾ ਹੈਂ ਕਿ ਪਰਮੇਸ਼ੁਰ ਦੇ ਵਚਨ ਨਿਰਸੰਦੇਹ ਸੱਚੇ ਅਤੇ ਦਰੁਸਤ ਹਨ, ਅਤੇ ਜੇ ਤੂੰ ਪਰਮੇਸ਼ੁਰ ਦੇ ਵਚਨਾਂ ਉੱਤੇ ਭਾਵੇਂ ਉਹ ਜੋ ਵੀ ਕਹਿੰਦਾ ਹੈ, ਵਿਸ਼ਵਾਸ ਕਰਦਾ ਹੈਂ, ਤਾਂ ਤੂੰ ਪਰਮੇਸ਼ੁਰ ਦੇ ਕੰਮ ਵਿੱਚ ਪ੍ਰਵੇਸ਼ ਕਰਨ ਦੀ ਤਲਾਸ਼ ਕਰਨ ਵਾਲਾ ਵਿਅਕਤੀ ਹੈਂ, ਅਤੇ ਇਸ ਤਰ੍ਹਾਂ ਤੂੰ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਦਾ ਹੈਂ।

ਪਵਿੱਤਰ ਆਤਮਾ ਦੀ ਧਾਰਾ ਵਿੱਚ ਸ਼ਾਮਲ ਹੋਣ ਲਈ, ਤੁਹਾਡਾ ਪਰਮੇਸ਼ੁਰ ਨਾਲ ਇਕ ਸਧਾਰਣ ਸੰਬੰਧ ਹੋਣਾ ਜ਼ਰੂਰੀ ਹੈ, ਅਤੇ ਪਹਿਲਾਂ ਤੁਹਾਨੂੰ ਆਪਣੀ ਸੁਸਤ ਦਸ਼ਾ ਤੋਂ ਖਹਿੜਾ ਛੁਡਾਉਣਾ ਲਾਜ਼ਮੀ ਹੈ। ਕਈ ਲੋਕ ਹਮੇਸ਼ਾ ਭੀੜ ਦੇ ਪਿੱਛੇ ਚੱਲਦੇ ਹਨ, ਅਤੇ ਉਨ੍ਹਾਂ ਦੇ ਦਿਲ ਪਰਮੇਸ਼ੁਰ ਤੋਂ ਬਹੁਤ ਦੂਰ ਰਹਿੰਦੇ ਹਨ; ਅਜਿਹੇ ਲੋਕਾਂ ਦੀ ਆਪਣੇ ਆਪ ਦਾ ਸੁਧਾਰ ਕਰਨ ਦੀ ਕੋਈ ਇੱਛਾ ਨਹੀਂ ਹੁੰਦੀ, ਅਤੇ ਜਿਹੜੇ ਮਾਪਦੰਡਾਂ ਦਾ ਪਿੱਛਾ ਉਹ ਕਰਦੇ ਹਨ ਉਹ ਬਹੁਤ ਨੀਵੇਂ ਹੁੰਦੇ ਹਨ। ਕੇਵਲ ਪਰਮੇਸ਼ੁਰ ਨੂੰ ਪਿਆਰ ਕਰਨ ਦੀ ਤਲਾਸ਼ ਅਤੇ ਪਰਮੇਸ਼ੁਰ ਦੇ ਦੁਆਰਾ ਪ੍ਰਾਪਤ ਕੀਤੇ ਜਾਣਾ ਹੀ ਪਰਮੇਸ਼ੁਰ ਦੀ ਇੱਛਾ ਹੈ। ਬਹੁਤ ਸਾਰੇ ਅਜਿਹੇ ਲੋਕ ਹਨ ਜਿਹੜੇ ਪਰਮੇਸ਼ੁਰ ਦੇ ਪਿਆਰ ਦਾ ਬਦਲਾ ਚੁਕਾਉਣ ਲਈ ਕੇਵਲ ਆਪਣੇ ਵਿਵੇਕ ਦਾ ਇਸਤੇਮਾਲ ਕਰਦੇ ਹਨ; ਪਰ ਇਹ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਨਹੀਂ ਕਰ ਸਕਦਾ; ਜਿੰਨੇ ਉੱਚੇ ਮਾਪਦੰਡਾਂ ਦੀ ਤਲਾਸ਼ ਤੁਸੀਂ ਕਰਦੇ ਹੋ, ਓਨਾ ਜ਼ਿਆਦਾ ਇਹ ਪਰਮੇਸ਼ੁਰ ਦੀ ਇੱਛਾ ਨਾਲ ਸੁਹਿਰਦ ਹੋਵੇਗਾ। ਇੱਕ ਅਜਿਹੇ ਵਿਅਕਤੀ ਦੇ ਤੌਰ ਤੇ ਜਿਹੜਾ ਸਧਾਰਣ ਹੈ, ਅਤੇ ਜਿਹੜਾ ਪਰਮੇਸ਼ੁਰ ਦੇ ਪਿਆਰ ਦੀ ਤਲਾਸ਼ ਕਰਦਾ ਹੈ, ਪਰਮੇਸ਼ੁਰ ਦੇ ਲੋਕਾਂ ਵਿੱਚੋਂ ਇੱਕ ਬਣਨ ਲਈ ਰਾਜ ਵਿੱਚ ਪ੍ਰਵੇਸ਼, ਅਤੇ ਇੱਕ ਸਭ ਤੋਂ ਉੱਚ ਕੀਮਤ ਅਤੇ ਮਹੱਤਵ ਵਾਲਾ ਜੀਵਨ ਤੁਹਾਡਾ ਸੱਚਾ ਭਵਿੱਖ ਹੈ; ਤੁਹਾਡੇ ਤੋਂ ਵਧੀਕ ਧੰਨ ਕੋਈ ਨਹੀਂ ਹੈ। ਮੈਂ ਅਜਿਹਾ ਕਿਉਂ ਕਹਿੰਦਾ ਹਾਂ? ਕਿਉਂਕਿ ਉਹ ਜਿਹੜੇ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਕਰਦੇ ਉਹ ਸਰੀਰ ਲਈ ਜੀਉਂਦੇ ਹਨ, ਅਤੇ ਉਹ ਸ਼ਤਾਨ ਲਈ ਜੀਉਂਦੇ ਹਨ, ਪਰ ਤੁਸੀਂ ਅੱਜ ਪਰਮੇਸ਼ੁਰ ਲਈ ਜੀਉਂਦੇ ਹੋ, ਅਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਜੀਉਂਦੇ ਹੋ। ਇਸੇ ਕਰਕੇ ਮੈਂ ਕਹਿੰਦਾ ਹਾਂ ਕਿ ਤੁਹਾਡੇ ਜੀਵਨ ਸਭ ਤੋਂ ਉੱਚ ਮਹੱਤਵ ਵਾਲੇ ਹਨ। ਕੇਵਲ ਲੋਕਾਂ ਦਾ ਇਹੋ ਸਮੂਹ ਜਿਹੜਾ ਪਰਮੇਸ਼ੁਰ ਦੇ ਦੁਆਰਾ ਚੁਣਿਆ ਗਿਆ ਹੈ, ਉੱਚ ਮਹੱਤਵ ਵਾਲਾ ਜੀਵਨ ਜੀਉਣ ਦੇ ਸਮਰੱਥ ਹੈ: ਧਰਤੀ ਉੱਤੇ ਹੋਰ ਕੋਈ ਵੀ ਇਸ ਤਰ੍ਹਾਂ ਦਾ ਕੀਮਤੀ ਅਤੇ ਅਰਥ ਵਾਲਾ ਜੀਵਨ ਜੀਉਣ ਦੇ ਯੋਗ ਨਹੀਂ ਹੈ। ਕਿਉਂਕਿ ਤੁਸੀਂ ਪਰਮੇਸ਼ੁਰ ਦੇ ਦੁਆਰਾ ਚੁਣੇ ਗਏ ਹੋ, ਅਤੇ ਪਰਮੇਸ਼ੁਰ ਦੇ ਦੁਆਰਾ ਉਠਾ ਖੜ੍ਹੇ ਕੀਤੇ ਗਏ ਹੋ, ਅਤੇ ਇਸ ਤੋਂ ਇਲਾਵਾ, ਤੁਹਾਡੇ ਪ੍ਰਤੀ ਪਰਮੇਸ਼ੁਰ ਦੇ ਪਿਆਰ ਦੇ ਕਾਰਣ, ਤੁਸੀਂ ਸੱਚੇ ਜੀਵਨ ਨੂੰ ਪਾ ਲਿਆ ਹੈ ਅਤੇ ਅਜਿਹਾ ਜੀਵਨ ਜੀਉਣਾ ਜਾਣਦੇ ਹੋ ਜੋ ਸਭ ਤੋਂ ਉੱਚ ਕੀਮਤ ਵਾਲਾ ਹੈ। ਇਹ ਇਸ ਕਰਕੇ ਨਹੀਂ ਹੈ ਕਿ ਤੁਹਾਡੀ ਤਲਾਸ਼ ਚੰਗੀ ਹੈ, ਪਰ ਇਹ ਪਰਮੇਸ਼ੁਰ ਦੀ ਕਿਰਪਾ ਦੇ ਕਾਰਣ ਹੈ; ਉਹ ਪਰਮੇਸ਼ੁਰ ਹੀ ਸੀ ਜਿਸ ਨੇ ਤੁਹਾਡੀ ਆਤਮਾ ਦੀਆਂ ਅੱਖਾਂ ਨੂੰ ਖੋਲ੍ਹਿਆ, ਅਤੇ ਉਹ ਪਰਮੇਸ਼ੁਰ ਦਾ ਆਤਮਾ ਹੀ ਸੀ ਜਿਸ ਨੇ ਤੁਹਾਡੇ ਦਿਲ ਨੂੰ ਛੂਹ ਕੇ ਤੁਹਾਨੂੰ ਉਸ ਦੇ ਸਨਮੁੱਖ ਆਉਣ ਦੀ ਚੰਗੀ ਤਕਦੀਰ ਦਿੱਤੀ। ਜੇ ਪਰਮੇਸ਼ੁਰ ਦੇ ਆਤਮਾ ਨੇ ਤੁਹਾਨੂੰ ਚਾਨਣਾ ਨਾ ਕੀਤਾ ਹੁੰਦਾ, ਤਾਂ ਤੁਸੀਂ ਉਸ ਨੂੰ ਵੇਖਣ ਵਿੱਚ ਅਸਮਰੱਥ ਹੁੰਦੇ ਜੋ ਪਰਮੇਸ਼ੁਰ ਦੇ ਬਾਰੇ ਮਨੋਹਰ ਹੈ, ਨਾ ਹੀ ਤੁਹਾਡੇ ਲਈ ਪਰਮੇਸ਼ੁਰ ਨੂੰ ਪਿਆਰ ਕਰਨਾ ਸੰਭਵ ਹੁੰਦਾ। ਇਹ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਆਤਮਾ ਦੇ ਦੁਆਰਾ ਲੋਕਾਂ ਦੇ ਦਿਲਾਂ ਨੂੰ ਛੂਹਣ ਦੇ ਕਾਰਣ ਹੀ ਹੈ ਕਿ ਉਨ੍ਹਾਂ ਦੇ ਦਿਲ ਪਰਮੇਸ਼ੁਰ ਵੱਲ ਮੁੜੇ ਹਨ। ਕਈ ਵਾਰ, ਜਦੋਂ ਤੁਸੀਂ ਪਰਮੇਸ਼ੁਰ ਦੇ ਵਚਨਾਂ ਦਾ ਅਨੰਦ ਲੈ ਰਹੇ ਹੁੰਦੇ ਹੋ, ਤੁਹਾਡੀ ਆਤਮਾ ਛੂਹੀ ਜਾਂਦੀ ਹੈ, ਅਤੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਪਰਮੇਸ਼ੁਰ ਨੂੰ ਪਿਆਰ ਕੀਤੇ ਬਿਨਾਂ ਨਹੀਂ ਰਹਿ ਸਕਦੇ, ਕਿ ਤੁਹਾਡੇ ਅੰਦਰ ਇੱਕ ਵੱਡੀ ਸਮਰੱਥਾ ਹੈ, ਅਤੇ ਅਜਿਹਾ ਕੁਝ ਵੀ ਨਹੀਂ ਹੈ ਜਿਸ ਨੂੰ ਤੁਸੀਂ ਪਰੇ ਨਹੀਂ ਕਰ ਸਕਦੇ। ਜੇ ਤੂੰ ਇਸ ਤਰ੍ਹਾਂ ਮਹਿਸੂਸ ਕਰਦਾ ਹੈਂ, ਤਾਂ ਤੂੰ ਪਰਮੇਸ਼ੁਰ ਦੇ ਆਤਮਾ ਦੁਆਰਾ ਛੂਹਿਆ ਗਿਆ ਹੈਂ, ਅਤੇ ਤੇਰਾ ਦਿਲ ਪੂਰੀ ਤਰ੍ਹਾਂ ਪਰਮੇਸ਼ੁਰ ਵੱਲ ਮੁੜ ਗਿਆ ਹੈ, ਅਤੇ ਤੂੰ ਪਰਮੇਸ਼ੁਰ ਦੇ ਸਾਹਮਣੇ ਪ੍ਰਾਰਥਨਾ ਕਰ ਕੇ ਕਹੇਂਗਾ: “ਹੇ ਪਰਮੇਸ਼ੁਰ! ਅਸੀਂ ਸੱਚਮੁੱਚ ਤੇਰੇ ਦੁਆਰਾ ਪਹਿਲਾਂ ਤੋਂ ਠਹਿਰਾਏ ਅਤੇ ਚੁਣੇ ਗਏ ਹਾਂ। ਤੇਰੀ ਮਹਿਮਾ ਮੈਨੂੰ ਮਾਣ ਬਖਸ਼ਦੀ ਹੈ, ਅਤੇ ਤੇਰੇ ਲੋਕਾਂ ਵਿੱਚੋਂ ਇੱਕ ਹੋਣਾ ਮੈਨੂੰ ਸ਼ਾਨਦਾਰ ਮਹਿਸੂਸ ਕਰਾਉਂਦਾ ਹੈ। ਮੈਂ ਤੇਰੀ ਇੱਛਾ ਪੂਰੀ ਕਰਨ ਲਈ ਕੁਝ ਵੀ ਖਰਚ ਕਰ ਦਿਆਂਗਾ ਅਤੇ ਕੁਝ ਵੀ ਦੇ ਦਿਆਂਗਾ, ਅਤੇ ਆਪਣੇ ਸਾਰੇ ਵਰ੍ਹੇ ਅਤੇ ਸਾਰੇ ਜੀਵਨ ਭਰ ਦੀਆਂ ਕੋਸ਼ਿਸ਼ਾਂ ਤੈਨੂੰ ਅਰਪਣ ਕਰ ਦਿਆਂਗਾ।” ਜਦੋਂ ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋਗੇ, ਤਾਂ ਤੁਹਾਡੇ ਦਿਲ ਵਿੱਚ ਪਰਮੇਸ਼ੁਰ ਦੇ ਪ੍ਰਤੀ ਬੇਅੰਤ ਪਿਆਰ ਅਤੇ ਸੱਚੀ ਆਗਿਆਕਾਰੀ ਹੋਵੇਗੀ। ਕੀ ਤੂੰ ਕਦੇ ਇਸ ਤਰ੍ਹਾਂ ਦਾ ਅਨੁਭਵ ਕੀਤਾ ਹੈ? ਜੇ ਲੋਕ ਅਕਸਰ ਪਰਮੇਸ਼ੁਰ ਦੇ ਆਤਮਾ ਦੁਆਰਾ ਛੂਹੇ ਜਾਂਦੇ ਹਨ, ਤਾਂ ਉਹ ਖਾਸ ਕਰਕੇ ਆਪਣੀਆਂ ਪ੍ਰਾਰਥਨਾਵਾਂ ਵਿੱਚ ਆਪਣੇ ਆਪ ਨੂੰ ਪਰਮੇਸ਼ੁਰ ਦੇ ਪ੍ਰਤੀ ਅਰਪਣ ਕਰਨ ਲਈ ਤਿਆਰ ਹੁੰਦੇ ਹਨ: “ਹੇ ਪਰਮੇਸ਼ੁਰ! ਮੈਂ ਤੇਰੇ ਮਹਿਮਾ ਦੇ ਦਿਨ ਨੂੰ ਵੇਖਣ ਦੀ ਇੱਛਾ ਰੱਖਦਾ ਹਾਂ, ਅਤੇ ਮੈਂ ਤੇਰੇ ਲਈ ਜੀਉਣ ਦੀ ਇੱਛਾ ਰੱਖਦਾ ਹਾਂ—ਤੇਰੇ ਲਈ ਜੀਉਣ ਤੋਂ ਵਧ ਕੇ ਹੋਰ ਕੁਝ ਵੀ ਵਧੇਰੇ ਯੋਗ ਅਤੇ ਅਰਥਪੂਰਣ ਨਹੀਂ ਹੈ, ਅਤੇ ਮੇਰੀ ਸ਼ਤਾਨ ਅਤੇ ਸਰੀਰ ਦੇ ਲਈ ਜੀਉਣ ਦੀ ਰੱਤੀ ਭਰ ਵੀ ਇੱਛਾ ਨਹੀਂ ਹੈ। ਤੂੰ ਹੀ ਮੈਨੂੰ ਅੱਜ ਤੇਰੇ ਲਈ ਜੀਉਣ ਦੀ ਸਮਰੱਥਾ ਦੇ ਕੇ ਉਠਾ ਖੜ੍ਹਾ ਕਰ।” ਜਦੋਂ ਤੂੰ ਇਸ ਤਰ੍ਹਾਂ ਪ੍ਰਾਰਥਨ ਕਰ ਚੁੱਕੇਂਗਾ, ਤਾਂ ਤੂੰ ਮਹਿਸੂਸ ਕਰੇਂਗਾ ਕਿ ਤੂੰ ਪਰਮੇਸ਼ੁਰ ਨੂੰ ਆਪਣਾ ਹਿਰਦਾ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦਾ, ਕਿ ਤੈਨੂੰ ਪਰਮੇਸ਼ੁਰ ਨੂੰ ਪ੍ਰਾਪਤ ਕਰਨਾ ਜ਼ਰੂਰੀ ਹੈ, ਅਤੇ ਇਹ ਕਿ ਤੈਨੂੰ ਇਸ ਗੱਲ ਤੋਂ ਨਫ਼ਰਤ ਹੋਵੇਗੀ ਕਿ ਤੂੰ ਜੀਉਂਦੇ ਜੀ ਪਰਮੇਸ਼ੁਰ ਨੂੰ ਪ੍ਰਾਪਤ ਕੀਤੇ ਬਿਨਾਂ ਮਰ ਜਾਵੇਂ। ਇਸ ਤਰ੍ਹਾਂ ਦੀ ਪ੍ਰਾਰਥਨਾ ਉਚਰਣ ਤੋਂ ਬਾਅਦ, ਤੇਰੇ ਅੰਦਰ ਇੱਕ ਨਾ ਬੁਝਾਈ ਜਾ ਸਕਣ ਵਾਲੀ ਸਮਰੱਥਾ ਹੋਵੇਗੀ, ਅਤੇ ਤੈਨੂੰ ਪਤਾ ਨਹੀਂ ਹੋਵੇਗਾ ਕਿ ਇਹ ਕਿੱਥੋਂ ਆਉਂਦੀ ਹੈ; ਤੇਰੇ ਦਿਲ ਵਿੱਚ ਇੱਕ ਅਸੀਮਿਤ ਸ਼ਕਤੀ ਹੋਵੇਗੀ, ਅਤੇ ਤੈਨੂੰ ਇੱਕ ਅਹਿਸਾਸ ਹੋਵੇਗਾ ਕਿ ਪਰਮੇਸ਼ੁਰ ਬਹੁਤ ਮਨੋਹਰ ਹੈ, ਅਤੇ ਇਹ ਕਿ ਉਹ ਪਿਆਰ ਕਰਨ ਦੇ ਯੋਗ ਹੈ। ਇਹ ਉਦੋਂ ਹੋਵੇਗਾ ਜਦੋਂ ਤੂੰ ਪਰਮੇਸ਼ੁਰ ਦੇ ਦੁਆਰਾ ਛੂਹਿਆ ਗਿਆ ਹੋਵੇਂਗਾ। ਉਹ ਸਭ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਅਨੁਭਵ ਕੀਤਾ, ਪਰਮੇਸ਼ੁਰ ਦੇ ਦੁਆਰਾ ਛੂਹੇ ਗਏ ਹਨ। ਉਹ ਜਿਹੜੇ ਪਰਮੇਸ਼ੁਰ ਦੇ ਦੁਆਰਾ ਅਕਸਰ ਛੂਹੇ ਜਾਂਦੇ ਹਨ, ਉਨ੍ਹਾਂ ਦੇ ਜੀਵਨਾਂ ਵਿੱਚ ਬਦਲਾਵ ਆਉਂਦੇ ਹਨ, ਉਹ ਆਪਣੇ ਸੰਕਲਪ ਬਣਾ ਪਾਉਂਦੇ ਹਨ ਅਤੇ ਪੂਰੀ ਤਰ੍ਹਾਂ ਪਰਮੇਸ਼ੁਰ ਨੂੰ ਪ੍ਰਾਪਤ ਕਰਨ ਦੇ ਇਛੁੱਕ ਹੁੰਦੇ ਹਨ, ਉਨ੍ਹਾਂ ਦੇ ਦਿਲਾਂ ਵਿੱਚ ਪਰਮੇਸ਼ੁਰ ਦੇ ਲਈ ਵਧੀਕ ਮਜ਼ਬੂਤ ਪਿਆਰ ਹੁੰਦਾ ਹੈ, ਉਨ੍ਹਾਂ ਦੇ ਦਿਲ ਪੂਰੀ ਤਰ੍ਹਾਂ ਪਰਮੇਸ਼ੁਰ ਵੱਲ ਮੁੜ ਚੁੱਕੇ ਹੁੰਦੇ ਹਨ, ਉਨ੍ਹਾਂ ਨੂੰ ਪਰਿਵਾਰ, ਸੰਸਾਰ, ਫੁਸਲਾਵਿਆਂ, ਜਾਂ ਆਪਣੇ ਭਵਿੱਖ ਦੀ ਕੋਈ ਪਰਵਾਹ ਨਹੀਂ ਹੁੰਦੀ, ਅਤੇ ਉਹ ਜੀਵਨ ਭਰ ਦੀਆਂ ਕੋਸ਼ਿਸ਼ਾਂ ਪਰਮੇਸ਼ੁਰ ਨੂੰ ਅਰਪਣ ਕਰਨ ਲਈ ਤਿਆਰ ਹੁੰਦੇ ਹਨ। ਉਹ ਸਭ ਜਿਹੜੇ ਪਰਮੇਸ਼ੁਰ ਦੇ ਆਤਮਾ ਦੇ ਦੁਆਰਾ ਛੂਹੇ ਗਏ ਹਨ ਉਹ ਲੋਕ ਹਨ ਜਿਹੜੇ ਸੱਚਾਈ ਦਾ ਪਿੱਛਾ ਕਰਦੇ ਹਨ, ਅਤੇ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਦੁਆਰਾ ਸੰਪੂਰਣ ਕੀਤੇ ਜਾਣ ਦੀ ਆਸ ਹੈ।

ਕੀ ਤੂੰ ਆਪਣਾ ਹਿਰਦਾ ਪਰਮੇਸ਼ੁਰ ਵੱਲ ਮੋੜਿਆ ਹੈ? ਕੀ ਤੇਰਾ ਹਿਰਦਾ ਪਰਮੇਸ਼ੁਰ ਦੇ ਆਤਮਾ ਦੇ ਦੁਆਰਾ ਛੂਹਿਆ ਗਿਆ ਹੈ? ਜੇ ਤੂੰ ਕਦੇ ਇਸ ਤਰ੍ਹਾਂ ਦਾ ਅਨੁਭਵ ਨਹੀਂ ਕੀਤਾ ਹੈ, ਅਤੇ ਜੇ ਤੂੰ ਕਦੇ ਇਸ ਤਰ੍ਹਾਂ ਪ੍ਰਾਰਥਨਾ ਨਹੀਂ ਕੀਤੀ ਹੈ, ਤਾਂ ਇਹ ਵਿਖਾਉਂਦਾ ਹੈ ਕਿ ਤੇਰੇ ਦਿਲ ਵਿੱਚ ਪਰਮੇਸ਼ੁਰ ਲਈ ਕੋਈ ਜਗ੍ਹਾ ਨਹੀਂ ਹੈ। ਉਹ ਸਭ ਜਿਹੜੇ ਪਰਮੇਸ਼ੁਰ ਦੇ ਆਤਮਾ ਦੇ ਦੁਆਰਾ ਚਲਾਏ ਜਾਂਦੇ ਹਨ ਅਤੇ ਪਰਮੇਸ਼ੁਰ ਦੇ ਆਤਮਾ ਦੇ ਦੁਆਰਾ ਛੂਹੇ ਗਏ ਹਨ ਉਹ ਪਰਮੇਸ਼ੁਰ ਦੇ ਕੰਮ ਦੇ ਵੱਸ ਵਿੱਚ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਵਚਨਾਂ ਅਤੇ ਪਰਮੇਸ਼ੁਰ ਦੇ ਪਿਆਰ ਨੇ ਉਨ੍ਹਾਂ ਦੇ ਅੰਦਰ ਜੜ੍ਹ ਫੜ ਲਈ ਹੈ। ਕੁਝ ਲੋਕ ਕਹਿੰਦੇ ਹਨ: “ਮੈਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਡੇ ਜਿੰਨਾ ਇਮਾਨਦਾਰ ਨਹੀਂ ਹਾਂ, ਨਾ ਹੀ ਮੈਂ ਪਰਮੇਸ਼ੁਰ ਦੇ ਦੁਆਰਾ ਇੰਨਾ ਛੂਹਿਆ ਗਿਆ ਹਾਂ; ਕਈ ਵਾਰ—ਜਦੋਂ ਮੈਂ ਮਨਨ ਅਤੇ ਪ੍ਰਾਰਥਨਾ ਕਰਦਾ ਹਾਂ—ਮੈਂ ਮਹਿਸੂਸ ਕਰਦਾ ਹਾਂ ਕਿ ਪਰਮੇਸ਼ੁਰ ਮਨੋਹਰ ਹੈ, ਅਤੇ ਮੇਰਾ ਦਿਲ ਪਰਮੇਸ਼ੁਰ ਦੁਆਰਾ ਛੂਹਿਆ ਜਾਂਦਾ ਹੈ।” ਮਨੁੱਖ ਦੇ ਦਿਲ ਨਾਲੋਂ ਵਧ ਕੁਝ ਵੀ ਮਹੱਤਵਪੂਰਣ ਨਹੀਂ ਹੈ। ਜਦੋਂ ਤੇਰਾ ਦਿਲ ਪਰਮੇਸ਼ੁਰ ਵੱਲ ਮੁੜ ਚੁੱਕਿਆ ਹੁੰਦਾ ਹੈ, ਤਾਂ ਤੇਰੀ ਸਮੁੱਚੀ ਹੋਂਦ ਪਰਮੇਸ਼ੁਰ ਵੱਲ ਮੁੜ ਚੁੱਕੀ ਹੁੰਦੀ ਹੈ, ਅਤੇ ਉਸ ਸਮੇਂ ਤੇਰਾ ਦਿਲ ਪਰਮੇਸ਼ੁਰ ਦੇ ਆਤਮਾ ਦੇ ਦੁਆਰਾ ਛੂਹਿਆ ਜਾ ਚੁੱਕਾ ਹੁੰਦਾ ਹੈ। ਤੁਹਾਡੇ ਵਿੱਚੋਂ ਬਹੁਤਿਆਂ ਨੇ ਇਹ ਅਨੁਭਵ ਕੀਤਾ ਹੈ—ਗੱਲ ਇਹ ਹੈ ਕਿ ਤੁਹਾਡੇ ਅਨੁਭਵਾਂ ਦੀ ਗਹਿਰਾਈ ਇੱਕੋ ਜਿੰਨੀ ਨਹੀਂ ਹੈ। ਕੁਝ ਲੋਕ ਕਹਿੰਦੇ ਹਨ: “ਮੈਂ ਪ੍ਰਾਰਥਨਾ ਵਿੱਚ ਬਹੁਤ ਸਾਰੇ ਸ਼ਬਦ ਨਹੀਂ ਬੋਲਦਾ ਹਾਂ, ਮੈਂ ਬਸ ਦੂਜਿਆਂ ਦੀ ਸੰਗਤੀ ਨੂੰ ਸੁਣਦਾ ਹਾਂ ਅਤੇ ਮੇਰੇ ਅੰਦਰ ਇੱਕ ਸਮਰੱਥਾ ਉੱਠ ਖੜ੍ਹੀ ਹੁੰਦੀ ਹੈ।” ਇਹ ਵਿਖਾਉਂਦਾ ਹੈ ਕਿ ਤੂੰ ਅੰਦਰੋਂ ਪਰਮੇਸ਼ੁਰ ਦੇ ਦੁਆਰਾ ਛੂਹਿਆ ਗਿਆ ਹੈਂ। ਜੋ ਲੋਕ ਪਰਮੇਸ਼ੁਰ ਦੇ ਦੁਆਰਾ ਅੰਦਰੋਂ ਛੂਹੇ ਗਏ ਹੁੰਦੇ ਹਨ ਉਹ ਦੂਜਿਆਂ ਦੀ ਸੰਗਤੀ ਨੂੰ ਸੁਣ ਕੇ ਪ੍ਰੇਰਿਤ ਹੁੰਦੇ ਹਨ; ਜਦੋਂ ਕੋਈ ਵਿਅਕਤੀ ਪ੍ਰੇਰਣਾਦਾਇਕ ਸ਼ਬਦ ਸੁਣਦਾ ਹੈ ਅਤੇ ਫਿਰ ਵੀ ਉਸ ਦਾ ਦਿਲ ਪੂਰੀ ਤਰ੍ਹਾਂ ਬੇਅਸਰ ਰਹਿੰਦਾ ਹੈ, ਤਾਂ ਇਸ ਤੋਂ ਸਾਬਤ ਹੁੰਦਾ ਹੈ ਕਿ ਪਵਿੱਤਰ ਆਤਮਾ ਦਾ ਕੰਮ ਉਨ੍ਹਾਂ ਦੇ ਅੰਦਰ ਨਹੀਂ ਹੈ। ਉਨ੍ਹਾਂ ਦੇ ਅੰਦਰ ਕੋਈ ਤਾਂਘ ਨਹੀਂ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਨ੍ਹਾਂ ਕੋਲ ਕੋਈ ਸੰਕਲਪ ਨਹੀਂ ਹੈ, ਅਤੇ ਇਸ ਤਰ੍ਹਾਂ ਉਹ ਪਵਿੱਤਰ ਆਤਮਾ ਦੇ ਕੰਮ ਤੋਂ ਬਗੈਰ ਹਨ। ਜੇ ਕੋਈ ਵਿਅਕਤੀ ਪਰਮੇਸ਼ੁਰ ਦੇ ਦੁਆਰਾ ਛੂਹਿਆ ਗਿਆ ਹੈ, ਤਾਂ ਜਦੋਂ ਉਹ ਪਰਮੇਸ਼ੁਰ ਦੇ ਵਚਨਾਂ ਨੂੰ ਸੁਣਦੇ ਹਨ ਤਾਂ ਉਨ੍ਹਾਂ ਦੀ ਇੱਕ ਪ੍ਰਤੀਕਿਰਿਆ ਹੋਵੇਗੀ; ਜੇ ਉਹ ਪਰਮੇਸ਼ੁਰ ਦੇ ਦੁਆਰਾ ਛੂਹੇ ਨਹੀਂ ਗਏ ਹਨ, ਤਾਂ ਉਹ ਪਰਮੇਸ਼ੁਰ ਦੇ ਵਚਨਾਂ ਵਿੱਚ ਸ਼ਾਮਲ ਨਹੀਂ ਹੋਏ ਹਨ, ਉਨ੍ਹਾਂ ਦਾ ਉਨ੍ਹਾਂ ਨਾਲ ਕੋਈ ਸੰਬੰਧ ਨਹੀਂ ਹੈ, ਅਤੇ ਉਹ ਚਾਨਣਾ ਕੀਤੇ ਜਾਣ ਦੇ ਲਈ ਅਯੋਗ ਹਨ। ਜਿਨ੍ਹਾਂ ਨੇ ਪਰਮੇਸ਼ੁਰ ਦੇ ਵਚਨਾਂ ਨੂੰ ਸੁਣ ਕੇ ਵੀ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਉਹ, ਉਹ ਲੋਕ ਹਨ ਜਿਹੜੇ ਪਰਮੇਸ਼ੁਰ ਦੇ ਦੁਆਰਾ ਛੂਹੇ ਨਹੀਂ ਗਏ ਹਨ—ਉਹ, ਉਹ ਲੋਕ ਹਨ ਜਿਹੜੇ ਪਵਿੱਤਰ ਆਤਮਾ ਦੇ ਕੰਮ ਤੋਂ ਬਗੈਰ ਹਨ। ਉਹ ਸਭ ਜਿਹੜੇ ਨਵੇਂ ਚਾਨਣ ਨੂੰ ਗ੍ਰਹਿਣ ਕਰਨ ਦੇ ਯੋਗ ਹਨ, ਛੂਹੇ ਗਏ ਹਨ, ਅਤੇ ਪਵਿੱਤਰ ਆਤਮਾ ਦੇ ਕੰਮ ਦੇ ਵੱਸ ਵਿੱਚ ਹਨ।

ਆਪਣੇ ਆਪ ਦਾ ਮੁੱਲਾਂਕਣ ਕਰ:

1. ਕੀ ਤੂੰ ਪਵਿੱਤਰ ਆਤਮਾ ਦੇ ਮੌਜੂਦਾ ਕੰਮ ਦੇ ਵਿਚਕਾਰ ਹੈਂ?

2. ਕੀ ਤੇਰਾ ਦਿਲ ਪਰਮੇਸ਼ੁਰ ਵੱਲ ਮੁੜਿਆ ਹੈ? ਕੀ ਤੂੰ ਪਰਮੇਸ਼ੁਰ ਦੇ ਦੁਆਰਾ ਛੂਹਿਆ ਗਿਆ ਹੈਂ?

3. ਕੀ ਪਰਮੇਸ਼ੁਰ ਦੇ ਵਚਨਾਂ ਨੇ ਤੇਰੇ ਅੰਦਰ ਜੜ੍ਹ ਫੜ ਲਈ ਹੈ?

4. ਕੀ ਤੇਰਾ ਅਮਲ ਪਰਮੇਸ਼ੁਰ ਦੀਆਂ ਮੰਗਾਂ ਦੀ ਬੁਨਿਆਦ ਉੱਸਰਿਆ ਹੈ?

5. ਕੀ ਤੂੰ ਪਵਿੱਤਰ ਆਤਮਾ ਦੇ ਮੌਜੂਦਾ ਚਾਨਣ ਦੀ ਅਗਵਾਈ ਵਿੱਚ ਜੀਉਂਦਾ ਹੈਂ?

6. ਕੀ ਤੇਰੇ ਦਿਲ ਉੱਤੇ ਪੁਰਾਣੀਆਂ ਧਾਰਣਾਵਾਂ ਦਾ ਰਾਜ ਹੈ, ਜਾਂ ਇਸ ਉੱਤੇ ਅੱਜ ਪਰਮੇਸ਼ੁਰ ਦੇ ਵਚਨਾਂ ਦਾ ਰਾਜ ਹੈ?

ਇਨ੍ਹਾਂ ਸ਼ਬਦਾਂ ਨੂੰ ਸੁਣਨ ਤੋਂ ਬਾਅਦ, ਤੁਹਾਡੇ ਅੰਦਰ ਕੀ ਪ੍ਰਤੀਕਿਰਿਆ ਹੈ? ਬੀਤੇ ਸਾਰੇ ਸਾਲਾਂ ਦੌਰਾਨ ਵਿਸ਼ਵਾਸ ਰੱਖਣ ਤੋਂ ਬਾਅਦ, ਕੀ ਤੁਹਾਡੇ ਜੀਵਨ ਵਿੱਚ ਪਰਮੇਸ਼ੁਰ ਦੇ ਵਚਨ ਹਨ? ਕੀ ਤੇਰੇ ਪਿਛਲੇ ਭ੍ਰਿਸ਼ਟ ਸੁਭਾਅ ਵਿੱਚ ਕੋਈ ਬਦਲਾਵ ਆਇਆ ਹੈ? ਅੱਜ ਪਰਮੇਸ਼ੁਰ ਦੇ ਵਚਨਾਂ ਦੇ ਅਨੁਸਾਰ, ਕੀ ਤੂੰ ਜਾਣਦਾ ਹੈਂ ਕਿ ਕੋਲ ਜੀਵਨ ਹੋਣਾ ਅਤੇ ਜੀਵਨ ਤੋਂ ਬਗੈਰ ਹੋਣਾ ਕੀ ਹੈ? ਕੀ ਇਹ ਤੈਨੂੰ ਸਪਸ਼ਟ ਹੈ? ਪਰਮੇਸ਼ੁਰ ਦੇ ਪਿੱਛੇ ਚੱਲਣ ਵਿੱਚ ਮੁੱਖ ਮਹੱਤਵ ਇਸ ਗੱਲ ਦਾ ਹੈ ਕਿ ਸਭ ਕੁਝ ਅੱਜ ਪਰਮੇਸ਼ੁਰ ਦੇ ਵਚਨਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ: ਭਾਵੇਂ ਤੂੰ ਜੀਵਨ ਵਿੱਚ ਪ੍ਰਵੇਸ਼ ਕਰਨ ਦਾ ਯਤਨ ਕਰ ਰਿਹਾ ਹੈਂ ਜਾਂ ਪਰਮੇਸ਼ੁਰ ਦੀ ਇੱਛਾ ਦੀ ਪੂਰਤੀ ਦਾ, ਸਭ ਕੁਝ ਅੱਜ ਪਰਮੇਸ਼ੁਰ ਦੇ ਵਚਨਾਂ ਦੇ ਦੁਆਲੇ ਕੇਂਦ੍ਰਿਤ ਹੋਣਾ ਚਾਹੀਦਾ ਹੈ। ਜੇ ਉਹ ਜੋ ਤੂੰ ਬੋਲਦਾ ਹੈਂ ਅਤੇ ਜਿਸ ਦਾ ਯਤਨ ਕਰਦਾ ਹੈਂ, ਅੱਜ ਪਰਮੇਸ਼ੁਰ ਦੇ ਵਚਨਾਂ ਦੁਆਲੇ ਕੇਂਦ੍ਰਿਤ ਨਹੀਂ ਹਨ ਤਾਂ ਤੂੰ ਪਰਮੇਸ਼ੁਰ ਦੇ ਵਚਨਾਂ ਲਈ ਅਜਨਬੀ ਹੈਂ, ਅਤੇ ਪਵਿੱਤਰ ਆਤਮਾ ਦੇ ਕੰਮ ਤੋਂ ਬਿਲਕੁਲ ਸੱਖਣਾ ਹੈਂ। ਪਰਮੇਸ਼ੁਰ ਜੋ ਚਾਹੁੰਦਾ ਹੈ ਉਹ ਹੈ ਉਸ ਦੀਆਂ ਪੈੜਾਂ ’ਤੇ ਚੱਲਣ ਵਾਲੇ ਲੋਕ। ਜੋ ਤੂੰ ਪਹਿਲਾਂ ਸਮਝਿਆ ਸੀ ਉਹ ਭਾਵੇਂ ਕਿੰਨਾ ਵੀ ਅਦਭੁਤ ਅਤੇ ਸ਼ੁੱਧ ਕਿਉਂ ਨਹੀਂ ਹੈ, ਪਰਮੇਸ਼ੁਰ ਉਸ ਨੂੰ ਨਹੀਂ ਚਾਹੁੰਦਾ, ਅਤੇ ਜੇ ਤੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਪਰੇ ਰੱਖਣ ਵਿੱਚ ਅਸਮਰਥ ਹੈਂ, ਤਾਂ ਉਹ ਭਵਿੱਖ ਵਿੱਚ ਤੇਰੇ ਪ੍ਰਵੇਸ਼ ਦੇ ਲਈ ਇੱਕ ਵੱਡੀ ਰੁਕਾਵਟ ਹੋਣਗੀਆਂ। ਉਹ ਸਭ ਜਿਹੜੇ ਪਵਿੱਤਰ ਆਤਮਾ ਦੇ ਵਰਤਮਾਨ ਚਾਨਣ ਦੇ ਪਿੱਛੇ ਚੱਲਣ ਦੇ ਸਮਰੱਥ ਹਨ, ਧੰਨ ਹਨ। ਬੀਤੇ ਯੁਗਾਂ ਦੇ ਲੋਕ ਵੀ ਪਰਮੇਸ਼ੁਰ ਦੀਆਂ ਪੈੜਾਂ ਉੱਤੇ ਚੱਲਦੇ ਸਨ, ਤਾਂ ਵੀ ਉਹ ਅੱਜ ਦੇ ਦਿਨ ਤਕ ਨਾ ਇਸ ਉੱਤੇ ਚੱਲ ਸਕੇ; ਇਹੀ ਅੰਤ ਦੇ ਦਿਨਾਂ ਦੇ ਲੋਕਾਂ ਦੀ ਬਰਕਤ ਹੈ। ਉਹ ਜਿਹੜੇ ਪਵਿੱਤਰ ਆਤਮਾ ਦੇ ਵਰਤਮਾਨ ਕੰਮ ਦੇ ਪਿੱਛੇ ਚੱਲ ਸਕਦੇ ਹਨ, ਅਤੇ ਉਹ ਜਿਹੜੇ ਪਰਮੇਸ਼ੁਰ ਦੀਆਂ ਪੈੜਾਂ ’ਤੇ ਚੱਲਣ ਦੇ ਸਮਰੱਥ ਹਨ, ਅਜਿਹਾ ਕਿ ਪਰਮੇਸ਼ੁਰ ਜਿੱਥੇ ਵੀ ਉਨ੍ਹਾਂ ਦੀ ਅਗਵਾਈ ਕਰਦਾ ਹੈ ਉਸ ਦੇ ਪਿੱਛੇ ਚੱਲਦੇ ਹਨ—ਇਹੀ ਇਹੀ ਲੋਕ ਹਨ ਜਿਹੜੇ ਪਰਮੇਸ਼ੁਰ ਤੋਂ ਬਰਕਤ ਪਾਉਂਦੇ ਹਨ। ਉਹ ਜਿਹੜੇ ਪਵਿੱਤਰ ਆਤਮਾ ਦੇ ਵਰਤਮਾਨ ਕੰਮ ਦੇ ਪਿੱਛੇ ਨਹੀਂ ਚੱਲਦੇ ਉਨ੍ਹਾਂ ਪਰਮੇਸ਼ੁਰ ਦੇ ਵਚਨਾਂ ਦੇ ਕੰਮ ਵਿੱਚ ਪ੍ਰਵੇਸ਼ ਨਹੀਂ ਕੀਤਾ ਹੈ, ਅਤੇ ਭਾਵੇਂ ਉਹ ਕਿੰਨਾ ਵੀ ਕੰਮ ਕਰਦੇ ਹਨ, ਜਾਂ ਕਿੰਨਾ ਵੀ ਵੱਡਾ ਕਸ਼ਟ ਝੱਲਦੇ ਹਨ, ਜਾਂ ਕਿੰਨੀ ਵੀ ਭੱਜ-ਦੌੜ ਕਰਦੇ ਹਨ, ਪਰਮੇਸ਼ੁਰ ਦੇ ਲਈ ਇਨ੍ਹਾਂ ਵਿੱਚੋਂ ਕਿਸੇ ਦਾ ਕੋਈ ਮਤਲਬ ਨਹੀਂ ਹੈ, ਅਤੇ ਉਹ ਉਨ੍ਹਾਂ ਦੀ ਸ਼ਲਾਘਾ ਨਹੀਂ ਕਰੇਗਾ। ਅੱਜ, ਉਹ ਸਭ ਜਿਹੜੇ ਪਰਮੇਸ਼ੁਰ ਦੇ ਵਰਤਮਾਨ ਵਚਨਾਂ ਦਾ ਪਾਲਣ ਕਰਦੇ ਹਨ ਉਹ ਪਵਿੱਤਰ ਆਤਮਾ ਦੀ ਧਾਰਾ ਵਿੱਚ ਹਨ; ਉਹ ਜਿਹੜੇ ਅੱਜ ਪਰਮੇਸ਼ੁਰ ਦੇ ਵਚਨਾਂ ਤੋਂ ਅਣਜਾਣ ਹਨ ਉਹ ਪਵਿੱਤਰ ਆਤਮਾ ਦੀ ਧਾਰਾ ਤੋਂ ਬਾਹਰ ਹਨ, ਅਤੇ ਪਰਮੇਸ਼ੁਰ ਵੱਲੋਂ ਅਜਿਹੇ ਲੋਕਾਂ ਦੀ ਸ਼ਲਾਘਾ ਨਹੀਂ ਕੀਤੀ ਜਾਂਦੀ। ਉਹ ਸੇਵਾ ਜਿਹੜੀ ਪਵਿੱਤਰ ਆਤਮਾ ਦੀਆਂ ਵਰਤਮਾਨ ਬਾਣੀਆਂ ਤੋਂ ਜੁਦਾ ਹੈ ਉਹ ਸੇਵਾ ਸਰੀਰਕ ਹੈ, ਅਤੇ ਧਾਰਣਾਵਾਂ ਤੋਂ ਕੀਤੀ ਜਾਣ ਵਾਲੀ ਸੇਵਾ ਹੈ, ਅਤੇ ਇਸ ਦਾ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਹੋਣਾ ਅਸੰਭਵ ਹੈ। ਜੇ ਲੋਕ ਧਾਰਮਿਕ ਧਾਰਣਾਵਾਂ ਦਰਮਿਆਨ ਜੀਉਂਦੇ ਹਨ, ਤਾਂ ਉਹ ਕੁਝ ਵੀ ਅਜਿਹਾ ਕਰਨ ਵਿੱਚ ਅਸਮਰੱਥ ਹੁੰਦੇ ਹਨ ਜੋ ਪਰਮੇਸ਼ੁਰ ਦੀ ਇੱਛਾ ਵਿੱਚ ਫਿੱਟ ਬੈਠਦਾ ਹੈ, ਅਤੇ ਭਾਵੇਂ ਕਿ ਉਹ ਪਰਮੇਸ਼ੁਰ ਦੀ ਸੇਵਾ ਕਰਦੇ ਹਨ, ਉਹ ਆਪਣੀਆਂ ਕਲਪਨਾਵਾਂ ਅਤੇ ਧਾਰਣਾਵਾਂ ਦੇ ਵਿਚਕਾਰ ਸੇਵਾ ਕਰਦੇ ਹਨ, ਅਤੇ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਸੇਵਾ ਕਰਨ ਵਿੱਚ ਬਿਲਕੁੱਲ ਅਸਮਰੱਥ ਹੁੰਦੇ ਹਨ। ਉਹ ਜਿਹੜੇ ਪਵਿੱਤਰ ਆਤਮਾ ਦੇ ਕੰਮ ਦਾ ਪਾਲਣ ਕਰਨ ਵਿੱਚ ਅਸਮਰੱਥ ਹਨ ਉਹ ਪਰਮੇਸ਼ੁਰ ਦੀ ਇੱਛਾ ਨੂੰ ਨਹੀਂ ਸਮਝਦੇ, ਅਤੇ ਉਹ ਜਿਹੜੇ ਪਰਮੇਸ਼ੁਰ ਦੀ ਇੱਛਾ ਨੂੰ ਨਹੀਂ ਸਮਝਦੇ, ਪਰਮੇਸ਼ੁਰ ਦੀ ਸੇਵਾ ਨਹੀਂ ਕਰ ਸਕਦੇ। ਪਰਮੇਸ਼ੁਰ ਅਜਿਹੀ ਸੇਵਾ ਚਾਹੁੰਦਾ ਹੈ ਜੋ ਉਸ ਦੇ ਮਨ ਅਨੁਸਾਰ ਹੋਵੇ; ਉਹ ਅਜਿਹੀ ਸੇਵਾ ਨਹੀਂ ਚਾਹੁੰਦਾ ਜਿਹੜੀ ਧਾਰਣਾਵਾਂ ਅਤੇ ਸਰੀਰ ਤੋਂ ਹੁੰਦੀ ਹੈ। ਜੇ ਲੋਕ ਪਵਿੱਤਰ ਆਤਮਾ ਦੇ ਕੰਮ ਦੇ ਕਦਮਾਂ ਉੱਤੇ ਚੱਲਣ ਵਿੱਚ ਅਸਮਰੱਥ ਹਨ, ਤਾਂ ਉਹ ਧਾਰਣਾਵਾਂ ਦੇ ਦਰਮਿਆਨ ਜੀਉਂਦੇ ਹਨ। ਅਜਿਹੇ ਲੋਕਾਂ ਦੀ ਸੇਵਾ ਵਿਘਨ ਪਾਉਂਦੀ ਅਤੇ ਪਰੇਸ਼ਾਨ ਕਰਦੀ ਹੈ, ਅਤੇ ਅਜਿਹੀ ਸੇਵਾ ਪਰਮੇਸ਼ੁਰ ਦੇ ਵਿਰੋਧ ਵਿੱਚ ਹੁੰਦੀ ਹੈ। ਇਸ ਤਰ੍ਹਾਂ ਉਹ ਲੋਕ ਜਿਹੜੇ ਪਰਮੇਸ਼ੁਰ ਦੀਆਂ ਪੈੜਾਂ ਉੱਤੇ ਨਹੀਂ ਚੱਲ ਪਾਉਂਦੇ ਉਹ ਪਰਮੇਸ਼ੁਰ ਦੀ ਸੇਵਾ ਕਰਨ ਦੇ ਅਯੋਗ ਹਨ; ਉਹ ਜਿਹੜੇ ਪਰਮੇਸ਼ੁਰ ਦੀਆਂ ਪੈੜਾਂ ਉੱਤੇ ਚੱਲਣ ਵਿੱਚ ਅਸਮਰੱਥ ਹਨ ਨਿਸ਼ਚਿਤ ਤੌਰ ਤੇ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ, ਅਤੇ ਪਰਮੇਸ਼ੁਰ ਦੇ ਅਨੁਕੂਲ ਬਣਨ ਦੇ ਅਯੋਗ ਹਨ। “ਪਵਿੱਤਰ ਆਤਮਾ ਦੇ ਕੰਮ ਦੀ ਪਾਲਣਾ ਕਰਨ ਦਾ” ਅਰਥ ਹੈ ਅੱਜ ਪਰਮੇਸ਼ੁਰ ਦੀ ਯੋਜਨਾ ਨੂੰ ਸਮਝਣਾ, ਪਰਮੇਸ਼ੁਰ ਦੀਆਂ ਵਰਤਮਾਨ ਮੰਗਾਂ ਦੇ ਅਨੁਸਾਰ ਕੰਮ ਕਰਨ ਦੇ ਯੋਗ ਹੋਣਾ, ਅੱਜ ਦੇ ਪਰਮੇਸ਼ੁਰ ਦੇ ਪਿੱਛੇ ਚੱਲਣ ਅਤੇ ਆਗਿਆ ਮੰਨਣ ਦੇ ਯੋਗ ਹੋਣਾ, ਅਤੇ ਪਰਮੇਸ਼ੁਰ ਦੀਆਂ ਨਵੀਨਤਮ ਬਾਣੀਆਂ ਦੇ ਅਨੁਸਾਰ ਪ੍ਰਵੇਸ਼ ਕਰਨਾ। ਕੇਵਲ ਅਜਿਹਾ ਵਿਅਕਤੀ ਹੀ ਉਹ ਹੈ ਜਿਹੜਾ ਪਵਿੱਤਰ ਆਤਮਾ ਦੇ ਕੰਮ ਦੀ ਪਾਲਣਾ ਕਰਦਾ ਹੈ ਅਤੇ ਪਵਿੱਤਰ ਆਤਮਾ ਦੀ ਧਾਰਾ ਵਿੱਚ ਹੈ। ਅਜਿਹੇ ਲੋਕ ਨਾ ਕੇਵਲ ਪਰਮੇਸ਼ੁਰ ਤੋਂ ਪ੍ਰਸ਼ੰਸਾ ਪ੍ਰਾਪਤ ਕਰਨ ਅਤੇ ਪਰਮੇਸ਼ੁਰ ਨੂੰ ਵੇਖਣ ਦੇ ਹੀ ਯੋਗ ਹਨ, ਸਗੋਂ ਪਰਮੇਸ਼ੁਰ ਦੇ ਨਵੀਨਤਮ ਕੰਮ ਤੋਂ ਪਰਮੇਸ਼ੁਰ ਦੇ ਸੁਭਾਅ ਨੂੰ ਵੀ ਜਾਣ ਸਕਦੇ ਹਨ, ਅਤੇ ਉਸ ਦੇ ਨਵੀਨਤਮ ਕੰਮ ਤੋਂ ਮਨੁੱਖ ਦੀਆਂ ਧਾਰਣਾਵਾਂ ਅਤੇ ਅਣਆਗਿਆਕਾਰੀਆਂ, ਅਤੇ ਮਨੁੱਖ ਦੇ ਸੁਭਾਅ ਅਤੇ ਤੱਤ ਨੂੰ ਵੀ ਜਾਣ ਸਕਦੇ ਹਨ; ਇਸ ਤੋਂ ਇਲਾਵਾ, ਉਹ ਆਪਣੀ ਸੇਵਾ ਦੇ ਦੌਰਾਨ ਹੌਲੀ-ਹੌਲੀ ਆਪਣੇ ਸੁਭਾਅ ਵਿੱਚ ਤਬਦੀਲੀਆਂ ਹਾਸਲ ਕਰਨ ਦੇ ਵੀ ਯੋਗ ਹੁੰਦੇ ਹਨ। ਕੇਵਲ ਅਜਿਹੇ ਲੋਕ ਹੀ ਉਹ ਲੋਕ ਹੁੰਦੇ ਹਨ ਜਿਹੜੇ ਪਰਮੇਸ਼ੁਰ ਨੂੰ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ, ਅਤੇ ਜਿਨ੍ਹਾਂ ਨੇ ਅਸਲ ਵਿੱਚ ਸੱਚਾ ਰਾਹ ਲੱਭ ਲਿਆ ਹੁੰਦਾ ਹੈ। ਜਿਹੜੇ ਪਵਿੱਤਰ ਆਤਮਾ ਦੇ ਕੰਮ ਦੇ ਦੁਆਰਾ ਮਿਟਾ ਦਿੱਤੇ ਜਾਂਦੇ ਹਨ ਉਹ, ਉਹ ਲੋਕ ਹੁੰਦੇ ਹਨ ਜਿਹੜੇ ਪਰਮੇਸ਼ੁਰ ਦੇ ਨਵੀਨਤਮ ਕੰਮ ਦੀ ਪਾਲਣਾ ਕਰਨ ਵਿੱਚ ਅਸਮਰੱਥ ਹੁੰਦੇ ਹਨ, ਅਤੇ ਜਿਹੜੇ ਪਰਮੇਸ਼ੁਰ ਦੇ ਨਵੀਨਤਮ ਕੰਮ ਦੇ ਵਿਰੁੱਧ ਵਿਦ੍ਰੋਹ ਕਰਦੇ ਹਨ। ਇਸ ਤਰ੍ਹਾਂ ਦੇ ਲੋਕ ਖੁੱਲ੍ਹੇਆਮ ਪਰਮੇਸ਼ੁਰ ਦਾ ਵਿਰੋਧ ਇਸ ਲਈ ਕਰਦੇ ਹਨ ਕਿਉਂਕਿ ਪਰਮੇਸ਼ੁਰ ਨੇ ਇੱਕ ਨਵਾਂ ਕੰਮ ਕੀਤਾ ਹੈ, ਅਤੇ ਕਿਉਂਕਿ ਪਰਮੇਸ਼ੁਰ ਦਾ ਸਰੂਪ ਉਨ੍ਹਾਂ ਦੀਆਂ ਧਾਰਣਾਵਾਂ ਵਿਚਲੇ ਸਰੂਪ ਜਿਹਾ ਨਹੀਂ ਹੈ—ਇਸ ਦੇ ਨਤੀਜੇ ਵਜੋਂ, ਉਹ ਖੁੱਲ੍ਹ ਕੇ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ ਅਤੇ ਪਰਮੇਸ਼ੁਰ ਦਾ ਨਿਰਣਾ ਕਰਦੇ ਹਨ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਨਾਲ ਘਿਰਣਾ ਕਰਦਾ ਹੈ ਅਤੇ ਉਨ੍ਹਾਂ ਨੂੰ ਰੱਦ ਦਿੰਦਾ ਹੈ। ਪਰਮੇਸ਼ੁਰ ਦੇ ਨਵੀਨਤਮ ਕੰਮ ਦਾ ਗਿਆਨ ਹਾਸਲ ਕਰ ਸਕਣਾ ਕੋਈ ਅਸਾਨ ਗੱਲ ਨਹੀਂ ਹੈ, ਪਰ ਜੇ ਲੋਕ ਪਰਮੇਸ਼ੁਰ ਦੇ ਕੰਮ ਦੀ ਆਗਿਆਕਾਰੀ ਕਰਨ ਦਾ ਅਤੇ ਪਰਮੇਸ਼ੁਰ ਦੇ ਕੰਮ ਦੇ ਖੋਜੀ ਹੋਣ ਦਾ ਮਨ ਰੱਖਦੇ ਹਨ, ਤਾਂ ਉਨ੍ਹਾਂ ਕੋਲ ਪਰਮੇਸ਼ੁਰ ਨੂੰ ਵੇਖਣ ਦਾ ਮੌਕਾ ਹੋਵੇਗਾ, ਅਤੇ ਪਵਿੱਤਰ ਆਤਮਾ ਦੀ ਨਵੀਨਤਮ ਅਗਵਾਈ ਪ੍ਰਾਪਤ ਕਰਨ ਦਾ ਮੌਕਾ ਹੋਵੇਗਾ। ਉਹ ਜਿਹੜੇ ਜਾਣ-ਬੁੱਝ ਕੇ ਪਰਮੇਸ਼ੁਰ ਦੇ ਕੰਮ ਦਾ ਵਿਰੋਧ ਕਰਦੇ ਹਨ ਪਵਿੱਤਰ ਆਤਮਾ ਦੇ ਚਾਨਣ ਜਾਂ ਪਰਮੇਸ਼ੁਰ ਦੀ ਅਗਵਾਈ ਨੂੰ ਪ੍ਰਾਪਤ ਨਹੀਂ ਕਰ ਸਕਦੇ। ਇਸ ਤਰ੍ਹਾਂ, ਲੋਕ ਪਰਮੇਸ਼ੁਰ ਦੇ ਨਵੀਨਤਮ ਕੰਮ ਨੂੰ ਪ੍ਰਾਪਤ ਕਰ ਸਕਦੇ ਹਨ ਜਾਂ ਨਹੀਂ, ਇਹ ਪਰਮੇਸ਼ੁਰ ਦੀ ਕਿਰਪਾ ਉੱਤੇ ਨਿਰਭਰ ਕਰਦਾ ਹੈ, ਉਨ੍ਹਾਂ ਦੇ ਯਤਨ ਉੱਤੇ ਨਿਰਭਰ ਕਰਦਾ ਹੈ, ਅਤੇ ਉਨ੍ਹਾਂ ਦੇ ਇਰਾਦਿਆਂ ਉੱਤੇ ਨਿਰਭਰ ਕਰਦਾ ਹੈ।

ਉਹ ਸਭ ਜਿਹੜੇ ਪਵਿੱਤਰ ਆਤਮਾ ਦੀਆਂ ਵਰਤਮਾਨ ਬਾਣੀਆਂ ਦੀ ਆਗਿਆਕਾਰੀ ਕਰਨ ਦੇ ਯੋਗ ਹਨ, ਉਹ ਧੰਨ ਹਨ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਪਹਿਲਾਂ ਕਿਹੋ ਜਿਹੇ ਸਨ, ਜਾਂ ਪਵਿੱਤਰ ਆਤਮਾ ਉਨ੍ਹਾਂ ਵਿੱਚ ਕਿਵੇਂ ਕੰਮ ਕਰਦਾ ਸੀ—ਉਹ ਜਿਨ੍ਹਾਂ ਨੇ ਪਰਮੇਸ਼ੁਰ ਦੇ ਨਵੀਨਤਮ ਕੰਮ ਨੂੰ ਪ੍ਰਾਪਤ ਕਰ ਲਿਆ ਹੈ ਸਭ ਤੋਂ ਵਧੀਕ ਧੰਨ ਹਨ, ਅਤੇ ਉਹ ਜਿਹੜੇ ਅੱਜ ਨਵੀਨਤਮ ਕੰਮ ਦੀ ਪਾਲਣਾ ਨਹੀਂ ਕਰ ਪਾਉਂਦੇ ਉਹ ਮਿਟਾਏ ਜਾਂਦੇ ਹਨ। ਪਰਮੇਸ਼ੁਰ ਉਨ੍ਹਾਂ ਨੂੰ ਚਾਹੁੰਦਾ ਹੈ ਜਿਹੜੇ ਨਵੇਂ ਚਾਨਣ ਨੂੰ ਗ੍ਰਹਿਣ ਕਰਨ ਦੇ ਯੋਗ ਹਨ, ਅਤੇ ਉਹ ਉਨ੍ਹਾਂ ਨੂੰ ਚਾਹੁੰਦਾ ਹੈ ਜਿਹੜੇ ਉਸ ਦੇ ਨਵੀਨਤਮ ਕੰਮ ਨੂੰ ਜਾਣਦੇ ਅਤੇ ਗ੍ਰਹਿਣ ਕਰਦੇ ਹਨ। ਇਹ ਕਿਉਂ ਕਿਹਾ ਜਾਂਦਾ ਹੈ ਕਿ ਤੁਹਾਨੂੰ ਇੱਕ ਨਿਰੋਲ ਕੁਆਰੀ ਹੋਣਾ ਜ਼ਰੂਰੀ ਹੈ? ਇੱਕ ਨਿਰੋਲ ਕੁਆਰੀ ਪਵਿੱਤਰ ਆਤਮਾ ਦੇ ਕੰਮ ਨੂੰ ਖੋਜਣ ਅਤੇ ਨਵੀਆਂ ਗੱਲਾਂ ਨੂੰ ਸਮਝਣ ਦੇ ਯੋਗ ਹੁੰਦੀ ਹੈ, ਅਤੇ ਇਸ ਤੋਂ ਇਲਾਵਾ, ਸਾਰੀਆਂ ਧਾਰਣਾਵਾਂ ਨੂੰ ਪਾਸੇ ਰੱਖਣ, ਅਤੇ ਅੱਜ ਪਰਮੇਸ਼ੁਰ ਦੇ ਕੰਮ ਦੀ ਪਾਲਣਾ ਕਰਨ ਦੇ ਯੋਗ ਹੁੰਦੀ ਹੈ। ਲੋਕਾਂ ਦਾ ਇਹ ਸਮੂਹ, ਜਿਹੜਾ ਅੱਜ ਦੇ ਨਵੀਨਤਮ ਕੰਮ ਨੂੰ ਗ੍ਰਹਿਣ ਕਰਦਾ ਹੈ, ਇਹ ਯੁਗਾਂ ਤੋਂ ਪਹਿਲਾਂ ਤੋਂ ਹੀ ਪਰਮੇਸ਼ੁਰ ਦੁਆਰਾ ਨਿਯੁਕਤ ਕੀਤੇ ਗਏ ਸਨ, ਅਤੇ ਲੋਕਾਂ ਵਿੱਚੋਂ ਸਭ ਤੋਂ ਧੰਨ ਹਨ। ਤੁਸੀਂ ਪਰਮੇਸ਼ੁਰ ਦੀ ਅਵਾਜ਼ ਨੂੰ ਸਿੱਧਾ ਸੁਣਦੇ ਹੋ, ਅਤੇ ਪਰਮੇਸ਼ੁਰ ਦੀ ਦਿੱਖ ਨੂੰ ਵੇਖਦੇ ਹੋ, ਅਤੇ ਇਸ ਕਰਕੇ, ਸਾਰੇ ਆਕਾਸ਼ ਅਤੇ ਧਰਤੀ ਵਿੱਚ ਅਤੇ ਯੁਗਾਂ-ਯੁਗਾਂ ਵਿੱਚ, ਤੁਹਾਡੇ ਤੋਂ, ਲੋਕਾਂ ਦੇ ਇਸ ਸਮੂਹ ਤੋਂ ਵਧੀਕ ਧੰਨ ਕੋਈ ਨਹੀਂ ਹੋਇਆ ਹੈ। ਇਹ ਸਭ ਪਰਮੇਸ਼ੁਰ ਦੇ ਕੰਮ ਦੇ ਕਾਰਣ ਹੈ, ਪਰਮੇਸ਼ੁਰ ਦੇ ਪੂਰਵ-ਨਿਰਧਾਰਣ ਅਤੇ ਚੋਂ ਦੇ ਕਾਰਣ, ਅਤੇ ਪਰਮੇਸ਼ੁਰ ਦੀ ਕਿਰਪਾ ਦੇ ਕਾਰਣ ਹੈ; ਜੇ ਪਰਮੇਸ਼ੁਰ ਨਾ ਬੋਲਿਆ ਹੁੰਦਾ ਅਤੇ ਆਪਣੇ ਵਚਨ ਨਾ ਉੱਚਰੇ ਹੁੰਦੇ, ਤਾਂ ਕੀ ਤੁਹਾਡੇ ਹਲਾਤ ਉਸ ਤਰ੍ਹਾਂ ਦੇ ਹੁੰਦੇ ਜਿਵੇਂ ਅੱਜ ਹਨ? ਇਸ ਤਰ੍ਹਾਂ, ਸਾਰਾ ਆਦਰ ਅਤੇ ਮਹਿਮਾ ਪਰਮੇਸ਼ੁਰ ਨੂੰ ਮਿਲੇ, ਕਿਉਂਕਿ ਇਹ ਸਭ ਪਰਮੇਸ਼ੁਰ ਦੁਆਰਾ ਤੁਹਾਨੂੰ ਉਠਾ ਖੜ੍ਹੇ ਕਰਨ ਦੇ ਕਾਰਣ ਹੀ ਹੈ। ਇਨ੍ਹਾਂ ਗੱਲਾਂ ਨੂੰ ਦਿਮਾਗ ਵਿੱਚ ਰੱਖਦੇ ਹੋਏ, ਕੀ ਤੂੰ ਹਾਲੇ ਵੀ ਸੁਸਤ ਰਹਿ ਸਕਦਾ ਹੈਂ? ਕੀ ਹਾਲੇ ਵੀ ਤੇਰਾ ਬਲ ਉੱਠ ਖੜ੍ਹਨ ਵਿੱਚ ਅਸਮਰੱਥ ਹੋ ਸਕਦਾ ਹੈ?

