ਅਧਿਆਇ 3
ਜੇਤੂ ਰਾਜਾ ਆਪਣੇ ਸ਼ਾਨਦਾਰ ਸਿੰਘਾਸਣ ਉੱਤੇ ਬਿਰਾਜਮਾਨ ਹੈ। ਉਸ ਨੇ ਛੁਟਕਾਰੇ ਦਾ ਕੰਮ ਪੂਰਾ ਕਰ ਦਿੱਤਾ ਹੈ ਅਤੇ ਆਪਣੇ ਸਾਰੇ ਲੋਕਾਂ ਦੀ ਮਹਿਮਾ ਵਿੱਚ ਪਰਗਟ ਹੋਣ ਲਈ ਅਗਵਾਈ ਕੀਤੀ ਹੈ। ਉਹ ਬ੍ਰਹਿਮੰਡ ਨੂੰ ਆਪਣੇ ਹੱਥਾਂ ਵਿੱਚ ਫੜਦਾ ਹੈ ਅਤੇ ਆਪਣੀ ਈਸ਼ਵਰੀ ਬੁੱਧ ਅਤੇ ਬਲ ਨਾਲ ਉਸ ਨੇ ਸੀਯੋਨ ਨੂੰ ਉਸਾਰਿਆ ਅਤੇ ਦ੍ਰਿੜ੍ਹ ਕੀਤਾ ਹੈ। ਆਪਣੇ ਪ੍ਰਤਾਪ ਨਾਲ ਉਹ ਪਾਪੀ ਸੰਸਾਰ ਦਾ ਨਿਆਂ ਕਰਦਾ ਹੈ; ਉਸ ਨੇ ਸਭ ਕੌਮਾਂ ਅਤੇ ਸਭਨਾਂ ਲੋਕਾਂ ਬਾਰੇ, ਧਰਤੀ ਅਤੇ ਸਮੁੰਦਰ ਅਤੇ ਉਨ੍ਹਾਂ ਵਿੱਚ ਰਹਿਣ ਵਾਲੇ ਸਭਨਾਂ ਜੀਵਾਂ ਬਾਰੇ, ਅਤੇ ਨਾਲ ਹੀ ਉਨ੍ਹਾਂ ਬਾਰੇ ਨਿਰਣਾ ਦੇ ਦਿੱਤਾ ਹੈ ਜਿਹੜੇ ਰਲਗੱਡਤਾ ਦੀ ਮੈਅ ਨਾਲ ਮਤਵਾਲੇ ਹਨ। ਪਰਮੇਸ਼ੁਰ ਜ਼ਰੂਰ ਉਨ੍ਹਾਂ ਦਾ ਨਿਆਂ ਕਰੇਗਾ, ਅਤੇ ਉਹ ਜ਼ਰੂਰ ਉਨ੍ਹਾਂ ਨਾਲ ਗੁੱਸੇ ਹੋਵੇਗਾ ਅਤੇ ਇਸੇ ਵਿੱਚ ਪਰਮੇਸ਼ੁਰ ਦਾ ਪਰਤਾਪ ਪਰਗਟ ਕੀਤਾ ਜਾਵੇਗਾ, ਜਿਸ ਦਾ ਨਿਆਂ ਤੁਰੰਤ ਹੁੰਦਾ ਹੈ ਅਤੇ ਬਿਨਾਂ ਦੇਰੀ ਦੇ ਕੀਤਾ ਜਾਂਦਾ ਹੈ। ਉਸ ਦੇ ਕ੍ਰੋਧ ਦੀ ਅੱਗ ਜ਼ਰੂਰ ਹੀ ਉਨ੍ਹਾਂ ਦੇ ਘਿਣਾਉਣੇ ਅਪਰਾਧਾਂ ਨੂੰ ਭਸਮ ਕਰ ਦੇਵੇਗੀ ਅਤੇ ਕਿਸੇ ਵੀ ਪਲ ਉਨ੍ਹਾਂ ਉੱਤੇ ਆਫ਼ਤ ਆ ਪਵੇਗੀ; ਉਨ੍ਹਾਂ ਨੂੰ ਬਚਣ ਦਾ ਕੋਈ ਰਾਹ ਪਤਾ ਨਹੀਂ ਹੋਵੇਗਾ ਅਤੇ ਲੁਕਣ ਦੀ ਕੋਈ ਥਾਂ ਨਹੀਂ ਹੋਵੇਗੀ, ਉਹ ਰੋਣਗੇ ਅਤੇ ਆਪਣੇ ਦੰਦ ਪੀਸਣਗੇ, ਅਤੇ ਉਹ ਆਪਣੇ ਉੱਤੇ ਤਬਾਹੀ ਨੂੰ ਲੈ ਆਉਣਗੇ।
ਜੇਤੂ ਪੁੱਤਰ, ਪਰਮੇਸ਼ੁਰ ਦੇ ਪਿਆਰੇ ਜ਼ਰੂਰ ਹੀ ਸੀਯੋਨ ਵਿੱਚ ਟਿਕਣਗੇ, ਅਤੇ ਕਦੇ ਇਸ ਤੋਂ ਵਿਦਾ ਨਹੀਂ ਹੋਣਗੇ। ਲੋਕਾਂ ਦੀਆਂ ਅਣਗਿਣਤ ਭੀੜਾਂ ਉਸ ਦੀ ਅਵਾਜ਼ ਨੂੰ ਨੇੜਿਓਂ ਸੁਣਨਗੀਆਂ, ਉਹ ਧਿਆਨਪੂਰਵਕ ਉਸ ਦੇ ਕੰਮਾਂ ਉੱਤੇ ਧਿਆਨ ਦੇਣਗੀਆਂ, ਅਤੇ ਉਨ੍ਹਾਂ ਦੀ ਉਸਤਤ ਦੀਆਂ ਅਵਾਜ਼ਾਂ ਕਦੇ ਬੰਦ ਨਹੀਂ ਹੋਣਗੀਆਂ। ਇੱਕਮਾਤਰ ਸੱਚਾ ਪਰਮੇਸ਼ੁਰ ਪਰਗਟ ਹੋਇਆ ਹੈ! ਅਸੀਂ ਆਤਮਾ ਵਿੱਚ ਉਸ ਦੇ ਵਿਖੇ ਨਿਸ਼ਚਿਤ ਹੋਵਾਂਗੇ ਅਤੇ ਨਜ਼ਦੀਕੀ ਨਾਲ ਉਸ ਦੇ ਪਿੱਛੇ ਚੱਲਾਂਗੇ; ਅਸੀਂ ਆਪਣੀ ਪੂਰੀ ਤਾਕਤ ਨਾਲ ਅੱਗੇ ਵਧਦੇ ਜਾਵਾਂਗੇ ਅਤੇ ਹੁਣ ਤੋਂ ਝਿਜਕਾਂਗੇ ਨਹੀਂ। ਸੰਸਾਰ ਦਾ ਅੰਤ ਸਾਡੇ ਸਾਹਮਣੇ ਉਜਾਗਰ ਹੋ ਰਿਹਾ ਹੈ; ਇੱਕ ਉਚਿਤ ਕਲੀਸੀਯਾਈ ਜੀਵਨ ਦੇ ਨਾਲ-ਨਾਲ ਲੋਕ, ਗਤੀਵਿਧੀਆਂ ਅਤੇ ਸਾਡੇ ਆਲੇ-ਦੁਆਲੇ ਦੀਆਂ ਚੀਜ਼ਾਂ ਇਸ ਸਮੇਂ ਵੀ ਸਾਡੀ ਸਿਖਲਾਈ ਵਿੱਚ ਤੇਜ਼ੀ ਲਿਆ ਰਹੀਆਂ ਹਨ। ਆਓ ਆਪਣੇ ਹਿਰਦਿਆਂ ਨੂੰ ਵਾਪਸ ਹਾਸਲ ਕਰਨ ਲਈ ਛੇਤੀ ਕਰੀਏ ਜਿਹੜੇ ਸੰਸਾਰ ਨਾਲ ਬਹੁਤ ਪ੍ਰੇਮ ਕਰਦੇ ਹਨ! ਆਓ ਆਪਣੇ ਦਰਸ਼ਣ ਨੂੰ ਵਾਪਸ ਹਾਸਲ ਕਰਨ ਲਈ ਛੇਤੀ ਕਰੀਏ ਜੋ ਬਹੁਤ ਧੁੰਦਲਾ ਹੈ! ਆਓ ਆਪਣੇ ਕਦਮਾਂ ਨੂੰ ਰੋਕ ਲਈਏ, ਤਾਂ ਕਿ ਅਸੀਂ ਹੱਦਾਂ ਤੋਂ ਅੱਗੇ ਨਾ ਲੰਘ ਜਾਈਏ। ਆਓ ਆਪਣੇ ਮੂੰਹਾਂ ਨੂੰ ਬੰਦ ਕਰੀਏ ਤਾਂ ਕਿ ਅਸੀਂ ਪਰਮੇਸ਼ੁਰ ਦੇ ਵਚਨ ਵਿੱਚ ਚੱਲੀਏ, ਅਤੇ ਅੱਗੇ ਤੋਂ ਆਪਣੇ ਲਾਭਾਂ ਅਤੇ ਹਾਨੀਆਂ ਦਾ ਮੁਕਾਬਲਾ ਨਾ ਕਰੀਏ। ਆਹ, ਦੁਨਿਆਵੀ ਸੰਸਾਰ ਅਤੇ ਦੌਲਤ ਦੇ ਪ੍ਰਤੀ ਤੁਹਾਡਾ ਲਾਲਚੀ ਸਨੇਹ—ਇਸ ਨੂੰ ਛੱਡ ਦਿਓ! ਆਹ, ਪਤੀਆਂ ਅਤੇ ਧੀਆਂ ਅਤੇ ਪੁੱਤਰਾਂ ਨਾਲ ਚਿੰਬੜੇ ਰਹਿਣ ਦਾ ਤੁਹਾਡਾ ਲਗਾਅ—ਆਪਣੇ ਆਪ ਨੂੰ ਇਸ ਤੋਂ ਮੁਕਤ ਕਰੋ! ਆਹ, ਤੁਹਾਡੇ ਦ੍ਰਿਸ਼ਟੀਕੋਣ ਅਤੇ ਪੱਖਪਾਤ—ਉਨ੍ਹਾਂ ਤੋਂ ਪਿੱਠ ਮੋੜ ਲਓ! ਆਹ, ਜਾਗ ਜਾਓ; ਸਮਾਂ ਘੱਟ ਹੈ! ਆਤਮਾ ਦੇ ਅੰਦਰੋਂ ਉਤਾਂਹ ਵੇਖੋ, ਉਤਾਂਹ ਵੇਖੋ, ਅਤੇ ਪਰਮੇਸ਼ੁਰ ਨੂੰ ਨਿਯੰਤ੍ਰਣ ਲੈ ਲੈਣ ਦਿਓ। ਜੋ ਵੀ ਹੋਵੇ, ਇੱਕ ਹੋਰ ਲੂਤ ਦੀ ਤੀਵੀਂ ਨਾ ਬਣੋ। ਬੇਕਾਰ ਸਮਝ ਕੇ ਛੱਡ ਦਿੱਤੇ ਜਾਣਾ ਕਿੰਨਾ ਤਰਸਯੋਗ ਹੁੰਦਾ ਹੈ! ਸੱਚਮੁੱਚ ਕਿੰਨਾ ਤਰਸਯੋਗ! ਆਹ, ਜਾਗ ਜਾਓ!