ਪਰਮੇਸ਼ੁਰ ਦੇ ਰੋਜ਼ਾਨਾ ਦੇ ਵਚਨ: ਪਰਮੇਸ਼ੁਰ ਦਾ ਪਰਗਟ ਹੋਣਾ ਅਤੇ ਕੰਮ | ਅੰਸ਼ 44

ਦਸੰਬਰ 11, 2021

ਯਹੋਵਾਹ” ਉਹ ਨਾਮ ਹੈ ਜਿਹੜਾ ਮੈਂ ਇਸਰਾਏਲ ਵਿੱਚ ਆਪਣਾ ਕੰਮ ਕਰਦਿਆਂ ਧਾਰਣ ਕੀਤਾ, ਅਤੇ ਇਸ ਦਾ ਅਰਥ ਹੈ ਇਸਰਾਏਲੀਆਂ (ਪਰਮੇਸ਼ੁਰ ਦੇ ਚੁਣੇ ਹੋਏ ਲੋਕ) ਦਾ ਪਰਮੇਸ਼ੁਰ ਜਿਹੜਾ ਮਨੁੱਖ ਉੱਤੇ ਤਰਸ ਖਾ ਸਕਦਾ ਹੈ, ਮਨੁੱਖ ਨੂੰ ਸਰਾਪ ਦੇ ਸਕਦਾ ਹੈ ਅਤੇ ਮਨੁੱਖ ਦੇ ਜੀਵਨ ਦਾ ਮਾਰਗਦਰਸ਼ਨ ਕਰ ਸਕਦਾ ਹੈ; ਇੱਕ ਅਜਿਹਾ ਪਰਮੇਸ਼ੁਰ ਜਿਹੜਾ ਮਹਾਨ ਸ਼ਕਤੀ ਅਤੇ ਭਰਪੂਰ ਬੁੱਧ ਦਾ ਮਾਲਕ ਹੈ। “ਯਿਸੂ” ਇੰਮਾਨੂਏਲ ਹੈ, ਜਿਸ ਦਾ ਅਰਥ ਹੈ ਉਹ ਪਾਪ ਬਲੀ, ਜਿਹੜੀ ਪ੍ਰੇਮ ਨਾਲ ਅਤੇ ਤਰਸ ਨਾਲ ਭਰਪੂਰ ਹੈ, ਅਤੇ ਜਿਹੜੀ ਮਨੁੱਖ ਨੂੰ ਛੁਟਕਾਰਾ ਦਿੰਦੀ ਹੈ। ਉਸ ਨੇ ਕਿਰਪਾ ਦੇ ਯੁਗ ਵਿੱਚ ਕੰਮ ਕੀਤਾ, ਅਤੇ ਉਹ ਕਿਰਪਾ ਦੇ ਯੁਗ ਦਾ ਪ੍ਰਤੀਕ ਹੈ, ਅਤੇ ਉਹ ਪ੍ਰਬੰਧਨ ਦੀ ਯੋਜਨਾ ਦੇ ਕੰਮ ਦੇ ਕੇਵਲ ਇੱਕ ਹਿੱਸੇ ਨੂੰ ਦਰਸਾ ਸਕਦਾ ਹੈ। ਅਰਥਾਤ, ਕੇਵਲ ਯਹੋਵਾਹ ਹੀ ਇਸਰਾਏਲ ਦੇ ਚੁਣੇ ਹੋਏ ਲੋਕਾਂ ਦਾ ਪਰਮੇਸ਼ੁਰ ਹੈ, ਅਬਰਾਹਾਮ ਦਾ ਪਰਮੇਸ਼ੁਰ ਹੈ, ਇਸਹਾਕ ਦਾ ਪਰਮੇਸ਼ੁਰ ਹੈ, ਯਾਕੂਬ ਦਾ ਪਰਮੇਸ਼ੁਰ ਹੈ, ਮੂਸਾ ਦਾ ਪਰਮੇਸ਼ੁਰ ਹੈ, ਅਤੇ ਇਸਰਾਏਲ ਦੇ ਸਭ ਲੋਕਾਂ ਦਾ ਪਰਮੇਸ਼ੁਰ ਹੈ। ਅਤੇ ਇਸ ਕਰਕੇ, ਇਸ ਵਰਤਮਾਨ ਸਮੇਂ ਵਿੱਚ, ਯਹੂਦੀਆਂ ਤੋਂ ਇਲਾਵਾ ਸਭ ਇਸਰਾਏਲੀ ਵੀ ਯਹੋਵਾਹ ਦੀ ਉਪਾਸਨਾ ਕਰਦੇ ਹਨ। ਉਹ ਉਸ ਦੇ ਲਈ ਜਗਵੇਦੀ ਉੱਤੇ ਬਲੀਆਂ ਚੜ੍ਹਾਉਂਦੇ ਹਨ ਅਤੇ ਜਾਜਕਾਂ ਦੇ ਚੋਗਿਆਂ ਵਿੱਚ ਹੈਕਲ ਵਿੱਚ ਉਸ ਦੀ ਸੇਵਾ ਕਰਦੇ ਹਨ। ਉਨ੍ਹਾਂ ਦੀ ਆਸ ਇਹ ਹੈ ਕਿ ਯਹੋਵਾਹ ਦੁਬਾਰਾ ਦਰਸ਼ਣ ਦੇਵੇਗਾ। ਕੇਵਲ ਯਿਸੂ ਹੀ ਮਨੁੱਖਜਾਤੀ ਦਾ ਛੁਟਕਾਰਾ ਦਿਵਾਉਣ ਵਾਲਾ ਹੈ, ਅਤੇ ਉਹੀ ਉਹ ਪਾਪ ਬਲੀ ਹੈ ਜਿਸ ਨੇ ਮਨੁੱਖਜਾਤੀ ਨੂੰ ਪਾਪ ਤੋਂ ਛੁਟਕਾਰਾ ਦਵਾਇਆ। ਜਿਸ ਦਾ ਮਤਲਬ ਇਹ ਹੈ ਕਿ ਯਿਸੂ ਦਾ ਨਾਮ ਕਿਰਪਾ ਦੇ ਯੁਗ ਤੋਂ ਆਇਆ ਅਤੇ ਕਿਰਪਾ ਦੇ ਯੁਗ ਵਿੱਚ ਕੀਤੇ ਗਏ ਛੁਟਕਾਰੇ ਦੇ ਕੰਮ ਦੇ ਕਾਰਣ ਹੋਂਦ ਵਿੱਚ ਆਇਆ। ਯਿਸੂ ਦਾ ਨਾਮ ਇਸ ਲਈ ਹੋਂਦ ਵਿੱਚ ਆਇਆ ਤਾਂਕਿ ਕਿਰਪਾ ਦੇ ਯੁਗ ਦੇ ਲੋਕ ਨਵਾਂ ਜਨਮ ਪ੍ਰਾਪਤ ਕਰਨ ਅਤੇ ਬਚਾਏ ਜਾਣ, ਅਤੇ ਇਹ ਨਾਮ ਸਮੁੱਚੀ ਮਨੁੱਖਜਾਤੀ ਦੇ ਛੁਟਕਾਰੇ ਲਈ ਇੱਕ ਵਿਸ਼ੇਸ਼ ਨਾਮ ਹੈ। ਇਸ ਤਰ੍ਹਾਂ, ਯਿਸੂ ਦਾ ਨਾਮ ਛੁਟਕਾਰੇ ਦੇ ਕੰਮ ਦਾ ਪ੍ਰਤੀਕ ਹੈ, ਅਤੇ ਕਿਰਪਾ ਦੇ ਯੁਗ ਦਾ ਸੂਚਕ ਹੈ। ਯਹੋਵਾਹ ਨਾਮ ਇਸਰਾਏਲ ਦੇ ਲੋਕਾਂ ਲਈ ਇੱਕ ਖਾਸ ਨਾਮ ਹੈ ਜਿਹੜੇ ਸ਼ਰਾ ਦੇ ਅਧੀਨ ਜੀਉਂਦੇ ਸਨ। ਹਰੇਕ ਯੁਗ ਵਿੱਚ ਅਤੇ ਕੰਮ ਦੇ ਹਰੇਕ ਪੜਾਅ ’ਤੇ ਮੇਰਾ ਨਾਮ ਬੇਬੁਨਿਆਦ ਨਹੀਂ ਹੈ, ਬਲਕਿ ਇਸ ਦਾ ਇੱਕ ਸੰਕੇਤਕ ਮਹੱਤਵ ਹੈ: ਹਰੇਕ ਨਾਮ ਇੱਕ-ਇੱਕ ਯੁਗ ਨੂੰ ਦਰਸਾਉਂਦਾ ਹੈ। “ਯਹੋਵਾਹ” ਨਾਮ ਸ਼ਰਾ ਦੇ ਯੁਗ ਨੂੰ ਦਰਸਾਉਂਦਾ ਹੈ, ਅਤੇ ਉਸ ਪਰਮੇਸ਼ੁਰ ਦੇ ਲਈ ਆਦਰਸੂਚਕ ਸੰਬੋਧਨ ਹੈ ਜਿਸ ਦੀ ਉਪਾਸਨਾ ਇਸਰਾਏਲ ਦੇ ਲੋਕ ਕਰਦੇ ਸਨ। “ਯਿਸੂ” ਨਾਮ ਕਿਰਪਾ ਦੇ ਯੁਗ ਨੂੰ ਦਰਸਾਉਂਦਾ ਹੈ, ਅਤੇ ਇਹ ਉਨ੍ਹਾਂ ਸਭਨਾਂ ਲੋਕਾਂ ਦੇ ਪਰਮੇਸ਼ੁਰ ਦਾ ਨਾਮ ਹੈ ਜਿਨ੍ਹਾਂ ਨੇ ਕਿਰਪਾ ਦੇ ਯੁਗ ਦੇ ਦੌਰਾਨ ਛੁਟਕਾਰਾ ਪ੍ਰਾਪਤ ਕੀਤਾ। ਜੇ ਮਨੁੱਖ ਅਜੇ ਵੀ ਅੰਤ ਦੇ ਦਿਨਾਂ ਵਿੱਚ ਮੁਕਤੀਦਾਤਾ ਯਿਸੂ ਦੀ ਆਮਦ ਦੀ ਤਾਂਘ ਰੱਖਦਾ ਹੈ, ਅਤੇ ਅਜੇ ਵੀ ਇਹੋ ਉਮੀਦ ਕਰਦਾ ਹੈ ਕਿ ਉਹ ਉਸੇ ਸਰੂਪ ਵਿੱਚ ਵਾਪਸ ਆਵੇਗਾ ਜਿਸ ਸਰੂਪ ਵਿੱਚ ਉਹ ਯਹੂਦਿਯਾ ਵਿੱਚ ਆਇਆ ਸੀ, ਤਾਂ ਛੇ ਹਜ਼ਾਰ ਸਾਲ ਦੀ ਸਮੁੱਚੀ ਪ੍ਰਬੰਧਨ ਯੋਜਨਾ ਛੁਟਕਾਰੇ ਦੇ ਯੁਗ ਵਿੱਚ ਹੀ ਰੁਕ ਗਈ ਹੁੰਦੀ, ਅਤੇ ਇਸ ਤੋਂ ਅੱਗੇ ਬਿਲਕੁਲ ਨਹੀਂ ਵੱਧ ਸਕਦੀ ਸੀ। ਇਸ ਤੋਂ ਇਲਾਵਾ, ਅੰਤ ਦੇ ਦਿਨ ਕਦੇ ਨਾ ਆਉਂਦੇ, ਅਤੇ ਯੁਗ ਦਾ ਅੰਤ ਕਦੇ ਨਾ ਕੀਤਾ ਜਾਂਦਾ। ਇਸ ਦਾ ਕਾਰਣ ਇਹ ਹੈ ਕਿ ਮੁਕਤੀਦਾਤਾ ਯਿਸੂ ਕੇਵਲ ਮਨੁੱਖਜਾਤੀ ਦੇ ਛੁਟਕਾਰੇ ਅਤੇ ਮੁਕਤੀ ਲਈ ਹੈ। ਮੈਂ ਯਿਸੂ ਨਾਮ ਕੇਵਲ ਕਿਰਪਾ ਦੇ ਯੁਗ ਦੇ ਸਾਰੇ ਪਾਪੀਆਂ ਦੀ ਖ਼ਾਤਰ ਧਾਰਣ ਕੀਤਾ, ਪਰ ਇਹ ਉਹ ਨਾਮ ਨਹੀਂ ਹੈ ਜਿਸ ਦੇ ਦੁਆਰਾ ਮੈਂ ਸਾਰੀ ਮਨੁੱਖਜਾਤੀ ਦਾ ਅੰਤ ਕਰਾਂਗਾ। ਭਾਵੇਂ ਕਿ ਯਹੋਵਾਹ, ਯਿਸੂ, ਅਤੇ ਮਸੀਹਾ ਇਹ ਸਾਰੇ ਨਾਮ ਮੇਰੇ ਆਤਮਾ ਦੇ ਹੀ ਪ੍ਰਤੀਕ ਹਨ, ਫਿਰ ਵੀ ਇਹ ਨਾਮ ਕੇਵਲ ਮੇਰੀ ਪ੍ਰਬੰਧਨ ਦੀ ਯੋਜਨਾ ਦੇ ਵੱਖ-ਵੱਖ ਯੁਗਾਂ ਦੇ ਸੂਚਕ ਹਨ, ਅਤੇ ਮੇਰੀ ਸਮੁੱਚੀ ਸ਼ਖਸੀਅਤ ਨੂੰ ਨਹੀਂ ਦਰਸਾਉਂਦੇ। ਉਹ ਨਾਮ ਜਿਨ੍ਹਾਂ ਨਾਲ ਧਰਤੀ ਦੇ ਲੋਕ ਮੈਨੂੰ ਪੁਕਾਰਦੇ ਹਨ ਉਹ ਮੇਰੇ ਸਮੁੱਚੇ ਸੁਭਾਅ ਅਤੇ ਮੇਰੀ ਅਸਲ ਸ਼ਖਸੀਅਤ ਦਾ ਸਾਫ਼-ਸਾਫ਼ ਵਰਣਨ ਨਹੀਂ ਕਰ ਸਕਦੇ। ਉਹ ਕੇਵਲ ਅਜਿਹੇ ਭਿੰਨ-ਭਿੰਨ ਨਾਮ ਹਨ ਜਿਨ੍ਹਾਂ ਨਾਲ ਵੱਖ-ਵੱਖ ਯੁਗਾਂ ਵਿੱਚ ਮੈਨੂੰ ਪੁਕਾਰਿਆ ਜਾਂਦਾ ਹੈ। ਅਤੇ ਇਸ ਲਈ, ਜਦੋਂ ਆਖਰੀ ਯੁਗ—ਅੰਤ ਦੇ ਦਿਨਾਂ ਦਾ ਯੁਗ—ਆਵੇਗਾ, ਤਾਂ ਮੇਰਾ ਨਾਮ ਫਿਰ ਬਦਲ ਜਾਵੇਗਾ। ਮੈਨੂੰ ਯਹੋਵਾਹ, ਜਾਂ ਯਿਸੂ ਨਹੀਂ ਪੁਕਾਰਿਆ ਜਾਵੇਗਾ, ਮਸੀਹਾ ਤਾਂ ਬਿਲਕੁਲ ਨਹੀਂ—ਮੈਨੂੰ ਸ਼ਕਤੀਸ਼ਾਲੀ ਸਰਬਸ਼ਕਤੀਮਾਨ ਖੁਦ ਪਰਮੇਸ਼ੁਰ ਹੀ ਪੁਕਾਰਿਆ ਜਾਵੇਗਾ, ਅਤੇ ਇਸੇ ਨਾਮ ਦੇ ਅਧੀਨ ਮੈਂ ਸਮੁੱਚੇ ਯੁਗ ਦਾ ਅੰਤ ਕਰਾਂਗਾ। ਇੱਕ ਸਮੇਂ ਮੈਨੂੰ ਯਹੋਵਾਹ ਨਾਮ ਤੋਂ ਜਾਣਿਆ ਜਾਂਦਾ ਸੀ। ਮੈਨੂੰ ਮਸੀਹਾ ਵੀ ਜਾਣਿਆ ਜਾਂਦਾ ਸੀ ਅਤੇ ਇੱਕ ਸਮੇਂ ਲੋਕਾਂ ਨੇ ਪ੍ਰੇਮ ਅਤੇ ਆਦਰ ਨਾਲ ਮੈਨੂੰ ਮੁਕਤੀਦਾਤਾ ਯਿਸੂ ਪੁਕਾਰਿਆ। ਪਰ ਅੱਜ, ਮੈਂ ਹੁਣ ਉਹ ਯਹੋਵਾਹ ਜਾਂ ਯਿਸੂ ਨਹੀਂ ਹਾਂ ਜਿਸ ਨੂੰ ਬੀਤੇ ਸਮੇਂ ਦੇ ਲੋਕ ਜਾਣਦੇ ਸਨ; ਮੈਂ ਉਹ ਪਰਮੇਸ਼ੁਰ ਹਾਂ ਜਿਹੜਾ ਅੰਤ ਦੇ ਦਿਨਾਂ ਵਿੱਚ ਵਾਪਸ ਆਇਆ ਹੈ, ਉਹ ਪਰਮੇਸ਼ੁਰ ਜਿਹੜਾ ਯੁਗ ਦਾ ਅੰਤ ਕਰੇਗਾ। ਮੈਂ ਖੁਦ ਉਹ ਪਰਮੇਸ਼ੁਰ ਹਾਂ ਜਿਹੜਾ ਆਪਣੇ ਸਮੁੱਚੇ ਸੁਭਾਅ ਨਾਲ ਭਰਿਆ, ਅਤੇ ਪੂਰੇ ਇਖਤਿਆਰ, ਆਦਰ ਅਤੇ ਮਹਿਮਾ ਨਾਲ ਭਰਪੂਰ ਹੋ ਕੇ ਧਰਤੀ ਦੇ ਸਿਰੇ ਤੋਂ ਉੱਠੇਗਾ। ਲੋਕਾਂ ਕਦੇ ਮੇਰੇ ਨਾਲ ਕੋਈ ਸਰੋਕਾਰ ਨਹੀਂ ਰੱਖਿਆ, ਕਦੇ ਮੈਨੂੰ ਨਹੀਂ ਜਾਣਿਆ, ਅਤੇ ਹਮੇਸ਼ਾ ਮੇਰੇ ਸੁਭਾਅ ਤੋਂ ਅਣਜਾਣ ਰਹੇ ਹਨ। ਜਗਤ ਦੀ ਸਿਰਜਣਾ ਤੋਂ ਲੈ ਕੇ ਅੱਜ ਤੱਕ, ਕਿਸੇ ਇੱਕ ਵਿਅਕਤੀ ਨੇ ਵੀ ਮੈਨੂੰ ਨਹੀਂ ਵੇਖਿਆ ਹੈ। ਇਹੀ ਉਹ ਪਰਮੇਸ਼ੁਰ ਹੈ ਜਿਹੜਾ ਅੰਤ ਦੇ ਦਿਨਾਂ ਵਿੱਚ ਮਨੁੱਖ ਨੂੰ ਦਰਸ਼ਣ ਦਿੰਦਾ ਹੈ, ਪਰ ਮਨੁੱਖਾਂ ਵਿਚਕਾਰ ਛਿਪਿਆ ਹੋਇਆ ਹੈ। ਉਹ ਤਪਦੇ ਹੋਏ ਸੂਰਜ ਅਤੇ ਬਲਦੀ ਹੋਈ ਲਾਟ ਵਾਂਗ, ਸਮਰੱਥਾ ਨਾਲ ਭਰਪੂਰ ਅਤੇ ਇਖਤਿਆਰ ਨਾਲ ਭਰਪੂਰ ਹੋ ਕੇ, ਅਸਲੀ ਅਤੇ ਪ੍ਰਤੱਖ ਰੂਪ ਵਿੱਚ ਮਨੁੱਖਾਂ ਦੇ ਦਰਮਿਆਨ ਵੱਸਦਾ ਹੈ। ਇੱਕ ਵੀ ਅਜਿਹਾ ਮਨੁੱਖ ਜਾਂ ਵਸਤੂ ਨਹੀਂ ਹੈ ਜਿਸ ਦਾ ਨਿਆਂ ਮੇਰੇ ਵਚਨਾਂ ਦੁਆਰਾ ਨਹੀਂ ਕੀਤਾ ਜਾਵੇਗਾ, ਅਤੇ ਇੱਕ ਵੀ ਅਜਿਹਾ ਮਨੁੱਖ ਜਾਂ ਵਸਤੂ ਨਹੀਂ ਹੈ ਜਿਸ ਨੂੰ ਬਲਦੀ ਹੋਈ ਅੱਗ ਵਿੱਚ ਤਾਅ ਕੇ ਸ਼ੁੱਧ ਨਹੀਂ ਕੀਤਾ ਜਾਵੇਗਾ। ਅੰਤ ਵਿੱਚ, ਮੇਰੇ ਵਚਨਾਂ ਦੇ ਕਾਰਣ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ, ਅਤੇ ਮੇਰੇ ਵਚਨਾਂ ਦੇ ਕਾਰਣ ਹੀ ਚੂਰ-ਚੂਰ ਵੀ ਕੀਤੀਆਂ ਜਾਣਗੀਆਂ। ਇਸ ਪ੍ਰਕਾਰ, ਅੰਤ ਦੇ ਦਿਨਾਂ ਵਿੱਚ ਸਭ ਲੋਕ ਵੇਖਣਗੇ ਕਿ ਮੈਂ ਉਹੀ ਮੁਕਤੀਦਾਤਾ ਹਾਂ ਜਿਹੜਾ ਵਾਪਸ ਆਇਆ ਹਾਂ, ਅਤੇ ਮੈਂ ਹੀ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਹਾਂ ਜਿਹੜਾ ਸਮੁੱਚੀ ਮਨੁੱਖਜਾਤੀ ਉੱਤੇ ਜਿੱਤ ਪਾਉਂਦਾ ਹੈ। ਅਤੇ ਸਭ ਲੋਕ ਵੇਖਣਗੇ ਕਿ ਇੱਕ ਸਮੇਂ ਮੈਂ ਮਨੁੱਖ ਦੀ ਖ਼ਾਤਰ ਪਾਪ ਬਲੀ ਬਣਿਆ ਸੀ, ਪਰ ਅੰਤ ਦੇ ਦਿਨਾਂ ਵਿੱਚ ਮੈਂ ਹੀ ਸੂਰਜ ਦੀਆਂ ਉਹ ਲਾਟਾਂ ਬਣਦਾ ਹਾਂ ਜੋ ਸਭ ਵਸਤਾਂ ਨੂੰ ਭਸਮ ਕਰ ਸੁੱਟਦੀਆਂ ਹਨ, ਤੇ ਨਾਲ ਹੀ ਮੈਂ ਧਾਰਮਿਕਤਾ ਦਾ ਉਹ ਸੂਰਜ ਵੀ ਬਣਦਾ ਹਾਂ ਜਿਹੜਾ ਸਭ ਗੱਲਾਂ ਨੂੰ ਪਰਗਟ ਕਰਦਾ ਹੈ। ਅੰਤ ਦੇ ਦਿਨਾਂ ਵਿੱਚ ਇਹੀ ਮੇਰਾ ਕੰਮ ਹੈ। ਮੈਂ ਇਸ ਨਾਮ ਨੂੰ ਧਾਰਣ ਕੀਤਾ ਅਤੇ ਇਸ ਸੁਭਾਅ ਦਾ ਮਾਲਕ ਹਾਂ, ਤਾਂਕਿ ਸਭ ਲੋਕ ਵੇਖ ਸਕਣ ਕਿ ਮੈਂ ਇੱਕ ਧਰਮੀ ਪਰਮੇਸ਼ੁਰ, ਤਪਦਾ ਹੋਇਆ ਸੂਰਜ, ਅਤੇ ਬਲਦੀ ਹੋਈ ਲਾਟ ਹਾਂ, ਅਤੇ ਇਸੇ ਕਾਰਨ ਸਭ ਮੇਰੀ, ਅਰਥਾਤ ਇਕਲੌਤੇ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਨ, ਅਤੇ ਤਾਂਕਿ ਉਹ ਮੇਰੇ ਅਸਲ ਚਿਹਰੇ ਨੂੰ ਵੇਖਣ: ਮੈਂ ਕੇਵਲ ਇਸਰਾਏਲੀਆਂ ਦਾ ਪਰਮੇਸ਼ੁਰ ਨਹੀਂ ਹਾਂ, ਅਤੇ ਮੈਂ ਕੇਵਲ ਛੁਟਕਾਰਾ ਦੇਣ ਵਾਲਾ ਨਹੀਂ ਹਾਂ; ਮੈਂ ਅਕਾਸ਼ਾਂ ਵਿਚਲੇ ਅਤੇ ਧਰਤੀ ਉਤਲੇ ਅਤੇ ਸਮੁੰਦਰਾਂ ਵਿਚਲੇ ਸਭ ਪ੍ਰਾਣੀਆਂ ਦਾ ਪਰਮੇਸ਼ੁਰ ਹਾਂ।

“ਵਚਨ ਦਾ ਦੇਹਧਾਰੀ ਹੋਣਾ” ਵਿੱਚੋਂ ਲਏ ਗਏ ਅੰਸ਼

ਹੋਰ ਵੇਖੋ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

Leave a Reply

ਸਾਂਝਾ ਕਰੋ

ਰੱਦ ਕਰੋ

ਸਾਡੇ ਨਾਲ Messenger ’ਤੇ ਜੁੜੋ