ਇਹ ਕਿ ਤੂੰ ਪਰਮੇਸ਼ੁਰ ਦੇ ਵਚਨਾਂ ਦੁਆਰਾ ਨਿਆਂ, ਤਾੜਨਾ, ਮਾਰ ਅਤੇ ਤਾਏ ਜਾਣ ਨੂੰ ਸਵੀਕਾਰ ਕਰਨ ਦੇ ਯੋਗ ਹੈਂ, ਅਤੇ ਇਸ ਤੋਂ ਇਲਾਵਾ, ਪਰਮੇਸ਼ੁਰ ਵੱਲੋਂ ਥਾਪੀਆਂ ਆਗਿਆਵਾਂ ਨੂੰ ਸਵੀਕਾਰ ਕਰਨ ਦੇ ਯੋਗ ਹੈ, ਯੁਗਾਂ ਤੋਂ ਪਹਿਲਾਂ ਪਰਮੇਸ਼ੁਰ ਦੁਆਰਾ ਪਹਿਲਾਂ ਤੋਂ ਮਿੱਥਿਆ ਗਿਆ ਸੀ, ਅਤੇ ਇਸ ਕਰਕੇ ਜਦੋਂ ਤੈਨੂੰ ਤਾੜਿਆ ਜਾਂਦਾ ਹੈ ਤਾਂ ਤੈਨੂੰ ਲਾਜ਼ਮੀ ਤੌਰ ’ਤੇ ਬਹੁਤਾ ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਕੋਈ ਵੀ ਉਸ ਕੰਮ ਨੂੰ ਜਿਹੜਾ ਤੁਹਾਡੇ ਅੰਦਰ ਕੀਤਾ ਗਿਆ ਹੈ, ਅਤੇ ਉਸ ਬਰਕਤ ਨੂੰ ਜਿਹੜੀ ਤੁਹਾਨੂੰ ਬਖਸ਼ੀ ਗਈ ਹੈ, ਖੋਹ ਨਹੀਂ ਸਕਦਾ ਅਤੇ ਕੋਈ ਵੀ ਉਸ ਸਭ ਨੂੰ ਨਹੀਂ ਖੋਹ ਸਕਦਾ ਜੋ ਤੁਹਾਨੂੰ ਦੇ ਦਿੱਤਾ ਗਿਆ ਹੈ। ਧਰਮ ਵਾਲੇ ਲੋਕ ਤੁਹਾਡੀ ਤੁਲਨਾ ਵਿੱਚ ਕਿਤੇ ਨਹੀਂ ਖੜ੍ਹਦੇ। ਤੁਹਾਨੂੰ ਬਾਈਬਲ ਦੀ ਬਹੁਤ ਵੱਡੀ ਮੁਹਾਰਤ ਹਾਸਲ ਨਹੀਂ ਹੈ, ਅਤੇ ਤੁਸੀਂ ਧਾਰਮਿਕ ਸਿਧਾਂਤ ਨਾਲ ਲੈਸ ਨਹੀਂ ਹੋ, ਪਰ ਕਿਉਂਕਿ ਪਰਮੇਸ਼ੁਰ ਨੇ ਤੁਹਾਡੇ ਅੰਦਰ ਕੰਮ ਕੀਤਾ ਹੈ, ਇਸ ਕਰਕੇ ਤੁਸੀਂ ਯੁਗਾਂ-ਯੁਗਾਂ ਵਿੱਚ ਕਿਸੇ ਤੋਂ ਵੀ ਵੱਧ ਕੇ ਪ੍ਰਾਪਤ ਕੀਤਾ ਹੈ—ਅਤੇ ਇਸ ਕਰਕੇ ਇਹੀ ਤੁਹਾਡੀ ਸਭ ਤੋਂ ਵੱਡੀ ਬਰਕਤ ਹੈ। ਇਸ ਦੇ ਕਾਰਣ, ਤੁਹਾਡਾ ਪਰਮੇਸ਼ੁਰ ਦੇ ਪ੍ਰਤੀ ਹੋਰ ਵੀ ਸਮਰਪਿਤ, ਅਤੇ ਪਰਮੇਸ਼ੁਰ ਦੇ ਪ੍ਰਤੀ ਹੋਰ ਵੀ ਵਫ਼ਾਦਾਰ ਹੋਣਾ ਜ਼ਰੂਰੀ ਹੈ। ਕਿਉਂਕਿ ਪਰਮੇਸ਼ੁਰ ਤੁਹਾਨੂੰ ਉਠਾ ਖੜ੍ਹਾ ਕਰਦਾ ਹੈ, ਤਾਂ ਤੁਹਾਨੂੰ ਆਪਣੀਆਂ ਕੋਸ਼ਿਸ਼ਾਂ ਨੂੰ ਜ਼ਰੂਰ ਵਧਾਉਣਾ ਚਾਹੀਦਾ ਹੈ, ਅਤੇ ਆਪਣੇ ਰੁਤਬੇ ਨੂੰ ਪਰਮੇਸ਼ੁਰ ਵੱਲੋਂ ਥਾਪੀਆਂ ਆਗਿਆਵਾਂ ਨੂੰ ਸਵੀਕਾਰ ਕਰਨ ਲਈ ਜ਼ਰੂਰ ਤਿਆਰ ਕਰਨਾ ਚਾਹੀਦਾ ਹੈ। ਤੁਹਾਡੇ ਲਈ ਉਸ ਜਗ੍ਹਾ ’ਤੇ ਦ੍ਰਿੜ੍ਹ ਖੜ੍ਹੇ ਰਹਿਣਾ ਜਿਹੜੀ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ, ਪਰਮੇਸ਼ੁਰ ਦੇ ਲੋਕਾਂ ਵਿੱਚੋਂ ਇੱਕ ਬਣਨ ਦਾ ਯਤਨ ਕਰਨਾ, ਰਾਜ ਦੀ ਸਿਖਲਾਈ ਨੂੰ ਗ੍ਰਹਿਣ ਕਰਨਾ, ਪਰਮੇਸ਼ੁਰ ਦੇ ਦੁਆਰਾ ਪ੍ਰਾਪਤ ਕੀਤੇ ਜਾਣਾ ਅਤੇ ਅੰਤ ਵਿੱਚ ਪਰਮੇਸ਼ੁਰ ਦੇ ਲਈ ਇੱਕ ਸ਼ਾਨਦਾਰ ਗਵਾਹੀ ਬਣਨਾ ਲਾਜ਼ਮੀ ਹੈ। ਕੀ ਤੂੰ ਇਨ੍ਹਾਂ ਸੰਕਲਪਾਂ ਦਾ ਧਾਰਨੀ ਹੈਂ? ਜੇ ਤੂੰ ਅਜਿਹੇ ਸੰਕਲਪਾਂ ਦਾ ਧਾਰਨੀ ਹੈਂ, ਤਾਂ ਆਖਰਕਾਰ ਤੇਰਾ ਪਰਮੇਸ਼ੁਰ ਦੇ ਦੁਆਰਾ ਪ੍ਰਾਪਤ ਕੀਤੇ ਜਾਣਾ ਨਿਸ਼ਚਿਤ ਹੈ, ਅਤੇ ਤੂੰ ਪਰਮੇਸ਼ੁਰ ਦੇ ਲਈ ਇੱਕ ਸ਼ਾਨਦਾਰ ਗਵਾਹੀ ਬਣ ਜਾਵੇਂਗਾ। ਤੈਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਥਾਪੀ ਗਈ ਮੁੱਖ ਆਗਿਆ ਹੈ ਪਰਮੇਸ਼ੁਰ ਦੇ ਵੱਲੋਂ ਪ੍ਰਾਪਤ ਕੀਤੇ ਜਾਣਾ ਅਤੇ ਪਰਮੇਸ਼ੁਰ ਦੇ ਲਈ ਇੱਕ ਸ਼ਾਨਦਾਰ ਗਵਾਹੀ ਬਣਨਾ। ਪਰਮੇਸ਼ੁਰ ਦੀ ਇਹੀ ਇੱਛਾ ਹੈ।

ਪਵਿੱਤਰ ਆਤਮਾ ਦੇ ਅੱਜ ਦੇ ਵਚਨ ਪਵਿੱਤਰ ਆਤਮਾ ਦੇ ਕੰਮ ਦਾ ਤਾਣਾ-ਬਾਣਾ ਹਨ, ਅਤੇ ਇਸ ਮਿਆਦ ਦੇ ਦੌਰਾਨ ਪਵਿੱਤਰ ਆਤਮਾ ਵੱਲੋਂ ਮਨੁੱਖ ਨੂੰ ਨਿਰੰਤਰ ਚਾਨਣਾ ਕਰਨਾ ਪਵਿੱਤਰ ਆਤਮਾ ਦੇ ਕੰਮ ਦਾ ਰੁਝਾਨ ਹੈ। ਅਤੇ ਅੱਜ ਪਵਿੱਤਰ ਆਤਮਾ ਦੇ ਕੰਮ ਵਿੱਚ ਕੀ ਰੁਝਾਨ ਹੈ? ਇਹ ਅੱਜ ਪਰਮੇਸ਼ੁਰ ਦੇ ਕੰਮ ਵਿੱਚ, ਅਤੇ ਇੱਕ ਆਮ ਆਤਮਿਕ ਜੀਵਨ ਵਿੱਚ ਲੋਕਾਂ ਦੀ ਅਗਵਾਈ ਹੈ। ਇੱਕ ਆਮ ਆਤਮਿਕ ਜੀਵਨ ਵਿੱਚ ਪ੍ਰਵੇਸ਼ ਦੇ ਕਈ ਕਦਮ ਹਨ:

1. ਸਭ ਤੋਂ ਪਹਿਲਾਂ, ਤੈਨੂੰ ਆਪਣਾ ਦਿਲ ਪਰਮੇਸ਼ੁਰ ਦੇ ਵਚਨਾਂ ਵਿੱਚ ਉਂਡੇਲਣਾ ਲਾਜ਼ਮੀ ਹੈ। ਤੈਨੂੰ ਪਰਮੇਸ਼ੁਰ ਦੇ ਅਤੀਤ ਦੇ ਵਚਨਾਂ ਦਾ ਪਿੱਛਾ ਨਾ ਕਰਨਾ ਲਾਜ਼ਮੀ ਹੈ, ਅਤੇ ਜ਼ਰੂਰੀ ਹੈ ਕਿ ਤੂੰ ਉਨ੍ਹਾਂ ਦਾ ਅੱਜ ਦੇ ਵਚਨਾਂ ਨਾਲ ਨਾ ਹੀ ਅਧਿਐਨ ਅਤੇ ਨਾ ਹੀ ਤੁਲਨਾ ਕਰੇਂ। ਇਸ ਦੇ ਬਜਾਇ, ਤੈਨੂੰ ਆਪਣਾ ਦਿਲ ਪਰਮੇਸ਼ੁਰ ਦੇ ਵਰਤਮਾਨ ਵਚਨਾਂ ਵਿੱਚ ਪੂਰੀ ਤਰ੍ਹਾਂ ਉਂਡੇਲਣਾ ਲਾਜ਼ਮੀ ਹੈ। ਜੇ ਕੋਈ ਅਜਿਹੇ ਲੋਕ ਹਨ ਜਿਹੜੇ ਹਾਲੇ ਵੀ ਪਰਮੇਸ਼ੁਰ ਦੇ ਵਚਨ, ਆਤਮਿਕ ਪੁਸਤਕਾਂ, ਜਾਂ ਅਤੀਤ ਵਿੱਚ ਪ੍ਰਚਾਰ ਦੀਆਂ ਹੋਰ ਲਿਖਤਾਂ ਨੂੰ ਪੜ੍ਹਨਾ ਚਾਹੁੰਦੇ ਹਨ, ਅਤੇ ਅੱਜ ਪਵਿੱਤਰ ਆਤਮਾ ਦੇ ਵਚਨਾਂ ਦੀ ਪਾਲਣਾ ਨਹੀਂ ਕਰਦੇ, ਤਾਂ ਉਹ ਸਭ ਤੋਂ ਮੂਰਖ ਲੋਕ ਹਨ; ਪਰਮੇਸ਼ੁਰ ਅਜਿਹੇ ਲੋਕਾਂ ਤੋਂ ਘਿਰਣਾ ਕਰਦਾ ਹੈ। ਜੇ ਤੂੰ ਅੱਜ ਪਵਿੱਤਰ ਆਤਮਾ ਦੇ ਚਾਨਣ ਨੂੰ ਗ੍ਰਹਿਣ ਕਰਨ ਲਈ ਤਿਆਰ ਹੈਂ, ਤਾਂ ਆਪਣੇ ਦਿਲ ਨੂੰ ਅੱਜ ਪਰਮੇਸ਼ੁਰ ਦੀਆਂ ਬਾਣੀਆਂ ਵਿੱਚ ਪੂਰੀ ਤਰ੍ਹਾਂ ਉਂਡੇਲ ਦੇ। ਇਹ ਉਹ ਪਹਿਲੀ ਚੀਜ਼ ਹੈ ਜੋ ਤੈਨੂੰ ਹਾਸਲ ਕਰਨਾ ਜ਼ਰੂਰੀ ਹੈ।

2. ਤੈਨੂੰ ਅੱਜ ਪਰਮੇਸ਼ੁਰ ਵੱਲੋਂ ਬੋਲੇ ਜਾਣ ਵਾਲੇ ਵਚਨਾਂ ਦੀ ਬੁਨਿਆਦ ਉੱਤੇ ਪ੍ਰਾਰਥਨਾ ਕਰਨਾ, ਪਰਮੇਸ਼ੁਰ ਦੇ ਵਚਨਾਂ ਵਿੱਚ ਪ੍ਰਵੇਸ਼ ਕਰਨਾ, ਪਰਮੇਸ਼ੁਰ ਨਾਲ ਸੰਗਤੀ ਕਰਨਾ, ਅਤੇ ਪਰਮੇਸ਼ੁਰ ਦੇ ਸਾਹਮਣੇ ਆਪਣੇ ਸੰਕਲਪ ਕਰਦੇ ਹੋਏ ਉਨ੍ਹਾਂ ਮਾਪਦੰਡਾਂ ਨੂੰ ਸਥਾਪਿਤ ਕਰਨਾ ਲਾਜ਼ਮੀ ਹੈ ਜਿਨ੍ਹਾਂ ਦੀ ਪ੍ਰਾਪਤੀ ਦਾ ਯਤਨ ਤੂੰ ਕਰਨਾ ਚਾਹੁੰਦਾ ਹੈਂ।

3. ਤੁਹਾਨੂੰ ਅੱਜ ਪਵਿੱਤਰ ਆਤਮਾ ਦੇ ਕੰਮ ਦੀ ਬੁਨਿਆਦ ਉੱਤੇ ਸੱਚ ਵਿੱਚ ਡੂੰਘਾ ਪ੍ਰਵੇਸ਼ ਕਰਨ ਦਾ ਯਤਨ ਕਰਨਾ ਲਾਜ਼ਮੀ ਹੈ। ਬੀਤੇ ਸਮੇਂ ਦੀਆਂ ਪੁਰਾਣੀਆਂ ਹੋ ਚੁੱਕੀਆਂ ਬਾਣੀਆਂ ਅਤੇ ਸਿਧਾਂਤਾਂ ਨੂੰ ਨਾ ਫੜ੍ਹੀ ਰੱਖੋ।

