ਤੁਹਾਨੂੰ ਸੱਚਾਈ ਨੂੰ ਸਮਝ ਲੈਣ ਤੋਂ ਬਾਅਦ, ਇਸਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ
ਪਰਮੇਸ਼ੁਰ ਦੇ ਕੰਮ ਅਤੇ ਵਚਨ ਦਾ ਉਦੇਸ਼ ਤੁਹਾਡੇ ਸੁਭਾਅ ਵਿੱਚ ਤਬਦੀਲੀ ਲਿਆਉਣਾ ਹੈ; ਉਸ ਦਾ ਟੀਚਾ ਸਿਰਫ਼ ਇਹੀ ਨਹੀਂ ਹੈ ਕਿ ਤੁਸੀਂ ਉਸ ਦੇ ਕੰਮ ਅਤੇ ਵਚਨਾਂ ਨੂੰ ਸਮਝੋ ਜਾਂ ਜਾਣੋ। ਇੰਨਾ ਕਾਫ਼ੀ ਨਹੀਂ ਹੈ। ਤੁਸੀਂ ਇੱਕ ਅਜਿਹੇ ਵਿਅਕਤੀ ਹੋ ਜਿਸ ਕੋਲ ਸਮਝਣ ਦੀ ਯੋਗਤਾ ਹੈ, ਇਸ ਲਈ ਤੁਹਾਨੂੰ ਪਰਮੇਸ਼ੁਰ ਦੇ ਵਚਨ ਨੂੰ ਸਮਝਣ ਵਿੱਚ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ, ਕਿਉਂਕਿ ਪਰਮੇਸ਼ੁਰ ਦਾ ਵਚਨ ਜ਼ਿਆਦਾਤਰ ਮਨੁੱਖੀ ਭਾਸ਼ਾ ਵਿੱਚ ਹੀ ਲਿਖਿਆ ਗਿਆ ਹੈ, ਅਤੇ ਪਰਮੇਸ਼ੁਰ ਬਹੁਤ ਸਾਫ਼-ਸਾਫ਼ ਉਚਾਰਣ ਕਰਦਾ ਹੈ। ਉਦਾਹਰਣ ਦੇ ਲਈ, ਤੁਸੀਂ ਇਹ ਸਿੱਖਣ ਵਿੱਚ ਪੂਰੀ ਤਰ੍ਹਾਂ ਸਮਰੱਥ ਹੋ ਕਿ ਉਹ ਕੀ ਹੈ ਜੋ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਸਮਝੋ ਅਤੇ ਅਮਲ ਵਿੱਚ ਲਿਆਓ; ਇਹ ਇੱਕ ਅਜਿਹੀ ਚੀਜ਼ ਹੈ ਜੋ ਕੋਈ ਵੀ ਆਮ ਵਿਅਕਤੀ ਜਿਸ ਦੇ ਅੰਦਰ ਸਮਝਣ ਦੀ ਯੋਗਤਾ ਹੈ, ਕਰ ਸਕਦਾ ਹੈ। ਖਾਸ ਕਰਕੇ, ਪਰਮੇਸ਼ੁਰ ਵਰਤਮਾਨ ਪੜਾਅ ’ਤੇ ਜਿਨ੍ਹਾਂ ਵਚਨਾਂ ਦਾ ਉਚਾਰਣ ਕਰ ਰਿਹਾ ਹੈ, ਉਹ ਵਿਸ਼ੇਸ਼ ਤੌਰ ਤੇ ਸਾਫ਼ ਅਤੇ ਸਪਸ਼ਟ ਹਨ, ਅਤੇ ਪਰਮੇਸ਼ੁਰ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਵੱਲ ਇਸ਼ਾਰਾ ਕਰ ਰਿਹਾ ਹੈ ਜਿਨ੍ਹਾਂ ਬਾਰੇ ਲੋਕਾਂ ਨੇ ਵਿਚਾਰ ਨਹੀਂ ਕੀਤਾ ਹੈ, ਅਤੇ ਇਸ ਦੇ ਨਾਲ ਹੀ ਮਨੁੱਖੀ ਅਵਸਥਾਵਾਂ ਬਾਰੇ ਵੀ। ਉਸ ਦੇ ਵਚਨ ਵਿਆਪਕ ਹਨ, ਅਤੇ ਪੂਰੇ ਚੰਨ ਦੇ ਚਾਨਣ ਵਾਂਗ ਨਿਰਮਲ ਹਨ। ਇਸ ਲਈ ਹੁਣ, ਲੋਕ ਬਹੁਤ ਸਾਰੇ ਮੁੱਦਿਆਂ ਨੂੰ ਸਮਝਦੇ ਹਨ, ਪਰ ਅਜੇ ਵੀ ਕੁਝ ਕਮੀ ਹੈ—ਲੋਕਾਂ ਦੁਆਰਾ ਉਸ ਦੇ ਵਚਨ ਨੂੰ ਅਮਲ ਵਿੱਚ ਲਿਆਉਣ ਦੀ। ਇਹ ਜ਼ਰੂਰੀ ਹੈ ਕਿ ਲੋਕ ਸੱਚ ਦੇ ਸਾਰੇ ਪਹਿਲੂਆਂ ਦਾ ਵਿਸਤਾਰ ਵਿੱਚ ਤਜਰਬਾ ਕਰਨ, ਅਤੇ ਹੋਰ ਵੀ ਵੱਧ ਵਿਸਤਾਰ ਨਾਲ ਇਸ ਦੀ ਪੜਚੋਲ ਅਤੇ ਭਾਲ ਕਰਨ, ਬਜਾਏ ਇਸ ਦੇ ਕਿ ਉਨ੍ਹਾਂ ਨੂੰ ਜੋ ਵੀ ਉਪਲਬਧ ਕਰਾਇਆ ਜਾਂਦਾ ਹੈ ਬਸ ਉਸੇ ਨੂੰ ਜਜ਼ਬ ਕਰਨ ਦੀ ਉਡੀਕ ਕਰਨ; ਨਹੀਂ ਤਾਂ ਉਹ ਪਰਜੀਵੀਆਂ ਤੋਂ ਬਹੁਤੇ ਅੱਡ ਨਹੀਂ ਹਨ। ਉਨ੍ਹਾਂ ਨੂੰ ਪਰਮੇਸ਼ੁਰ ਦੇ ਵਚਨ ਬਾਰੇ ਪਤਾ ਹੈ, ਪਰ ਫ਼ਿਰ ਵੀ ਇਸ ਨੂੰ ਅਮਲ ਵਿੱਚ ਨਹੀਂ ਲਿਆਉਂਦੇ। ਅਜਿਹਾ ਵਿਅਕਤੀ ਸੱਚਾਈ ਨੂੰ ਪਿਆਰ ਨਹੀਂ ਕਰਦਾ ਅਤੇ ਆਖਰਕਾਰ ਉਸ ਨੂੰ ਮਿਟਾ ਦਿੱਤਾ ਜਾਵੇਗਾ। 1990 ਦੇ ਦਹਾਕੇ ਦੇ ਇੱਕ ਪਤਰਸ ਵਾਂਗ ਬਣਨ ਦਾ ਮਤਲਬ ਇਹ ਹੈ ਕਿ ਤੁਹਾਡੇ ਵਿੱਚੋਂ ਹਰ ਇੱਕ ਨੂੰ ਪਰਮੇਸ਼ੁਰ ਦੇ ਵਚਨ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ, ਆਪਣੇ ਅਨੁਭਵਾਂ ਵਿੱਚ ਸੱਚਾ ਪ੍ਰਵੇਸ਼ ਕਰਨਾ ਚਾਹੀਦਾ ਹੈ ਅਤੇ ਪਰਮੇਸ਼ੁਰ ਦੇ ਨਾਲ ਆਪਣੇ ਸਹਿਯੋਗ ਵਿੱਚ ਹੋਰ ਵੀ ਜ਼ਿਆਦਾ ਅਤੇ ਹੋਰ ਵੀ ਵਧੇਰੇ ਅੰਦਰੂਨੀ ਚਾਨਣ ਪ੍ਰਾਪਤ ਕਰਨਾ ਚਾਹੀਦਾ ਹੈ, ਜੋ ਤੁਹਾਡੀ ਆਪਣੀ ਜ਼ਿੰਦਗੀ ਵਿੱਚ ਨਿਰੰਤਰ ਸਹਾਇਤਾ ਪ੍ਰਦਾਨ ਕਰੇਗਾ। ਜੇ ਤੂੰ ਪਰਮੇਸ਼ੁਰ ਦੇ ਬਹੁਤ ਸਾਰੇ ਵਚਨ ਨੂੰ ਪੜ੍ਹਿਆ ਹੈ, ਪਰ ਸਿਰਫ਼ ਉਸ ਦਾ ਅੱਖਰੀ ਮਤਲਬ ਹੀ ਸਮਝਦਾ ਹੈਂ ਅਤੇ ਤੇਰੇ ਕੋਲ ਵਿਹਾਰਕ ਅਨੁਭਵ ਰਾਹੀਂ ਪਰਮੇਸ਼ੁਰ ਦੇ ਵਚਨ ਦੇ ਸਿੱਧੇ ਗਿਆਨ ਦੀ ਥੁੜ੍ਹ ਹੈ, ਤਾਂ ਤੂੰ ਪਰਮੇਸ਼ੁਰ ਦੇ ਵਚਨ ਨੂੰ ਨਹੀਂ ਜਾਣ ਸਕੇਂਗਾ। ਜਿੱਥੋਂ ਤਕ ਤੇਰਾ ਸੰਬੰਧ ਹੈ, ਤੇਰੇ ਲਈ ਪਰਮੇਸ਼ੁਰ ਦਾ ਵਚਨ ਜੀਵਨ ਨਹੀਂ ਹੈ, ਪਰ ਸਿਰਫ਼ ਇੱਕ ਬੇਜਾਨ ਲਿਖਤ ਹੈ, ਅਤੇ ਜੇ ਤੂੰ ਸਿਰਫ਼ ਬੇਜਾਨ ਲਿਖਤ ਦਾ ਪਾਲਣ ਕਰਦਿਆਂ ਹੀ ਜੀਵਨ ਜੀਉਂਦਾ ਹੈਂ, ਤਾਂ ਤੈਨੂੰ ਪਰਮੇਸ਼ੁਰ ਦੇ ਵਚਨ ਦੇ ਨਿਚੋੜ ਦੀ ਸਮਝ ਨਹੀਂ ਆ ਸਕਦੀ, ਅਤੇ ਨਾ ਹੀ ਤੂੰ ਉਸ ਦੀ ਇੱਛਾ ਨੂੰ ਸਮਝ ਸਕੇਂਗਾ। ਸਿਰਫ਼ ਜਦੋਂ ਤੂੰ ਆਪਣੇ ਅਸਲ ਅਨੁਭਵਾਂ ਵਿੱਚ ਉਸ ਦੇ ਵਚਨ ਦਾ ਅਨੁਭਵ ਕਰੇਂਗਾ, ਤਦ ਹੀ ਤੈਨੂੰ ਪਰਮੇਸ਼ੁਰ ਦੇ ਵਚਨ ਦਾ ਆਤਮਕ ਅਰਥ ਸਮਝ ਆਵੇਗਾ, ਅਤੇ ਤੂੰ ਸਿਰਫ਼ ਅਨੁਭਵ ਨਾਲ ਹੀ ਬਹੁਤ ਸਾਰੀਆਂ ਸੱਚਾਈਆਂ ਦੇ ਆਤਮਕ ਅਰਥਾਂ ਨੂੰ ਸਮਝ ਸਕਦਾ ਹੈਂ ਅਤੇ ਪਰਮੇਸ਼ੁਰ ਦੇ ਵਚਨ ਦੇ ਰਹੱਸਾਂ ਨੂੰ ਖੋਲ੍ਹ ਸਕਦਾ ਹੈਂ। ਜੇ ਤੂੰ ਇਸ ਨੂੰ ਅਮਲ ਵਿੱਚ ਨਹੀਂ ਲਿਆਉਂਦਾ, ਤਾਂ ਭਾਵੇਂ ਉਸ ਦੇ ਵਚਨ ਕਿੰਨੇ ਵੀ ਸਪਸ਼ਟ ਕਿਉਂ ਨਾ ਹੋਣ, ਤੈਨੂੰ ਉਨ੍ਹਾਂ ਦੀ ਖਾਲੀ ਲਿਖਤ ਅਤੇ ਸਿਧਾਂਤ ਹੀ ਸਮਝ ਆਏ ਹਨ, ਜੋ ਤੇਰੇ ਲਈ ਧਾਰਮਿਕ ਨਿਯਮ ਬਣ ਗਏ ਹਨ। ਕੀ ਫ਼ਰੀਸੀਆਂ ਨੇ ਇਹੀ ਨਹੀਂ ਕੀਤਾ ਸੀ? ਜੇ ਤੂੰ ਪਰਮੇਸ਼ੁਰ ਦੇ ਵਚਨ ਨੂੰ ਅਮਲ ਵਿੱਚ ਲਿਆਉਂਦਾ ਅਤੇ ਇਸ ਦਾ ਅਨੁਭਵ ਕਰਦਾ ਹੈਂ, ਤਾਂ ਇਹ ਤੇਰੇ ਲਈ ਵਿਹਾਰਕ ਬਣ ਜਾਂਦਾ ਹੈ; ਜੇ ਤੂੰ ਇਸ ਨੂੰ ਅਮਲ ਵਿੱਚ ਲਿਆਉਣ ਦੀ ਕੋਸ਼ਿਸ਼ ਨਹੀਂ ਕਰਦਾ, ਤਾਂ ਪਰਮੇਸ਼ੁਰ ਦਾ ਵਚਨ ਤੇਰੇ ਲਈ ਤੀਜੇ ਸੁਰਗ ਦੀ ਖਿਆਲੀ ਕਹਾਣੀ ਤੋਂ ਬਹੁਤਾ ਅਲੱਗ ਨਹੀਂ ਹੈ। ਦਰਅਸਲ, ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦੀ ਪ੍ਰਕਿਰਿਆ ਤੇਰੇ ਦੁਆਰਾ ਉਸ ਦੇ ਵਚਨ ਦਾ ਅਨੁਭਵ ਕਰਨ ਅਤੇ ਇਸ ਦੇ ਨਾਲ ਹੀ ਉਸ ਦੁਆਰਾ ਤੈਨੂੰ ਪ੍ਰਾਪਤ ਕਰ ਲਏ ਜਾਣ ਦੀ ਪ੍ਰਕਿਰਿਆ ਹੈ, ਜਾਂ ਜੇ ਇਸ ਨੂੰ ਵਧੇਰੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਜਾਵੇ, ਤਾਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦਾ ਮਤਲਬ ਉਸ ਦੇ ਵਚਨ ਦਾ ਗਿਆਨ ਅਤੇ ਸਮਝ ਹੋਣਾ ਅਤੇ ਉਸ ਦੇ ਵਚਨ ਦਾ ਅਨੁਭਵ ਕਰਨਾ ਅਤੇ ਉਸ ਨੂੰ ਆਪਣੀ ਜੀਵਨਸ਼ੈਲੀ ਬਣਾ ਲੈਣਾ ਹੈ; ਇਹੋ ਪਰਮੇਸ਼ੁਰ ਵਿੱਚ ਤੁਹਾਡੇ ਵਿਸ਼ਵਾਸ ਦੇ ਪਿੱਛੇ ਦੀ ਅਸਲੀਅਤ ਹੈ। ਜੇ ਤੁਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹੋ ਅਤੇਪਰਮੇਸ਼ੁਰ ਦੇ ਵਚਨ ਨੂੰ ਅਮਲ ਵਿੱਚ ਲਿਆਉਣ ਅਤੇ ਸੱਚਾਈ ਦੀ ਅਸਲੀਅਤ ਵਿੱਚ ਪ੍ਰਵੇਸ਼ ਕਰਨ ਦੀ ਤਾਂਘ ਦੇ ਬਗੈਰ ਸਦੀਪਕ ਜੀਵਨ ਦੀ ਆਸ ਰੱਖਦੇ ਹੋ, ਤਾਂ ਤੁਸੀਂ ਮੂਰਖ ਹੋ। ਇਹ ਕਿਸੇ ਦਾਅਵਤ ’ਤੇ ਜਾ ਕੇ ਕਿਸੇ ਵੀ ਭੋਜਨ ਦਾ ਅਸਲ ਵਿੱਚ ਸਵਾਦ ਚੱਖੇ ਬਗੈਰ, ਸਿਰਫ਼ ਸਵਾਦੀ ਖਾਣਿਆਂ ਵੱਲ ਦੇਖ ਕੇ ਮਨ ਵਿੱਚ ਹੀ ਉਨ੍ਹਾਂ ਦਾ ਸਵਾਦ ਲੈਣ ਵਾਂਗ ਹੈ, ਇਹ ਇੰਝ ਹੋਵੇਗਾ ਜਿਵੇਂ ਉੱਥੇ ਕੁਝ ਵੀ ਖਾਧਾ ਜਾਂ ਪੀਤਾ ਨਾ ਹੋਵੇ। ਕੀ ਅਜਿਹਾ ਵਿਅਕਤੀ ਮੂਰਖ ਨਹੀਂ ਹੋਵੇਗਾ?
ਮਨੁੱਖ ਦੇ ਕੋਲ ਜਿਹੜੀ ਸੱਚਾਈ ਹੋਣ ਦੀ ਲੋੜ ਹੈ ਉਹ ਪਰਮੇਸ਼ੁਰ ਦੇ ਵਚਨ ਵਿੱਚ ਮਿਲਦੀ ਹੈ, ਇਹ ਇੱਕ ਅਜਿਹੀ ਸੱਚਾਈ ਹੈ ਜੋ ਮਨੁੱਖਜਾਤੀ ਲਈ ਸਭ ਤੋਂ ਵੱਧ ਫ਼ਾਇਦੇਮੰਦ ਅਤੇ ਮਦਦਗਾਰ ਹੈ। ਇਹ ਤਾਕਤ ਦੇਣ ਵਾਲੀ ਉਹ ਦਵਾਈ ਅਤੇ ਖੁਰਾਕ ਹੈ ਜਿਸ ਦੀ ਤੁਹਾਡੇ ਸਰੀਰ ਨੂੰ ਲੋੜ ਹੈ, ਅਜਿਹੀ ਚੀਜ਼ ਜੋ ਮਨੁੱਖ ਨੂੰ ਆਪਣੀ ਅਸਲ ਮਨੁੱਖਤਾ ਨੂੰ ਪਹਿਲੀ ਹਾਲਤ ਵਿੱਚ ਲਿਆਉਣ ’ਚ ਮਦਦ ਕਰਦੀ ਹੈ। ਇਹ ਉਹ ਸੱਚਾਈ ਹੈ ਜੋ ਮਨੁੱਖ ਵਿੱਚ ਹੋਣੀ ਚਾਹੀਦੀ ਹੈ। ਤੁਸੀਂ ਜਿੰਨਾ ਜ਼ਿਆਦਾ ਪਰਮੇਸ਼ੁਰ ਦੇ ਵਚਨ ਨੂੰ ਅਮਲ ਵਿੱਚ ਲਿਆਉਂਦੇ ਹੋ, ਤੁਹਾਡਾ ਜੀਵਨ ਓਨੀ ਹੀ ਛੇਤੀ ਖਿੜੇਗਾ, ਅਤੇ ਸੱਚ ਓਨਾ ਹੀ ਵਧੇਰੇ ਸਪਸ਼ਟ ਹੁੰਦਾ ਜਾਵੇਗਾ। ਜਿਵੇਂ-ਜਿਵੇਂ ਤੁਹਾਡਾ ਰੁਤਬਾ ਵਧਦਾ ਜਾਵੇਗਾ, ਤੁਹਾਨੂੰ ਆਤਮਕ ਦੁਨੀਆ ਦੀਆਂ ਚੀਜ਼ਾਂ ਵਧੇਰੇ ਸਾਫ਼ ਤੌਰ ’ਤੇ ਦਿਖਾਈ ਦੇਣਗੀਆਂ, ਅਤੇ ਤੁਹਾਡੇ ਕੋਲ ਸ਼ਤਾਨ ਉੱਤੇ ਜਿੱਤ ਪਾਉਣ ਲਈ ਵਧੇਰੇ ਤਾਕਤ ਹੋਵੇਗੀ। ਬਹੁਤ ਸਾਰੀ ਸੱਚਾਈ ਜੋ ਤੁਹਾਨੂੰ ਹੁਣ ਸਮਝ ਨਹੀਂ ਆਉਂਦੀ, ਉਹ ਉਦੋਂ ਸਪੱਸ਼ਟ ਸਮਝਾਈ ਜਾਵੇਗੀ ਜਦੋਂ ਤੁਸੀਂ ਪਰਮੇਸ਼ੁਰ ਦੇ ਵਚਨ ਨੂੰ ਅਮਲ ਵਿੱਚ ਲਿਆਓਗੇ। ਬਹੁਤੇ ਲੋਕਾਂ ਨੂੰ ਸਿਰਫ਼ ਪਰਮੇਸ਼ੁਰ ਦੇ ਵਚਨ ਦੇ ਅੱਖਰਾਂ ਨੂੰ ਸਮਝ ਕੇ ਹੀ ਤਸੱਲੀ ਹੋ ਜਾਂਦੀ ਹੈ ਅਤੇ ਉਨ੍ਹਾਂ ਦਾ ਧਿਆਨ ਅਮਲ ਕਰਨ ਦੇ ਆਪਣੇ ਅਨੁਭਵ ਨੂੰ ਡੂੰਘਾ ਕਰਨ ਦੀ ਬਜਾਏ ਆਪਣੇ ਆਪ ਨੂੰ ਸਿਧਾਂਤਾਂ ਨਾਲ ਲੈਸ ਕਰਨ ’ਤੇ ਲੱਗਾ ਹੁੰਦਾ ਹੈ, ਪਰ ਕੀ ਇਹ ਫ਼ਰੀਸੀਆਂ ਦਾ ਤਰੀਕਾ ਨਹੀਂ ਹੈ? ਤਾਂ ਫ਼ਿਰ, ਉਨ੍ਹਾਂ ਲਈ ਇਹ ਕਥਨ ਕਿਵੇਂ ਵਾਸਤਵਿਕ ਹੋ ਸਕਦੇ ਹਨ ਕਿ “ਪਰਮੇਸ਼ੁਰ ਦਾ ਵਚਨ ਜੀਉਣ ਹੈ?” ਕਿਸੇ ਵਿਅਕਤੀ ਦਾ ਜੀਵਨ ਸਿਰਫ਼ ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹ ਕੇ ਹੀ ਨਹੀਂ ਵਧ ਸਕਦਾ, ਸਗੋਂ ਸਿਰਫ਼ ਉਦੋਂ ਹੀ ਵਧਦਾ ਹੈ ਜਦੋਂ ਪਰਮੇਸ਼ੁਰ ਦੇ ਵਚਨਾਂ ਨੁੰ ਅਮਲ ਵਿੱਚ ਲਿਆਇਆ ਜਾਂਦਾ ਹੈ। ਜੇ ਤੁਹਾਡਾ ਵਿਸ਼ਵਾਸ ਇਹ ਹੈ ਕਿ ਜੀਵਨ ਅਤੇ ਰੁਤਬਾ ਪਾਉਣ ਲਈ ਪਰਮੇਸ਼ੁਰ ਦੇ ਵਚਨ ਨੂੰ ਸਮਝਣਾ ਹੀ ਕਾਫ਼ੀ ਹੈ, ਤਾਂ ਤੁਹਾਡੀ ਸਮਝ ਭ੍ਰਿਸ਼ਟੀ ਹੋਈ ਹੈ। ਪਰਮੇਸ਼ੁਰ ਦੇ ਵਚਨਾਂ ਦੀ ਅਸਲ ਸਮਝ ਉਦੋਂ ਆਉਂਦੀ ਹੈ ਜਦੋਂ ਤੂੰ ਸੱਚ ਨੂੰ ਅਮਲ ਵਿੱਚ ਲਿਆਉਂਦਾ ਹੈਂ, ਅਤੇ ਤੇਰੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ “ਇਸ ਨੂੰ ਹਮੇਸ਼ਾ ਸਿਰਫ਼ ਸੱਚ ਨੂੰ ਅਮਲ ਵਿੱਚ ਲਿਆ ਕੇ ਹੀ ਸਮਝਿਆ ਜਾ ਸਕਦਾ ਹੈ।” ਅੱਜ, ਪਰਮੇਸ਼ੁਰ ਦੇ ਵਚਨ ਨੂੰ ਪੜ੍ਹਨ ਤੋਂ ਬਾਅਦ, ਤੂੰ ਸਿਰਫ਼ ਇੰਨਾ ਹੀ ਕਹਿ ਸਕਦਾ ਹੈਂ ਕਿ ਤੂੰ ਪਰਮੇਸ਼ੁਰ ਦੇ ਵਚਨ ਬਾਰੇ ਜਾਣਦਾ ਹੈਂ, ਪਰ ਤੂੰ ਇਹ ਨਹੀਂ ਕਹਿ ਸਕਦਾ ਕਿ ਤੂੰ ਇਸ ਨੂੰ ਸਮਝਦਾ ਹੈਂ। ਕੁਝ ਲੋਕ ਕਹਿੰਦੇ ਹਨ ਕਿ ਸੱਚਾਈ ਨੂੰ ਅਮਲ ਵਿੱਚ ਲਿਆਉਣ ਦਾ ਇੱਕੋ-ਇੱਕ ਤਰੀਕਾ ਪਹਿਲਾਂ ਇਸ ਨੂੰ ਸਮਝਣਾ ਹੈ, ਪਰ ਇਹ ਸਿਰਫ਼ ਥੋੜ੍ਹਾ ਜਿਹਾ ਹੀ ਸਹੀ ਹੈ, ਪੂਰੀ ਤਰ੍ਹਾਂ ਨਾਲ ਬਿਲਕੁਲ ਵੀ ਨਹੀਂ। ਸੱਚ ਦਾ ਗਿਆਨ ਹੋਣ ਤੋਂ ਪਹਿਲਾਂ ਸੱਚ ਨੂੰ ਅਨੁਭਵ ਕਰਨਾ ਜ਼ਰੂਰੀ ਹੈ। ਇਹ ਮਹਿਸੂਸ ਕਰਨਾ ਕਿ ਤੂੰ ਜੋ ਕੁਝ ਕਿਸੇ ਉਪਦੇਸ਼ ਵਿੱਚ ਸੁਣਦਾ ਹੈਂ ਉਹ ਤੈਨੂੰ ਸਮਝ ਆਉਂਦਾ ਹੈ, ਸੱਚੀ ਸਮਝ ਨਹੀਂ ਹੈ—ਇਸ ਦਾ ਮਤਲਬ ਸੱਚਾਈ ਦੇ ਸ਼ਬਦਾਂ ਨੂੰ ਸਿਰਫ਼ ਸ਼ਾਬਦਿਕ ਰੂਪ ਵਿੱਚ ਧਾਰਨ ਕਰਨਾ ਹੈ, ਅਤੇ ਇਹ ਇਸ ਵਿਚਲੇ ਸਹੀ ਅਰਥਾਂ ਨੂੰ ਸਮਝਣ ਦੇ ਬਰਾਬਰ ਨਹੀਂ ਹੈ। ਸੱਚਾਈ ਦਾ ਐਵੇਂ ਥੋਥਾ ਗਿਆਨ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੂੰ ਅਸਲ ਵਿੱਚ ਇਸ ਨੂੰ ਸਮਝਦਾ ਹੈਂ ਜਾਂ ਤੈਨੂੰ ਇਸ ਬਾਰੇ ਜਾਣਕਾਰੀ ਹੈ; ਸੱਚਾਈ ਦਾ ਸੱਚਾ ਅਰਥ ਇਸ ਦਾ ਅਨੁਭਵ ਕਰਨ ਵਿੱਚ ਹੁੰਦਾ ਹੈ। ਇਸ ਲਈ, ਜਦੋਂ ਤੈਨੂੰ ਸੱਚਾਈ ਦਾ ਅਨੁਭਵ ਹੁੰਦਾ ਹੈ ਸਿਰਫ਼ ਉਦੋਂ ਹੀ ਤੂੰ ਇਸ ਨੂੰ ਅਤੇ ਇਸ ਦੇ ਗੁੱਝੇ ਹਿੱਸਿਆਂ ਨੂੰ ਸਮਝ ਸਕਦਾ ਹੈਂ। ਆਪਣੇ ਅਨੁਭਵ ਨੂੰ ਡੂੰਘਾ ਕਰਨਾ ਹੀ ਅਰਥਾਂ ਨੂੰ ਸਮਝਣ, ਅਤੇ ਸੱਚਾਈ ਦੇ ਨਿਚੋੜ ਨੂੰ ਸਮਝਣ ਦਾ ਇੱਕੋ-ਇੱਕ ਤਰੀਕਾ ਹੈ। ਇਸ ਲਈ, ਤੂੰ ਸੱਚਾਈ ਨੂੰ ਲੈ ਕੇ ਹਰ ਜਗ੍ਹਾ ਜਾ ਸਕਦਾ ਹੈਂ, ਪਰ ਜੇ ਤੇਰੇ ਅੰਦਰ ਕੋਈ ਸੱਚਾਈ ਹੈ ਹੀ ਨਹੀਂ ਤਾਂ ਧਾਰਮਿਕ ਲੋਕਾਂ ਦੀ ਗੱਲ ਤਾਂ ਛੱਡ, ਆਪਣੇ ਪਰਿਵਾਰ ਦੇ ਜੀਆਂ ਨੂੰ ਵੀ ਯਕੀਨ ਦਿਵਾਉਣ ਦਾ ਜਤਨ ਕਰਨ ਬਾਰੇ ਨਾ ਸੋਚ। ਸੱਚਾਈ ਤੋਂ ਬਗੈਰ ਤੂੰ ਬਰਫ਼ ਦੇ ਉੱਡਦੇ ਹੋਏ ਹਲਕੇ ਕਣਾਂ ਵਰਗਾ ਹੈਂ, ਪਰ ਸੱਚਾਈ ਦੇ ਨਾਲ ਤੂੰ ਖੁਸ਼ ਅਤੇ ਸੁਤੰਤਰ ਹੋ ਸਕਦਾ ਹੈਂ, ਅਤੇ ਕੋਈ ਵੀ ਤੇਰੇ ’ਤੇ ਦੋਸ਼ ਨਹੀਂ ਲਗਾ ਸਕਦਾ। ਕੋਈ ਸਿਧਾਂਤ ਕਿੰਨਾ ਵੀ ਮਜ਼ਬੂਤ ਕਿਉਂ ਨਾ ਹੋਵੇ, ਸੱਚਾਈ ਉੱਤੇ ਹਾਵੀ ਨਹੀਂ ਹੋ ਸਕਦਾ। ਸੱਚਾਈ ਨਾਲ, ਪੂਰੀ ਦੁਨੀਆ ਨੂੰ ਝੁਕਾਇਆ ਜਾ ਸਕਦਾ ਹੈ ਅਤੇ ਪਹਾੜਾਂ ਤੇ ਸਮੁੰਦਰਾਂ ਨੂੰ ਖਿਸਕਾਇਆ ਜਾ ਸਕਦਾ ਹੈ, ਜਦੋਂ ਕਿ ਸੱਚਾਈ ਦੀ ਥੁੜ੍ਹ ਕਾਰਨ ਕੀੜੇ ਸ਼ਹਿਰ ਦੀਆਂ ਮਜ਼ਬੂਤ ਕੰਧਾਂ ਨੂੰ ਵੀ ਮਲਬੇ ਵਿੱਚ ਬਦਲ ਸਕਦੇ ਹਨ। ਇਹ ਇੱਕ ਪ੍ਰਤੱਖ ਹਕੀਕਤ ਹੈ।
ਵਰਤਮਾਨ ਪੜਾਅ ’ਤੇ, ਪਹਿਲਾਂ ਸੱਚ ਨੂੰ ਜਾਣਨਾ ਅਤੇ ਫ਼ਿਰ ਇਸ ਨੂੰ ਅਮਲ ਵਿੱਚ ਲਿਆਉਣਾ ਤੇ ਸੱਚਾਈ ਦੇ ਸਹੀ ਅਰਥਾਂ ਨੂੰ ਆਪਣੇ ਆਪ ਅੰਦਰ ਹੋਰ ਜ਼ਿਆਦਾ ਧਾਰਨ ਕਰਨਾ ਬਹੁਤ ਹੀ ਮਹੱਤਵਪੂਰਣ ਹੈ। ਤੈਨੂੰ ਇਸ ਨੂੰ ਹਾਸਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਸਿਰਫ਼ ਦੂਜਿਆਂ ਤੋਂ ਆਪਣੇ ਸ਼ਬਦਾਂ ਦੀ ਪਾਲਣਾ ਕਰਾਉਣ ਦੀ ਇੱਛਾ ਰੱਖਣ ਦੀ ਬਜਾਏ, ਤੈਨੂੰ ਉਨ੍ਹਾਂ ਨੂੰ ਤੇਰੇ ਵਿਹਾਰ ਦਾ ਅਨੁਸਰਣ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸਿਰਫ਼ ਇਸ ਤਰੀਕੇ ਨਾਲ ਹੀ ਤੈਨੂੰ ਕੁਝ ਸਾਰਥਕ ਹਾਸਲ ਹੋ ਸਕਦਾ ਹੈ। ਭਾਵੇਂ ਤੇਰੇ ਨਾਲ ਜੋ ਕੁਝ ਵੀ ਵਾਪਰੇ, ਭਾਵੇਂ ਤੂੰ ਕਿਸੇ ਨੂੰ ਵੀ ਮਿਲੇਂ, ਜਿੰਨਾ ਚਿਰ ਤੇਰੇ ਕੋਲ ਸੱਚਾਈ ਹੈ ਤੂੰ ਅਟੱਲ ਰਹਿ ਸਕੇਂਗਾ। ਪਰਮੇਸ਼ੁਰ ਦਾ ਵਚਨ ਉਹ ਹੈ ਜੋ ਮਨੁੱਖ ਨੂੰ ਜੀਵਨ ਦਿੰਦਾ ਹੈ, ਮੌਤ ਨਹੀਂ। ਜੇ, ਪਰਮੇਸ਼ੁਰ ਦੇ ਵਚਨ ਨੂੰ ਪੜ੍ਹਨ ਤੋਂ ਬਾਅਦ ਤੇਰੇ ਅੰਦਰ ਜੀਵਨ ਨਹੀਂ ਆਉਂਦਾ, ਬਲਕਿ ਤੂੰ ਅਜੇ ਵੀ ਨਿਰਜੀਵ ਹੈਂ, ਤਾਂ ਤੇਰੇ ਅੰਦਰ ਕੁਝ ਗੜਬੜੀ ਹੈ। ਜੇ ਪਰਮੇਸ਼ੁਰ ਦੇ ਬਹੁਤ ਸਾਰੇ ਵਚਨ ਨੂੰ ਪੜ੍ਹਨ ਅਤੇ ਬਹੁਤ ਸਾਰੇ ਵਿਹਾਰਕ ਉਪਦੇਸ਼ ਸੁਣਨ ਤੋਂ ਬਾਅਦ ਵੀ ਤੇਰੀ ਦਸ਼ਾ ਹਾਲੇ ਵੀ ਮੁਰਦਿਆਂ ਵਾਲੀ ਹੈ, ਤਾਂ ਇਹ ਇਸ ਗੱਲ ਦਾ ਸਬੂਤ ਹੈ ਕਿ ਤੈਨੂੰ ਸੱਚਾਈ ਦੀ ਕਦਰ ਨਹੀਂ ਹੈ, ਅਤੇ ਨਾ ਹੀ ਤੂੰ ਉਹ ਵਿਅਕਤੀ ਹੈਂ ਜੋ ਸੱਚਾਈ ਦੀ ਪੈਰਵੀ ਕਰਦਾ ਹੈ। ਜੇ ਤੁਸੀਂ ਸੱਚਮੁੱਚ ਪਰਮੇਸ਼ੁਰ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ, ਤਾਂ ਤੁਸੀਂ ਆਪਣੇ ਆਪ ਨੂੰ ਸਿੱਖਿਆਵਾਂ ਨਾਲ ਲੈਸ ਕਰਨ ਅਤੇ ਦੂਜਿਆਂ ਨੂੰ ਸਿਖਾਉਣ ਲਈ ਵੱਡੀਆਂ-ਵੱਡੀਆਂ ਸਿੱਖਿਆਵਾਂ ਵਰਤਣ ’ਤੇ ਧਿਆਨ ਨਾ ਲਗਾਉਂਦੇ, ਸਗੋਂ ਇਸ ਦੀ ਬਜਾਏ ਪਰਮੇਸ਼ੁਰ ਦੇ ਵਚਨ ਦਾ ਅਨੁਭਵ ਕਰਨ ਅਤੇ ਸੱਚਾਈ ਨੂੰ ਅਮਲ ਵਿੱਚ ਲਿਆਉਣ ’ਤੇ ਧਿਆਨ ਲਗਾਉਂਦੇ। ਕੀ ਇਹੋ ਉਹ ਨਹੀਂ ਹੈ ਜਿਸ ਵਿੱਚ ਤੁਹਾਨੂੰ ਇਸ ਵੇਲੇ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ?
ਪਰਮੇਸ਼ੁਰ ਕੋਲ ਮਨੁੱਖ ਵਿੱਚ ਆਪਣਾ ਕੰਮ ਕਰਨ ਲਈ ਬਹੁਤ ਘੱਟ ਸਮਾਂ ਹੈ, ਇਸ ਲਈ ਜੇ ਤੂੰ ਉਸ ਦਾ ਸਾਥ ਨਹੀਂ ਦਿੰਦਾ ਤਾਂ ਇਸ ਦਾ ਕੀ ਨਤੀਜਾ ਨਿੱਕਲ ਸਕਦਾ ਹੈ? ਅਜਿਹਾ ਕਿਉਂ ਹੈ ਕਿ ਪਰਮੇਸ਼ੁਰ ਹਮੇਸ਼ਾ ਇਹ ਚਾਹੁੰਦਾ ਹੈ ਕਿ ਜਦੋਂ ਤੂੰ ਉਸ ਦੇ ਵਚਨਾਂ ਨੁੰ ਸਮਝ ਲਵੇਂ ਤਾਂ ਉਨ੍ਹਾਂ ਨੂੰ ਅਮਲ ਵਿੱਚ ਲਿਆਵੇਂ? ਇਸੇ ਕਰਕੇ ਕਿਉੱਕਿ ਪਰਮੇਸ਼ੁਰ ਨੇ ਆਪਣੇ ਵਚਨ ਤੁਹਾਡੇ ਉੱਤੇ ਪਰਗਟ ਕੀਤੇ ਹਨ, ਅਤੇ ਤੁਹਾਡਾ ਅਗਲਾ ਕਦਮ ਅਸਲ ਵਿੱਚ ਉਨ੍ਹਾਂ ਨੂੰ ਅਮਲ ਵਿੱਚ ਲਿਆਉਣਾ ਹੈ। ਜਦੋਂ ਤੁਸੀਂ ਇਹਨਾਂ ਵਚਨਾਂ ਨੂੰ ਅਮਲ ਵਿੱਚ ਲਿਆਓਗੇ, ਤਾਂ ਪਰਮੇਸ਼ੁਰ ਅੰਦਰੂਨੀ ਚਾਨਣ ਅਤੇ ਅਗਵਾਈ ਦੇ ਕੰਮ ਨੂੰ ਪੂਰਾ ਕਰੇਗਾ। ਇਹ ਇਸੇ ਤਰ੍ਹਾਂ ਕੀਤਾ ਜਾਣਾ ਹੈ। ਪਰਮੇਸ਼ੁਰ ਦਾ ਵਚਨ ਮਨੁੱਖ ਨੂੰ ਜੀਵਨ ਵਿੱਚ ਵਧਣ-ਫੁੱਲਣ ਦਿੰਦਾ ਹੈ ਅਤੇ ਉਸ ਵਿੱਚ ਅਜਿਹੇ ਕੋਈ ਅੰਸ਼ ਨਹੀਂ ਹੁੰਦੇ ਜਿਸ ਨਾਲ ਮਨੁੱਖ ਭਟਕ ਸਕਦਾ ਜਾਂ ਨਕਾਰਾਤਮਕ ਬਣ ਸਕਦਾ ਹੋਵੇ। ਤੂੰ ਕਹਿੰਦਾ ਹੈਂ ਕਿ ਤੂੰ ਪਰਮੇਸ਼ੁਰ ਦੇ ਵਚਨ ਨੂੰ ਪੜ੍ਹ ਲਿਆ ਹੈ ਅਤੇ ਇਸ ਨੂੰ ਅਮਲ ਵਿੱਚ ਲਿਆਂਦਾ ਹੈ, ਪਰ ਤੇਰੇ ਅੰਦਰ ਅਜੇ ਵੀ ਪਵਿੱਤਰ ਆਤਮਾ ਦਾ ਕੋਈ ਕੰਮ ਨਹੀਂ ਹੋਇਆ ਹੈ। ਤੇਰੇ ਸ਼ਬਦ ਸਿਰਫ਼ ਇੱਕ ਬੱਚੇ ਨੂੰ ਹੀ ਮੂਰਖ ਬਣਾ ਸਕਦੇ ਹਨ। ਦੂਸਰੇ ਲੋਕਾਂ ਨੂੰ ਸ਼ਾਇਦ ਇਹ ਨਾ ਪਤਾ ਹੋਵੇ ਕਿ ਤੇਰੇ ਇਰਾਦੇ ਸਹੀ ਹਨ ਕਿ ਗਲਤ, ਪਰ ਕੀ ਤੈਨੂੰ ਇਹ ਲੱਗਦਾ ਹੈ ਕਿ ਪਰਮੇਸ਼ੁਰ ਨੂੰ ਪਤਾ ਨਹੀਂ ਹੋਵੇਗਾ? ਇਹ ਕਿਵੇਂ ਹੈ ਕਿ ਦੂਜੇ ਲੋਕ ਪਰਮੇਸ਼ੁਰ ਦੇ ਵਚਨ ਨੂੰ ਅਮਲ ਵਿੱਚ ਲਿਆਉਂਦੇ ਹਨ ਅਤੇ ਪਵਿੱਤਰ ਆਤਮਾ ਤੋਂ ਅੰਦਰੂਨੀ ਚਾਨਣ ਪ੍ਰਾਪਤ ਕਰਦੇ ਹਨ, ਪਰ ਤੂੰ ਉਸ ਦੇ ਵਚਨਾਂ ਨੂੰ ਅਮਲ ਵਿੱਚ ਲਿਆਉਂਦਾ ਹੈਂ ਤੇ ਫ਼ਿਰ ਵੀ ਤੈਨੂੰ ਪਵਿੱਤਰ ਆਤਮਾ ਤੋਂ ਅੰਦਰੂਨੀ ਚਾਨਣ ਪ੍ਰਾਪਤ ਨਹੀਂ ਹੁੰਦਾ? ਕੀ ਪਰਮੇਸ਼ੁਰ ਵਿੱਚ ਜਜ਼ਬਾਤ ਹੁੰਦੇ ਹਨ? ਜੇ ਤੇਰੇ ਇਰਾਦੇ ਸੱਚਮੁੱਚ ਸਹੀ ਹਨ ਅਤੇ ਤੂੰ ਸਹਿਯੋਗ ਕਰਦਾ ਹੈਂ, ਤਾਂ ਪਰਮੇਸ਼ੁਰ ਦਾ ਆਤਮਾ ਤੇਰੇ ਨਾਲ ਰਹੇਗਾ। ਕੁਝ ਲੋਕ ਹਮੇਸ਼ਾ ਆਪਣਾ ਝੰਡਾ ਗੱਡਣਾ ਚਾਹੁੰਦੇ ਹਨ, ਪਰ ਪਰਮੇਸ਼ੁਰ ਕਿਉਂ ਉਨ੍ਹਾਂ ਨੂੰ ਉੱਠ ਕੇ ਕਲੀਸਿਯਾ ਦੀ ਅਗਵਾਈ ਨਹੀਂ ਕਰਨ ਦਿੰਦਾ? ਕੁਝ ਲੋਕ ਸਿਰਫ਼ ਆਪਣੇ ਕੰਮ ਨੂੰ ਪੂਰਾ ਕਰਦੇ ਅਤੇ ਆਪਣੇ ਫਰਜ਼ ਹੀ ਨਿਭਾਉਂਦੇ ਹਨ, ਅਤੇ ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਪਤਾ ਲੱਗੇ ਉਹ ਪਰਮੇਸ਼ੁਰ ਦੀ ਪ੍ਰਵਾਨਗੀ ਪ੍ਰਾਪਤ ਕਰ ਚੁੱਕੇ ਹੁੰਦੇ ਹਨ। ਅਜਿਹਾ ਕਿਵੇਂ ਹੋ ਸਕਦਾ ਹੈ? ਪਰਮੇਸ਼ੁਰ ਮਨੁੱਖ ਦੇ ਧੁਰ ਅੰਦਰਲੇ ਮਨ ਨੂੰ ਜਾਂਚਦਾ ਹੈ, ਅਤੇ ਇਹ ਜ਼ਰੂਰੀ ਹੈ ਕਿ ਜੋ ਲੋਕ ਸੱਚਾਈ ਦੀ ਪੈਰਵੀ ਕਰਦੇ ਹਨ ਉਹ ਸਹੀ ਇਰਾਦਿਆਂ ਨਾਲ ਅਜਿਹਾ ਕਰਨ। ਜਿਨ੍ਹਾਂ ਲੋਕਾਂ ਦੇ ਇਰਾਦੇ ਸਹੀ ਨਹੀਂ ਹੁੰਦੇ ਉਹ ਕਾਇਮ ਨਹੀਂ ਰਹਿ ਸਕਦੇ। ਸਭ ਤੋਂ ਬੁਨਿਆਦੀ ਗੱਲ, ਤੁਹਾਡਾ ਟੀਚਾ ਹੈ ਆਪਣੇ ਅੰਦਰ ਪਰਮੇਸ਼ੁਰ ਦੇ ਵਚਨ ਦਾ ਅਸਰ ਹੋਣ ਦੇਣਾ। ਦੂਜੇ ਸ਼ਬਦਾਂ ਵਿੱਚ, ਇਸ ਦਾ ਮਤਲਬ ਹੈ ਪਰਮੇਸ਼ੁਰ ਦੇ ਵਚਨ ਨੂੰ ਅਮਲ ਵਿੱਚ ਲਿਆਉਂਦਿਆਂ ਇਸ ਦੀ ਸੱਚੀ ਸਮਝ ਨੂੰ ਪ੍ਰਾਪਤ ਕਰਨਾ। ਸ਼ਾਇਦ ਪਰਮੇਸ਼ੁਰ ਦੇ ਵਚਨ ਨੂੰ ਸਮਝਣ ਦੀ ਤੁਹਾਡੀ ਯੋਗਤਾ ਕਮਜ਼ੋਰ ਹੈ, ਪਰ ਜਦੋਂ ਤੁਸੀਂ ਪਰਮੇਸ਼ੁਰ ਦੇ ਵਚਨ ਨੂੰ ਅਮਲ ਵਿੱਚ ਲਿਆਉਂਦੇ ਹੋ, ਤਾਂ ਉਹ ਇਸ ਖਾਮੀ ਨੂੰ ਦੂਰ ਕਰ ਸਕਦਾ ਹੈl ਇਸ ਲਈ ਇਹ ਜ਼ਰੂਰੀ ਹੈ ਕਿ ਤੁਹਾਨੂੰ ਨਾ ਸਿਰਫ਼ ਬਹੁਤ ਸਾਰੀਆਂ ਸੱਚਾਈਆਂ ਦਾ ਗਿਆਨ ਹੋਵੇ, ਸਗੋਂ ਤੁਸੀਂ ਉਨ੍ਹਾਂ ਨੂੰ ਅਮਲ ਵਿੱਚ ਵੀ ਜ਼ਰੂਰ ਲਿਆਓ। ਇਹ ਸਭ ਤੋਂ ਵੱਡਾ ਮੁੱਦਾ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਯਿਸੂ ਨੇ ਆਪਣੇ ਸਾਢੇ ਤੇਤੀ ਸਾਲਾਂ ਵਿੱਚ ਬਹੁਤ ਸਾਰੇ ਅਪਮਾਨ ਅਤੇ ਬਹੁਤ ਤਕਲੀਫ਼ਾਂ ਝੱਲੀਆਂ। ਉਸ ਨੇ ਇੰਨਾ ਵੱਡਾ ਦੁੱਖ ਸਿਰਫ਼ ਇਸ ਕਰਕੇ ਝੱਲਿਆ ਕਿਉਂਕਿ ਉਸ ਨੇ ਸੱਚਾਈ ਨੂੰ ਅਮਲ ਵਿੱਚ ਲਿਆਂਦਾ, ਹਰ ਚੀਜ਼ ਵਿੱਚ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕੀਤਾ, ਅਤੇ ਸਿਰਫ਼ ਪਰਮੇਸ਼ੁਰ ਦੀ ਇੱਛਾ ਦੀ ਹੀ ਪਰਵਾਹ ਕੀਤੀ। ਜੇ ਉਸ ਨੂੰ ਸੱਚਾਈ ਨੂੰ ਅਮਲ ਵਿੱਚ ਲਿਆਂਦੇ ਬਗੈਰ ਹੀ ਇਸ ਦਾ ਗਿਆਨ ਹੋਇਆ ਹੁੰਦਾ ਤਾਂ ਉਸ ਨੂੰ ਇਸ ਤਰ੍ਹਾਂ ਦਾ ਦੁੱਖ ਨਾ ਝੱਲਣਾ ਪੈਂਦਾ। ਜੇ ਯਿਸੂ ਨੇ ਯਹੂਦੀਆਂ ਦੀਆਂ ਸਿੱਖਿਆਵਾਂ ਅਤੇ ਫ਼ਰੀਸੀਆਂ ਦੀਆਂ ਗੱਲਾਂ ਦਾ ਪਾਲਣ ਕੀਤਾ ਹੁੰਦਾ, ਤਦ ਉਸ ਨੂੰ ਦੁੱਖ ਨਾ ਝੱਲਣਾ ਪੈਂਦਾ। ਤੂੰ ਯਿਸੂ ਦੇ ਕੰਮਾਂ ਤੋਂ ਸਿੱਖ ਸਕਦਾ ਹੈਂ ਕਿ ਮਨੁੱਖ ਉੱਤੇ ਪਰਮੇਸ਼ੁਰ ਦੇ ਕੰਮ ਦਾ ਅਸਰ ਮਨੁੱਖ ਦੇ ਸਹਿਯੋਗ ਨਾਲ ਹੁੰਦਾ ਹੈ, ਅਤੇ ਇਹ ਉਹ ਚੀਜ਼ ਹੈ ਜਿਸ ਦੀ ਪਛਾਣ ਤੁਹਾਨੂੰ ਜ਼ਰੂਰ ਹੋਣੀ ਚਾਹੀਦੀ ਹੈ। ਜੇ ਯਿਸੂ ਨੇ ਸੱਚਾਈ ਨੂੰ ਅਮਲ ਵਿੱਚ ਨਾ ਲਿਆਂਦਾ ਹੁੰਦਾ ਤਾਂ ਕੀ ਉਸ ਨੇ ਇੱਦਾਂ ਸਲੀਬ ’ਤੇ ਲਟਕ ਕੇ ਦੁੱਖ ਝੱਲਣਾ ਸੀ? ਜੇ ਉਸ ਨੇ ਪਰਮੇਸ਼ੁਰ ਦੀ ਇੱਛਾ ਮੁਤਾਬਕ ਕੰਮ ਨਾ ਕੀਤਾ ਹੁੰਦਾ ਤਾਂ ਕੀ ਉਹ ਅਜਿਹੀ ਸੋਗ ਵਾਲੀ ਪ੍ਰਾਰਥਨਾ ਕਰਦਾ? ਇਸ ਲਈ, ਤੁਹਾਨੂੰ ਸੱਚਾਈ ਨੂੰ ਅਮਲ ਵਿੱਚ ਲਿਆਉਣ ਦੀ ਖਾਤਰ ਦੁੱਖ ਝੱਲਣਾ ਚਾਹੀਦਾ ਹੈ; ਇਹੋ ਉਹ ਦੁੱਖ ਹੈ ਜੋ ਵਿਅਕਤੀ ਨੂੰ ਝੱਲਣਾ ਚਾਹੀਦਾ ਹੈ।