ਅਧਿਆਇ 12
ਜੇ ਤੇਰਾ ਸੁਭਾਅ ਅਸਥਿਰ ਹੈ, ਹਵਾ ਅਤੇ ਮੀਂਹ ਵਾਂਗ ਦਿਸ਼ਾਹੀਣ ਹੈ, ਅਤੇ ਜੇ ਤੂੰ ਆਪਣੀ ਸਮੁੱਚੀ ਤਾਕਤ ਨਾਲ ਨਿਰੰਤਰ ਅੱਗੇ ਵਧਣ ਵਿੱਚ ਅਸਮਰੱਥ ਹੈਂ, ਤਾਂ ਮੇਰਾ ਸੋਟਾ ਕਦੇ ਵੀ ਤੈਥੋਂ ਦੂਰ ਨਹੀਂ ਹੋਵੇਗਾ। ਜਦੋਂ ਤੇਰੇ ਨਾਲ ਨਜਿੱਠਿਆ ਜਾ ਰਿਹਾ ਹੋਵੇਗਾ, ਉਸ ਵੇਲੇ ਵਾਤਾਵਰਣ ਜਿੰਨਾ ਵਧੇਰੇ ਅਣਸੁਖਾਵਾਂ ਹੋਵੇਗਾ ਅਤੇ ਜਿੰਨਾ ਵਧੇਰੇ ਤੈਨੂੰ ਸਤਾਇਆ ਜਾਵੇਗਾ, ਪਰਮੇਸ਼ੁਰ ਪ੍ਰਤੀ ਤੇਰਾ ਪਿਆਰ ਓਨਾ ਹੀ ਵਧੇਗਾ, ਅਤੇ ਤੂੰ ਦੁਨੀਆ ਨਾਲ ਚਿੰਬੜਨਾ ਬੰਦ ਕਰ ਦੇਵੇਂਗਾ। ਅੱਗੇ ਵਧਣ ਦੇ ਕਿਸੇ ਬਦਲਵੇਂ ਢੰਗ ਤੋਂ ਬਗੈਰ, ਤੂੰ ਮੇਰੇ ਕੋਲ ਆਏਂਗਾ ਅਤੇ ਆਪਣੀ ਤਾਕਤ ’ਤੇ ਵਿਸ਼ਵਾਸ ਮੁੜ ਹਾਸਲ ਕਰੇਂਗਾ। ਹਾਲਾਂਕਿ, ਵਧੇਰੇ ਸੁਖਾਲੇ ਵਾਤਾਵਰਣਾਂ ਵਿੱਚ, ਤੂੰ ਉਲਝ ਜਾਏਂਗਾ। ਤੈਨੂੰ ਸਕਾਰਾਤਮਕਤਾ ਦੇ ਪੱਖ ਤੋਂ ਪ੍ਰਵੇਸ਼ ਕਰਨਾ ਪਵੇਗਾ; ਸੁਸਤ ਨਹੀਂ, ਸਗੋਂ ਚੁਸਤ ਬਣ। ਜ਼ਰੂਰੀ ਹੈ ਕਿ ਸਾਰੀਆਂ ਸਥਿਤੀਆਂ ਵਿੱਚ, ਤੂੰ ਕਿਸੇ ਵੀ ਵਿਅਕਤੀ ਜਾਂ ਚੀਜ਼ ਦੁਆਰਾ ਡੋਲੇਂ ਨਾ, ਅਤੇ ਤੂੰ ਕਿਸੇ ਹੋਰ ਦੇ ਸ਼ਬਦਾਂ ਦੇ ਅਸਰ ਹੇਠ ਨਾ ਆਏਂ। ਤੇਰਾ ਸੁਭਾਅ ਸਥਿਰ ਹੋਣਾ ਜ਼ਰੂਰੀ ਹੈ; ਲੋਕ ਭਾਵੇਂ ਕੁਝ ਵੀ ਕਿਉਂ ਨਾ ਕਹਿਣ, ਤੂੰ ਤੁਰੰਤ ਉਸ ਨੂੰ ਅਮਲ ਵਿੱਚ ਲਿਆ ਜਿਸਨੂੰ ਤੂੰ ਸੱਚ ਵਜੋਂ ਜਾਣਦਾ ਹੈਂ। ਜ਼ਰੂਰੀ ਹੈ ਕਿ ਤੇਰੇ ਅੰਦਰ ਹਮੇਸ਼ਾ ਮੇਰੇ ਵਚਨ ਕੰਮ ਕਰਦੇ ਹੋਣ, ਭਾਵੇਂ ਤੂੰ ਕਿਸੇ ਦਾ ਵੀ ਸਾਹਮਣਾ ਕਰ ਰਿਹਾ ਹੋਵੇਂ; ਇਹ ਜ਼ਰੂਰੀ ਹੈ ਕਿ ਤੂੰ ਹਮੇਸ਼ਾ ਮੇਰਾ ਗਵਾਹ ਬਣਨ ਦੇ ਯੋਗ ਹੋਵੇਂ ਅਤੇ ਮੇਰੇ ਬੋਝ ਵੱਲ ਧਿਆਨ ਦੇਵੇਂ। ਤੈਨੂੰ ਆਪਣੇ ਖੁਦ ਦੇ ਵਿਚਾਰਾਂ ਤੋਂ ਬਿਨਾ ਲੋਕਾਂ ਨਾਲ ਅੰਨ੍ਹੇਵਾਹ ਸਹਿਮਤ ਨਹੀਂ ਹੋਣਾ ਚਾਹੀਦਾ; ਸਗੋਂ, ਤੇਰੇ ਕੋਲ ਉੱਠ ਖੜ੍ਹੇ ਹੋਣ ਅਤੇ ਉਨ੍ਹਾਂ ਚੀਜ਼ਾਂ ’ਤੇ ਇਤਰਾਜ਼ ਕਰਨ ਦੀ ਹਿੰਮਤ ਹੋਣੀ ਜ਼ਰੂਰੀ ਹੈ ਜੋ ਸੱਚਾਈ ਨਾਲ ਮੇਲ ਨਹੀਂ ਖਾਂਦੀਆਂ। ਜੇ ਤੂੰ ਸਪਸ਼ਟ ਤੌਰ ’ਤੇ ਜਾਣਦਾ ਹੈਂ ਕਿ ਕੋਈ ਚੀਜ਼ ਗਲਤ ਹੈ, ਪਰ ਤੇਰੇ ਵਿੱਚ ਇਸਨੂੰ ਉਜਾਗਰ ਕਰਨ ਦੀ ਹਿੰਮਤ ਨਹੀਂ ਹੈ, ਤਾਂ ਤੂੰ ਉਹ ਵਿਅਕਤੀ ਨਹੀਂ ਹੈਂ ਜੋ ਸੱਚਾਈ ਦਾ ਵਿਹਾਰ ਕਰਦਾ ਹੈ। ਤੂੰ ਕੁਝ ਕਹਿਣਾ ਚਾਹੁੰਦਾ ਹੈਂ, ਪਰ ਇਸਨੂੰ ਖੁੱਲ੍ਹੇਆਮ ਸਪਸ਼ਟ ਕਹਿਣ ਦੀ ਹਿੰਮਤ ਨਹੀਂ ਹੈ, ਇਸ ਲਈ ਤੂੰ ਘੰਮਾ ਫਿਰਾ ਕੇ ਗੱਲ ਕਰਦਾ ਹੈਂ ਅਤੇ ਫਿਰ ਵਿਸ਼ੇ ਨੂੰ ਬਦਲ ਦਿੰਦਾ ਹੈਂ; ਤੇਰੇ ਅੰਦਰਲਾ ਸ਼ਤਾਨ ਤੈਨੂੰ ਰੋਕ ਰਿਹਾ ਹੈ, ਜਿਸ ਕਰਕੇ ਤੂੰ ਜੋ ਬੋਲਦਾ ਹੈਂ ਉਸਦਾ ਕੋਈ ਅਸਰ ਨਹੀਂ ਹੁੰਦਾ ਅਤੇ ਤੂੰ ਅੰਤ ਤੱਕ ਡਟੇ ਰਹਿਣ ਵਿੱਚ ਅਸਮਰੱਥ ਹੋ ਜਾਂਦਾ ਹੈਂ। ਤੂੰ ਅਜੇ ਵੀ ਆਪਣੇ ਹਿਰਦੇ ਅੰਦਰ ਡਰ ਬਿਠਾ ਰੱਖਿਆ ਹੈ, ਅਤੇ ਕੀ ਅਜਿਹਾ ਇਸ ਕਰਕੇ ਨਹੀਂ ਹੈ ਕਿਉਂਕਿ ਤੇਰਾ ਹਿਰਦਾ ਅਜੇ ਵੀ ਸ਼ਤਾਨ ਦੇ ਵਿਚਾਰਾਂ ਨਾਲ ਭਰਿਆ ਹੋਇਆ ਹੈ?
ਜਿੱਤਣ ਵਾਲਾ ਕੀ ਹੁੰਦਾ ਹੈ? ਮਸੀਹ ਦੇ ਚੰਗੇ ਸਿਪਾਹੀਆਂ ਦਾ ਬਹਾਦਰ ਹੋਣਾ ਅਤੇ ਆਤਮਕ ਤੌਰ ’ਤੇ ਮਜ਼ਬੂਤ ਬਣਨ ਲਈ ਮੇਰੇ ’ਤੇ ਨਿਰਭਰ ਹੋਣਾ ਜ਼ਰੂਰੀ ਹੈ; ਉਨ੍ਹਾਂ ਨੂੰ ਯੋਧੇ ਬਣਨ ਲਈ ਲੜਨਾ ਹੋਵੇਗਾ ਅਤੇ ਸ਼ਤਾਨ ਨੂੰ ਮੌਤ ਦੇ ਘਾਟ ਉਤਾਰਨਾ ਪਵੇਗਾ। ਤੇਰਾ ਸਦਾ ਜਾਗਦਾ ਰਹਿਣਾ ਜ਼ਰੂਰੀ ਹੈ, ਅਤੇ ਇਸੇ ਲਈ ਮੈਂ ਤੈਨੂੰ ਹਰ ਪਲ ਚੁਸਤੀ ਨਾਲ ਮੇਰੇ ਨਾਲ ਸਹਿਯੋਗ ਕਰਨ ਅਤੇ ਮੇਰੇ ਹੋਰ ਨੇੜੇ ਆਉਣਾ ਸਿੱਖਣ ਲਈ ਕਹਿੰਦਾ ਹਾਂ। ਜੇ ਤੂੰ, ਕਿਸੇ ਵੀ ਸਮੇਂ ਅਤੇ ਕਿਸੇ ਵੀ ਸਥਿਤੀ ਵਿੱਚ, ਮੇਰੀ ਬੋਲੀ ਨੂੰ ਸੁਣਦੇ ਹੋਏ ਅਤੇ ਮੇਰੇ ਵਚਨਾਂ ਤੇ ਕਾਰਜਾਂ ਉੱਪਰ ਧਿਆਨ ਕੇਂਦਰਤ ਕਰਦੇ ਹੋਏ, ਮੇਰੇ ਅੱਗੇ ਸ਼ਾਂਤ ਰਹਿਣ ਦੇ ਯੋਗ ਹੈਂ, ਤਾਂ ਤੂੰ ਡੋਲੇਂਗਾ ਨਹੀਂ ਤੇ ਨਾ ਹੀ ਆਪਣਾ ਅਧਾਰ ਗੁਆਏਂਗਾ। ਜੋ ਵੀ ਤੂੰ ਮੇਰੇ ਅੰਦਰੋਂ ਗ੍ਰਹਿਣ ਕਰਦਾ ਹੈਂ ਉਸ ਨੂੰ ਅਮਲ ਵਿੱਚ ਲਿਆਇਆ ਜਾ ਸਕਦਾ ਹੈ। ਮੇਰੇ ਹਰ ਇੱਕ ਵਚਨ ਦਾ ਇਸ਼ਾਰਾ ਤੇਰੀ ਸਥਿਤੀ ਵੱਲ ਹੁੰਦਾ ਹੈ, ਅਤੇ ਇਹ ਵਚਨ ਤੇਰੇ ਹਿਰਦੇ ਨੂੰ ਵਿੰਨ੍ਹਦੇ ਹਨ। ਭਾਵੇਂ ਤੂੰ ਮੂੰਹੋਂ ਇਨ੍ਹਾਂ ਤੋਂ ਇਨਕਾਰ ਕਰਦਾ ਹੋਵੇਂ, ਪਰ ਆਪਣੇ ਹਿਰਦੇ ਵਿੱਚ ਤੂੰ ਇਹਨਾਂ ਤੋਂ ਇਨਕਾਰ ਨਹੀਂ ਕਰ ਸਕਦਾ। ਇਸ ਤੋਂ ਇਲਾਵਾ, ਜੇ ਤੂੰ ਮੇਰੇ ਵਚਨਾਂ ਦਾ ਵਿਸ਼ਲੇਸ਼ਣ ਕਰਦਾ ਹੈਂ, ਤਾਂ ਤੇਰਾ ਨਿਆਂ ਕੀਤਾ ਜਾਵੇਗਾ। ਅਰਥਾਤ, ਮੇਰੇ ਵਚਨ ਸੱਚ ਹਨ, ਜੀਵਨ ਅਤੇ ਰਾਹ ਹਨ; ਉਹ ਇੱਕ ਤਿੱਖੀ, ਦੋ ਧਾਰੀ ਤਲਵਾਰ ਹਨ, ਅਤੇ ਉਹ ਸ਼ਤਾਨ ਨੂੰ ਹਰਾ ਸਕਦੇ ਹਨ। ਜੋ ਲੋਕ ਮੇਰੇ ਵਚਨਾਂ ਨੂੰ ਸਮਝਦੇ ਹਨ ਅਤੇ ਜਿਨ੍ਹਾਂ ਕੋਲ ਮੇਰੇ ਵਚਨਾਂ ਨੂੰ ਅਮਲ ਵਿੱਚ ਲਿਆਉਣ ਦਾ ਮਾਰਗ ਹੈ ਉਹ ਧੰਨ ਹਨ, ਅਤੇ ਜੋ ਲੋਕ ਉਨ੍ਹਾਂ ਨੂੰ ਅਮਲ ਵਿੱਚ ਨਹੀਂ ਲਿਆਉਂਦੇ ਉਨ੍ਹਾਂ ਦਾ ਯਕੀਨਨ ਨਿਆਂ ਕੀਤਾ ਜਾਵੇਗਾ; ਇਹ ਬਹੁਤ ਹੀ ਵਿਹਾਰਕ ਹੈ। ਅੱਜ ਕੱਲ੍ਹ, ਮੈਂ ਜਿਨ੍ਹਾਂ ਲੋਕਾਂ ਦਾ ਨਿਆਂ ਕਰਦਾ ਹਾਂ ਉਨ੍ਹਾਂ ਦਾ ਦਾਇਰਾ ਫ਼ੈਲ ਗਿਆ ਹੈ: ਨਾ ਸਿਰਫ਼ ਉਨ੍ਹਾਂ ਲੋਕਾਂ ਦਾ ਨਿਆਂ ਮੇਰੇ ਅੱਗੇ ਕੀਤਾ ਜਾਵੇਗਾ ਜੋ ਮੈਨੂੰ ਜਾਣਦੇ ਹਨ, ਬਲਕਿ ਉਨ੍ਹਾਂ ਦਾ ਵੀ ਨਿਆਂ ਕੀਤਾ ਜਾਵੇਗਾ ਜੋ ਮੇਰੇ ਵਿੱਚ ਵਿਸ਼ਵਾਸ ਨਹੀਂ ਕਰਦੇ ਅਤੇ ਜੋ ਪਵਿੱਤਰ ਆਤਮਾ ਦੇ ਕੰਮ ਦਾ ਵਿਰੋਧ ਕਰਨ ਅਤੇ ਉਸਨੂੰ ਰੋਕਣ ਵਿੱਚ ਆਪਣੀ ਪੂਰੀ ਵਾਹ ਲਾ ਦਿੰਦੇ ਹਨ। ਮੇਰੇ ਅੱਗੇ ਉਹ ਸਭ ਲੋਕ ਜੋ ਮੇਰੀਆਂ ਪੈੜਾਂ ’ਤੇ ਚੱਲ ਰਹੇ ਹਨ, ਵੇਖਣਗੇ ਕਿ ਪਰਮੇਸ਼ੁਰ ਭਸਮ ਕਰਨ ਵਾਲੀ ਇੱਕ ਅੱਗ ਹੈ! ਪਰਮੇਸ਼ੁਰ ਪਰਤਾਪ ਹੈ! ਉਹ ਆਪਣੇ ਨਿਆਂ ਨੂੰ ਲਾਗੂ ਕਰ ਰਿਹਾ ਹੈ, ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇ ਰਿਹਾ ਹੈ। ਕਲੀਸਿਯਾ ਦੇ ਉਹ ਲੋਕ ਜੋ ਪਵਿੱਤਰ ਆਤਮਾ ਦੇ ਕੰਮ ਦੀ ਪਾਲਣਾ ਕਰਨ ਵੱਲ ਕੋਈ ਧਿਆਨ ਨਹੀਂ ਦਿੰਦੇ, ਜੋ ਉਸ ਕੰਮ ਵਿੱਚ ਵਿਘਨ ਪਾਉਂਦੇ ਹਨ, ਜੋ ਦਿਖਾਵਾ ਕਰਦੇ ਹਨ, ਜਿਨ੍ਹਾਂ ਦੇ ਇਰਾਦੇ ਅਤੇ ਟੀਚੇ ਗਲਤ ਹਨ, ਜੋ ਪਰਮੇਸ਼ੁਰ ਦੇ ਵਚਨਾਂ ਨੂੰ ਖਾਣ ਅਤੇ ਪੀਣ ਵਿੱਚ ਮਿਹਨਤ ਨਹੀਂ ਕਰਦੇ, ਜੋ ਭ੍ਰਮਿਤ ਅਤੇ ਸ਼ੱਕੀ ਹਨ, ਜੋ ਪਵਿੱਤਰ ਆਤਮਾ ਦੇ ਕੰਮ ਨੂੰ ਪਰਖਦੇ ਹਨ—ਨਿਆਂ ਦੇ ਵਚਨ ਕਿਸੇ ਵੀ ਸਮੇਂ ਇਨ੍ਹਾਂ ਲੋਕਾਂ ਤੀਕ ਪਹੁੰਚਣਗੇ। ਲੋਕਾਂ ਦੇ ਸਾਰੇ ਕੰਮ ਪਰਗਟ ਕੀਤੇ ਜਾਣਗੇ। ਪਵਿੱਤਰ ਆਤਮਾ ਲੋਕਾਂ ਦੇ ਧੁਰ ਅੰਦਰਲੇ ਹਿਰਦਿਆਂ ਦੀ ਜਾਂਚ ਕਰਦਾ ਹੈ, ਇਸ ਲਈ ਮੂਰਖ ਨਾ ਬਣ; ਚੌਕਸ ਅਤੇ ਸਾਵਧਾਨ ਰਹਿ। ਅੱਖਾਂ ਬੰਦ ਕਰਕੇ ਇਕੱਲਿਆਂ ਕੰਮ ਨਾ ਕਰ। ਜੇ ਤੇਰੇ ਕੰਮ ਮੇਰੇ ਵਚਨਾਂ ਦੇ ਅਨੁਕੂਲ ਨਹੀਂ ਹਨ, ਤਾਂ ਤੇਰਾ ਨਿਆਂ ਕੀਤਾ ਜਾਵੇਗਾ। ਨਕਲ ਕਰਨ, ਦਿਖਾਵਟੀ ਬਣਨ ਜਾਂ ਅਸਲ ਵਿੱਚ ਨਾ ਸਮਝਣ ਨਾਲ ਕੰਮ ਨਹੀਂ ਚੱਲੇਗਾ; ਤੈਨੂੰ ਮੇਰੇ ਸਾਹਮਣੇ ਆਉਣਾ ਪਵੇਗਾ ਅਤੇ ਮੇਰੇ ਨਾਲ ਅਕਸਰ ਸੰਪਰਕ ਕਰਨਾ ਪਵੇਗਾ।
ਤੂੰ ਮੇਰੇ ਅੰਦਰੋਂ ਜੋ ਕੁਝ ਵੀ ਲਵੇਂਗਾ, ਉਹ ਤੈਨੂੰ ਵਿਹਾਰ ਕਰਨ ਦਾ ਮਾਰਗ ਦੇਵੇਗਾ। ਤੇਰੇ ਨਾਲ ਮੇਰੀਆਂ ਸ਼ਕਤੀਆਂ ਵੀ ਹੋਣਗੀਆਂ, ਤੇਰੇ ਨਾਲ ਮੇਰੀ ਹਜ਼ੂਰੀ ਹੋਵੇਗੀ, ਅਤੇ ਤੂੰ ਹਮੇਸ਼ਾ ਮੇਰੇ ਵਚਨਾਂ ਅਨੁਸਾਰ ਚੱਲੇਂਗਾ; ਤੂੰ ਸਾਰੀਆਂ ਦੁਨਿਆਵੀ ਚੀਜ਼ਾਂ ਤੋਂ ਪਾਰ ਹੋ ਜਾਵੇਂਗਾ ਅਤੇ ਜੀਅ ਉੱਠਣ ਦੀ ਸ਼ਕਤੀ ਦਾ ਮਾਲਕ ਹੋਵੇਂਗਾ। ਜੇ ਤੇਰੇ ਕੋਲ ਤੇਰੇ ਸ਼ਬਦਾਂ, ਵਿਹਾਰ ਅਤੇ ਕਾਰਜਾਂ ਵਿੱਚ ਮੇਰੇ ਵਚਨ ਅਤੇ ਮੇਰੀ ਹਜ਼ੂਰੀ ਨਹੀਂ ਹੈ, ਅਤੇ ਜੇ ਤੂੰ ਆਪਣੇ ਆਪ ਨੂੰ ਮੇਰੇ ਤੋਂ ਦੂਰ ਕਰ ਲੈਂਦਾ ਹੈਂ ਅਤੇ ਤੂੰ ਮਨ ਦੀਆਂ ਧਾਰਣਾਵਾਂ ਅਤੇ ਸਿਧਾਂਤਾਂ ਤੇ ਨਿਯਮਾਂ ਵਿੱਚ ਰਹਿੰਦੇ ਹੋਏ, ਆਪਣੇ ਆਪ ਵਿੱਚ ਹੀ ਮਗਨ ਰਹਿੰਦਾ ਹੈਂ, ਤਾਂ ਇਹ ਇਸ ਗੱਲ ਦਾ ਸਬੂਤ ਹੈ ਕਿ ਤੂੰ ਆਪਣਾ ਮਨ ਪਾਪਾਂ ਵਿੱਚ ਲਗਾ ਲਿਆ ਹੈ। ਦੂਜੇ ਸ਼ਬਦਾਂ ਵਿੱਚ, ਤੂੰ ਆਪਣੇ ਪੁਰਾਣੇ ਸਵੈ ਨੂੰ ਫੜੀ ਰੱਖਦਾ ਹੈਂ, ਦੂਜਿਆਂ ਨੂੰ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਜਾਂ ਆਪਣੀ ਆਤਮਾ ਨੂੰ ਜ਼ਰਾ ਜਿੰਨਾ ਵੀ ਨੁਕਸਾਨ ਪਹੁੰਚਾਉਣ ਦੀ ਆਗਿਆ ਨਹੀਂ ਦਿੰਦਾ। ਜੋ ਲੋਕ ਅਜਿਹਾ ਕਰਦੇ ਹਨ ਉਹ ਬਹੁਤ ਹੀ ਮਾੜੀ ਯੋਗਤਾ ਵਾਲੇ ਅਤੇ ਬੜੇ ਬੇਹੂਦਾ ਹੁੰਦੇ ਹਨ, ਅਤੇ ਉਹ ਪਰਮੇਸ਼ੁਰ ਦੀ ਕਿਰਪਾ ਨੂੰ ਨਹੀਂ ਵੇਖ ਸਕਦੇ ਜਾਂ ਉਸ ਦੀਆਂ ਅਸੀਸਾਂ ਨੂੰ ਨਹੀਂ ਪਛਾਣ ਸਕਦੇ। ਜੇ ਤੂੰ ਇਸੇ ਤਰ੍ਹਾਂ ਟਾਲਮਟੋਲ ਵਾਲਾ ਵਿਹਾਰ ਕਰਦਾ ਰਹੇਂਗਾ, ਤਾਂ ਤੂੰ ਮੈਨੂੰ ਆਪਣੇ ਅੰਦਰ ਕਦੋਂ ਕੰਮ ਕਰਨ ਦੇਵੇਂਗਾ? ਮੇਰੇ ਬੋਲ ਚੁੱਕੇ ਹੋਣ ਤੋਂ ਬਾਅਦ, ਤੂੰ ਸੁਣਿਆ ਤਾਂ ਹੁੰਦਾ ਹੈ ਪਰ ਕੁਝ ਵੀ ਆਪਣੇ ਅੰਦਰ ਨਹੀਂ ਰੱਖਿਆ ਹੁੰਦਾ, ਅਤੇ ਜਦੋਂ ਵੀ ਤੇਰੀਆਂ ਸਮੱਸਿਆਵਾਂ ਵੱਲ ਇਸ਼ਾਰਾ ਕੀਤਾ ਜਾਂਦਾ ਹੈ ਉਦੋਂ ਤੂੰ ਖਾਸ ਤੌਰ ’ਤੇ ਕਮਜ਼ੋਰ ਹੋ ਜਾਂਦਾ ਹੈਂ। ਇਹ ਕਿਹੋ ਜਿਹਾ ਰੁਤਬਾ ਹੈ? ਜੇ ਤੈਨੂੰ ਹਮੇਸ਼ਾ ਫੁਸਲਾਉਣ ਦੀ ਲੋੜ ਪਵੇ ਤਾਂ ਮੈਂ ਤੈਨੂੰ ਸੰਪੂਰਣ ਕਦੋਂ ਬਣਾ ਸਕਦਾ ਹਾਂ? ਜੇ ਤੂੰ ਧੱਕਿਆਂ ਅਤੇ ਠੋਕਰਾਂ ਤੋਂ ਡਰਦਾ ਹੈਂ, ਤਾਂ ਤੈਨੂੰ ਦੂਜਿਆਂ ਨੂੰ ਚੇਤਾਵਨੀ ਦੇਣ ਲਈ ਦੌੜਨਾ ਚਾਹੀਦਾ ਹੈ, “ਮੈਂ ਕਿਸੇ ਨੂੰ ਮੇਰੇ ਨਾਲ ਨਜਿੱਠਣ ਨਹੀਂ ਦੇਵਾਂਗਾ; ਮੈਂ ਆਪਣੇ ਸੁਭਾਵਕ, ਪੁਰਾਣੇ ਸੁਭਾਅ ਤੋਂ ਖੁਦ ਛੁਟਕਾਰਾ ਪਾ ਸਕਦਾ ਹਾਂ।” ਇਸ ਤਰ੍ਹਾਂ, ਕੋਈ ਵੀ ਤੇਰੀ ਅਲੋਚਨਾ ਨਹੀਂ ਕਰੇਗਾ ਅਤੇ ਨਾ ਹੀ ਤੈਨੂੰ ਛੂਹੇਗਾ, ਅਤੇ ਕਿਸੇ ਦੁਆਰਾ ਵੀ ਤੇਰੀ ਪਰਵਾਹ ਕੀਤੇ ਬਗੈਰ, ਤੂੰ ਜਿਵੇਂ ਵੀ ਚਾਹੇਂ ਵਿਸ਼ਵਾਸ ਕਰਨ ਲਈ ਸੁਤੰਤਰ ਹੋਵੇਂਗਾ। ਕੀ ਤੂੰ ਇੰਝ ਮੇਰੀਆਂ ਪੈੜਾਂ ’ਤੇ ਚੱਲ ਸਕਦਾ ਹੈਂ? ਇਹ ਦਾਅਵਾ ਕਰਨਾ ਕਿ ਤੈਨੂੰ ਯਕੀਨ ਹੈ ਕਿ ਮੈਂ ਤੇਰਾ ਪਰਮੇਸ਼ੁਰ ਅਤੇ ਤੇਰਾ ਪ੍ਰਭੂ ਹਾਂ, ਥੋਥੇ ਵਚਨਾਂ ਤੋਂ ਇਲਾਵਾ ਕੁਝ ਵੀ ਨਹੀਂ ਹੈ। ਜੇ ਤੂੰ ਸੱਚਮੁੱਚ ਬਗੈਰ ਕਿਸੇ ਵੀ ਸ਼ੱਕ ਦੇ ਹੁੰਦਾ, ਤਾਂ ਇਹ ਚੀਜ਼ਾਂ ਕੋਈ ਸਮੱਸਿਆ ਨਾ ਹੁੰਦੀਆਂ, ਅਤੇ ਤੈਨੂੰ ਇਹ ਭਰੋਸਾ ਹੁੰਦਾ ਕਿ ਇਹ ਪਰਮੇਸ਼ੁਰ ਦਾ ਪ੍ਰੇਮ ਅਤੇ ਅਸੀਸਾਂ ਹਨ ਜੋ ਤੇਰੇ ਉੱਪਰ ਅਚਾਨਕ ਆਈਆਂ ਹਨ। ਜਦੋਂ ਮੈਂ ਬੋਲਦਾ ਹਾਂ, ਤਾਂ ਇਹ ਮੇਰੇ ਪੁੱਤਰਾਂ ਲਈ ਹੁੰਦਾ ਹੈ, ਅਤੇ ਮੇਰੇ ਵਚਨਾਂ ਦਾ ਉੱਤਰ ਸ਼ੁਕਰਾਨੇ ਅਤੇ ਪ੍ਰਸ਼ੰਸਾ ਦੇ ਰੂਪ ਵਿੱਚ ਹੋਣਾ ਚਾਹੀਦਾ ਹੈ।