4. ਤੁਹਾਨੂੰ ਪਵਿੱਤਰ ਆਤਮਾ ਦੁਆਰਾ ਛੂਹੇ ਜਾਣ ਲਈ ਯਤਨਸ਼ੀਲ ਹੋਣਾ ਅਤੇ ਪਰਮੇਸ਼ੁਰ ਦੇ ਵਚਨਾਂ ਵਿੱਚ ਪ੍ਰਵੇਸ਼ ਕਰਨਾ ਲਾਜ਼ਮੀ ਹੈ।

5. ਤੁਹਾਨੂੰ ਉਸ ਰਾਹ ਵਿੱਚ ਪ੍ਰਵੇਸ਼ ਕਰਨ ਦਾ ਯਤਨ ਕਰਨਾ ਲਾਜ਼ਮੀ ਹੈ ਜਿਸ ਉੱਤੇ ਪਵਿੱਤਰ ਆਤਮਾ ਚੱਲਿਆ ਹੈ।

ਅਤੇ ਤੁਸੀਂ ਪਵਿੱਤਰ ਆਤਮਾ ਦੇ ਦੁਆਰਾ ਪ੍ਰੇਰਿਤ ਹੋਣ ਦੀ ਤਲਾਸ਼ ਕਿਵੇਂ ਕਰਦੇ ਹੋ? ਸਭ ਤੋਂ ਮਹੱਤਵਪੂਰਣ ਗੱਲ ਹੈ ਪਰਮੇਸ਼ੁਰ ਦੇ ਵਰਤਮਾਨ ਵਚਨਾਂ ਵਿੱਚ ਜੀਉਣਾ, ਅਤੇ ਪਰਮੇਸ਼ੁਰ ਦੀਆਂ ਮੰਗਾਂ ਦੀ ਬੁਨਿਆਦ ਉੱਤੇ ਪ੍ਰਾਰਥਨਾ ਕਰਨਾ। ਇਸ ਤਰ੍ਹਾਂ ਪ੍ਰਾਰਥਨਾ ਕਰਨ ਤੋਂ ਬਾਅਦ, ਪਵਿੱਤਰ ਆਤਮਾ ਦਾ ਤੈਨੂੰ ਪ੍ਰੇਰਿਤ ਕਰਨਾ ਯਕੀਨੀ ਹੈ। ਜੇ ਤੂੰ ਪਰਮੇਸ਼ੁਰ ਦੁਆਰਾ ਅੱਜ ਬੋਲੇ ਜਾਣ ਵਾਲੇ ਵਚਨਾਂ ਦੀ ਬੁਨਿਆਦ ਨੂੰ ਅਧਾਰ ਬਣਾ ਕੇ ਤਲਾਸ਼ ਨਹੀਂ ਕਰਦਾ, ਤਾਂ ਇਹ ਵਿਅਰਥ ਹੈ। ਤੈਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਇਹ ਕਹਿਣਾ ਚਾਹੀਦਾ ਹੈ: “ਹੇ ਪਰਮੇਸ਼ੁਰ! ਮੈਂ ਤੇਰਾ ਵਿਰੋਧ ਕਰਦਾ ਹਾਂ, ਅਤੇ ਮੈਂ ਤੇਰਾ ਬਹੁਤ ਦੇਣਦਾਰ ਹਾਂ; ਮੈਂ ਬਹੁਤ ਅਣਆਗਿਆਕਾਰ ਹਾਂ, ਅਤੇ ਕਦੇ ਵੀ ਤੈਨੂੰ ਸੰਤੁਸ਼ਟ ਕਰਨ ਦੇ ਸਮਰੱਥ ਨਹੀਂ ਹਾਂ। ਹੇ ਪਰਮੇਸ਼ੁਰ, ਮੈਂ ਚਾਹੁੰਦਾ ਹਾਂ ਕਿ ਤੂੰ ਮੈਨੂੰ ਬਚਾਵੇਂ, ਮੈਂ ਅੰਤ ਤਕ ਤੇਰੀ ਸੇਵਾ ਕਰਨ ਦਾ ਚਾਹਵੰਦ ਹਾਂ, ਮੈਂ ਤੇਰੇ ਲਈ ਮਰਨ ਦਾ ਚਾਹਵੰਦ ਹਾਂ। ਤੂੰ ਮੇਰਾ ਨਿਆਂ ਕਰ ਅਤੇ ਮੈਨੂੰ ਤਾੜਨਾ ਕਰ, ਮੈਨੂੰ ਕੋਈ ਸ਼ਿਕਾਇਤ ਨਹੀਂ ਹੈ; ਮੈਂ ਤੇਰਾ ਵਿਰੋਧ ਕਰਦਾ ਹਾਂ ਅਤੇ ਮੈਂ ਮਰਨ ਦਾ ਹੱਕਦਾਰ ਹਾਂ, ਤਾਂ ਕਿ ਸਾਰੇ ਲੋਕ ਮੇਰੀ ਮੌਤ ਵਿੱਚ ਤੇਰੇ ਧਰਮੀ ਸੁਭਾਅ ਨੂੰ ਵੇਖ ਸਕਣ।” ਜਦੋਂ ਤੂੰ ਆਪਣੇ ਦਿਲ ਤੋਂ ਇਸ ਤਰ੍ਹਾਂ ਪ੍ਰਾਰਥਨਾ ਕਰੇਂਗਾ, ਪਰਮੇਸ਼ੁਰ ਤੇਰੀ ਸੁਣੇਗਾ ਅਤੇ ਤੇਰੀ ਅਗਵਾਈ ਕਰੇਗਾ; ਜੇ ਤੂੰ ਪਵਿੱਤਰ ਆਤਮਾ ਦੇ ਅਜੋਕੇ ਵਚਨਾਂ ਦੀ ਬੁਨਿਆਦ ’ਤੇ ਪ੍ਰਾਰਥਨਾ ਨਹੀਂ ਕਰਦਾ, ਤਾਂ ਪਵਿੱਤਰ ਆਤਮਾ ਦੇ ਦੁਆਰਾ ਤੈਨੂੰ ਪ੍ਰੇਰਿਤ ਕੀਤੇ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਜੇ ਤੂੰ ਪਰਮੇਸ਼ੁਰ ਦੀ ਇੱਛਾ ਅਨੁਸਾਰ, ਅਤੇ ਉਸ ਦੇ ਅਨੁਸਾਰ ਪ੍ਰਾਰਥਨਾ ਕਰਦਾ ਹੈਂ ਜੋ ਪਰਮੇਸ਼ੁਰ ਅੱਜ ਕਰਨਾ ਚਾਹੁੰਦਾ ਹੈ, ਤਾਂ ਤੂੰ ਕਹੇਂਗਾ: “ਹੇ ਪਰਮੇਸ਼ੁਰ! ਮੈਂ ਤੇਰੇ ਵੱਲੋਂ ਥਾਪੀਆਂ ਆਗਿਆਵਾਂ ਨੂੰ ਸਵੀਕਾਰ ਕਰਨਾ ਅਤੇ ਤੇਰੇ ਵੱਲੋਂ ਥਾਪੀਆਂ ਆਗਿਆਵਾਂ ਪ੍ਰਤੀ ਵਫ਼ਾਦਾਰ ਬਣਨਾ ਚਾਹੁੰਦਾ ਹਾਂ, ਅਤੇ ਮੈਂ ਆਪਣਾ ਸਾਰਾ ਜੀਵਨ ਤੇਰੀ ਮਹਿਮਾ ਨੂੰ ਅਰਪਣ ਕਰਨ ਲਈ ਤਿਆਰ ਹਾਂ, ਤਾਂ ਕਿ ਉਹ ਸਭ ਜੋ ਮੈਂ ਕਰਦਾ ਹਾਂ ਪਰਮੇਸ਼ੁਰ ਦੇ ਲੋਕਾਂ ਦੇ ਮਾਪਦੰਡਾਂ ਤਕ ਪਹੁੰਚ ਸਕੇ। ਮੇਰਾ ਦਿਲ ਤੇਰੇ ਦੁਆਰਾ ਪ੍ਰੇਰਿਤ ਹੋਵੇ। ਮੈਂ ਚਾਹੁੰਦਾ ਹਾਂ ਕਿ ਤੇਰਾ ਆਤਮਾ ਮੈਨੂੰ ਸਦਾ ਪ੍ਰਕਾਸ਼ਮਾਨ ਕਰੇ, ਜਿਸ ਨਾਲ ਜੋ ਮੈਂ ਕਰਦਾ ਹਾਂ ਉਸ ਸਭ ਦੇ ਦੁਆਰਾ ਸ਼ਤਾਨ ਸ਼ਰਮਿੰਦਾ ਹੋਵੇ, ਤਾਂ ਕਿ ਆਖਰਕਾਰ ਮੈਂ ਤੇਰੇ ਦੁਆਰਾ ਪ੍ਰਾਪਤ ਕੀਤਾ ਜਾਵਾਂ।” ਜੇ ਤੂੰ ਇਸ ਤਰੀਕੇ ਨਾਲ ਪ੍ਰਾਰਥਨਾ ਕਰੇਂਗਾ, ਅਜਿਹੇ ਤਰੀਕੇ ਨਾਲ ਜੋ ਪਰਮੇਸ਼ੁਰ ਦੀ ਇੱਛਾ ਦੇ ਦੁਆਲੇ ਕੇਂਦ੍ਰਿਤ ਹੈ, ਤਾਂ ਪਵਿੱਤਰ ਆਤਮਾ ਨਿਸ਼ਚਿਤ ਤੌਰ ਤੇ ਤੇਰੇ ਵਿੱਚ ਕੰਮ ਕਰੇਗਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੇਰੀਆਂ ਪ੍ਰਾਰਥਨਾਵਾਂ ਕਿੰਨੇ ਸ਼ਬਦਾਂ ਦੀਆਂ ਹਨ—ਮੁੱਖ ਗੱਲ ਇਹ ਹੈ ਕਿ ਤੂੰ ਪਰਮੇਸ਼ੁਰ ਦੀ ਇੱਛਾ ਨੂੰ ਸਮਝਦਾ ਹੈਂ ਜਾਂ ਨਹੀਂ। ਸ਼ਾਇਦ ਤੁਸੀਂ ਸਭਨਾਂ ਨੇ ਇਹ ਅਨੁਭਵ ਕੀਤਾ ਹੋਵੇ: ਕਈ ਵਾਰ, ਕਿਸੇ ਸਭਾ ਵਿੱਚ ਪ੍ਰਾਰਥਨਾ ਕਰਦਿਆਂ ਪਵਿੱਤਰ ਆਤਮਾ ਦੇ ਕੰਮ ਦੇ ਪ੍ਰਭਾਵ ਆਪਣੇ ਸਿਖਰ ’ਤੇ ਪਹੁੰਚ ਕੇ, ਹਰੇਕ ਦੀ ਸਮਰੱਥਾ ਨੂੰ ਉਠਾ ਖੜ੍ਹਾ ਕਰਦੇ ਹਨ। ਕੁਝ ਲੋਕ ਪ੍ਰਾਰਥਨਾ ਕਰਦੇ ਹੋਏ ਭੁੱਬਾਂ ਮਾਰ-ਮਾਰ ਕੇ ਰੋਂਦੇ ਅਤੇ ਅੱਥਰੂ ਵਹਾਉਂਦੇ ਹੋਏ, ਪਰਮੇਸ਼ੁਰ ਦੇ ਸਨਮੁੱਖ ਪਛਤਾਵੇ ਨਾਲ ਭਰ ਜਾਂਦੇ ਹਨ, ਅਤੇ ਕੁਝ ਲੋਕ ਆਪਣੇ ਸੰਕਲਪ ਵਿਖਾਉਂਦੇ ਹਨ ਅਤੇ ਸੁੱਖਣਾਂ ਸੁੱਖਦੇ ਹਨ। ਪਵਿੱਤਰ ਆਤਮਾ ਦੇ ਕੰਮ ਦੇ ਦੁਆਰਾ ਅਜਿਹਾ ਹੀ ਪ੍ਰਭਾਵ ਹਾਸਲ ਕੀਤਾ ਜਾਣਾ ਜ਼ਰੂਰੀ ਹੈ। ਅੱਜ, ਬਹੁਤ ਜ਼ਰੂਰੀ ਹੈ ਕਿ ਸਭ ਲੋਕ ਆਪਣੇ ਦਿਲ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਵਚਨਾਂ ਵਿੱਚ ਉਂਡੇਲ ਦੇਣ। ਉਨ੍ਹਾਂ ਵਚਨਾਂ ਉੱਤੇ ਧਿਆਨ ਨਾ ਲਗਾ ਜਿਹੜੇ ਪਹਿਲਾਂ ਬੋਲੇ ਗਏ ਸਨ; ਜੇ ਤੂੰ ਅਜੇ ਵੀ ਉਸੇ ਨੂੰ ਫੜੀ ਰੱਖਦਾ ਹੈਂ ਜੋ ਪਹਿਲਾਂ ਆਇਆ ਸੀ; ਤਾਂ ਪਵਿੱਤਰ ਆਤਮਾ ਤੇਰੇ ਅੰਦਰ ਕੰਮ ਨਹੀਂ ਕਰੇਗਾ। ਕੀ ਤੈਨੂੰ ਵਿਖਾਈ ਦਿੰਦਾ ਹੈ ਕਿ ਇਹ ਕਿੰਨਾ ਮਹੱਤਵਪੂਰਣ ਹੈ?

ਕੀ ਤੂੰ ਉਸ ਰਾਹ ਨੂੰ ਜਾਣਦਾ ਹੈਂ ਜਿਸ ਉੱਤੇ ਅੱਜ ਪਵਿੱਤਰ ਆਤਮਾ ਚੱਲਦਾ ਹੈ? ਉਪਰੋਕਤ ਬਹੁਤ ਸਾਰੀਆਂ ਗੱਲਾਂ ਹੀ ਉਹ ਹਨ ਜੋ ਅੱਜ ਅਤੇ ਭਵਿੱਖ ਵਿੱਚ ਪਵਿੱਤਰ ਆਤਮਾ ਦੁਆਰਾ ਹਾਸਲ ਕੀਤਾ ਜਾਣਾ ਹੈ; ਇਹ, ਉਹ ਰਾਹ ਹੈ ਜੋ ਪਵਿੱਤਰ ਆਤਮਾ ਅਪਣਾਉਂਦਾ ਹੈ, ਅਤੇ ਉਹ ਪ੍ਰਵੇਸ਼ ਹੈ ਜਿਸ ਦਾ ਪਿੱਛਾ ਕਰਨਾ ਮਨੁੱਖ ਲਈ ਲਾਜ਼ਮੀ ਹੈ। ਜੀਵਨ ਵਿੱਚ ਤੇਰੇ ਪ੍ਰਵੇਸ਼ ਵਿੱਚ, ਘੱਟ ਤੋਂ ਘੱਟ ਇੰਨਾ ਜ਼ਰੂਰੀ ਹੈ ਕਿ ਤੂੰ ਆਪਣੇ ਦਿਲ ਨੂੰ ਪਰਮੇਸ਼ੁਰ ਦੇ ਵਚਨਾਂ ਵਿੱਚ ਉਂਡੇਲ ਦੇਵੇਂ ਅਤੇ ਪਰਮੇਸ਼ੁਰ ਦੇ ਵਚਨਾਂ ਦੇ ਨਿਆਂ ਅਤੇ ਤਾੜਨਾ ਨੂੰ ਸਵੀਕਾਰ ਕਰਨ ਦੇ ਯੋਗ ਹੋਵੇਂ; ਤੇਰੇ ਦਿਲ ਨੂੰ ਪਰਮੇਸ਼ੁਰ ਦੀ ਤਾਂਘ ਹੋਣੀ ਜ਼ਰੂਰੀ ਹੈ, ਤੈਨੂੰ ਸੱਚਾਈ ਵਿੱਚ ਅਤੇ ਪਰਮੇਸ਼ੁਰ ਦੁਆਰਾ ਲੋੜੀਂਦੇ ਟੀਚਿਆਂ ਵਿੱਚ ਡੂੰਘਾਈ ਨਾਲ ਪ੍ਰਵੇਸ਼ ਕਰਨ ਦਾ ਯਤਨ ਕਰਨਾ ਜ਼ਰੂਰੀ ਹੈ। ਜਦੋਂ ਤੇਰੇ ਕੋਲ ਇਹ ਸਮਰੱਥਾ ਹੁੰਦੀ ਹੈ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤੂੰ ਪਰਮੇਸ਼ੁਰ ਦੇ ਦੁਆਰਾ ਪ੍ਰੇਰਿਤ ਕੀਤਾ ਗਿਆ ਹੈਂ, ਅਤੇ ਤੇਰਾ ਦਿਲ ਪਰਮੇਸ਼ੁਰ ਵੱਲ ਮੁੜਨ ਲੱਗ ਪਿਆ ਹੈ।

ਜੀਵਨ ਵਿੱਚ ਪ੍ਰਵੇਸ਼ ਦਾ ਪਹਿਲਾ ਕਦਮ ਹੈ ਆਪਣੇ ਦਿਲ ਨੂੰ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਵਚਨਾਂ ਵਿੱਚ ਉਂਡੇਲਣਾ, ਅਤੇ ਦੂਸਰਾ ਕਦਮ ਹੈ ਪਵਿੱਤਰ ਆਤਮਾ ਦੇ ਦੁਆਰਾ ਪ੍ਰੇਰਿਤ ਕੀਤੇ ਜਾਣ ਨੂੰ ਸਵੀਕਾਰ ਕਰਨਾ। ਪਵਿੱਤਰ ਆਤਮਾ ਦੇ ਦੁਆਰਾ ਪ੍ਰੇਰਿਤ ਕੀਤੇ ਜਾਣ ਨੂੰ ਸਵੀਕਾਰ ਕਰਨ ਨਾਲ ਕੀ ਪ੍ਰਭਾਵ ਹਾਸਲ ਹੁੰਦਾ ਹੈ? ਇਹ ਹੈ ਹੋਰ ਵਧੀਕ ਡੂੰਘੀ ਸੱਚਾਈ ਦੀ ਤਾਂਘ ਕਰਨ, ਤਲਾਸ਼ਣ ਅਤੇ ਖੋਜਣ ਦੇ ਯੋਗ ਹੋਣਾ, ਅਤੇ ਸਕਾਰਾਤਮਕ ਤਰੀਕੇ ਨਾਲ ਪਰਮੇਸ਼ੁਰ ਦੇ ਨਾਲ ਸਹਿਯੋਗ ਕਰਨ ਦੇ ਸਮਰੱਥ ਹੋਣਾ। ਅੱਜ, ਤੂੰ ਪਰਮੇਸ਼ੁਰ ਨਾਲ ਸਹਿਯੋਗ ਕਰਦਾ ਹੈਂ, ਜਿਸ ਦਾ ਅਰਥ ਹੈ ਕਿ ਤੇਰੇ ਯਤਨ ਦਾ, ਤੇਰੀਆਂ ਪ੍ਰਾਰਥਨਾਵਾਂ ਦਾ ਅਤੇ ਪਰਮੇਸ਼ੁਰ ਦੇ ਵਚਨਾਂ ਦੀ ਤੇਰੀ ਸੰਗਤੀ ਦਾ ਇੱਕ ਟੀਚਾ ਹੈ, ਅਤੇ ਤੂੰ ਪਰਮੇਸ਼ੁਰ ਦੀਆਂ ਮੰਗਾਂ ਦੇ ਅਨੁਸਾਰ ਆਪਣਾ ਫ਼ਰਜ਼ ਪੂਰਾ ਕਰਦਾ ਹੈਂ—ਕੇਵਲ ਇਹੀ ਪਰਮੇਸ਼ੁਰ ਦੇ ਨਾਲ ਸਹਿਯੋਗ ਕਰਨਾ ਹੈ। ਜੇ ਤੂੰ ਕੇਵਲ ਪਰਮੇਸ਼ੁਰ ਨੂੰ ਕੰਮ ਕਰਨ ਦੇਣ ਬਾਰੇ ਗੱਲ ਕਰਦਾ ਹੈਂ, ਪਰ ਆਪ ਕੋਈ ਕਦਮ ਨਹੀਂ ਉਠਾਉਂਦਾ, ਨਾ ਪ੍ਰਾਰਥਨਾ ਅਤੇ ਨਾ ਹੀ ਤਲਾਸ਼, ਤਾਂ ਕੀ ਇਸ ਨੂੰ ਸਹਿਯੋਗ ਇਹ ਜਾ ਸਕਦਾ ਹੈ? ਜੇ ਤੇਰੇ ਅੰਦਰ ਭੋਰਾ ਜਿੰਨਾ ਵੀ ਸਹਿਯੋਗ ਨਹੀਂ ਹੈ, ਅਤੇ ਤੂੰ ਅਜਿਹੇ ਪ੍ਰਵੇਸ਼ ਲਈ ਸਿਖਲਾਈ ਤੋਂ ਸੱਖਣਾ ਹੈਂ ਜਿਸ ਦਾ ਕੋਈ ਉਦੇਸ਼ ਹੈ, ਤਾਂ ਤੂੰ ਸਹਿਯੋਗ ਨਹੀਂ ਕਰ ਰਿਹਾ। ਕੁਝ ਲੋਕ ਕਹਿੰਦੇ ਹਨ: “ਸਭ ਕੁਝ ਪਰਮੇਸ਼ੁਰ ਦੇ ਪੂਰਵ-ਨਿਰਧਾਰਣ ਉੱਤੇ ਨਿਰਭਰ ਕਰਦਾ ਹੈ, ਇਹ ਸਭ ਖੁਦ ਪਰਮੇਸ਼ੁਰ ਦੇ ਦੁਆਰਾ ਹੀ ਕੀਤਾ ਜਾਂਦਾ ਹੈ; ਜੇ ਪਰਮੇਸ਼ੁਰ ਨੇ ਇਹ ਨਹੀਂ ਕੀਤਾ, ਤਾਂ ਮਨੁੱਖ ਕਿਵੇਂ ਕਰ ਸਕਦਾ ਹੈ?” ਪਰਮੇਸ਼ੁਰ ਦਾ ਕੰਮ ਸਧਾਰਣ ਹੈ, ਅਤੇ ਰਤੀ ਭਰ ਵੀ ਅਲੌਕਿਕ ਨਹੀਂ ਹੈ, ਅਤੇ ਪਵਿੱਤਰ ਆਤਮਾ ਕੇਵਲ ਤੇਰੇ ਸਰਗਰਮੀ ਨਾਲ ਤਲਾਸ਼ ਕਰਨ ਰਾਹੀਂ ਹੀ ਕੰਮ ਕਰਦਾ ਹੈ, ਕਿਉਂਕਿ ਪਰਮੇਸ਼ੁਰ ਮਨੁੱਖ ਨੂੰ ਮਜਬੂਰ ਨਹੀਂ ਕਰਦਾ—ਤੇਰੇ ਲਈ ਪਰਮੇਸ਼ੁਰ ਨੂੰ ਕੰਮ ਕਰਨ ਦਾ ਮੌਕਾ ਦੇਣਾ ਲਾਜ਼ਮੀ ਹੈ, ਅਤੇ ਜੇ ਤੂੰ ਯਤਨ ਜਾਂ ਪ੍ਰਵੇਸ਼ ਨਹੀਂ ਕਰਦਾ, ਅਤੇ ਜੇ ਤੇਰੇ ਦਿਲ ਵਿੱਚ ਜ਼ਰਾ ਵੀ ਤਾਂਘ ਨਹੀਂ ਹੈ, ਤਾਂ ਪਰਮੇਸ਼ੁਰ ਕੋਲ ਕੰਮ ਕਰਨ ਦਾ ਕੋਈ ਮੌਕਾ ਨਹੀਂ ਹੈ। ਤੂੰ ਕਿਸ ਰਾਹ ਦੁਆਰਾ ਪਰਮੇਸ਼ੁਰ ਦੇ ਦੁਆਰਾ ਪ੍ਰੇਰਿਤ ਕੀਤੇ ਜਾਣ ਦੀ ਤਲਾਸ਼ ਕਰ ਸਕਦਾ ਹੈਂ? ਪ੍ਰਾਰਥਨਾ ਦੁਆਰਾ, ਅਤੇ ਪਰਮੇਸ਼ੁਰ ਦੇ ਹੋਰ ਨੇੜੇ ਆਉਣ ਦੁਆਰਾ। ਪਰ ਸਭ ਤੋਂ ਮਹੱਤਵਪੂਰਣ ਗੱਲ, ਯਾਦ ਰੱਖ ਕਿ ਇਹ ਪਰਮੇਸ਼ੁਰ ਵੱਲੋਂ ਬੋਲੇ ਜਾਣ ਵਾਲੇ ਵਚਨਾਂ ਦੀ ਬੁਨਿਆਦ ਉੱਤੇ ਹੋਣਾ ਜ਼ਰੂਰੀ ਹੈ। ਜਦੋਂ ਤੂੰ ਪਰਮੇਸ਼ੁਰ ਵੱਲੋਂ ਅਕਸਰ ਪ੍ਰੇਰਿਤ ਕੀਤਾ ਜਾਂਦਾ ਹੈਂ, ਤਾਂ ਤੂੰ ਸਰੀਰ ਦਾ ਗੁਲਾਮ ਨਹੀਂ ਬਣਦਾ: ਪਤੀ, ਪਤਨੀ, ਬੱਚੇ ਅਤੇ ਪੈਸਾ—ਇਹ ਸਭ ਤੈਨੂੰ ਜ਼ੰਜੀਰਾਂ ਵਿੱਚ ਜਕੜਨ ਵਿੱਚ ਅਸਮਰੱਥ ਹੁੰਦੇ ਹਨ, ਅਤੇ ਤੂੰ ਕੇਵਲ ਸੱਚਾਈ ਦਾ ਪਿੱਛਾ ਕਰਨ ਅਤੇ ਪਰਮੇਸ਼ੁਰ ਦੇ ਸਨਮੁੱਖ ਜੀਉਣ ਦੀ ਚਾਹ ਕਰਦਾ ਹੈਂ। ਇਸ ਸਮੇਂ, ਤੂੰ ਉਹ ਵਿਅਕਤੀ ਹੋਵੇਂਗਾ ਜਿਹੜਾ ਸੁਤੰਤਰਤਾ ਦੇ ਰਾਜ ਵਿੱਚ ਜੀਉਂਦਾ ਹੈ।

ਪਿਛਲਾ: ਸਿਰਫ਼ ਉਹੀ ਲੋਕ ਜੋ ਪਰਮੇਸ਼ੁਰ ਦੇ ਅੱਜ ਦੇ ਕੰਮ ਨੂੰ ਜਾਣਦੇ ਹਨ ਪਰਮੇਸ਼ੁਰ ਦੀ ਸੇਵਾ ਕਰ ਸਕਦੇ ਹਨ

ਅਗਲਾ: ਪਰਮੇਸ਼ੁਰ ਉਨ੍ਹਾਂ ਨੂੰ ਸੰਪੂਰਣ ਕਰਦਾ ਹੈ ਜਿਹੜੇ ਉਸ ਦੇ ਆਪਣੇ ਮਨ ਦੇ ਅਨੁਸਾਰ ਹੁੰਦੇ ਹਨ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